ਲੌਸ ਐਂਜਲਸ ‘ਚ ਹੋਵੇਗਾ ਤਬੂ ਦੀ ਫ਼ਿਲਮ ਖ਼ੁਫ਼ੀਆ ਦਾ ਵਰਲਡ ਪ੍ਰੀਮੀਅਰ

ਅਦਾਕਾਰਾ ਤਬੂ ਦੀ ਜਾਸੂਸੀ ਫ਼ਿਲਮ ਖ਼ੁਫ਼ੀਆ ਦਾ ਵਰਲਡ ਪ੍ਰੀਮੀਅਰ ਲੌਸ ਐਂਜਲਸ ‘ਚ ਹੋਣ ਵਾਲੇ ਇੰਡੀਅਨ ਫ਼ਿਲਮ ਫ਼ੈਸਟੀਵਲ ਔਫ਼ ਲੌਸ ਐਂਜਲਸ ‘ਚ ਕੀਤਾ ਜਾਵੇਗਾ। ਵਿਸ਼ਾਲ ਭਾਰਦਵਾਜ ਵਲੋਂ ਨਿਰਦੇਸ਼ਿਤ ਫ਼ਿਲਮ ਖ਼ੁਫ਼ੀਆ RAW ਦੇ ਜਾਸੂਸੀ ਵਿਭਾਗ ਦੇ ਸਾਬਕਾ ਮੁਖੀ ਅਮਰ ਭੂਸ਼ਣ ਵਲੋਂ ਲਿਖੇ ਨਾਵਲ ਐਸਕੇਪ ਟੂ ਨੋਵੇਅਰ ‘ਤੇ ਆਧਾਰਿਤ ਹੈ। ਐਕਸ਼ਨ ਅਤੇ ਰੁਮੈਂਸ ਨਾਲ ਭਰਪੂਰ ਇਸ ਫ਼ਿਲਮ ‘ਚ ਅਦਾਕਾਰਾ ਹਰ ਔਕੜ ਨੂੰ ਪਾਰ ਕਰਦੀ ਹੋਈ ਆਪਣੇ ਮਿਸ਼ਨ ਵੱਲ ਵਧਦੀ ਦਿਖਾਈ ਦੇਵੇਗੀ।
ਇਸ ਫ਼ਿਲਮ ਦਾ ਟੀਜ਼ਰ ਕੱਲ੍ਹ ਰਿਲੀਜ਼ ਕੀਤਾ ਗਿਆ ਸੀ ਜਦ ਕਿ ਇਹ ਫ਼ਿਲਮ ਪੰਜ ਅਕਤੂਬਰ ਨੂੰ ਰਿਲੀਜ਼ ਹੋਵੇਗੀ। ਇਸ ਫ਼ਿਲਮ ਦਾ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਵਿਸ਼ਾਲ ਭਾਰਦਵਾਜ ਇਸ ਤੋਂ ਪਹਿਲਾਂ ਮਕਬੂਲ, ਓਮਕਾਰਾ ਅਤੇ ਹੈਦਰ ਵਰਗੀਆਂ ਫ਼ਿਲਮਾਂ ਬਣਾ ਚੁੱਕਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਫ਼ੈਸਟੀਵਲ ‘ਚ ਖ਼ੁਫ਼ੀਆ ਤੋਂ ਇਲਾਵਾ ਅਤੁਲ ਸਭਰਵਾਲ ਦੀ ਫ਼ਿਲਮ ਬਰਲਿਨ ਦਾ ਵੀ ਵਰਲਡ ਪ੍ਰੀਮੀਅਰ ਕੀਤਾ ਜਾਵੇਗਾ। ਇਸ ਤੋਂ ਬਿਨਾਂ ਡੋਮੀਨਿਕ ਸੰਗਮ ਦੀ ਗਾਰੋ ਭਾਸ਼ਾ ‘ਚ ਬਣੀ ਫ਼ਿਲਮ ਰੈਪਚਰ, ਆਨੰਦ ਏਕਾਰਸ਼ੀ ਦੀ ਮਲਿਆਲਮ ਫ਼ਿਲਮ ਆਤਮ (ਦਾ ਪਲੇਅ) ਅਤੇ ਦੇਵਾਸ਼ੀਸ਼ ਮਖੀਜਾ ਦੀ ਜੋਰਮ ਵੀ ਸ਼ਾਮਿਲ ਹਨ।