ਲੋਕ ਸਭਾ ਚੋਣਾਂ: ਸੋਸ਼ਲ ਮੀਡੀਆ ‘ਤੇ ਵਾਇਰਲ ਲੈਟਰ ਨੇ ਕਾਂਗਰਸ ‘ਚ ਪਾਈਆਂ ਭਾਜੜਾਂ! ਰਾਜਾ ਵੜਿੰਗ ਨੇ ਦੱਸੀ ਅਸਲੀਅਤ

ਲੁਧਿਆਣਾ – ਲੋਕ ਸਭਾ ਚੋਣਾਂ ਵਿਚਾਲੇ ਲੁਧਿਆਣਾ ਵਿਚ ਹਲਕਾ ਇੰਚਾਰਜਾਂ ਦੀ ਨਵੇਂ ਸਿਰੇ ਤੋਂ ਨਿਯੁਕਤੀ ਸਬੰਧੀ ਵਾਇਰਲ ਹੋ ਰਹੀ ਲੈਟਰ ਤੋਂ ਕਾਂਗਰਸ ਵਿਚ ਭਜਦੌੜ ਮਚੀ ਗਈ ਹੈ। ਇਸ ਲੈਟਰ ਨੂੰ ਆਲ ਇੰਡੀਆ ਕਾਂਗਰਸ ਦੇ ਜਨਰਲ ਸੈਕਟਰੀ ਕੇ. ਸੀ. ਵੇਣੂਗੋਪਾਲ ਦੇ ਲੈਟਰਹੈਡ ’ਤੇ ਜਾਰੀ ਕੀਤਾ ਗਿਆ ਹੈ। ਜਿਸ ਵਿਚ ਪੰਜਾਬ ਪ੍ਰਧਾਨ ਦੇ ਤੌਰ ’ਤੇ ਰਾਜਾ ਵੜਿੰਗ ਦੀ ਸਹਿਮਤੀ ਦੇ ਨਾਲ ਲੁਧਿਆਣਾ ਵਿਚ ਹਲਕਾ ਇੰਚਾਰਜਾਂ ਦੀ ਨਵੇਂ ਸਿਰੇ ਤੋਂ ਨਿਯੁਕਤੀ ਕਰਨ ਦਾ ਜ਼ਿਕਰ ਕੀਤਾ ਗਿਆ ਹੈ।
ਇਸ ਲੈਟਰ ਦੇ ਸਾਹਮਣੇ ਆਉਣ ਤੋਂ ਬਾਅਦ ਵਿਵਾਦ ਖੜਾ ਹੋਣ ਦੀ ਵਜ੍ਹਾ ਇਹ ਹੈ ਕਿ ਹਲਕਾ ਵੈਸਟ ਵਿਚ ਭਾਰਤ ਭੂਸ਼ਣ ਆਸ਼ੂ ਅਤੇ ਜਗਰਾਓਂ ਤੋਂ ਜੱਗਾ ਹਿੱਸੋਵਾਲ ਨੂੰ ਛੱਡ ਕੇ ਸਾਰੇ ਹਲਕਾ ਇੰਚਾਰਜਾਂ ਨੂੰ ਨਵੇਂ ਸਿਰੇ ਤੋਂ ਨਿਯੁਕਤ ਕਰ ਦਿੱਤੀ ਗਈ ਹੈ। ਇਨ੍ਹਾਂ ਵਿਚ ਹਲਕਾ ਪੂਰਬੀ ਤੋਂ ਸੰਜੇ ਤਲਵਾੜ ਦੀ ਜਗ੍ਹਾ ਗੁਰਮੇਲ ਸਿੰਘ ਪਹਿਲਵਾਨ, ਹਾਲ ਵਿਚ ਕਾਂਗਰਸ ਵਿਚ ਸ਼ਾਮਲ ਹੋਏ ਬੈਂਸ ਬ੍ਰਦਰਜ਼ ਨੂੰ ਆਤਮ ਨਗਰ ਅਤੇ ਸਾਊਥ, ਉਨ੍ਹਾਂ ਦੇ ਨਜ਼ਦੀਕੀ ਰਣਧੀਰ ਸੀਬੀਆ ਨੂੰ ਰਾਕੇਸ਼ ਪਾਂਡੇ ਦੀ ਜਗ੍ਹਾ ਉੱਤਰੀ, ਸੰਜੇ ਤਲਵਾੜ ਨੂੰ ਸੁਰਿੰਦਰ ਡਾਬਰ ਦੀ ਜਗ੍ਹਾ ਸੈਂਟਰਲ, ਮਲਕੀਤ ਸਿੰਘ ਦਾਖਾ ਕੁਲਦੀਪ ਸਿੰਘ ਦੀ ਜਗ੍ਹਾ ਹਲਕਾ ਗਿੱਲ ਅਤੇ ਮੁੱਲਾਂਪੁਰ ਦਾਖਾ ਤੋਂ ਸੰਦੀਪ ਸੰਧੂ ਦੀ ਜਗ੍ਹਾ ਜੱਸੀ ਖੰਗੂੜਾ ਨੂੰ ਹਲਕਾ ਇੰਚਾਰਜ ਲਗਾਉਣ ਦਾ ਜ਼ਿਕਰ ਕੀਤਾ ਗਿਆ ਹੈ।
ਇਸ ਲੈਟਰ ਨੂੰ ਖ਼ੁਦ ਰਾਜਾ ਵੜਿੰਗ ਨੇ ਆਪਣੇ ਫੇਸਬੁਕ ਪੇਜ ’ਤੇ ਸ਼ੇਅਰ ਕਰਦੇ ਫਰਜ਼ੀ ਦੱਸਿਆ ਹੈ। ਉਨਾਂ ਨੇ ਇਸ ਨੂੰ ਵਿਰੋਧੀਆਂ ਦੀ ਘਟੀਆ ਹਰਕਤ ਕਰਾਰ ਦਿੱਤਾ ਹੈ ਜੋ ਹਾਰ ਸਾਹਮਣੇ ਦੇਖ ਕੇ ਬੌਖਲਾ ਗਏ ਹਨ। ਰਾਜਾ ਵੜਿੰਗ ਨੇ ਫੇਸਬੁੱਕ ‘ਤੇ ਲਿਖਿਆ, “ਆਪਣੀ ਹਾਰ ਸਾਹਮਣੇ ਵੇਖ ਵਿਰੋਧੀ ਹੁਣ ਘਟੀਆ ਹਰਕਤਾਂ ‘ਤੇ ਉਤਰ ਆਏ ਹਨ। ਇਕ ਝੂਠੀ ਚਿੱਠੀ ਬਣਾ ਕੇ ਸੋਸ਼ਲ ਮੀਡੀਆ ਉੱਤੇ ਘੁਮਾਈ ਜਾ ਰਹੀ ਹੈ। ਮੈਂ ਆਪਣੇ ਸਭ ਵਰਕਰ ਸਾਹਿਬਾਨਾਂ ਅਤੇ ਅਹੁਦੇਦਾਰ ਸਾਹਿਬਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਅਜਿਹੀਆਂ ਝੂਠੀਆਂ ਤੇ ਬੇਤੁਕੀਆਂ ਅਫ਼ਵਾਹਾਂ ਤੋਂ ਸੁਚੇਤ ਰਹੋ। ਆਪਾਂ ਸਭ ਨੇ ਇੱਕਮੁਠ ਹੋ ਕੇ ਇਹ ਜੰਗ ਜਿੱਤਣੀ ਹੈ ਤੇ ਇਹ ਘਟੀਆ ਹਰਕਤਾਂ ਕਰਨ ਵਾਲਿਆਂ ਨੂੰ ਮੂੰਹ ਤੋੜ ਜਵਾਬ ਦੇਣਾ ਹੈ।”