ਲੋਕ ਸਭਾ ਚੋਣਾਂ: ਲੁਧਿਆਣਾ ਸੀਟ ਲਈ ਸੁਖਬੀਰ ਬਾਦਲ ਦੀ ਇਨ੍ਹਾਂ ਆਗੂਆਂ ‘ਤੇ ਅੱਖ

ਲੁਧਿਆਣਾ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਕਾਲੀ-ਭਾਜਪਾ ਗੱਠਜੋੜ ਟੁੱਟ ਜਾਣ ਤੋਂ ਬਾਅਦ ਇਕੱਲੇ ਚੋਣ ਲੜਨ ਲਈ ਲੁਧਿਆਣਾ ਸੀਟ ਤੋਂ 1 ਸਾਲ ਪਹਿਲਾਂ ਐਲਾਨਿਆ ਵਿਪਨ ਕਾਕਾ ਸੂਦ ’ਤੇ ਨਜ਼ਰ ਟਿਕਾਈ ਬੈਠੇ ਹਨ ਪਰ ਦੂਜਾ ਨਾਂ ਰਣਜੀਤ ਸਿੰਘ ਢਿੱਲੋਂ ਸਾਬਕਾ ਵਿਧਾਇਕ ਵੀ ਬੋਲ ਰਿਹਾ ਹੈ। ਪਤਾ ਲੱਗਾ ਹੈ ਕਿ ਮਹਾਨਗਰ ਦੇ 6 ਹਲਕਿਆਂ ’ਚ ਹਿੰਦੂ ਵੋਟ ਜ਼ਿਆਦਾ ਹੋਣ ਕਰ ਕੇ ਸੁਖਬੀਰ ਕਾਕਾ ਸੂਦ ’ਤੇ ਪੱਤਾ ਖੇਡ ਸਕਦੇ ਹਨ, ਜਦੋਂਕਿ 3 ਹਲਕੇ ਪੇਂਡੂ ਦਾਖਾ, ਜਗਰਾਓਂ ਅਤੇ ਗਿੱਲ ਨਿਰੋਲ ਪੇਂਡੂ ਹੋਣ ਕਰ ਕੇ ਉੱਥੋਂ ਵੋਟ ਚੁੱਕਣ ਲਈ ਅਕਾਲੀ ਦਲ ਕਈ ਤਰ੍ਹਾਂ ਦੀਆਂ ਜਰਬਾਂ-ਤਕਸੀਮਾਂ ਲਗਾ ਰਿਹਾ ਹੈ।
ਅੱਜ ਇੱਥੇ ਇਕ ਅਕਾਲੀ ਆਗੂ ਨੇ ਲੁਧਿਆਣਾ ਸੀਟ ਬਾਰੇ ਚੁਟਕੀ ਲੈਂਦਿਆਂ ਕਿਹਾ ਕਿ ਜੇਕਰ ਅਕਾਲੀ ਦਲ ਸਿੱਖ ਭਾਈਚਾਰੇ ’ਚ ਸਿੱਖਾਂ ਦੀਆਂ ਮੰਗਾਂ ਨਾ ਮੰਨਣ ’ਤੇ ਉਨ੍ਹਾਂ ਵਿਚ ਪੰਥਕ ਜੋਸ਼ ਭਰਨ ਦੀ ਕੋਸ਼ਿਸ਼ ਕਰੇ ਤਾਂ ਲੁਧਿਆਣਾ ਲੋਕ ਸਭਾ ਹਲਕੇ ’ਚ 7 ਲੱਖ ਸਿੱਖ ਵੋਟਰ ਹਨ ਤਾਂ ਉਨ੍ਹਾਂ ਵਿਚ ਪੰਥਕ ਲਹਿਰ ਪੈਦਾ ਕਰ ਸਕਦਾ ਹੈ। ਇਹ ਲਹਿਰ ਪੈਦਾ ਕਰਨ ਲਈ ਪੰਥਕ ਵੱਡੇ ਚਿਹਰਿਆਂ ਅਤੇ ਆਗੂਆਂ ਦੀ ਘਾਟ ਕਾਰਨ ਅਕਾਲੀ ਦਲ ਦੇ ਵੱਡੇ ਨੇਤਾ ਜੇਕਰ ਤਿਆਗ ਵਾਲੇ ਤੁਰਦੇ ਹਨ ਤਾਂ ਕੁਝ ਬੂਰ ਪੈ ਸਕਦਾ ਹੈ, ਨਹੀਂ ਤਾਂ ਮੁਕਾਬਲੇਬਾਜ਼ੀ ਵੱਟ ’ਤੇ ਪਈ ਹੈ।