ਲਕਸ਼ਮਣ ਦੀ 281 ਦੌੜਾਂ ਦੀ ਪਾਰੀ ਪਿਛਲੇ 50 ਸਾਲਾਂ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ

sports newsਭਾਰਤ ਦੇ ਸੰਕਟਮੋਚਨ ਰਹੇ ਵੀ. ਵੀ. ਐੱਸ. ਲਕਸ਼ਮਣ ਦੀ ਆਸਟ੍ਰੇਲੀਆ ਵਿਰੁੱਧ ਕੋਲਕਾਤਾ ਦੇ ਈਡਨ ਗਾਰਡਨ ਵਿੱਚ ਖੇਡੀ ਗਈ 281 ਦੌੜਾਂ ਦੀ ਪਾਰੀ ਨੂੰ ਪਿਛਲੇ 50 ਸਾਲਾਂ ਦੌਰਾਨ ਟੈਸਟ ਕ੍ਰਿਕਟ ਵਿੱਚ ਸਰਵਸ੍ਰੇਸ਼ਠ ਮੰਨਿਆ ਗਿਆ ਹੈ।ਹੈਦਰਾਬਾਦ ਦੇ ਇਸ ਕਲਾਤਮਕ ਬੱਲੇਬਾਜ਼ ਨੇ ਭਾਰਤ ਦੇ ਪਹਿਲੀ ਪਾਰੀ ਵਿੱਚ 274 ਦੌੜਾਂ ਨਾਲ ਪਿਛੜਨ ਤੋਂ ਬਾਅਦ ਇਹ ਪਾਰੀ ਖੇਡੀ ਸੀ। ਇਥੇ ਜਾਰੀ ਬਿਆਨ ਅਨੁਸਾਰ ਖਿਡਾਰੀਆਂ, ਕੁਮੈਂਟੇਟਰਾਂ ਤੇ ਪੱਤਰਕਾਰਾਂ ਨੇ ਇਕ ਮਤਦਾਨ ਵਿੱਚ ਇਸ ਪਾਰੀ ਨੂੰ ਪਿਛਲੇ 50 ਸਾਲਾਂ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਾਰ ਦਿੱਤਾ।  ਈ. ਐੱਸ. ਪੀ. ਐੱਨ. ਦੀ ਡਿਜੀਟਲ ਪੱਤ੍ਰਿਕਾ ਕ੍ਰਿਕਟ ਮੰਥਲੀ ਦੇ ਜਨਵਰੀ ਅੰਕ ਵਿੱਚ ਇਸ ਮਤਗਣਨਾ ਦੇ ਆਧਾਰ ‘ਤੇ 50 ਸਰਵਸ੍ਰੇਸ਼ਠ ਪ੍ਰਦਰਸ਼ਨਾਂ ਦਾ ਜ਼ਿਕਰ ਕੀਤਾ ਗਿਆ ਹੈ। ਲਕਸ਼ਮਣ ਨੇ ਭਾਰਤ ਦੀ ਪਹਿਲੀ ਪਾਰੀ  ਦੇ 171 ਦੌੜਾਂ ਦੇ ਸੋਕਰ ਵਿੱਚ ਸਭ ਤੋਂ ਵੱਧ 59 ਦੌੜਾਂ ਬਣਾਈਆਂ ਸਨ, ਜਿਸ ਤੋਂ ਬਾਅਦ ਉਸ ਨੂੰ ਤੀਜੇ ਨੰਬਰ ‘ਤੇ ਬੱਲੇਬਾਜ਼ੀ ਲਈ ਭੇਜਿਆ ਗਿਆ। ਇਸ ਤੋਂ ਬਾਅਦ ਉਸ ਨੇ ਆਪਣੇ ਜਾਦੂਈ ਪ੍ਰਦਰਸ਼ਨ ਨਾਲ ਦੁਨੀਆ ਭਰ ਦੇ ਕ੍ਰਿਕਟ ਪ੍ਰੇਮੀਆਂ ਨੂੰ ਮੋਹ ਲਿਆ ਸੀ। ਉਸ ਨੇ ਰਾਹੁਲ ਦ੍ਰਾਵਿੜ (180) ਨਾਲ ਪੰਜਵੀਂ ਵਿਕਟ ਲਈ 376 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ।