ਡਾਇਰੀ ਦਾ ਪੰਨਾ/ਨਿੰਦਰ ਘੁਗਿਆਣਵੀ
9417421700
ਪਿੰਡ ‘ਚ ਡੀਪੂ ਜਾਂ ਸਹਿਕਾਰੀ ਬੈਂਕ ਲੋਕਾਂ ਦਾ ਵੱਡਾ ਆਸਰਾ ਹੁੰਦੇ ਸਨ। ਬੈਂਕ ‘ਚ ਦਾਦੇ ਦੀ ਹਿੱਸੇਦਾਰੀ (ਮੈਂਬਰੀ) ਸੀ। ਡਾਲਡਾ ਘਿਓ, ਸ਼ੱਕਰ, ਗੁੜ ਅਤੇ ਖੰਡ ਡੀਪੂ ਤੋਂ ਮਿਲਦੇ। ਦੇਸੀ ਘਿਓ ਅਤੇ ਮੱਖਣ ਘਰ ਦਾ ਨਾ ਮੁਕਦਾ। ਖੇਤ ਦੀ ਸਰ੍ਹੋਂ ਦਾ ਤੇਲ ਖਰਾ ਹੁੰਦਾ। ਦਾਲਾਂ ਵੀ ਖੇਤ ਦੀਆਂ, ਹਰੀ ਮੂੰਗੀ ਅਤੇ ਹਰਹਰ ਦੀ ਦਾਲ ਹੁੰਦੀ, ਛੋਲੇ ਵੀ ਵਾਧੂ ਹੁੰਦੇ ਘਰਦੇ। ਓਹੀ ਛੋਲੇ ਦਾਦੀ ਚੱਕੀ ‘ਤੇ ਹੱਥੀਂ ਪੀਹਂਦੀ ਅਤੇ ਵੇਸਣ ਬਣਾ ਲੈਂਦੀ। ਸਹਿਕਾਰੀ ਬੈਂਕ ‘ਚ ਕੀੜੇਮਾਰ ਦਵਾਈ ਆਉਂਦੀ ਹੀ ਨਹੀਂ ਸੀ ਓਦੋਂ ਅਤੇ ਸਿਰਫ਼ ਖਾਦ ਹੀ ਆਉਂਦੀ, ਜੇ ਇੱਕ ਅੱਧ ਕੋਈ ਕੀੜੇਮਾਰ ਦਵਾਈ ਆਉਂਦੀ ਵੀ, ਤਾਂ ਘੱਟ ਹੀ ਲੋਕ ਲੈਂਦੇ ਸਨ। ਫ਼ਸਲਾਂ ਨੂੰ ਕੀੜੇ ਪੈਂਦੇ ਹੀ ਨਹੀਂ ਸਨ। ਸ਼ਹਿਰੋਂ ਸਾਡੇ ਪਿੰਡ ਦੇ ਬਾਣੀਏ ਰਿਖੀ ਰਾਮ ਬਾਂਸਲ ਦੀ ਹੱਟੀ ਤੋਂ ਚਾਹ ਪੱਤੀ, ਸਾਬਣ ਆਦਿ ਦਾਦਾ ਇਕੱਠਾ ਹੀ ਲੈ ਆਉਂਦਾ ਸੀ। ਪਿੰਡ ‘ਚ ਬਾਬੇ ਲਾਲ ਚੰਦ ਮੋਹਨ ਲਾਲ ਅਤੇ ਮੇਰੇ ਮਾਸੜ ਲੇਖ ਰਾਜ, ਅਤੇ ਮੇਰੇ ਦਾਦੇ ਦੇ ਭਰਾ ਬਾਬੇ ਮੁਲਖ ਰਾਜ ਅਤੇ ਦਾਦੇ ਦੇ ਭਤੀਜੇ ਖਰੈਤੀ ਰਾਮ ਦੀਆਂ ਹੱਟੀਆਂ ਸਨ। ਮੇਰੇ ਪਿਤਾ ਨੇ ਬਹੁਤ ਬਾਅਦ ‘ਚ ਹੱਟੀ ਪਾਈ। ਸੂਈ ਕੰਧੂਈ, ਝੱਗਿਆਂ ਨੂੰ ਲਾਉਣ ਵਾਲੇ ਰੰਗੀਨ ਬਟਨ, ਰੰਗਦਾਰ ਰੀਲਾਂ, ਨਾਲੇ, ਬੁੜ੍ਹੀਆਂ ਦੀਆਂ ਸੁੱਥਣਾਂ ਦੇ ਪੌਂਚਿਆਂ ‘ਚ ਪਾਉਣ ਵਾਲੀ ਬੁਕਰਮ ਤੋਂ ਲੈਕੇ ਗੁੜ, ਪਤਾਸੇ, ਲੂਣ, ਹਲਦੀ ਅਤੇ ਹੋਰ ਨਿੱਕ ਸੁੱਕ ਹੱਟੀਆਂ ਤੋਂ ਲਿਆ ਜਾਂਦਾ। ਮਿਰਚਾਂ ਖੇਤਾਂ ‘ਚ ਵਾਧੂੰ ਹੁੰਦੀਆਂ। ਉਨ੍ਹਾਂ ਮਿਰਜ਼ਾ ਦਾ ਹੀ ਆਚਾਰ ਪੈਂਦਾ। ਓਹੀ ਮਿਰਚਾ ਸੁਕਾ ਕੇ ਕੂੰਡੇ ‘ਚ ਰਗੜ ਲਈਆਂ ਜਾਂਦੀਆਂ।
ਝੱਜਰਾਂ ਘਰ ਘਰ ਸਨ ਪਾਣੀ ਠੰਡਾ ਰੱਖਣ ਨੂੰ। ਕੁੱਜੀਆਂ ਨੂੰ ਕਰਵਰੇ ਕਿਹਾ ਜਾਂਦਾ। ਘੁਮਿਆਰੀਆਂ ਕਰੂਏ ਦੇ ਵਰਤ ਵੇਲੇ ਬੂਹੇ ‘ਚ ਆਣ ਕੇ ਹੋਕਰਾ ਲਾਉਂਦੀਆਂ, “ਨੀ ਭੈਣੇਂ, ਕਰਵਰੇ ਲੈ ਲੋ ਨੀ ਕਰਵਰੇ।”ਝਾਵੇਂ ਘਰ ਘਰ ਹੁੰਦੇ ਸਨ, ਅੱਡੀਆਂ ਪੈਰ ਕੂਚਣ ਨੂੰ। ਸਾਡੇ ਗਲੀ-ਗੁਆਂਢ ਤਾਂ ਹਾਲੇ ਵੀ ਝਾਵੇਂ ਘਰ ਘਰ ਮੌਜੂਦ ਹਨ ਗੁਸਲਖ਼ਾਨਿਆਂ ‘ਚ ਪਏ। ਲੱਸੀ ਰਿੜਕਣੇ ਨੂੰ ਚਟੂਰਾ ਜਾਂ ਚਾਟੀ ਆਖਦੇ। ਦੁੱਧ ਕੜ੍ਹਨ ਵਾਲੀ ਤੌੜੀ ਹੁੰਦੀ, ਧੁਖ ਧੁਖ ਤੌੜੀ ਕਾਲੀ ਹੋਈ ਹੁੰਦੀ, ਦਾਦੀ ਸਿਰਫ਼ ਉਹਨੂੰ ਅੰਦਰੋਂ ਹੀ ਧੋਂਦੀ-ਮਾਂਜਦੀ।
ਸਰਦਾਰਾ ਸਿਓਂ ਮਿਸਤਰੀ ਸੀ ਪੁਰਾਣਾ ਜਾਂ ਉਹਦਾ ਭਰਾ ਮੇਹਰ ਸਿਓਂ ਮਿਸਤਰੀ, ਛੇ ਮਹੀਨੇ ਦੀ ਸੇਪੀ ਹੁੰਦੀ, ਛੇ ਮਹੀਨੇ ਲੋੜ ਅਨੁਸਾਰ ਕੰਮ ਕਰਦੇ ਅਤੇ ਹਾੜੀ ਸਾਉਣੀ ਫ਼ਸਲ ਲੈ ਲੈਂਦੇ, ਗੱਟਾ ਡੇਢ ਗੱਟਾ ਕਣਕ ਜਾਂ ਹੋਰ ਅਨਾਜ ਦਾ ਲੈ ਲੈਂਦੇ। ਝੋਨਾ ਓਦੋਂ ਨਹੀਂ ਸੀ ਹੁੰਦਾ, ਕਪਾਹ ਅਤੇ ਨਰਮਾ ਜਾਂ ਮੂੰਗੀ, ਬਾਜਰਾ, ਗੁਆਰਾ ਬਰਾਨਾ, ਛੋਲੇ, ਮਿਰਚਾਂ, ਜਵਾਰ, ਗੰਨਾ, ਜੋ ਜੋ ਵੀ ਕਿਸੇ ਦੇ ਹੁੰਦਾ ਮਿਸਤਰੀ ਨੂੰ ਦਿੰਦੇ। ਸਾਡੀਆਂ ਦਾਤੀਆਂ ਦੇ ਦੰਦੇ ਕਢਾਉਣ ਦਾ ਕੰਮ ਹੁੰਦਾ। ਗੋਹਾ ਹੂੰਝਣ ਨੂੰ ਦੋ ਫ਼ੌਹੜੇ ਬਣਾ ਲੈਂਦੇ। ਮੰਜੇ ਮੰਜੀਆਂ ਠੁਕਵਾਉਂਦੇ। ਹਲਾਂ ਦੇ ਫ਼ਾਲੇ ਕਟਵਾਉਂਦੇ, ਕਿਸੇ ਦੇ ਮਰੇ ‘ਤੇ ਸਿੜੀ ਬਣਵਾਉਣੀ ਹੁੰਦੀ। ਪਿੰਡਾਂ ‘ਚ ਲੋਹੇ ਦੀਆਂ ਪਾਈਪਾਂ ਵਾਲੀਆਂ ਸਿੜੀਆਂ ਬਹੁਤ ਬਾਅਦ ‘ਚ ਆਈਆਂ, ਮਿਸਤਰੀ ਚਿਖਾ ਚਿਣਨ ਵੀ ਜਾਂਦੇ।
—