ਰੰਗੀਲਾ ਬਾਬਾ ਪੁੱਜਾ ਸਲਾਖ਼ਾਂ ਪਿੱਛੇ

ਡੇਰਾ ਸੱਚਾ ਸੌਦਾ ਦੇ ਰੰਗੀਲੇ ਮੁਖੀ ਡਾ. ਗੁਰਮੀਤ ਰਾਮ ਰਹੀਮ ਸਿੰਘ ਨੂੰ ਇੱਕ ਭਾਰਤੀ ਅਦਾਲਤ ਨੇ ਬਲਾਤਕਾਰ ਦੇ ਮਾਮਲੇ ਵਿੱਚ ਦੋਸ਼ੀ ਪਾਇਆ ਹੈ। ਇਸ ਸੰਪਰਦਾ ਦਾ ਦਾਅਵਾ ਹੈ ਕਿ ਸੰਸਾਰ ਭਰ ਵਿੱਚ ਉਸ ਦੇ 6 ਕਰੋੜ ਤੋਂ ਵੀ ਵੱਧ ਭਗਤ ਹਨ। ਚਮਕਾਂ ਮਾਰਦੇ ਇਸ 50 ਸਾਲਾ ਬਾਬੇ ਦੇ ਹਮਾਇਤੀ ਉਸ ਨੂੰ ਰੱਬ ਵਾਂਗ ਪੂਜਦੇ ਹਨ, ਪਰ ਵਿਵਾਦਾਂ ਵਿੱਚ ਘਿਰ ਜਾਣਾ ਉਸ ਲਈ ਕੋਈ ਨਵੀਂ ਗੱਲ ਨਹੀਂ।
ਸਾਲ 2002 ਵਿੱਚ ਭਾਰਤ ਦੀਆਂ ਕੇਂਦਰੀ ਏਜੰਸੀਆਂ ਵਲੋਂ ਇੱਕ ਕਤਲ ਅਤੇ ਬਲਾਤਕਾਰ ਦੇ ਮਾਮਲੇ ਵਿੱਚ ਗੁਰਮੀਤ ਰਾਮ ਰਹੀਮ ਦੀ ਤਫ਼ਤੀਸ਼ ਸ਼ੁਰੂ ਕੀਤੀ ਗਈ ਸੀ, ਪਰ ਉਹ ਹਮੇਸ਼ਾ ਉਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦਾ ਰਿਹਾ ਹੈ। ਬਾਬੇ ‘ਤੇ ਆਪਣੇ 400 ਚੇਲਿਆਂ ਨੂੰ ”ਰੱਬ ਦੇ ਨੇੜੇ ਪਹੁੰਚਾਉਣ” ਦੇ ਨਾਮ ਹੇਠ ਨਿਪੁੰਸਕ ਬਣਾਉਣ ਦਾ ਦੋਸ਼ ਵੀ ਲੱਗਾ ਸੀ, ਜਿਸ ਦੇ ਜਵਾਬ ਵਿੱਚ ਉਸ ਨੇ ਟਾਈਮਜ਼ ਔਫ਼ ਇੰਡੀਆ ਨੂੰ ਦਿੱਤੇ ਇੱਕ ਬਿਆਨ ਵਿੱਚ ਕਿਹਾ ਸੀ ਕਿ ”ਇਹ ਦੋਸ਼ ਸੈਂਟ-ਪਰਸੈਂਟ ਝੂਠੇ ਹਨ। ਮੈਂ ਕਦੇ ਕਿਸੇ ਨੂੰ ਅਜਿਹਾ ਕਰਨ ਨੂੰ ਨਹੀਂ ਕਿਹਾ।”
ਵਿਕੀਪੀਡੀਆ ਦੀ ਵੈੱਬਸਾਈਟ ਗੁਰਮੀਤ ਰਾਮ ਰਹੀਮ ਨੂੰ ਇੱਕ ਭਾਰਤੀ ਗੁਰੂ, ਸੰਗੀਤ ਨਿਰਮਾਤਾ, ਐਕਟਰ ਅਤੇ ਡਾਇਰੈਕਟਰ ਦੱਸਦੀ ਹੈ। ਉਹ ਡੇਰਾ ਸੱਚਾ ਸੌਦਾ ਦਾ 23 ਸਤੰਬਰ 1990 ਤੋਂ ਪ੍ਰਮੁੱਖ ਚਲਿਆ ਆ ਰਿਹਾ ਹੈ। ਇੰਡੀਅਨ ਐਕਸਪ੍ਰੈੱਸ ਅਖ਼ਬਾਰ ਨੇ 2015 ਵਿੱਚ 100 ਸਭ ਤੋਂ ਤਾਕਤਵਰ ਭਾਰਤੀਆਂ ਦੀ ਸੂਚੀ ਵਿੱਚ ਗੁਰਮੀਤ ਰਾਮ ਰਹੀਮ ਨੂੰ 96ਵੇਂ ਨੰਬਰ ‘ਤੇ ਰੱਖਿਆ ਸੀ।
ਇਹ ਰੰਗਦਾਰ ਬਾਬਾ ਆਪਣੀਆਂ ਪ੍ਰਮੋਸ਼ਨਲ ਵੀਡੀਓਜ਼ ਵਿੱਚ ਗ਼ੁਲਾਬੀ ਪੋਸ਼ਾਕਾਂ ਪਹਿਨੀ ਹਵਾ ਵਿੱਚ ਉਡਦਾ ਨਜ਼ਰੀਂ ਪੈਂਦਾ ਸੀ ਅਤੇ ਆਪਣੀ ਅਸਲ ਜ਼ਿੰਦਗੀ ਵਿੱਚ ਉਹ ਆਪਣੇ ਦਰਬਾਰਾਂ ਵਿੱਚ ਅਤਿ ਤਾਕਤਵਰ ਮੋਟਰ ਬਾਈਕਸ ‘ਤੇ ਚੜ੍ਹ ਕੇ ਆਉਣ ਲਈ ਜਾਣਿਆ ਜਾਂਦਾ ਸੀ। ਚਮਕਦਾਰ ਮੋਟਰਸਾਈਕਲਾਂ ‘ਤੇ ਚੜ੍ਹਿਆ ਇਹ ਬਾਬਾ ਆਪਣੇ ਮੋਟਰਸਾਈਕਲਾਂ ਤੋਂ ਵੀ ਵੱਧ ਚਮਕਾਂ ਮਾਰਦਾ ਹੁੰਦਾ ਸੀ।
ਪਰ, ਪਿੱਛਲੇ ਸ਼ੁਕਰਵਾਰ ਦਾ ਦਿਨ ਬਾਬਾ ਗੁਰਮੀਤ ਰਾਮ ਰਹੀਮ ਲਈ ਕਿਆਮਤ ਦਾ ਦਿਨ ਸੀ ਕਿਉਂਕਿ ਉਸ ਨੂੰ ਉਸ ਦਿਨ ਬਲਾਤਕਾਰ ਦੇ ਇੱਕ ਮਾਮਲੇ ਵਿੱਚ ਦੋਸ਼ੀ ਕਰਾਰ ਦੇ ਦਿੱਤਾ ਗਿਆ ਅਤੇ ਉਸ ਦੇ ਭਗਤਾਂ ਨੇ ਦੋ ਸੂਬਿਆਂ ਦਾ ਕੰਮਕਾਜ ਬਿਲਕੁਲ ਠੱਪ ਕਰ ਕੇ ਰੱਖ ਦਿੱਤਾ। ਬਾਬੇ ਦੇ ਹਿੰਸਕ ਹੋਏ ਭਗਤਾਂ ਕਾਰਨ ਜਾਨ-ਓ-ਮਾਲ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ। ਅਦਾਲਤ ਦੇ ਫ਼ੈਸਲੇ ਤੋਂ ਬਾਅਦ ਹੁਣ ਇਸ ਰੰਗੀਲੇ ਬਾਬੇ, ਜੋ ਭਗਵੇ ਵਸਤਰਾਂ ਦੀ ਬਜਾਏ ਭੜਕੀਲੀਆਂ ਫ਼ਿਲਮੀ ਸਟਾਈਲ ਪੋਸ਼ਾਕਾਂ ਪਹਿਨਣਾ ਵਧੇਰੇ ਪਸੰਦ ਕਰਦਾ ਸੀ, ਦੀ ਸਾਰੀ ਤੜਕ ਭੜਕ ਸਲਾਖ਼ਾ ਪਿੱਛੇ ਪਹੁੰਚ ਕੇ ਹੁਣ ਜ਼ਰੂਰ ਖ਼ਤਮ ਹੋ ਚੁੱਕੀ ਹੈ।
”ਰੌਕਸਟਾਰ ਬਾਬਾ” ਵਜੋਂ ਜਾਣਿਆ ਜਾਂਦਾ ਗੁਰਮੀਤ ਰਾਮ ਰਹੀਮ ਸਿੰਘ ਅਕਸਰ ਚਮਕੀਲੇ, ਰੰਗੀਲੇ ਕਪੜਿਆਂ ਵਿੱਚ ਦੇਖਿਆ ਜਾਂਦਾ ਸੀ। ਉਹ ਅੱਧੀ ਦਰਜਨ ਤੋਂ ਵੱਧ ਮਿਊਜ਼ਿਕ ਵੀਡੀਓਜ਼ ਵਿੱਚ ਪ੍ਰਫ਼ੌਰਮੈਂਸ ਦੇ ਚੁੱਕਾ ਹੈ। ਗਹਿਣਿਆਂ ਲਈ ਆਪਣੇ ਮੋਹ ਕਾਰਨ ਉਹ ”ਚਮਕੀਲਾ ਗੁਰੂ” ਦੇ ਉੱਪਨਾਮ ਨਾਲ ਵੀ ਮਸ਼ਹੂਰ ਸੀ।
ਭਾਰਤ ਦੇ ਉੱਤਰ ‘ਚੋਂ ਉਪਜੀ ਇਹ ਸੰਪਰਦਾ ਭਾਰਤ ਭਰ ਵਿੱਚ ਅਤੇ ਅੰਤਰਰਾਸ਼ਟਰੀ ਪੱਧਰ ‘ਤੇ 46 ਸੈਂਟਰ ਚਲਾਉਂਦੀ ਹੈ। ਅਤੀਤ ਵਿੱਚ, ਬਾਬਾ ਰਾਮ ਰਹੀਮ ਉੱਪਰ ਧਾਰਮਿਕ ਸ਼ਖਸੀਅਤਾਂ ਦੀ ਨਕਲ ਕਰ ਕੇ ਉਨ੍ਹਾਂ ਦਾ ਮਖੌਲ ਉਡਾਉਣ ਦੇ ਦੋਸ਼ ਵੀ ਲੱਗ ਚੁੱਕੇ ਹਨ। ਸਾਲ 2007 ਵਿੱਚ, ਉਸ ਨੇ ਸਿੱਖਾਂ ਦੇ ਦਸਵੇਂ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ, ਵਰਗੇ ਵਸਤਰ ਪਹਿਨ ਕੇ ਸਿੱਖਾਂ ਨੂੰ ਆਪਣੇ ਨਾਲ ਗੁੱਸੇ ਕਰ ਲਿਆ ਸੀ।
2015 ਵਿੱਚ, ਇੱਕ ਵੀਡੀਓ ਵਿੱਚ ਉਸ ਵਲੋਂ ਭਗਵਾਨ ਵਿਸ਼ਨੂੰ ਵਾਂਗ ਦਿਖਣ ਦੀ ਕੋਸ਼ਿਸ਼ ਕਰਨ ਦਾ ਇੱਕ ਹਿੰਦੂ ਸੰਸਥਾ ਨੇ ਵਿਰੋਧ ਕੀਤਾ ਸੀ। ਬਾਬੇ ਦੇ ਹਿੰਦੂ ਆਲੋਚਕਾਂ ਦਾ ਕਹਿਣਾ ਸੀ ਕਿ ਅਜਿਹਾ ਕਰ ਕੇ ਉਸ ਨੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਉਸ ਦੇ ਟਵਿਟਰ ਐਕਾਊਂਟ ਉਪਰਲੇ ਉਸ ਦੇ ਪ੍ਰੋਫ਼ਾਈਲ ਵਿੱਚ ਉਸ ਨੇ ਆਪਣੇ ਆਪ ਨੂੰ ਇੱਕ ”ਅਧਿਆਤਮਕ ਸੰਤ/ਉਪਕਾਰੀ/ਬਹੁਗੁਣੀ ਗਾਇੱਕ/ਹਰਫ਼ਨਮੌਲਾ ਖਿਡਾਰੀ/ ਫ਼ਿਲਮ ਨਿਰਦੇਸ਼ਕ/ਐਕਟਰ/ਆਰਟ ਡਾਇਰੈਕਟਰ/ਮਿਊਜ਼ਿਕ ਡਾਇਰੈਕਟਰ/ਲੇਖਕ/ਗੀਤਕਾਰ/ਆਤਮਕਥਾਕਾਰ/ਫ਼ੋਟੋਗ੍ਰਾਫ਼ੀ ਨਿਰਦੇਸ਼ਕ ਦੱਸਿਆ ਹੈ।
ਆਪਣੇ ਉਨ੍ਹਾਂ ਭਗਤਾਂ, ਜਿਹੜੇ ਉਸ ਨੂੰ ਦੋਸ਼ੀ ਸੁਣਾਏ ਜਾਣ ਤੋਂ ਪਹਿਲਾਂ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਪੰਚਕੂਲਾ ਪਹੁੰਚੇ ਹੋਏ ਸਨ, ਲਈ ਉਹ ਉਪਰੋਕਤ ਸਭ ਕੁਝ ਤਾਂ ਹੈ ਹੀ ਪਰ ਉਸ ਤੋਂ ਕਿਤੇ ਵੱਧ ਵੀ ਕੁਝ ਹੈ – ਉਹ ਉਨ੍ਹਾਂ ਲਈ ਰੱਬ ਹੈ। ਸਿਰਸਾ ਵਿੱਚ ਹੈੱਡਕੁਆਟਰ ਵਾਲੀ ਇਸ ਸੰਪਰਦਾ ਦੇ ਗਹਿਣਿਆਂ ਨਾਲ ਲੱਦੇ ਇਸ ਪ੍ਰਮੁੱਖ, ਜੋ ਭਾਰਤ ਦੇ ਹਾਲੀਆ ਆਜ਼ਾਦੀ ਦਿਵਸ ‘ਤੇ 50 ਸਾਲਾਂ ਦਾ ਹੋਇਐ, ਦੇ ਹਰਿਆਣਾ, ਪੰਜਾਬ ਅਤੇ ਰਾਜਸਥਾਨ ਵਿੱਚ ਲੱਖਾਂ ਸ਼ਰਧਾਲੂ ਮੌਜੂਦ ਹਨ।
ਵਿਵਾਦਾਂ ਵਿੱਚ ਘਿਰੇ ਇਸ ਬਾਬੇ ਬਾਰੇ ਲੋਕਾਂ ਦੀ ਵਧਦੀ ਉਤਸੁਕਤਾ ਵਿੱਚ ਗੁਰਮੀਤ ਰਾਮ ਰਹੀਮ ਸਿੰਘ ਆਪਣੇ ਚੇਲੇ ਬਾਲਕਿਆਂ ਸਹਿਤ ਸੈਂਕੜੇ ਗੱਡੀਆਂ ਦੇ ਕਾਫ਼ਲੇ ਨਾਲ ਸ਼ਹਿਰ ਵਿੱਚ ਦਾਖ਼ਲ ਹੋਇਆ ਤਾਂ ਉਸ ਨੇ ਆਪਣੇ ਸਮਰਥਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ, ਅਤੇ ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਸਖ਼ਤ ਪਿੱਠ ਦਰਦ ਦੇ ਬਵਾਜੂਦ ਉਹ ਅਦਾਲਤ ਵਿੱਚ ਪੇਸ਼ ਹੋਏਗਾ।
ਸ਼ੁਰੂਆਤੀ ਜੀਵਨ ਅਤੇ ਪਰਿਵਾਰ
ਗੁਰਮੀਤ ਸਿੰਘ ਦਾ ਜਨਮ 15 ਅਗਸਤ, 1967 ਨੂੰ ਰਾਜਸਥਾਨ ਦੇ ਸ੍ਰੀ ਗੰਗਾਨਗਰ ਜ਼ਿਲ੍ਹੇ ਦੇ ਸ੍ਰੀ ਗੁਰੂਸਰ ਮੋਡੀਆ ਪਿੰਡ ਵਿੱਚ ਇੱਕ ਜੱਟ ਸਿੱਖ ਪਰਿਵਾਰ ਵਿੱਚ ਹੋਇਆ ਸੀ। ਉਸ ਦੇ ਪਿਤਾ ਆਪਣੇ ਇਲਾਕੇ ਦੇ ਇੱਕ ਰੱਜੇ ਪੁੱਜੇ ਜ਼ਿਮੀਦਾਰ ਸਨ। ਆਪਣੇ ਪਿਤਾ ਦਾ ਇੱਕਲੌਤਾ ਪੁੱਤਰ ਹੋਣ ਦੇ ਨਾਤੇ ਗੁਰਮੀਤ ਬਚਪਨ ਤੋਂ ਹੀ ਆਪਣੇ ਪਿਤਾ ਦਾ ਖੇਤੀ ਵਿੱਚ ਹੱਥ ਵੰਡਾਉਂਦਾ ਸੀ।
ਕਿਹਾ ਜਾਂਦਾ ਹੈ ਕਿ ਗੁਰਮੀਤ ਆਪਣੇ ਬਚਪਨ ਤੋਂ ਹੀ ਅਧਿਆਤਮਕ ਰੁਚੀ ਦਾ ਮਾਲਕ ਸੀ। ਜਦੋਂ ਉਹ ਹਾਲੇ ਸੱਤ ਸਾਲ ਦਾ ਹੀ ਸੀ, ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਸ਼ਾਹ ਸਤਨਾਮ ਸਿੰਘ, ਜੋ ਕਿ ਉਸ ਵਕਤ ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਸਨ, ਦੇ ਹਵਾਲੇ ਕਰ ਦਿੱਤਾ ਜਿਨ੍ਹਾਂ ਨੇ ਰਾਮ ਰਹੀਮ ਵਜੋਂ ਉਸ ਦਾ ਰਾਜ ਤਿਲਕ ਕੀਤਾ। ਸੋਲ੍ਹਾਂ ਸਾਲਾਂ ਬਾਅਦ, 23 ਸਤੰਬਰ 1990 ਨੂੰ ਸਤਨਾਮ ਸਿੰਘ ਨੇ ਭਾਰਤ ਭਰ ਤੋਂ ਆਪਣੇ ਭਗਤਾਂ ਨੂੰ ਸੱਦਿਆ ਅਤੇ ਇੱਕ ਵਿਸ਼ਾਲ ਸਤਿਸੰਗ ਵਿੱਚ 23 ਸਾਲਾ ਗੁਰਮੀਤ ਰਾਮ ਰਹੀਮ ਨੂੰ ਆਪਣਾ ਵਾਰਸ ਚੁਣ ਲਿਆ।
ਉਸ ਦਿਨ ਸੰਤ ਦੀ ਉਪਾਧੀ ਅਤੇ ਡੇਰਾ ਸੱਚਾ ਸੌਦਾ ਸੰਪਰਦਾ ਦੀ ਅਧਿਆਤਮਕ ਲੀਡਰਸ਼ਿਪ ਜਨਤਕ ਤੌਰ ‘ਤੇ ਗੁਰਮੀਤ ਰਾਮ ਰਹੀਮ ਨੂੰ ਸੌਂਪ ਦਿੱਤੀ ਗਈ। ਉਸ ਦੀ ਸ਼ਾਦੀ ਹਰਜੀਤ ਕੌਰ ਨਾਲ ਹੋਈ ਅਤੇ ਉਸ ਦੀਆਂ ਦੋ ਬੇਟੀਆਂ, ਇੱਕ ਪੁੱਤਰ ਅਤੇ ਇੱਕ ਗੋਦ ਲਈ ਧੀ ਹੈ। ਬਾਬੇ ਦਾ ਸਾਰਾ ਪਰਿਵਾਰ ਆਪਣੀ ਗੋਤ ਇਨਸਾਂ ਲਿਖਦਾ ਹੈ। ਉਸ ਦੇ ਪੁੱਤਰ ਜਸਮੀਤ ਦਾ ਵਿਆਹ ਪੰਜਾਬ ਕਾਂਗਰਸ ਪਾਰਟੀ ਦੇ ਨੇਤਾ ਹਰਮਿੰਦਰ ਜੱਸੀ ਦੀ ਬੇਟੀ ਨਾਲ ਹੋਇਆ। ਉਸ ਦੀ ਗੋਦ ਲਈ ਬੇਟੀ ਹਨੀਪ੍ਰੀਤ ਇਨਸਾਂ ਇੱਕ ਫ਼ਿਲਮ ਅਦਾਕਾਰਾ ਅਤੇ ਨਿਰਦੇਸ਼ਕ ਹੈ।
ਰਾਮ ਰਹੀਮ ਨੇ ਆਪਣੀ ਮੁੱਢਲੀ ਤਾਲੀਮ ਪਿੰਡ ਸ੍ਰੀ ਗੁਰਸਰ ਮੋਡੀਆ ਦੇ ਸਕੂਲ ਤੋਂ ਪ੍ਰਾਪਤ ਕੀਤੀ।
ਗੁਰਮੀਤ ਰਾਮ ਰਹੀਮ ਆਪਣੀ ਸੰਪਰਦਾ ਦੀ ਵਾਗਡੋਰ ਸੰਭਾਲਣ ਬਾਅਦ ਤੋਂ ਹੀ ਵਿਵਾਦਾਂ ਵਿੱਚ ਘਿਰਿਆ ਰਿਹਾ ਹੈ। ਮੁੱਖਧਾਰਾ ਦੇ ਸਿੱਖ ਲੀਡਰ ਉਸ ਉੱਪਰ ਉਨ੍ਹਾਂ ਦੇ ਧਰਮ ਦਾ ਨਿਰਾਦਰ ਕਰਨ ਦਾ ਦੋਸ਼ ਲਗਾਉਂਦੇ ਹਨ। ਉਸ ਉੱਪਰ ਬਲਾਤਕਾਰਾਂ, ਕਤਲਾਂ ਅਤੇ ਆਪਣੇ ਭਗਤਾਂ ਨੂੰ ਜ਼ਬਰਦਸਤੀ ਨਿਪੁੰਸਕ ਬਣਾਉਣ ਦੇ ਦੋਸ਼ ਵੀ ਲੱਗੇ ਹਨ। ਭਾਰਤ ਦੀ ਇੱਕ ਸਪੈਸ਼ਲ 329 ਅਦਾਲਤ ਨੇ 25 ਅਗਸਤ, 2017 ਨੂੰ ਉਸ ਨੂੰ ਬਲਾਤਕਾਰ ਦੇ ਇੱਕ ਮਾਮਲੇ ਵਿੱਚ ਦੋਸ਼ੀ ਕਰਾਰ ਦੇ ਦਿੱਤਾ।
ਸਿਆਸੀ ਪ੍ਰਭਾਵ
ਗੁਰਮੀਤ ਰਾਮ ਰਹੀਮ ਦਾ ਸਿਆਸੀ ਪ੍ਰਭਾਵ ਵੀ ਚੋਖਾ ਹੈ ਕਿਉਂਕਿ ਉਸ ਦੇ ਡੇਰੇ ਦੇ ਭਾਰਤ ਦੇ ਦਲਿਤਾਂ ਅਤੇ ਦੂਸਰੇ ਪੱਛੜੇ ਵਰਗਾਂ ਤੋਂ ਲੱਖਾਂ ਸ਼ਰਧਾਲੂ ਹਨ। ਉਸ ਦਾ ਡੇਰਾ ਸੱਚਾ ਸੌਦਾ ਭਾਰਤ ਦੇ ਸਾਰੇ ਡੇਰਿਆਂ ‘ਚੋਂ ਇੱਕਲੌਤਾ ਅਜਿਹਾ ਡੇਰਾ ਹੈ ਜਿਹੜਾ ਚੋਣਾਂ ਦੌਰਾਨ ਆਪਣੇ ਹਮਾਇਤੀਆਂ ਨੂੰ ਖੁਲ੍ਹੇ ਤੌਰ ‘ਤੇ ਕੁਝ ਖ਼ਾਸ ਸਿਆਸੀ ਪਾਰਟੀਆਂ ਦੇ ਹੱਕ ਵਿੱਚ ਵੋਟ ਪਾਉਣ ਲਈ ਕਹਿੰਦਾ ਹੈ।
ਰਾਮ ਰਹੀਮ ਨੇ ਸ਼ੁਰੂ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੀ ਹਮਾਇਤ ਕੀਤੀ। ਜਿਵੇਂ ਮੈਂ ਉੱਪਰ ਜ਼ਿਕਰ ਕੀਤਾ ਸੀ, ਰਾਮ ਰਹੀਮ ਦਾ ਇੱਕਲੌਤਾ ਪੁੱਤਰ ਜਸਮੀਤ ਇਨਸਾਂ ਕਾਂਗਰਸੀ ਆਗੂ ਹਰਮਿੰਦਰ ਸਿੰਘ ਦੀ ਬੇਟੀ ਨਾਲ ਵਿਆਹਿਆ ਹੋਇਐ। ਡੇਰਾ ਸੱਚਾ ਸੌਦਾ ਨੇ 2007 ਦੀਆਂ ਪੰਜਾਬ ਚੋਣਾਂ ਵਿੱਚ ਕਾਂਗਰਸ ਦੀ ਹਮਾਇਤ ਕੀਤੀ ਸੀ, ਅਤੇ ਮਾਲਵੇ ਦੇ ਇਲਾਕੇ ਵਿੱਚ ਕਾਂਗਰਸ ਦੀ ਪਕੜ ਮਜ਼ਬੂਤ ਬਣਾਉਣ ਵਿੱਚ ਪਾਰਟੀ ਦੀ ਮਦਦ ਕੀਤੀ ਸੀ। ਸਾਲ 2012 ਦੀਆਂ ਸੂਬਾਈ ਚੋਣਾਂ ਤੋਂ ਪਹਿਲਾਂ ਕਾਂਗਰਸੀ ਲੀਡਰ ਕੈਪਟਨ ਅਮਰਿੰਦਰ ਸਿੰਘ, ਉਸ ਦੀ ਪਤਨੀ ਪ੍ਰਨੀਤ ਕੌਰ ਅਤੇ ਪੁੱਤਰ ਰਨਿੰਦਰ ਸਿੰਘ ਵੀ ਬਾਬੇ ਦੇ ਦਰਸ਼ਨਾਂ ਅਤੇ ਆਸ਼ੀਰਵਾਦ ਲਈ ਉਸ ਦੇ ਦਰਬਾਰ ਵਿੱਚ ਹਾਜ਼ਰ ਹੋਏ ਸਨ। ਪਰ, ਡੇਰੇ ਦੀ ਹਮਾਇਤ ਕਾਰਨ ਕਾਂਗਰਸ ਸੂਬੇ ਦੇ ਸਿੱਖਾਂ ਨੂੰ ਆਪਣੇ ਤੋਂ ਦੂਰ ਕਰ ਬੈਠੀ। ਉਨ੍ਹਾਂ ਚੋਣਾਂ ਵਿੱਚ, ਕਾਂਗਰਸ ਦੀ ਕਾਰਗੁਜ਼ਾਰੀ ਬੇਹੱਦ ਮਾੜੀ ਰਹੀ, ਅਤੇ ਜੱਸੀ ਇਲੈਕਸ਼ਨ ਹਾਰ ਗਿਆ। ਕਾਂਗਰਸ ਦੀ ਮਾਲਵੇ ਵਿੱਚ ਮਾੜੀ ਕਾਰਗੁਜ਼ਾਰੀ ਡੇਰੇ ਦੇ ਪੰਜਾਬ ਵਿੱਚ ਘਟਦੇ ਸਿਆਸੀ ਪ੍ਰਭਾਵ ਵੱਲ ਇਸ਼ਾਰਾ ਕਰਦੀ ਸੀ।
ਹਰਿਆਣਾ ਸੂਬੇ ਦੀਆਂ ਸਾਲ 2014 ਦੀਆਂ ਚੋਣਾਂ ਤੋਂ ਪਹਿਲਾਂ, ਭਾਰਤੀ ਜਨਤਾ ਪਾਰਟੀ ਦੇ ਨੇਤਾ ਨਰੇਂਦਰ ਮੋਦੀ ਨੇ ਬਾਬੇ ਦੇ ਭਗਤਾਂ ਨੂੰ ਆਪਣੀ ਪਾਰਟੀ ਵੱਲ ਆਕਰਸ਼ਿਤ ਕਰਨ ਲਈ ਉਸ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹ ਦਿੱਤੇ। ਰਾਮ ਰਹੀਮ ਨੇ ਉਨ੍ਹਾਂ ਸੂਬਾਈ ਚੋਣਾਂ ਵਿੱਚ ਭਾਜਪਾ ਦੀ ਹਮਾਇਤ ਕੀਤੀ ਸੀ ਜਿਸ ਕਾਰਨ ਪਾਰਟੀ ਪਹਿਲੀ ਵਾਰ ਹਰਿਆਣਾ ਵਿੱਚ ਆਪਣੀ ਬਹੁਮਤ ਸਰਕਾਰ ਬਣਾਉਣ ਵਿੱਚ ਕਾਮਯਾਬ ਰਹੀ। ਫ਼ਰਵਰੀ 2015 ਵਿੱਚ, ਰਾਮ ਰਹੀਮ ਦੀ ਜਥੇਬੰਦੀ ਨੇ ਦਿੱਲੀ ਚੋਣਾਂ ਦੌਰਾਨ ਇਹ ਕਹਿੰਦੇ ਹੋਏ ਬੀ.ਜੇ.ਪੀ. ਦੀ ਹਮਾਇਤ ਕੀਤੀ ਕਿ ਉਸ ਦੇ ਦਿੱਲੀ ਵਿੱਚ 2 ਕਰੋੜ ਤੋਂ ਵੀ ਵੱਧ ਪੈਰੋਕਾਰ ਮੌਜੂਦ ਹਨ। ਉਸ ਦੀ ਜਥੇਬੰਦੀ ਨੇ 2015 ਦੀਆਂ ਬਿਹਾਰ ਚੋਣਾਂ ਵਿੱਚ ਸ਼ਰੇਆਮ ਭਾਜਪਾ ਦੀ ਹਮਾਇਤ ਕੀਤੀ ਅਤੇ ਤਕਰੀਬਨ 3 ਹਜ਼ਾਰ ਡੇਰਾ ਪ੍ਰੇਮੀਆਂ ਨੇ ਰਾਜ ਵਿੱਚ ਭਾਜਪਾ ਲਈ ਕੈਂਪੇਅਨ ਵੀ ਕੀਤੀ। ਸਾਲ 2016 ਵਿੱਚ, ਹਰਿਆਣਾ ਦੇ ਖੇਡ ਮੰਤਰੀ ਅਨਿਲ ਵਿਜ ਨੇ ਬਾਬੇ ਦੀ ਮੌਜੂਦਗੀ ਵਿੱਚ ਡੇਰੇ ਨੂੰ ਖੇਡਾਂ ਨੂੰ ਉਤਸਾਹਿਤ ਕਰਨ ਬਦਲੇ 50 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਜਿਸ ਨੇ ਇੱਕ ਵੱਡੇ ਵਿਵਾਦ ਨੂੰ ਜਨਮ ਦੇ ਦਿੱਤਾ ਸੀ।
ਪੰਜਾਬ ਵਿੱਚ ਬਦਅਮਨੀ ਕਿਉਂ?
ਡੇਰਾ ਸੱਚਾ ਸੌਦਾ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਸਿੰਘ ਨੇ ਕਈ ਸਫ਼ਾਈ ਅਭਿਆਨ ਅਤੇ ਖ਼ੂਨ ਦਾਨ ਕੈਂਪ ਆਯੋਜਿਤ ਕਰ ਕੇ ਆਪਣੇ ਆਪ ਨੂੰ ਇੱਕ ਸਮਾਜ ਸੁਧਾਰਕ ਦੇ ਤੌਰ ‘ਤੇ ਸਥਾਪਿਤ ਕਰ ਲਿਆ। ਸਾਲ 2010 ਵਿੱਚ, ਡੇਰੇ ਨੇ ਇੱਕ ਸਾਮੂਹਿਕ ਵਿਆਹ ਦਾ ਆਯੋਜਨ ਵੀ ਕੀਤਾ ਜਿਸ ਵਿੱਚ ਇੱਕ ਹਜ਼ਾਰ ਤੋਂ ਵੱਧ ਮਰਦ ਪੈਰੋਕਾਰਾਂ ਨੇ ਵੈਸ਼ਿਆਵਾਂ ਨਾਲ ਵਿਆਹ ਕੀਤਾ। ਹਾਲ ਹੀ ਦੇ ਸਾਲਾਂ ਦੌਰਾਨ ਉਸ ਨੇ ਕੁਝ ਫ਼ਿਲਮਾਂ ਬਣਾ ਕੇ ਅਤੇ ਉਨ੍ਹਾਂ ਵਿੱਚ ਖ਼ੁਦ ਹੀ ਐਕਟਿੰਗ ਕਰ ਕੇ ਆਪਣੇ ਪਹਿਲਾਂ ਤੋਂ ਹੀ ਜੀਵਨ ਨਾਲੋਂ ਵੱਡੇ ਅਕਸ ਨੂੰ ਹੋਰ ਵੀ ਵੱਡਾ ਕਰ ਲਿਆ।
ਉਸ ਨੇ ਤਿੰਨ ਫ਼ਿਲਮਾਂ ਦਾ ਨਿਰਮਾਣ ਕੀਤਾ ਜਿਨ੍ਹਾਂ ਨੂੰ ਕਈ ਹਫ਼ਤਿਆਂ ਦੇ ਵਿਵਾਦ ਉਪਰੰਤ ਕਈ ਭਾਰਤੀ ਭਾਸ਼ਾਵਾਂ ਵਿੱਚ ਰਿਲੀਜ਼ ਕੀਤਾ ਗਿਆ। ਉਨ੍ਹਾਂ ਵਿੱਚੋਂ ਇੱਕ, MSG: ਦਾ ਮੈਸੈਂਜਰ ਔਫ਼ ਗੌਡ, ਵਿੱਚ ਬਾਬੇ ਨੂੰ ਖ਼ਤਰਨਾਕ ਕਰਤਬ ਕਰਦਿਆਂ, ਏਲੀਅਨਾਂ, ਭੂਤਾਂ ਅਤੇ ਹਾਥੀਆਂ ਨਾਲ ਲੜਦਿਆਂ ਅਤੇ ਖ਼ਲਨਾਇੱਕਾਂ ਨਾਲ ਸਿਝਦਿਆਂ ਵੀ ਦੇਖਿਆ ਜਾ ਸਕਦਾ ਹੈ।
ਹਿੰਦੋਸਤਾਨ ਟਾਈਮਜ਼ ਨੇ ਆਪਣੇ ਫ਼ਿਲਮੀ ਰਿਵਿਊ ਵਿੱਚ ਲਿਖਿਆ ਸੀ, ”ਉਸ ਦਾ ਸਟਾਈਲ ਬਿਲਕੁਲ ਬੌਲੀਵੁੱਡ ਦੇ ਹੀਰੋਆਂ ਵਾਲਾ ਹੈ, ਅਤੇ ਫ਼ਿਲਮਾਂ ਦੀ ਕੋਲੈਕਸ਼ਨ ਇੰਨੀ ਕਿ ਉਸ ਨੂੰ ਬੜੇ ਆਰਾਮ ਨਾਲ ਸਾਰੇ ਬੌਲੀਵੁੱਡ ਹੀਰੋਆਂ ਦਾ ਬਾਪ ਕਿਹਾ ਜਾ ਸਕਦੈ।”