ਡਾ.ਦੇਵਿੰਦਰ ਮਹਿੰਦਰੂ
ਜਿਸ ਕਾ ਕਾਮ ਉਸੀ ਕੋ ਸਾਜੇ
ਪਿਛਲੇ ਹਫ਼ਤੇ ਆਪਾਂ ਗੱਲ ਕਰ ਰਹੇ ਸਾਂ ਕਿ ਹਰ ਕੋਈ ਹਰ ਕੰਮ ਨਹੀਂ ਕਰ ਸਕਦਾ। ਜਿਸ ਤਰ੍ਹਾਂ ਜੇ ਮੈਂ ਐਨਾਊਂਸਮੈਂਟ ਕਰਾਂਗੀ ਤਾਂ ਲੋਕ ਰੇਡੀਓ ਬੰਦ ਕਰ ਦੇਣਗੇ। ਇਸੇ ਤਰ੍ਹਾਂ ਰੂਪਕ ਯਾ ਡੌਕਿਊਮੈਂਟਰੀ ‘ਚ ਆਵਾਜ਼ ਦੇਣਾ ਜਾਂ ਕਿਸੇ ਨਾਟਕ ‘ਚ ਕੋਈ ਪਾਰਟ ਅਦਾ ਕਰਨਾ, ਦੋ ਬਿਲਕੁਲ ਅਲੱਗ ਗੱਲਾਂ ਹਨ। ਰੇਡੀਓ ਜਲੰਧਰ ‘ਚ ਨਰੇਟਰ ਲਈ ਆਵਾਜ਼ ਯਾਨੀ ਰੂਪਕ ਜਾਂ ਡੌਕਿਊਮੈਂਟਰੀ ਲਈ ਨਰੇਸ਼ਨ ਕਰਨ ਲਈ ਸੁਖਜਿੰਦਰ ਦੀ ਆਵਾਜ਼ ਦਾ ਕੋਈ ਮੁਕਾਬਲਾ ਨਹੀਂ ਸੀ ਕਰ ਸਕਦਾ। ਜਸਵੰਤ ਦੀਦ ਦੇ ਪ੍ਰੋਗਰਾਮ ਸਿਰਜਣਾ ਜਾਂ ਤਾਰਿਆ ਵੇ ਤੇਰੀ ਲੋਅ, ਬਲਬੀਰ ਕਲਸੀ ਦੀ ਰੂਪਕ ਲੜੀ ਮਿੱਟੀ ਦੀ ਮਹਿਕ, ਅਮਰਜੀਤ ਵੜੈਚ ਦੇ ਨਿਰਦੇਸ਼ਨ ‘ਚ ਬਣੇ ਰੂਪਕਾਂ ਦੀ ਲੜੀ ‘ਚ ਸੁਖਜਿੰਦਰ ਹੋਰਾਂ ਦੀ ਆਵਾਜ਼ ਬਹੁਤ ਸਰਾਹੀ ਜਾਂਦੀ ਸੀ ਰੇਡੀਓ ਦੇ ਸਰੋਤਿਆਂ ਵਲੋਂ।
ਮੇਰੀ ਆਵਾਜ਼ ਨਰੇਸ਼ਨ ਲਈ ਸੂਟ ਨਹੀਂ ਸੀ ਕਰਦੀ, ਪਰ ਜਦੋਂ ਨਾਟਕ ਦੀ ਗੱਲ ਆਉਂਦੀ ਸੀ, ਭਾਵੇਂ ਕਥਾ ਲੋਕ ਪ੍ਰੋਗਰਾਮ ‘ਚ ਕਿਸੇ ਕਹਾਣੀ ਨੂੰ ਡਰਾਮਾਟਾਈਜ਼ ਕਰਨਾ ਹੋਵੇ, ਕਿਸੇ ਪਰਿਵਾਰਕ ਧਾਰਾਵਾਹਿਕ ‘ਚ ਕੋਈ ਰੋਲ ਅਦਾ ਕਰਨਾ ਹੋਵੇ, ਮੈਂ ਆਪਣੇ ਪੂਰੇ ਜਲੌ ‘ਚ ਆ ਜਾਂਦੀ ਸੀ। ਅਮਰਜੀਤ ਵੜੈਚ ਨੇ ਪ੍ਰੋ.ਮੋਹਨ ਸਿੰਘ ‘ਤੇ ਰੂਪਕ ਬਣਾਇਆ ਅਤੇ ਨਰੇਟਰ ਸੁਖਜਿੰਦਰ ਸਨ। ਕੇਂਦਰ ਨਿਰਦੇਸ਼ਕ ਰਾਜਿੰਦਰ ਪ੍ਰਸ਼ਾਦ, ਗੋਰਖਪੁਰ ਤੋਂ, ਨੇ ਕਿਹਾ ਕਿ ਰੂਪਕ ਬੜਾ ਵਧੀਆ ਸੀ। ਮੀਟਿੰਗ ‘ਚ ਉਨ੍ਹਾਂ ਕਿਹਾ, ”ਚਲੋ, ਸਟੂਡੀਓ ਜਾ ਕੇ ਸੁਣਦੇ ਹਾਂ ਦੋਬਾਰਾ ਤੋਂ ਰੂਪਕ।” ਭਾਸ਼ਾ ਪੰਜਾਬੀ ਹੋਣ ਕਰ ਕੇ ਉਹ ਆਰਾਮ ਨਾਲ ਸੁਣਨਾ ਚਾਹੁੰਦੇ ਸਨ ਪ੍ਰੋਗਰਾਮ ਨੂੰ। ਇੱਕ ਥਾਂ ‘ਤੇ ਆ ਕੇ ਉਨ੍ਹਾਂ ਕਿਹਾ, ”ਰੋਕੋ … ।” ਇੱਥੇ ਮੋਹਨ ਸਿੰਘ ਦੀ ਪਤਨੀ ਬਸੰਤ ਵਲੋਂ ਬੋਲੀ ਇੱਕ ਪੰਕਤੀ ਸੀ, ਜਿਸ ਨੂੰ ਮੈਂ ਬੋਲਿਆ ਸੀ, ਉਹ ਬਾਰ-ਬਾਰ ਰੀਵਾਈਂਡ ਕਰਵਾ ਕੇ ਉਹ ਲਾਈਨ ਸੁਣਨ ਲੱਗ ਪਏ, ”ਮੋਹਨ, ਕਿੰਝ ਬਣਦਾ ਤੂੰ ਸ਼ਾਇਰ ਜੇਕਰ ਮੈਂ ਨਾ ਮਰਦੀ।” ਮੈਂ ਬਹੁਤ ਭਾਵੁਕ ਹੋਕੇ ਇਹ ਲਾਈਨ ਬੋਲੀ ਹੋਈ ਸੀ।” ਬੱਸ, ਔਰ ਸੁਨਨੇ ਕੀ ਜ਼ਰੂਰਤ ਨਹੀਂ, ।” ਅਤੇ ਉਹ ਸਟੂਡੀਓ ‘ਚੋਂ ਚਲੇ ਗਏ।
ਕਈ ਵਾਰ ਸਾਨੂੰ ਪਤਾ ਹੀ ਨਹੀਂ ਸੀ ਹੁੰਦਾ ਕਿ ਕਿਸ ਕੰਮ ‘ਚ ਸਾਡੀ ਮੁਹਾਰਤ ਹੋ ਗਈ ਹੈ। ਸਾਰੀ ਉਮਰ ਲੰਘ ਜਾਂਦੀ ਹੈ ਇਹ ਜਾਣਨ ਲਈ ਕਿ ਅਸੀਂ ਕਿਹੜਾ ਕੰਮ ਬੇਹਤਰ ਤਰੀਕੇ ਨਾਲ ਕਰ ਸਕਦੇ ਹਾਂ? ਬਹੁਤ ਛੋਟੀ ਸੀ ਜਦੋਂ ਡਰਾਮਾ ਲਿਖਣ ਲੱਗ ਪਈ ਸੀ, ਅਤੇ ਇਕੱਲੀ ਬੈਠੀ ਆਪਣੇ ਹੀ ਲਿਖੇ ਡਾਇਲੌਗ ਬੋਲ ਬੋਲ ਕੇ ਪਰੈਕਟਿਸ ਕਰਦੀ ਰਹਿੰਦੀ ਸੀ। ਇਸ ਸ਼ੌਕ ਨੇ ਇੱਕ ਵਾਰ ਮੈਨੂੰ ਬਹੁਤ ਖ਼ਤਰਨਾਕ ਸਥਿਤੀ ‘ਚ ਲਿਆ ਖੜ੍ਹਾ ਕੀਤਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ‘ਚ ਲਾਇਬ੍ਰੇਰੀ ਸਾਇੰਸ ਦਾ ਡਿਗਰੀ ਕੋਰਸ ਕਰ ਰਹੀ ਸੀ। ਇੱਕ ਕੁੜੀ ਨੇ ਮੇਰੇ ਨਾਲ ਚੰਗੀ ਦੋਸਤੀ ਪਾ ਲਈ। ਉਹ ਡਰਾਮਾ ਵਿਭਾਗ ਦੀ ਵਿਦਿਆਰਥਣ ਸੀ। ਇੱਕ ਦਿਨ ਪੁੱਛਦੀ, ”ਇੱਕ ਰੋਲ ਹੈ, ਬੜਾ ਵਧੀਆ, ਕਰੇਂਗੀ ਤੂੰ? ।” ਮੈਂ ਹਾਂ ਕਹਿ ਦਿੱਤੀ। ਉਹ ਮੈਨੂੰ ਡਾ.ਸੁਰਜੀਤ ਸਿੰਘ ਸੇਠੀ ਨਾਲ ਮਿਲਾਉਣ, ਉਨ੍ਹਾਂ ਦੇ ਘਰ ਲੈ ਗਈ।
ਵੱਡਾ ਸਾਰਾ ਬੰਗਲਾ ਸੀ ਯੂਨੀਵਰਸਿਟੀ ਦੇ ਅੰਦਰ ਉਨ੍ਹਾਂ ਨੂੰ ਮਿਲਿਆ ਹੋਇਆ। ਐਨਾ ਵੱਡਾ, ਸਜਿਆ-ਸੰਵਰਿਆ ਘਰ ਮੈਂ ਪਹਿਲੀ ਵਾਰ ਦੇਖਿਆ ਸੀ ਆਪਣੀ ਜ਼ਿੰਦਗੀ ਵਿੱਚ। ਉਹ ਦੋਵੇਂ ਆਪਸ ‘ਚ ਕੁਝ ਗੱਲਾਂ ਕਰਦੇ ਰਹੇ ਜਿੰਨ੍ਹਾਂ ਦੀ ਮੈਨੂੰ ਕੋਈ ਬਹੁਤੀ ਸਮਝ ਨਹੀਂ ਲੱਗੀ। ਮੈਨੂੰ ਰੋਲ ਬਾਰੇ ਵੀ ਕੁਝ ਨਹੀਂ ਦੱਸਿਆ ਗਿਆ। ਸੇਠੀ ਸਾਹਿਬ ਬਾਰੇ ਮੈਂ ਗਿਆਨੀ ਕਰਨ ਵੇਲੇ ਅਤੇ ਪੰਜਾਬੀ ਦੀ MA ਕਰਨ ਵੇਲੇ ਪੜ੍ਹ ਹੀ ਚੁੱਕੀ ਸੀ। ਮੇਰੀ ਨਵੀਂ ਬਣੀ ਸਹੇਲੀ ਅਤੇ ਸੇਠੀ ਸਾਹਿਬ ਦੀਆਂ ਗੱਲਾਂ ‘ਚ ਇੱਕ ਵਾਰ ਨਿਊਡ ਅਤੇ ਪੋਸਟਰ ਸ਼ਬਦ ਮੇਰੇ ਕੰਨੀ ਪਏ। ਮੈਂ ਚੌਂਕ ਕੇ ਦੋਵਾਂ ਵੱਲ ਦੇਖਿਆ ਪਰ ਉਹ ਗੱਲ ਬਦਲ ਗਏ। ਮੈਂ ਅਤੇ ਉਹ ਲੜਕੀ ਵਾਪਿਸ ਹੋਸਟਲ ਆ ਗਈਆਂ। ਮੈਨੂੰ ਕੁਝ ਅਜੀਬ ਜਿਹਾ ਅਹਿਸਾਸ ਹੋ ਰਿਹਾ ਸੀ। ਅਜਿਹੇ ਮੌਕਿਆਂ ‘ਤੇ ਮੇਰੀ ਛੇਵੀਂ ਇੰਦਰੀ ਜਾਗ ਜਾਂਦੀ ਹੈ। ਦੂਜੇ ਦਿਨ ਸ਼ਾਮ ਨੂੰ ਉਹ ਲੜਕੀ ਮੇਰੇ ਕਮਰੇ ‘ਚ ਆਈ।
”ਤਿਆਰ ਨਹੀਂ ਹੋਈ, ਲੇਟ ਹੋ ਰਹੇ ਹਾਂ, ਅੱਜ ਸਰ ਨੇ ਆਪਣੇ ਘਰ ਪੂਰੀ ਕਾਸਟ ਬੁਲਾਈ ਹੋਈ ਹੈ, ।” ਉਹ ਬੋਲਦੀ ਹੈ।” ਨਹੀਂ, ਮੈਂ ਨਹੀਂ ਕਰਨਾ ਕੋਈ ਰੋਲ, ”ਮੈਂ ਸਾਫ਼ ਨਾਂਹ ਕਰ ਦਿੱਤੀ। ਲੜਕੀ ਨੇ ਹੈਰਾਨੀ ਨਾਲ ਮੇਰੇ ਵੱਲ ਦੇਖਿਆ, ”ਕਿਸੇ ਨੇ ਕੁਝ ਕਿਹੈ? ।”
”ਨਹੀਂ ਨਹੀਂ, ਕਿਸੇ ਨੇ ਕੁਝ ਨਹੀ ਆਖਿਆ।”
”ਫ਼ੇਰ ਕੀ ਗੱਲ ਐ?” ਉਹ ਪੁੱਛਣ ਲੱਗੀ
”ਬੱਸ ਐਵੇਂ ਹੀ,” ਮੈਂ ਟਾਲਿਆ ਤਾਂ ਉਹ ਬੋਲੀ, ”ਇੰਨਾ ਅੱਛਾ ਮੌਕਾ ਗੰਵਾ ਰਹੀ ਹੈਂ ਤੂੰ, ਪਛਤਾਵੇਂਗੀ!”
”ਪਤਾ ਨਹੀਂ ਰੋਲ ਕਰ ਕੇ ਪਛਤਾਵਾਂਗੀ ਕਿ ਰੋਲ ਛੱਡ ਕੇ!” ਮੈ ਆਖਿਆ ਤਾਂ ਉਹ ਲੜਕੀ ਗੁੱਸੇ ‘ਚ ਅੱਗ-ਬਬੂਲਾ ਦਨਦਨਾਉਂਦੀ ਹੋਈ ਉੱਥੋਂ ਚਲੀ ਗਈ। ਮੁੜ ਅਸੀਂ ਕਦੇ ਇੱਕ ਦੂਜੇ ਨਾਲ ਗੱਲ ਨਹੀਂ ਕੀਤੀ। ਕੁਝ ਦਿਨਾਂ ਬਾਅਦ ਮੈਂ ਯੂਨੀਵਰਸਿਟੀ ‘ਚ ਕਿਸੇ ਹੋਰ ਲੜਕੀ ਦੇ ਉਹੋ ਜਿਹੇ ਹੀ ਪੋਸਟਰ ਲੱਗੇ ਦੇਖੇ। ਲੱਗਿਆ ਮੇਰੀਆਂ ਰਗਾਂ ‘ਚ ਖ਼ੂਨ ਜੰਮ ਗਿਆ ਹੈ। ਰੱਬ ਦਾ ਸ਼ੁਕਰ ਕੀਤਾ ਜਿਸ ਮੈਨੂੰ ਹੱਥ ਦੇ ਕੇ ਬਚਾ ਲਿਆ। ਇਹ ਸ਼ੌਕ ਐਕਟਿੰਗ ਦਾ ਰੇਡੀਓ ‘ਚ ਆ ਕੇ ਪੂਰਾ ਹੁੰਦਾ ਰਿਹਾ। ਬਹੁਤ ਨਾਟਕ ਲਿਖੇ, ਨਿਰਦੇਸ਼ਨ ਵੀ ਕੀਤਾ, ਰੋਲ ਵੀ ਕੀਤੇ। ਹਿੰਦੀ ‘ਚ ਵੀ ਲਿਖੇ ਨਾਟਕ, ਨਿਰਦੇਸ਼ਕ ਵੀ ਬਣੀ ਤੇ ਬੀ ਹਾਈ ਡਰਾਮਾ ਆਰਟਿਸਟ ਹਾਂ ਨਾਟਕ ‘ਚ ਰੋਲ ਕਰਨ ਲਈ। ਗੇਅਟੀ ‘ਚ ਵਧੀਆ ਤੋਂ ਵਧੀਆ ਨਾਟਕ ਖੇਡੇ ਜਾਂਦੇ ਹਨ। ਇੱਕ ਵਾਰ ਗਾਰਗੀ ਦੇ ਨਾਟਕ ‘ਚ ਬੇਬੇ ਦਾ ਰੋਲ ਮਿਲਿਆ ਵੀ ਪਰ ਰਿਹਰਸਲ ਲਈ ਨਹੀਂ ਜਾ ਸਕੀ ਜ਼ਿਆਦਾ ਦਿਨ। ਇਸ ਤਰ੍ਹਾਂ ਤਾਂ ਇੱਕ ਦੋ ਸੀਰੀਅਲ ਵੀ ਕੀਤੇ ਅਤੇ ਲੱਗਦਾ ਹੈ ਕਿ ਮੌਕਾ ਮਿਲਿਆ ਤਾਂ ਕਰਾਂਗੀ ਕੰਮ ਹੋਰ। ਦੇਖਦੇ ਹਾਂ। ਇਨਸਾਨ ਨੂੰ ਬਥੇਰੇ ਚੰਗੇ ਮੌਕੇ ਮਿਲਦੇ ਨੇ, ਨਾਲ ਨਾਲ ਮੰਦੇ ਮੌਕੇ ਵੀ ਆਣ ਦਸਤਕ ਦਿੰਦੇ ਰਹਿੰਦੇ ਨੇ, ਕਿੰਨਾ ਚੰਗਾ ਹੈ ਕਿ ਮੰਦੇ ਮੌਕਿਆਂ ਨੂੰ ਮੁਸਕਰਾ ਕੇ ਬਾਏ ਬਾਏ ਆਖ ਦੇਈਏ!