ਰੇਡੀਓ ਦੀਆਂ ਯਾਦਾਂ – 35

ਡਾ. ਦੇਵਿੰਦਰ ਮਹਿੰਦਰੂ
ਯਾਦਾਂ ਦੇ ਜਮਘਟੇ
ਨਵੇਂ ਸਾਲ ਦਾ ਪੰਜਵਾਂ ਦਿਨ ਹੈ ਅੱਜ ਅਤੇ ਪੈਂਤੀਵਾਂ ਕਾਲਮ ਹੈ ਇਹ ਇਸ ਲੜੀ ਦਾ ਮੇਰਾ। ਬਹੁਤ ਪਿਆਰ ਮਿਲ ਰਿਹਾ ਹੈ ਤੁਹਾਡਾ। ਪਿਛਲੇ ਕੁੱਝ ਮਹੀਨਿਆਂ ਤੋਂ ਆਪਣੀਆਂ ਰੇਡੀਓ ਦੀਆਂ ਯਾਦਾਂ ਤੁਹਾਡੇ ਨਾਲ ਸਾਂਝਾ ਕਰਦਿਆਂ ਮੈਨੂੰ ਵੀ ਓਨਾ ਹੀ ਅੱਛਾ ਲੱਗਿਆ ਜਿਨਾ ਤੁਹਾਨੂੰ ਇਹ ਗੱਲਾਂ ਪੜ ਕੇ ਲੱਗਿਆ ਹੋਵੇਗਾ। ਹੋ ਸਕਦਾ ਹੈ ਮੈਨੂੰ ਜ਼ਿਆਦਾ ਅੱਛਾ ਲੱਗਿਆ ਹੋਵੇ। ਜੀਵਨ ‘ਚ ਸੈਂਤੀ ਸਾਲ ਘੱਟ ਨਹੀਂ ਹੁੰਦੇ। ਰੇਡੀਓ ਪਹਿਲਾ ਪਿਆਰ ਸੀ ਮੇਰਾ। ਆਪਣੇ ਪਹਿਲੇ ਪਿਆਰ ਨਾਲ ਸੈਂਤੀ ਸਾਲ ਗੁਜ਼ਾਰਨੇ ਅਤੇ ਹੁਣ ਬੈਠ ਕੇ ਉਨ੍ਹਾਂ ਸਾਲਾਂ ਨੂੰ ਯਾਦ ਕਰਨਾ, ਬੜਾ ਵਧੀਆ ਅਹਿਸਾਸ ਹੈ। ਅਜੀਤ ਵੀਕਲੀ ਨੇ, ਯਾ ਕਹਾਂ ਨਿੰਦਰ ਘੁਗਿਆਣਵੀ ਨੇ, ਇਹ ਮੌਕਾ ਦਿੱਤਾ ਹੈ ਮੈਨੂੰ। ਬਹੁਤ ਕੁੱਝ ਹੈ ਜਿਸ ਬਾਰੇ ਅਜੇ ਗੱਲ ਹੀ ਨਹੀਂ ਹੋਈ। ਬਹੁਤ ਯਾਦਾਂ ਨੇ ਜਿੰਨ੍ਹਾਂ ਨੂੰ ਆਪਣੇ ਤੋਂ ਵੀ ਲੁਕਾ ਕੇ ਰੱਖਿਆ ਹੋਇਆ ਹੈ। ਕਾਫ਼ੀ ਹਿੰਮਤ ਕਰਨੀ ਪਵੇਗੀ ਮੈਨੂੰ ਤੁਹਾਨੂੰ ਉਹ ਸਭ ਦੱਸਣ ਲਈ। ਬਹੁਤ ਵਾਰ ਇਸ ਲਈ ਚੁੱਪ ਵੱਟ ਲੈਂਦੀ ਹਾਂ ਕਿ ਕਿਸੇ ਗੱਲ ਨੂੰ ਲੈ ਕੇ ਕਿਸੇ ਦੂਜੇ ਬੰਦੇ ਨੂੰ ਬੁਰਾ ਨਾ ਲੱਗ ਜਾਵੇ, ਜੇ ਉਸ ਬਾਰੇ ਲਿਖਿਆ ਤਾਂ। ਕਿਉਂ ਕਿਸੇ ਦਾ ਦਿਲ ਦੁਖਾਉਣੈ, ਸੋਚ ਲੈਂਦੀ ਹਾਂ। ਸੋਚ ਤਾਂ ਚਲੋ ਇਹ ਠੀਕ ਹੀ ਹੋਵੇਗੀ, ਪਰ ਫ਼ੇਰ ਯਾਦਾਂ ਤਾਂ ਅਧੂਰੀਆਂ ਹੀ ਰਹਿ ਜਾਣਗੀਆਂ।
ਸਾਡੇ ਇੱਕ ਕੇਂਦਰ ਨਿਰਦੇਸ਼ਕ ਸਨ ਰਾਜਿੰਦਰ ਪ੍ਰਸ਼ਾਦ। ਉਹ ਕਹਿੰਦੇ ਹੁੰਦੇ ਸਨ ਕਿ ਲੋਕ ਥੋੜ੍ਹਾ ਜਿਹਾ ਸੱਚ ਬੋਲ ਦਿੰਦੇ ਹਨ ਤਾਂ ਕਿ ਬਹੁਤ ਸਾਰਾ ਸੱਚ ਲੁਕੋ ਸਕਣ। ਸਿਆਣੇ ਬੰਦੇ ਸਨ, ਸਹੀ ਬੋਲਦੇ ਹੋਣਗੇ। ਬਿਲਕੁਲ ਸੱਚੀ ਗੱਲ ਸੁਣਾਉਣ ਲੱਗੀ ਹਾਂ। ਇੱਕ ਕੁਲੀਗ ਹੁੰਦੇ ਸਨ ਐੱਸ. ਐੱਨ. ਕਪੂਰ। ਇੱਕ ਦਿਨ ਆ ਕੇ ਕਹਿੰਦੇ ਤੂੰ ਕਿੱਥੇ ਜਾਵੇਂਗੀ ਗਰਾਮੋਫ਼ੋਨ ਰਿਕਾਰਡ ਲੱਭਣ ਦਿੱਲੀ ਨੂੰ, ਮੈਂ ਜਾ ਆਉਂਦਾ ਹਾਂ। ਬਹੁਤ ਵਾਕਫ਼ੀਅਤ ਹੈ ਮੇਰੀ ਉੱਥੇ। ਤੂੰ ਫ਼ਾਈਲ ਚਲਾ ਦੇ ਅਤੇ ਮੇਰਾ ਨਾਂ ਲਿਖ ਦੇ ਕਿ ਉਹ ਜਾਵੇਗਾ ਰਿਕਾਰਡ ਖ਼ਰੀਦਣ। ਮੈਂ ਫ਼ਾਈਲ ਚਲਾ ਦਿੱਤੀ ਅਤੇ ਕਪੂਰ ਸਾਹਿਬ ਦਾ ਦੋ ਤਿੰਨ ਦਿਨ ਦਾ ਟੂਰ ਬਣ ਗਿਆ ਦਿੱਲੀ ਦਾ। ਗਰਾਮੋਫ਼ੋਨ ਰਿਕਾਰਡ ਤਾਂ ਉਹ ਕੋਈ ਨਾ ਲੈ ਕੇ ਆਏ, ਪਰ ਧਰਮਸ਼ਾਲਾ ਰੇਡੀਓ ਸਟੇਸ਼ਨ ‘ਤੇ ਮੇਰੀ ਬਦਲੀ ਦੇ ਆਰਡਰ ਜ਼ਰੂਰ ਆ ਗਏ ਦੋ ਚਾਰ ਦਿਨਾਂ ਬਾਅਦ। ਹੋਇਆ ਇਹ ਸੀ ਕਿ ਉਨ੍ਹਾਂ ਨੂੰ ਦਿੱਲੀ ਤੋਂ ਕਿਸੇ ਦੋਸਤ ਦਾ ਫ਼ੋਨ ਆਇਆ ਕਿ ਤੇਰੀ ਬਦਲੀ ਹੋਣ ਲੱਗੀ ਹੈ, ਨਵੇਂ ਖੁੱਲ੍ਹ ਰਹੇ ਸਟੇਸ਼ਨ ਧਰਮਸ਼ਾਲਾ, ਰੁਕਵਾਉਣੀ ਹੈ ਤਾਂ ਹੁਣੇ ਗੱਡੀ ਚੜ੍ਹ ਕੇ ਆਜਾ। ਜਨਾਬ ਨੇ ਸੋਚਿਆ ਕਿ ਟੂਰ ਵੀ ਇਸੇ ਤੋਂ ਬਣਵਾਉਂਦੇ ਹਾਂ, ਉੱਥੇ ਨਾਂ ਵੀ ਇਸੇ ਦਾ ਲਿਖਵਾ ਆਉਂਦੇ ਹਾਂ। ਕਿਸੇ ਨੂੰ ਸ਼ੱਕ ਵੀ ਨਹੀਂ ਹੋਵੇਗਾ। ਸ਼ੱਕ ਤਾਂ ਮੈਨੂੰ ਵੀ ਕੋਈ ਨਹੀਂ ਸੀ ਹੋਇਆ, ਪਰ ਇੱਕ ਦਿਨ ਫ਼ੁਕਰਾਪੰਥੀ ਵਿੱਚ ਉਹ ਆਪ ਹੀ ਕਿਸੇ ਨੂੰ ਦੱਸ ਬੈਠੇ। ਚਲੋ ਭਲਾ ਹੋਵੇ ਉਨ੍ਹਾਂ ਦਾ ਵੀ, ਮੇਰਾ ਵੀ ਭਲਾ ਹੀ ਹੋਇਆ ਨਵੀਆਂ ਨਵੀਆਂ ਥਾਵਾਂ, ਨਵੇਂ ਨਵੇਂ ਲੋਕਾਂ ਅਤੇ ਨਵੇਂ ਨਵੇਂ ਤਜਰਬੇ ਨਾਲ ਦੋ-ਚਾਰ ਹੋ ਕੇ। ਮੈਂ ਜਿੰਨਾ ਕੰਮ ਧਰਮਸ਼ਾਲਾ ਜਾ ਕੇ ਸਿੱਖਿਆ, ਓਨਾ ਤਾਂ ਕਿਸੇ ਵੀ ਸਟੇਸ਼ਨ ‘ਤੇ ਸਿੱਖਣ ਦਾ ਮੌਕਾ ਨਹੀਂ ਸੀ ਮਿਲਿਆ।
ਅਤੇ ਹੁਣ ਇੱਕ ਬਹੁਤ ਹੀ ਪਿਆਰੀ ਯਾਦ। ਜਲੰਧਰ ਰੇਡੀਓ ‘ਤੇ ਪੰਜਾਬੀ ਚਿਤਰਕਲਾ ਬਾਰੇ ਆਪਣੀ ਵਾਰਤਾ ਰਿਕਾਰਡ ਕਰਵਾਉਣ ਅਕਸਰ ਹੀ ਸੁਰਜੀਤ ਕੌਰ ਆਉਂਦੇ ਹੁੰਦੇ ਸਨ। ਵੈਸੇ ਤਾਂ ਰਿਕਾਰਡਿੰਗ ਤੋਂ ਪਹਿਲਾਂ ਪੂਰਾ ਆਲੇਖ ਚੈੱਕ ਕਰਨਾ ਹੁੰਦਾ ਹੈ ਕਿ ਲਿਖਣ ਵਾਲੇ ਨੇ ਰਿਕਾਰਡ ਕੀ ਕਰਵਾਉਣਾ ਹੈ, ਪਰ ਮੈਂ ਉਸ ਦਿਨ ਨਹੀਂ ਪੜ੍ਹਿਆ ਉਨ੍ਹਾਂ ਦਾ ਆਲੇਖ। ਇਹ ਸੋਚ ਕੇ ਕਿ ਉਨ੍ਹਾਂ ਨੂੰ ਤਾਂ ਪਤਾ ਹੀ ਹਨ ਰੇਡੀਓ ਦੇ ਸਾਰੇ ਰੂਲਜ਼, ਪੁਰਾਣੇ ਆਉਂਦੇ ਨੇ ਇੱਥੇ। ਰਿਕਾਰਡਿੰਗ ਕਰਦੇ ਕਰਦੇ ਇੱਕ ਥਾਂ ਤੇ ਕੁੱਝ ਅਟਪਟਾ ਜਿਹਾ ਲੱਗਿਆ ਅਤੇ ਮੈਂ ਰਿਕਾਰਡਿੰਗ ਰੋਕ ਦਿੱਤੀ ਅਤੇ ਬੂਥ ‘ਚੋਂ ਉੱਠ ਕੇ ਸਟੂਡੀਓ ‘ਚ ਗਈ।” ਤੁਸੀਂ ਇਹ ਅਖੀਰਲੀ ਲਾਈਨ ਕੀ ਬੋਲੀ ਐ?”
ਸੁਰਜੀਤ ਜੀ ਕਹਿੰਦੇ, ”ਸਿੱਖਾਂ ਦੇ ਦਸਵੇਂ ਗੁਰੂ।” ਮੈਂ ਉਨ੍ਹਾਂ ਨਾਲ ਸਹਿਮਤ ਨਹੀਂ ਸਾਂ।” ਉਹ ਸਾਡੇ ਸਾਰਿਆਂ ਦੇ ਗੁਰੂ ਹਨ, ਸਿਰਫ਼ ਸਿੱਖਾਂ ਦੇ ਨਹੀਂ, ਤੁਸੀਂ ਕਹੋ, ਦਸਵੇਂ ਗੁਰੂ, ”ਐਂ ਆਖਿਆ।” ਪਰ ਮੈਂ ਤਾਂ ਕਾਲਜ ‘ਚ ਇਸੇ ਤਰ੍ਹਾਂ ਪੜ੍ਹਾਉਂਦੀ ਹਾਂ, ”ਉਨਾਂ ਜੁਆਬ ਦਿੱਤਾ।” ਨਹੀਂ ਜੀ, ਪੰਜਾਬ ਵਿੱਚ ਬੈਠੇ ਹਾਂ, ਮੈਂ ਤਾਂ ਇਹ ਪ੍ਰਸਾਰਿਤ ਨਹੀਂ ਹੋਣ ਦੇਵਾਂਗੀ। ਪ੍ਰੋਫ਼ੈਸਰ ਪੂਰਨ ਸਿੰਘ ਵੀ ਕਹਿ ਗਏ ਹਨ ਪੰਜਾਬ ਜੀਂਦਾ ਗੁਰਾਂ ਦੇ ਨਾਂ ‘ਤੇ,” ਮੈਂ ਆਖਿਆ।
ਸੁਰਜੀਤ ਕੌਰ ਉੱਠੇ। ਮੈਨੂੰ ਘੁੱਟ ਕੇ ਜੱਫੀ ਪਾਈ ਅਤੇ ਬੋਲੇ, ”ਇਹ ਹੋਈ ਨਾ ਗੱਲ!”
ਤੇ ਉਨ੍ਹਾਂ ਮੁੜ ਰਿਕਾਰਡਿੰਗ ਸ਼ੁਰੂ ਕਰਵਾਈ, ‘ਦਸਵੇਂ ਗੁਰੂ ਸਾਹਿਬ ਨੇ ਫ਼ੁਰਮਾਇਆ … ‘
ਕਿੰਨੀਆਂ ਗੱਲਾਂ ਨੇ, ਜਿਹੜੀਆਂ ਕਦੇ ਨਹੀਂ ਭੁੱਲਦੀਆਂ। ਅੱਜ ਸੁਰਜੀਤ ਜੀ ਨੂੰ ਹੋ ਸਕਦਾ ਹੈ ਇਹ ਗੱਲ ਯਾਦ ਨਾ ਹੋਵੇ, ਭੁੱਲਣ ਲੱਗ ਪਏ ਹਨ ਕੁੱਝ ਗੱਲਾਂ ਉਹ, ਪਰ ਮੈਂ ਜਦੋਂ ਵੀ ਉਨ੍ਹਾਂ ਨੂੰ ਯਾਦ ਕਰਦੀ ਹਾਂ, ਉਨ੍ਹਾਂ ਦੇ ਬਣਾਏ ਚਿੱਤਰਾਂ ਦੇ ਨਾਲ ਨਾਲ ਇਹ ਗੱਲ ਵੀ ਯਾਦ ਆ ਜਾਂਦੀ ਹੈ। ਅਤੇ ਮੇਰੇ ਇਹ ਕਹਿਣ ‘ਤੇ ਕਿ ਉਹ ਸਾਡੇ ਸਾਰਿਆਂ ਦੇ ਗੁਰੂ ਹਨ, ਉਨ੍ਹਾਂ ਦੇ ਮੂੰਹ ‘ਤੇ ਆਈ ਖ਼ੁਸ਼ੀ ਦੇਖਣ ਵਾਲੀ ਸੀ।
ਅੱਜ ਕੈਲਾਸ਼ ਵਰਮਾ ਜੀ ਦਾ ਸੁਨੇਹਾ ਆਇਆ ਕਿ ਯੂ ਟਿਊਬ ‘ਤੇ ਭਜਨਾਂ ਦਾ ਇੱਕ ਚੈਨਲ ਖੋਲ੍ਹਿਐ, ਸਬਸਕ੍ਰਾਈਬ ਕਰ ਲਵੋ। ਕੈਲਾਸ਼ ਜੀ ਨੇ ਕੁਛ ਵਕਤ ਸ਼ਿਮਲਾ ਕੇਂਦਰ ‘ਤੇ ਬਿਤਾਇਆ ਸੀ। ਸੰਗੀਤ ਦੀ ਚੰਗੀ ਸਮਝ ਹੈ ਅਤੇ ਖ਼ੁਦ ਵੀ ਇੱਕ ਵਧੀਆ ਕਲਾਕਾਰ ਹਨ। ਸ਼ਿਮਲਾ ਤੋਂ ਬਾਅਦ ਉਹ ਦਿੱਲੀ ਮਹਾਂ ਨਿਦੇਸ਼ਾਲਯ ‘ਚ ਸੰਗੀਤ ਵਿਭਾਗ ਦੇ ਮੁਖੀ ਰਹੇ। ਘੱਟ ਹੀ ਲੋਕਾਂ ਨੂੰ ਪਤਾ ਹੋਵੇਗਾ ਕਿ ਲੋਕ ਸੰਗੀਤ ਅਤੇ ਸੁਗਮ ਸੰਗੀਤ ਦੀਆਂ ਔਡੀਸ਼ਨਜ਼ ਤਾਂ ਕੇਂਦਰਾਂ ‘ਤੇ ਹੋ ਜਾਂਦੀਆਂ ਹਨ, ਪਰ ਸ਼ਾਸਤਰੀ ਸੰਗੀਤ ਦੀ ਰਿਕਾਰਡਿੰਗ ਦਿੱਲੀ ਭੇਜੀ ਜਾਂਦੀ ਹੈ, ਅਤੇ ਉੱਥੇ ਸੰਗੀਤ ਵਿਭਾਗ ਰਿਕਾਰਡਿੰਗ ਸੁਣ ਕੇ ਫ਼ੈਸਲਾ ਕਰਦਾ ਹੈ ਕਿ ਇਹ ਕਲਾਕਾਰ ਪਾਸ ਹੋਣ ਲਾਇਕ ਹੈ ਜਾਂ ਨਹੀਂ। ਇੱਕ ਦਿਨ ਦਿੱਲੀ ਤੋਂ ਕੈਲਾਸ਼ ਜੀ ਦਾ ਫ਼ੋਨ ਆਉਂਦਾ ਹੈ ਕਿ ਕਈ ਸਾਲਾਂ ਤੋਂ ਸ਼ਾਸਤਰੀ ਸੰਗੀਤ ਦੀਆਂ ਔਡੀਸ਼ਨਜ਼ ਨਹੀਂ ਹੋਈਆਂ, ਰਿਕਾਰਡਿੰਗ ਵਾਲੀਆਂ ਟੇਪਾਂ ਦੇ ਢੇਰ ਲੱਗੇ ਪਏ ਨੇ। ਕੀ ਤੁਸੀਂ ਸ਼ਿਮਲੇ ਰੇਡੀਓ ‘ਚ ਸਾਡੀ ਟੀਮ ਦੇ ਰਹਿਣ ਦਾ ਪ੍ਰਬੰਧ ਕਰ ਸਕਦੇ ਹੋਂ ਅਤੇ ਔਡੀਸ਼ਨਜ਼ ਲਈ ਸੰਗੀਤ ਸਟੂਡੀਓ ਦਸ ਦਿਨ ਲਈ ਦੇ ਸਕਦੇ ਹੋਂ, ਅਸੀਂ ਵੀ ਗਰਮੀਆਂ ਦੇ ਥੋੜ੍ਹੇ ਜਿਹੇ ਦਿਨ ਸ਼ਿਮਲੇ ਕੱਟ ਲਵਾਂਗੇ ਅਤੇ ਇਹ ਰੁਕਿਆ ਹੋਇਆ ਕੰਮ ਵੀ ਹੋ ਜਾਵੇਗਾ। ਨਾਂਹ ਕਰਨ ਦਾ ਸਵਾਲ ਹੀ ਕਿੱਥੇ ਪੈਦਾ ਹੁੰਦਾ ਸੀ। ਪ੍ਰਬੰਧ ਕਰ ਦਿੱਤਾ ਗਿਆ। ਕਿੰਨੇ ਕਲਾਕਾਰਾਂ ਨੇ ਔਡੀਸ਼ਨ ਪਾਸ ਕੀਤੀ ਹੋਵੇਗੀ ਅਤੇ ਅੱਜ ਵੀ ਅਲੱਗ ਅਲੱਗ ਕੇਂਦਰਾਂ ‘ਤੇ ਆਪਣੀਆਂ ਪੇਸ਼ਕਾਰੀਆਂ ਦੇ ਰਹੇ ਹੋਣਗੇ, ਬਿਨਾਂ ਇਸ ਜਾਣਕਾਰੀ ਦੇ ਕਿ ਉਨ੍ਹਾਂ ਦੀ ਰਿਕਾਰਡਿੰਗ ਸ਼ਿਮਲਾ ਸਟੇਸ਼ਨ ‘ਤੇ ਸੁਣੀ ਗਈ ਸੀ ਦੋ ਹਜ਼ਾਰ ਬਾਰਾਂ ਵਿੱਚ। ਸੋ, ਯਾਦਾਂ ਦੇ ਜਮਘਟੇ ਹਨ ਬੇਸ਼ੁਮਾਰ ਪਰ ਅਜ ਐਨਾ ਹੀ!