ਡਾ.ਦੇਵਿੰਦਰ ਮਹਿੰਦਰੂ
ਮੇਰੀ ਟਿਵਾਣਾ ਦੀਦੀ
ਡਾਕਟਰ ਦਲੀਪ ਕੌਰ ਟਿਵਾਣਾ ਨਾਲ ਮੇਰੀ ਪਹਿਲੀ ਪਛਾਣ ਤਾਂ ਉਨ੍ਹਾਂ ਦੀ ਕਹਾਣੀਆਂ ਦੀ ਇੱਕ ਕਿਤਾਬ ਪੜ੍ਹ ਕੇ ਹੋਈ ਸੀ। ਸੱਚ ਕਹਾਂ ਤਾਂ ਜ਼ਿਆਦਾ ਪ੍ਰਭਾਵਿਤ ਨਹੀਂ ਕੀਤਾ ਸੀ ਕਹਾਣੀਆਂ ਨੇ ਮੈਨੂੰ। ਬਹੁਤ ਛੋਟੀ ਉਮਰ ‘ਚ ਕੋਰਸ ਤੋਂ ਬਾਹਰ ਦੀਆਂ ਕਿਤਾਬਾਂ ਪੜ੍ਹਨ ਲੱਗ ਪਈ ਸਾਂ ਅਤੇ ਮੇਰੇ ਹੱਥ ਪਹਿਲੀ ਹੀ ਕਿਤਾਬ ਲੱਗੀ ਬਿਰਾਜ ਬਹੂ। ਉਸ ਨੂੰ ਅੰਗਰੇਜ਼ੀ ਦੀ ਕਿਤਾਬ ਦੇ ਅੰਦਰ ਰੱਖ ਕੇ ਕਲਾਸ ‘ਚ ਬੈਠ ਕੇ ਪੜ੍ਹਿਆ ਅਤੇ ਮਾਸਟਰ ਜੀ ਨੇ ਚੋਰੀ ਫ਼ੜ ਲਈ ਅਤੇ ਕਲਾਸ ‘ਚੋਂ ਬਾਹਰ ਕੱਢ ਦਿੱਤਾ। ਬਿਰਾਜ ਬਹੂ ਪੜ੍ਹਨ ਤੋਂ ਬਾਅਦ ਟਿਵਾਣਾ ਨੂੰ ਪੜ੍ਹਨ ਨਾਲੋਂ ਅੰਮ੍ਰਿਤਾ ਪ੍ਰੀਤਮ ਨੂੰ ਪੜ੍ਹਨਾ ਜ਼ਿਆਦਾ ਭਾਉਂਦਾ ਸੀ।
ਦੀਦੀ ਟਿਵਾਣਾ ਨਾਲ ਪਹਿਲੀ ਮੁਲਾਕਾਤ 1973 ‘ਚ ਹੋਈ ਸੀ ਜਦੋਂ ਉਹ ਪਟਿਆਲਾ ਦੀ ਰਾਜਪੁਰਾ ਕਾਲੋਨੀ ‘ਚ ਰਹਿ ਰਹੇ ਸਨ। ਨਾਲ ਸੀ ਮੇਰੇ ਕੁਲਵੰਤ ਭੱਠਲ (ਅੱਜਕੱਲ੍ਹ UK), ਅਤੇ ਅਸੀਂ ਦੀਦੀ ਨੂੰ ਮੇਰੀ MPhil ਲਈ ਉਨ੍ਹਾਂ ਨੂੰ ਗਾਈਡ ਬਣਨ ਦੀ ਬੇਨਤੀ ਕਰਨ ਲਈ ਮਿਲਣ ਗਈਆਂ ਸਾਂ। ਡਰੈੱਸ ਸੈਂਸ ਹੈ ਨਹੀਂ ਸੀ ਸਾਨੂੰ। ਗੂੜ੍ਹੇ ਹਰੇ ਰੰਗ ਦੀ ਸਿਲਕ ਸਾੜ੍ਹੀ ਪਾਈ ਮੈਂ ਉਨ੍ਹਾਂ ਦੇ ਘਰ ਬੜੀ ਸ਼ਾਨ ਨਾਲ ਵੜੀ। ਮੈਡਮ ਨੇ ਮੇਰੇ ਇਹ ਕਹਿਣ ‘ਤੇ ਕਿ ਮੈਂ ਤੁਹਾਨੂੰ ਐਮ ਫ਼ਿਲ ਲਈ ਗਾਈਡ ਬਣਾਉਣਾ ਚਾਹੁੰਦੀ ਹਾਂ, ਖਿਝ ਕੇ ਜਵਾਬ ਦਿੱਤਾ, ”ਤੈਨੂੰ ਪੜ੍ਹਨ ਕੌਣ ਦੇਊਗਾ? ”
”ਪੜ੍ਹਨਾ ਤਾਂ ਮੈਂ ਹੈ ਮੈਡਮ! ”ਮੈਂ ਬੋਲੀ।
ਕੁਲਵੰਤ ਅਤੇ ਰਵਿੰਦਰ ਭੱਠਲ ਦੇ ਮੂੰਹ ਨੂੰ ਦੀਦੀ ਚੁੱਪ ਕਰ ਗਏ। ਬਾਦ ‘ਚ ਮੈਂ ਰੇਡੀਓ ‘ਚ ਆ ਗਈ। ਹੌਲੀ ਹੌਲੀ ਉਹ ਮੇਰੇ ਨਾਲ ਨਰਮ ਪੈ ਗਏ। ਇੱਕ ਵਾਰ ਤਾਂ ਉਨ੍ਹਾਂ ਆਪਣੇ ਭਰਾ ਨਾਲ ਮੇਰੇ ਰਿਸ਼ਤੇ ਦੀ ਗੱਲ ਵੀ ਛੇੜੀ। ਮੈਨੂੰ BK ਨਾਲ ਆਪਣੀ ਦੋਸਤੀ ਦੱਸਣੀ ਲਾਜ਼ਮੀ ਹੋ ਗਈ। ਡਰ ਰਹੀ ਸਾਂ ਮੈਡਮ ਤੋਂ ਪਰ ਹੋਇਆ ਉਲਟ। ਅਸੀਂ ਦੋਵੇਂ ਪਟਿਆਲਾ ਦੇ ਬੱਸ ਸਟੈਂਡ ‘ਤੇ ਖੜ੍ਹੇ ਸਾਂ। ਉਨ੍ਹਾਂ ਯੂਨੀਵਰਸਿਟੀ ਨੂੰ ਜਾਣਾ ਸੀ ਅਤੇ ਮੈਂ ਜਲੰਧਰ ਆਉਣਾ। ਪਤਾ ਨਹੀਂ ਕਿੰਨੀਆਂ ਬੱਸਾਂ ਉਨ੍ਹਾਂ ਦੀਆਂ ਨਿੱਕਲ ਗਈਆਂ ਅਤੇ ਕਿੰਨੀਆਂ ਮੇਰੀਆਂ। ਸਾਡੀਆਂ ਗੱਲਾਂ ਨਹੀਂ ਸਨ ਮੁੱਕ ਰਹੀਆਂ। ਉਨ੍ਹਾਂ BK ਬਾਰੇ ਇੱਕ ਇੱਕ ਗੱਲ ਪੁੱਛੀ। ਮੈਨੂੰ ਆਗਾਹ ਕੀਤਾ ਕਿ ਵਿਆਹ ਤੋਂ ਪਹਿਲਾਂ ਇੱਕ ਲੋੜੀਂਦੀ ਵਿੱਥ ਜ਼ਰੂਰੀ ਹੁੰਦੀ ਹੈ, ਨਹੀਂ ਤਾਂ ਓਹੀ ਬੰਦਾ ਤੁਹਾਨੂੰ ਇੱਜ਼ਤ ਨਹੀਂ ਦਿੰਦਾ, ਸਾਰੀ ਉਮਰ। ਇਸ ਗੱਲ ਨੂੰ ਯਾਦ ਕਰਦਿਆਂ ਮੈਂ ਹਮੇਸ਼ਾ ਮੰਨਿਆ ਕਿ ਘਰ ਬੰਨ੍ਹਣੇ ਹਨ ਤਾਂ ਟਿਵਾਣਾ ਨੂੰ ਪੜ੍ਹੋ। ਕੁੜੀਆਂ ਆਪਣੀਆਂ ਨੂੰ ਮੈਂ ਦਲੀਪ ਕੌਰ ਟਿਵਾਣਾ ਪੜ੍ਹਾਈ। ਉਸ ਦਿਨ ਤੋਂ ਬਾਅਦ ਉਹ ਹਮੇਸ਼ਾ ਮੇਰੀ ਬਹੁਤ ਪਿਆਰੀ ਦੀਦੀ ਬਣੇ ਗਏ।
ਉਨ੍ਹਾਂ ਨੂੰ 1990 ਦੇ ਆਸਪਾਸ ਰੇਡੀਓ ਜਲੰਧਰ ‘ਚ ਰਿਕਾਰਡਿੰਗ ਲਈ ਬੁਲਾਇਆ। ਬੜੇ ਪਿਆਰ ਨਾਲ ਉਹ ਆਏ। ਕੁੱਝ ਘੰਟੇ ਅਸੀਂ ਸਿਰਫ਼ ਗੱਲਾਂ ਈ ਕੀਤੀਆਂ, ਰਿਕਾਰਡਿੰਗ ਤੋਂ ਪਹਿਲਾਂ, ਪਰਿਵਾਰਿਕ ਗੱਲਾਂ। ਮੈਂ ਆਪਣੀਆਂ ਵੱਡੀਆਂ ਹੋ ਰਹੀਆਂ ਕੁੜੀਆਂ ਦੀ ਪੜ੍ਹਾਈ ਲਿਖਾਈ ਨੂੰ ਲੈ ਕੇ ਚਿੰਤਿਤ ਸਾਂ। ਦੀਦੀ ਕਹਿੰਦੇ ਕਿ ਜੋ ਉਹ ਚਾਹੁੰਦੀਆਂ ਹਨ ਪੜ੍ਹ ਲੈਣ ਦੇ, ਫ਼ੇਰ ਚੰਗੇ ਮੁੰਡੇ ਲੱਭ ਕੇ ਵਿਆਹ ਦੇ ਤੇ ਮੌਜ ਕਰ।”ਚਿੰਤਾ ਕਿਸ ਗੱਲ ਦੀ ਐ? ”
***
ਮੇਰੀ MPhil ਕਾਫ਼ੀ ਲਟਕ ਲਟਕ ਕੇ ਹੋਈ ਸੀ। ਬਰਨਾਲੇ ਦੇ ਆਰੀਆ ਕਾਲਜ ‘ਚ ਸਾਂ ਜਦੋਂ ਰੈਜਿਸਟ੍ਰੇਸ਼ਨ ਹੋਈ। ਬਾਅਦ ‘ਚ ਗੁਰਦਾਸਪੁਰ ਜਾ ਕੇ ਪਟਿਆਲਾ ਦਾ ਚੱਕਰ ਲੱਗਿਆ ਹੀ ਨਹੀਂ। ਫ਼ੇਰ ਦੂਰਦਰਸ਼ਨ ਸ਼ੀਨਗਰ, ਰੇਡੀਓ ਜਲੰਧਰ, ਵਿਆਹ ਅਤੇ ਬੱਚੇ। ਜਦੋਂ ਮੈਂ ਦੋਵਾਂ ਬੱਚਿਆਂ ਨੂੰ ਲੈ ਕੇ ਪਹਿਲੀ ਵਾਰ ਪਿੰਡ ਰਹਿਣ ਗਈ, ਮੈਨੂੰ ਇੱਕ ਦਿਨ ਕੁੜੀਆਂ ਨੂੰ ਸੁਲਾਉਂਦੇ ਸੁਲਾਉਂਦੇ ਆਪਣੀ ਅਧੂਰੀ MPhil ਯਾਦ ਆ ਗਈ। ਕੱਢ ਲਏ ਕਾਗ਼ਜ਼ ਪੱਤਰ। ਵਿਆਹੀ ਜਾਣ ਵੇਲੇ ਉੱਥੇ ਹੀ ਰੱਖ ਕੇ ਭੁੱਲ ਭੁਲਾ ਗਈ। ਫ਼ੇਰ ਇੱਕ ਦਿਨ ਬੱਚੇ ਮਾਂ ਪਿਓ ਕੋਲ ਛੱਡ ਕੇ ਦੀਦੀ ਨੂੰ ਮਿਲਣ ਗਈ ਪਟਿਆਲੇ। ਉਨ੍ਹਾਂ ਬੜਾ ਹੌਸਲਾ ਦਿੱਤਾ, ਪਿਆਰ ਦਿੱਤਾ। ਸ਼ੱਕਰ ਘਿਓ ਨਾਲ ਰੋਟੀ ਖੁਆਈ ਬੜੇ ਮੋਹ ਨਾਲ ਕੋਲ ਬਿਠਾਲ ਕੇ। ਉਸ ਦਿਨ ਦੀ ਇੱਕ ਗੱਲ ਬੜੀ ਵਾਰ ਯਾਦ ਆਉਂਦੀ ਹੈ ਮੈਨੂੰ। ਇੱਕ ਮੱਖੀ ਆ ਗਈ ਘਰ ‘ਚ। ਭੁਪਿੰਦਰ ਜੀ ਅਤੇ ਦੀਦੀ ਕਿੰਨਾ ਚਿਰ ਉਹਨੂੰ ਫ਼ੜ ਕੇ ਬਾਹਰ ਕੱਢਣ ‘ਚ ਲੱਗੇ ਰਹੇ। ਮੈਂ ਰੋਟੀ ਖਾਂਦੀ ਹੈਰਾਨ ਹੋ ਕੇ ਦੇਖਦੀ ਰਹੀ, ਸਾਡੇ ਪਿੰਡ ਤਾਂ ਇੰਨੀ ਭਰਮਾਰ ਹੈ ਮੱਖੀਆਂ ਦੀ। ਅਸੀਂ ਇਸ ਤਰ੍ਹਾਂ ਕਰਨ ਲੱਗੀਏ ਤਾਂ ਹੋਗੇ ਕੰਮ ਫ਼ਿਰ!
ਮੇਰੇ ਕੋਲ ਅੱਜ ਵੀ ਉਨ੍ਹਾਂ ਦੀਆਂ ਦੋ ਚਿੱਠੀਆਂ ਸੰਭਾਲੀਆਂ ਪਈਆਂ ਨੇ। ਇੱਕ ਮੇਰੇ ਪ੍ਰੋਗਰਾਮ ਅਗਜ਼ੈਕਟਿਵ ਬਨਣ ‘ਤੇ ਆਸ਼ੀਰਵਾਦ ਵਾਲੀ ਚਿੱਠੀ ਹੈ, ਅਤੇ ਦੂਜੀ ਦੂਰਦਰਸ਼ਨ ਜਲੰਧਰ ਵਲੋਂ ਰਿਕਾਰਡਿੰਗ ਲਈ ਬੁਲਾਉਣ ‘ਤੇ ਲਿਖੀ ਚਿੱਠੀ। ਉਹ ਦੋਹੇਂ ਆਪਣੀ ਇਸ ਕਿਤਾਬ ‘ਚ ਛਾਪਾਂਗੀ ਇੱਕ ਯਾਦਗਾਰ ਵਜੋਂ। ਉਸ ਚਿੱਠੀ ‘ਚ ਉਨ੍ਹਾਂ ਲਿਖਿਆ ਸੀ, ”ਤੇਰੇ ਘਰ ਰਾਤ ਰੁਕਾਂ ਤਾਂ ਤੈਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਹੋਵੇਗੀ? ਮੇਰੇ ਨਾਲ ਮੇਰਾ ਛੋਟਾ ਜਿਹਾ ਬੇਟਾ ਅਤੇ ਉਹਦੀ ਖਿਡਾਵੀ ਵੀ ਹੋਵੇਗੀ। ਜਲੰਧਰ ‘ਚ ਮੇਰੇ ਰਿਸ਼ਤੇਦਾਰ ਵੀ ਹਨ, ਪਰ ਮੈਂ ਉਨ੍ਹਾਂ ਦੇ ਘਰ ਨਹੀਂ ਰੁਕਣਾ ਚਾਹੁੰਦੀ।”ਦੋਵੇਂ ਚਿੱਠੀਆਂ ਮੇਰੀ ਮਲਕੀਅਤ ਹਨ।
ਉਨ੍ਹਾਂ ਦੀਆਂ ਕਿੰਨੀਆਂ ਕਹਾਣੀਆਂ ਕਥਾ ਲੋਕ ਪ੍ਰੋਗਰਾਮ ‘ਚ ਪ੍ਰਸਾਰਿਤ ਕੀਤੀਆਂ ਮੈਂ। ਇੱਕ ਕਹਾਣੀ, ਜਿਸ ‘ਚ ਬਸ ਕੰਡਕਟਰ ਉਨ੍ਹਾਂ ਦੀ ਗ਼ਲਤਫ਼ਹਿਮੀ ਦੂਰ ਕਰਦਾ ਕਹਿੰਦਾ ਹੈ ਕਿ ਤੁਹਾਡੀ ਸ਼ਕਲ ਮੇਰੀ ਭੈਣ ਨਾਲ ਮਿਲਦੀ ਹੈ, ਅਤੇ ਕਹਾਣੀ ਤੇਰਾ ਕਮਰਾ ਮੇਰਾ ਕਮਰਾ ਜਿਹੜੀ ਜਿੰਨੀ ਵਾਰ ਪੜ੍ਹੋ ਨਵੀਂ ਨਕੋਰ ਹੀ ਲੱਗਦੀ ਹੈ।
ਕਥਾ ਕਹੋ ਉਰਵਸ਼ੀ ਨਾਵਲ ਚਾਰ ਵਾਰ ਪੜ੍ਹ ਚੁੱਕੀ ਹਾਂ। ਨਾਵਲ ਕਾਹਦਾ, ਜਿਉਣ ਦਾ ਪੂਰਾ ਫ਼ਲਸਫ਼ਾ ਹੈ!
ਆਖ਼ਿਰੀ ਵਾਰ ਗੱਲ ਹੋਈ ਸੀ ਜਦੋਂ ਉਨ੍ਹਾਂ ਮੇਰਾ ਕਾਵਿ-ਸੰਗ੍ਰਿਹ ਪੜ੍ਹ ਕੇ ਖ਼ੁਦ ਹੀ ਫ਼ੋਨ ਕੀਤਾ ਸੀ।”ਤੈਨੂੰ ਵੀ ਇਹ ਸਾਰੀਆਂ ਸਮੱਸਿਆਵਾਂ ਆਈਆਂ ਕੁੜੇ? ਮੈਂ ਸੋਚਿਆ ਬਸ ਮੈਨੂੰ ਹੀ ਆਈਆਂ ਨੇ! ”
ਰੱਜ ਕੇ ਗੱਲਾਂ ਕੀਤੀਆਂ ਅਸੀਂ। ਫ਼ੇਰ ਉਨ੍ਹਾਂ ਗੁੱਸਾ ਕਰਦਿਆਂ ਕਿਹਾ, ”ਇਹ ਕੀ ਲਿਖਿਆ ਤੂੰ:
ਕੋਈ ਭਿਆਨਕ ਬੀਮਾਰੀ
ਵਲ ਲਵੇ ਮੈਨੂੰ ਆ
ਤੇ ਕੋਈ ਨੇੜੇ ਨਾ ਆਵੇ
ਡਰਦਾ ਬੀਮਾਰੀ ਤੋਂ ਮੇਰੇ
ਧੁਖ ਧੁਖ ਮਰਜਾਂ
ਤੇ ਕਿਸੇ ਦੀ ਅੱਖ ਨਾ ਭਰੇ
”ਖ਼ਬਰਦਾਰ ਮੁੜ ਕੇ ਅਜਿਹਾ ਕੁੱਝ ਸੋਚਿਆ ਤਾਂ। ਗੱਲ ਨਹੀਂ ਕਰਾਂਗੀ ਤੇਰੇ ਨਾਲ ਕਦੇ! ”
ਮੈਂ ਮਨਾਇਆ। ਗੱਲ ਬਦਲੀ। ਕਿਹਾ ਤੁਸੀਂ ਸ਼ਿਮਲਾ ਸਾਡੇ ਕੋਲ ਰਹੋ ਆ ਕੇ। ਖ਼ੁਸ਼ ਹੋ ਗਏ, ”ਜਿਉਂਦੀ ਵੱਸਦੀ ਰਹਿ, ਕੁੜੇ! ”
ਮੈਂ ਕਦੇ ਉਨ੍ਹਾਂ ਨੂੰ ਆਪਣੇ ਤੋਂ ਦੂਰ ਮਹਿਸੂਸ ਹੀ ਨਹੀਂ ਸੀ ਕੀਤਾ। ਉਨ੍ਹਾਂ ਬਾਰੇ ਸੋਚ ਕੇ ਲੱਗਦੈ ਗੰਗਾ ਕਿਨਾਰੇ ਬੈਠੀ ਹੋਈ ਆਂ ਮੈਂ। ਦੀਦੀ ਤੇਰਾ ਸੁਰਗੀਂ ਵਾਸਾ!