ਕੀਵ- ਯੂਕ੍ਰੇਨ ਨੇ ਰੂਸ ਨਾਲ ਜਾਰੀ ਯੁੱਧ ਵਿਚਕਾਰ ਦੋ ਸੀਨੀਅਰ ਮੰਤਰੀਆਂ ਨੂੰ ਬਰਖਾਸਤ ਕਰ ਦਿੱਤਾ ਹੈ ਜੋ ਇਸਦੀ ਯੁੱਧ ਸਮੇਂ ਦੀ ਆਰਥਿਕਤਾ ਦਾ ਕੇਂਦਰ ਸਨ। ਯੂਕ੍ਰੇਨ ਦੀ ਸੰਸਦ ਨੇ ਵੀਰਵਾਰ ਨੂੰ ਇਸ ਨੂੰ ਮਨਜ਼ੂਰੀ ਦਿੱਤੀ। ਸੰਸਦ ਮੈਂਬਰਾਂ ਨੇ ਉਪ ਪ੍ਰਧਾਨ ਮੰਤਰੀ ਓਲੇਕਸੈਂਡਰ ਕੁਬਰਾਕੋਵ ਅਤੇ ਖੇਤੀਬਾੜੀ ਮੰਤਰੀ ਮਾਈਕੋਲਾ ਸੋਲਸਕੀ ਦੀ ਬਰਖਾਸਤਗੀ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ। ਇਸ ਦੇ ਨਾਲ ਹੀ ਉਪ ਪ੍ਰਧਾਨ ਮੰਤਰੀ ਕੁਬੇਰਕੋਵ ਕੋਲ ਮੌਜੂਦ ਮਹੱਤਵਪੂਰਨ ਵਿਭਾਗ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਹੈ।
ਕੁਬਰੋਕੋਵ ਦੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਸਨ, ਜਿਸ ਵਿੱਚ ਪੁਨਰ ਨਿਰਮਾਣ ਪ੍ਰੋਗਰਾਮਾਂ ਦੀ ਨਿਗਰਾਨੀ ਕਰਨਾ ਅਤੇ ਰੂਸੀ ਨਾਕਾਬੰਦੀ ਦੇ ਵਿਚਕਾਰ ਕਾਲੇ ਸਾਗਰ ਸ਼ਿਪਿੰਗ ਨੂੰ ਸਥਾਪਤ ਕਰਨ ਦੀ ਕੋਸ਼ਿਸ਼ ਕਰਨਾ ਸ਼ਾਮਲ ਸੀ। ਕੁਬਰਾਵਕੋਵ ਨੇ ਕਿਹਾ ਕਿ ਉਨ੍ਹਾਂ ਦੀ ਬਰਖਾਸਤਗੀ ਤੋਂ ਪਹਿਲਾਂ ਉਨ੍ਹਾਂ ਨਾਲ ਕੋਈ ਚਰਚਾ ਨਹੀਂ ਹੋਈ ਸੀ ਅਤੇ ਨਾ ਹੀ ਉਨ੍ਹਾਂ ਨੂੰ ਸੰਸਦ ਵਿੱਚ ਆਪਣਾ ਕਾਰਜਕਾਲ ਪੇਸ਼ ਕਰਨ ਦਾ ਕੋਈ ਮੌਕਾ ਦਿੱਤਾ ਗਿਆ ਸੀ।
ਸੋਲਸਕੀ ਦਾ ਅਸਤੀਫਾ ਸਵੀਕਾਰ
ਸੰਸਦ ਨੇ ਖੇਤੀਬਾੜੀ ਮੰਤਰੀ ਸੋਲਸਕੀ ਦਾ ਅਸਤੀਫ਼ਾ ਵੀ ਸਵੀਕਾਰ ਕਰ ਲਿਆ ਹੈ। ਉਸ ਖ਼ਿਲਾਫ਼ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕਰਨ ਦੇ ਦੋਸ਼ ਹੇਠ ਜਾਂਚ ਚੱਲ ਰਹੀ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਨ੍ਹਾਂ ਦੋਵਾਂ ਮੰਤਰੀਆਂ ਦੀ ਥਾਂ ਕੌਣ ਲਵੇਗਾ। ਸੀਨੀਅਰ ਸੰਸਦ ਮੈਂਬਰ ਯਾਰੋਸਲਾਵ ਜ਼ੇਲੇਜ਼ਨਿਆਕ ਨੇ ਕਿਹਾ ਕਿ ਕੁਬਰਾਕੋਵ ਨੂੰ ਦੁਬਾਰਾ ਨਿਯੁਕਤ ਨਹੀਂ ਕੀਤਾ ਜਾਵੇਗਾ। ਸਰਕਾਰ ਕੋਲ ਇਸ ਵੇਲੇ ਮੰਤਰੀਆਂ ਦੀਆਂ ਪੰਜ ਅਸਾਮੀਆਂ ਖਾਲੀ ਹਨ। ਦੂਜੇ ਪਾਸੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਪ੍ਰਸਿੱਧ ਸਾਬਕਾ ਫੌਜ ਮੁਖੀ ਵੈਲੇਰੀ ਜ਼ਲੁਜ਼ਨੀ ਨੂੰ ਬ੍ਰਿਟੇਨ ਵਿੱਚ ਰਾਜਦੂਤ ਨਿਯੁਕਤ ਕੀਤਾ ਹੈ।