ਨਵੀਂ ਦਿੱਲੀ- ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉੱਪ ਰਾਸ਼ਟਰਪਤੀ ਜਗਦੀਪ ਧਨਖੜ ਅਤੇ ਹੋਰ ਮਾਣਯੋਗ ਲੋਕਾਂ ਨੇ ਵੀਰਵਾਰ ਨੂੰ ਸਰਦਾਰ ਵੱਲਭਭਾਈ ਪਟੇਲ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਦਿੱਤੀ। ਉਨ੍ਹਾਂ ਦੀ ਜਯੰਤੀ ਨੂੰ ਰਾਸ਼ਟਰੀ ਏਕਤਾ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਰਾਸ਼ਟਰੀ ਰਾਜਧਾਨੀ ਦੇ ਪਟੇਲ ਚੌਕ ‘ਤੇ ਦੇਸ਼ ਦੇ ਪਹਿਲੇ ਉੱਪ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਬੁੱਤ ‘ਤੇ ਫੁੱਲ ਚੜ੍ਹਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
ਰਾਸ਼ਟਰਪਤੀ ਮੁਰਮੂ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ‘ਤੇ ਪੋਸਟ ਕਰ ਕੇ ਕਿਹਾ ਕਿ ਦੇਸ਼ ਦਾ ਏਕੀਕਰਨ ਯਕੀਨੀ ਕਰਨ ਵਾਲੇ, ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ‘ਤੇ ਰਾਸ਼ਟਰ ਵੱਲੋਂ ਨਿਮਰਤਾਪੂਰਵਕ ਸ਼ਰਧਾਂਜਲੀ। ਸਰਦਾਰ ਪਟੇਲ ਇਕ ਮਹਾਨ ਦੇਸ਼ ਭਗਤ ਅਤੇ ਮੋਹਰੀ ਰਾਸ਼ਟਰ ਨਿਰਮਾਤਾ ਸਨ। ਸਾਨੂੰ ਰਾਸ਼ਟਰ ਨਿਰਮਾਣ ਲਈ ਨਿਰੰਤਰ ਕੰਮ ਕਰਨ ਲਈ ਉਨ੍ਹਾਂ ਦੇ ਆਦਰਸ਼ਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।
ਗੁਜਰਾਤ ਦੇ ਨਡਿਆਡ ‘ਚ 1875 ‘ਚ ਜਨਮੇ ਪਟੇਲ ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਇਕ ਮਹੱਤਵਪੂਰਨ ਨਾਇਕ ਰਹੇ। ਆਪਣੀ ਬੇਮਿਸਾਲ ਲੀਡਰਸ਼ਿਪ ਅਤੇ ਰਾਸ਼ਟਰੀ ਏਕਤਾ ਲਈ ਅਟੁੱਟ ਵਚਨਬੱਧਤਾ ਲਈ ਜਾਣੇ ਜਾਂਦੇ, ਪਟੇਲ ਨੂੰ ਭਾਰਤ ਦੇ ‘ਲੋਹ ਪੁਰਸ਼’ ਵਜੋਂ ਯਾਦ ਕੀਤਾ ਜਾਂਦਾ ਹੈ। ਦਿੱਲੀ ਦੇ ਉੱਪ ਰਾਜਪਾਲ ਵੀ. ਕੇ. ਸਕਸੈਨਾ, ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਅਤੇ ਭਾਜਪਾ ਪਾਰਟੀ ਦੀ ਸੰਸਦ ਮੈਂਬਰ ਬਾਸੁਰੀ ਸਵਰਾਜ ਨੇ ਵੀ ਪਟੇਲ ਚੌਕ ‘ਤੇ ਸਰਦਾਰ ਪਟੇਲ ਨੂੰ ਸ਼ਰਧਾਂਜਲੀ ਭੇਟ ਕੀਤੀ।