ਰਵਨੀਤ ਬਿੱਟੂ ਨੇ ਰੇਲਵੇ ‘ਚ ਕੇਂਦਰੀ ਰਾਜ ਮੰਤਰੀ ਦਾ ਅਹੁਦਾ ਸੰਭਾਲਿਆ, ਕਿਹਾ- ‘ਪੰਜਾਬੀਆਂ ਨੂੰ ਦਿੱਤੇ ਜਾਣਗੇ ਵੱਧ ਮੌਕੇ’

ਲੁਧਿਆਣਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਵੀਂ ਕੈਬਨਿਟ ਵਿਚ ਰਾਜ ਮੰਤਰੀ ਚੁਣੇ ਗਏ ਰਵਨੀਤ ਸਿੰਘ ਬਿੱਟੂ ਨੇ ਮੰਗਲਵਾਰ ਨੂੰ ਰੇਲ ਭਵਨ ਨਵੀਂ ਦਿੱਲੀ ਵਿਖੇ ਅਹੁਦਾ ਸੰਭਾਲ ਲਿਆ ਹੈ। ਇਸ ਦੌਰਾਨ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਰਹੇ। ਇਸ ਮੌਕੇ ਉਨ੍ਹਾਂ ਨੇ ਵਿਭਾਗ ਦੇ ਮੁਲਾਜ਼ਮਾਂ ਨਾਲ ਵੀ ਮੁਲਾਕਾਤ ਕੀਤੀ। ਬਿੱਟੂ ਨੇ ਕਿਹਾ ਕਿ ਉਹ ਰੇਲਵੇ ਨੂੰ ਅੱਗੇ ਵਧਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ।
ਇਸ ਮੌਕੇ ਰਵਨੀਤ ਬਿੱਟੂ ਨੇ ਕਿਹਾ ਕਿ ਰੇਲ ਮੰਤਰਾਲੇ ਵਿਚ ਇਹ ਜ਼ਿੰਮੇਵਾਰੀ ਬਹੁਤ ਵੱਡੀ ਹੈ। ਰੇਲਵੇ ਵਿਚ ਭਰਤੀ ਵੀ ਜ਼ਿਆਦਾ ਹੁੰਦੀ ਹੈ ਤੇ ਜ਼ਿਆਦਾ ਤੋਂ ਜ਼ਿਆਦਾ ਪੰਜਾਬੀਆਂ ਨੂੰ ਮੌਕਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਰੇਲਵੇ ਰਾਹੀਂ ਆਉਣ-ਜਾਣ ਵਾਲੇ ਲੋਕਾਂ ਨੂੰ ਚੰਗੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ। ਰਵਨੀਤ ਸਿੰਘ ਬਿੱਟੂ ਨੇ ਜਯਾ ਵਰਮਾ ਸਿਨਹਾ ਚੇਅਰਮੈਨ ਅਤੇ ਸੀਈਓ ਰੇਲਵੇ ਬੋਰਡ, ਏਕੇ ਖੰਡੇਲਵਾਲ ਮੈਂਬਰ ਬੁਨਿਆਦੀ ਢਾਂਚਾ, ਰੂਪਾ ਸ਼੍ਰੀਨਿਵਾਸਨ ਮੈਂਬਰ ਵਿੱਤ, ਸਤੀਸ਼ ਕੁਮਾਰ ਮੈਬਰਵਰਟੈਕਸ਼ਨ ਤੇ ਰੋਲਿੰਗ ਸਟਾਕ, ਏਕੇ ਯਾਦਵ ਡੀਜੀ ਆਰਪੀਐਫ ਦੀ ਮੌਜੂਦਗੀ ‘ਚ ਆਪਣਾ ਅਹੁਦਾ ਸੰਭਾਲ ਲਿਆ। ਇਸ ਸਮੇਂ ਰਾਜ ਮੰਤਰੀ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ।
ਕਪੂਰਥਲਾ ਕੋਚ ਫੈਕਟਰੀ ਨੂੰ ਬਿਹਤਰ ਬਣਾਉਣ ‘ਤੇ ਫੋਕਸ
ਰਵਨੀਤ ਬਿੱਟੂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਇਸ ਗੱਲ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਕਿ ਅਸੀਂ ਕਪੂਰਥਲਾ ਰੋਲ ਕੇਚ ਫੈਕਟਰੀ ਨੂੰ ਕਿਵੇਂ ਬਿਹਤਰ ਬਣਾ ਸਕਦੇ ਹਾਂ, ਜਿੱਥੇ ਬਿਹਤਰੀਨ ਕੋਚ, ਵੰਦੇ ਭਾਰਤ ਕੋਚ ਬਣਦੇ ਹਨ। ਉਨ੍ਹਾਂ ਕਿਹਾ ਕਿ ਉਹ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੋਢੇ ਨਾਲ ਮੋਢਾ ਜੋੜ ਕੇ ਰੇਲ ਸੇਵਾਵਾਂ ਨੂੰ ਬਿਹਤਰ ਬਣਾਉਣ ਦਾ ਕੰਮ ਕਰਨਗੇ। ਰੇਲ ਸੇਵਾ ਜ਼ਮੀਨੀ ਪੱਧਰ ‘ਤੇ ਲੋਕਾਂ ਨਾਲ ਜੁੜਿਆ ਹੋਇਆ ਕੰਮ ਹੈ।