ਡਾ. ਕੇਵਲ ਅਰੋੜਾ
9417695299
ਮਹਿੰਗੀ ਪਈ ਆ ਸਰਪੰਚੀ …
ਪਿੰਡਾਂ ‘ਚ ਪੰਚਾਇਤੀ ਚੋਣਾਂ ਦੇ ਨੇੜੇ ਸਰਪੰਚੀ ਦੇ ਚਾਹਵਾਨ ਬੰਦੇ ਗ਼ਰੀਬ ਲੋਕਾਂ ਦੇ ਬਿਮਾਰ ਪਸ਼ੂ ਦੇ ਇਲਾਜ ਦੀ ਮੱਦਦ ਲਈ ਕੁੱਝ ਜ਼ਿਆਦਾ ਹੀ ਅੱਗੇ ਆਉਣ ਲੱਗ ਜਾਂਦੇ ਨੇ। ਪਸ਼ੂਆਂ ਦੇ ਡਾਕਟਰ ਨੂੰ ਬੁਲਾਉਣ ਤੋਂ ਲੈ ਕੇ ਇਲਾਜ ਦਾ ਖ਼ਰਚਾ ਵੀ ਚੱਕ ਲੈਂਦੇ ਹਨ। ਖੇਤੋਂ ਹਰੇ ਵਧੀਆ ਪੱਠਿਆਂ ਦਾ ਪ੍ਰਬੰਧ ਵੀ ਕਰ ਦਿੰਦੇ ਹਨ। ਇਸ ਨਾਲ ਉਹ ਉਨ੍ਹਾਂ ਘਰਾਂ ‘ਚ ਅਪਣੀ ਹਮਾਇਤ ਹਾਸਿਲ ਕਰ ਲੈਂਦੇ ਹਨ ਜੋ ਵੋਟਾਂ ਵੇਲੇ ਕੰਮ ਆਉਂਦੀ ਹੈ, ਇਹ ਸਿਲਸਿਲਾ ਜਿੱਤੇ ਹੋਏ ਸਰਪੰਚ ਵਾਸਤੇ ਛੇ ਕੁ ਮਹੀਨੇ ਬਾਅਦ ਵੀ ਚੱਲਦਾ ਰਹਿੰਦਾ ਹੈ। ਗ਼ਰੀਬ ਮੈਂਬਰਾਂ, ਸਰਪੰਚਾਂ ਨੂੰ ਤਾਂ ਲੋਕ ਕੁੱਝ ਚਿਰ ਜੂੜ ਪਾਉਣ ਲਈ ਵੀ ਵਰਤ ਲੈਂਦੇ ਨੇ। ਮਹਿੰਦਰ ਸਿੰਘ ਨਵਾਂ ਨਵਾਂ ਸਰਪੰਚ ਬਣਿਆ ਸੀ ਅਤੇ ਮੇਰੀ ਲੁਬਾਣਿਆਂ ਵਾਲੀ ਨਵੀਂ ਨਵੀਂ ਪੋਸਟਿੰਗ ਹੋਈ ਸੀ, ਹਸਪਤਾਲ ਖੋਲ੍ਹਦੇ ਸਾਰ ਹੀ ਸਰਪੰਚ ਹਸਪਤਾਲ ਆ ਗਿਆ ਜੋ ਪਿੰਡ ਤੋਂ ਕਰੀਬ ਡੇਢ ਕਿਲੋਮੀਟਰ ‘ਤੇ ਬਾਹਰ ਮੇਨ ਰੋਡ ਤੋਂ ਪਾਰ ਕਾਨਿਆਂ ਵਾਲੀ ਲਿੰਕ ਰੋਡ ‘ਤੇ ਬਣਿਆ ਹੋਇਆ ਸੀ। ਸਕੂਟਰ ‘ਤੇ ਬੈਠਾ ਹੀ ਵਾਜਾਂ ਮਾਰੀ ਜਾਵੇ, “ਆ ਜਾ ਡਾਕਟਰ ਆ ਜਾ, ਚੱਲ ਪਿੰਡ ਚੱਲੀਏ ਨਾਲੇ ਤੈਨੂੰ ਇੱਕ ਮੱਝ ਵਿਖਾਉਣੀ ਆਂ ਅਤੇ ਫ਼ੇਰ ਘਰ ਲਿਜਾ ਕੇ ਚਾਹ ਪਿਆਉਣੀ ਆਂ, ਚੰਗੀ ਖੇਤੀ ਸੀ ਉਸ ਦੀ ਅਪਣੇ ਭਰਾ ਨਾਲ ਸਾਂਝੀ, ਦੋ ਭਤੀਜੇ ਅਤੇ ਇੱਕ ਉਸ ਦਾ ਮੁੰਡਾ ਕੰਮ ਨੂੰ ਤਾਂ ਜਿਵੇਂ ਲੋਹੇ ਦੇ ਬਣੇ ਹੋਣ, ਸਰਪੰਚ ਵਿਓਂਤੀ ਵੀ ਸੀ ਅਤੇ ਮਖੌਲੀ ਵੀ, ਚਲੋ ਅਸੀਂ ਹਾਜ਼ਰੀ ਟੂਰ ਪਾ ਕੇ ਚੱਲ ਪਏ।
ਰਾਹ ‘ਚ ਹੀ ਕਹਿੰਦਾ, “ਡਾਕਟਰ ਇਹ ਅਪਣੀਂ ਸਰਪੰਚੀ ਦੀ ਵੰਗਾਰ ਆ, ਜੱਸੇ ਸ਼ਰਾਬੀ ਦੇ ਜਾਣਾ ਐ, ਤੇਲ ਦਵਾਈ ਮੇਰੀ ਅਤੇ ਖੇਚਲ ਸਾਰੀ ਤੇਰੀ। ਮੈਂ ਹੱਸਿਆ ਕਿ ਸਰਪੰਚਾ ਰਮਜ਼ ਸਮਝ ਗਿਆ ਤੇਰੀ ਪਰ ਇੱਜ਼ਤ ਕਰਿਆ ਕਰੀਂ ਮੇਰੀ … ਨੰਬਰ ਤਾਂ ਤੇਰੇ ਫ਼ੁੱਲ ਬਣਾਦੂੰ॥ ਐਤਕੀਂ ਤਾਂ ਤੂੰ ਪੈਸੇ ਲਾ ਕੇ ਸਰਪੰਚ ਬਣਿਆ ਐਂ, ਅਗਲੀ ਵਾਰ ਤੇਰੇ ‘ਤੇ ਸਰਬ-ਸੰਮਤੀ ਕਰਵਾ ਦੂੰ।”
ਅਸੀਂ ਜੱਸੇ ਸ਼ਰਾਬੀ ਦੇ ਘਰ ਪਹੁੰਚ ਗਏ, ਮੱਝ ਬੁਖ਼ਾਰ ਨਾਲ ਕੱਠੀ ਹੋਈ ਖੜੀ ਸੀ।” ਬਾਬਾ ਜੀ ਸਵਾ ਤਿੰਨਾਂ ਮਹੀਨਿਆਂ ਦੀ ਗੱਭ ਆ ਮੱਝ ਅਤੇ ਟੀਕੇ ਸ੍ਹਾਬ ਨਾਲ ਲਵਾਇਓ, ਗਰਮ ਨਾ ਹੋਣ, ਡਾਕਟਰ ਨੂੰ ਦੱਸ ਦਿਓ।” ਜੱਸੇ ਦੀ ਘਰ ਵਾਲੀ ਬੋਲੀ। ਸਰਪੰਚ ਤੋਂ ਸਾਰੀਆਂ ਜ਼ਨਾਨੀਆਂ ਘੁੰਡ ਕੱਢ ਕੇ ਖੜ੍ਹੀਆਂ ਸਨ, ਪਰ ਜੋ ਗੱਲ ਪੁੱਛਦੀਆਂ, ਸਰਪੰਚ ਦੇ ਵਿੱਚ ਦੀ ਮੁਖਾਤਿਬ ਹੋ ਕੇ ਕਰਦੀਆਂ। ਸਰਪੰਚ ਵੀ ਸਭ ਨੂੰ ਦੇਸੀ ਨੁਸਖ਼ੇ ਦੱਸ ਕੇ ਇਲਾਜ ਦੱਸ ਦਿੰਦਾ, ਜਿਵੇਂ ਲੁਕਮਾਨ ਹਕੀਮ ਦਾ ਚੇਲਾ ਹੋਵੇ! ਮੈਂ ਟੀਕੇ ਲਾਏ ਅਤੇ ਸਰਪੰਚ ਨੂੰ ਕਿਹਾ, “ਚਾਹ ਫ਼ੇਰ ਕਦੇ ਪੀਵਾਂਗੇ।” ਉਸ ਨੇ ਫ਼ੇਰ ਕਿਹਾ ਕੀ, “ਚੱਲ ਟੀਕਿਆਂ ਦੇ ਪੈਸੇ ਤਾਂ ਘਰੋਂ ਲੈ ਜਾ।” ਮੈਂ ਕਿਹਾ, “ਕੋਈ ਗੱਲ ਨਹੀਂ, ਫ਼ੇਰ ਹੋ ਜਾਣਗੇ।” ਪਰ ਵਿੱਚੋਂ ਮੈਨੂੰ ਗੁੱਸਾ ਆਵੇ ਕਿ ਪਤੰਦਰ ਨਵੇਂ ਦੁੱਧ ਹੋਣ ਦੀ ਦਵਾਈ, ਭਾਰ ਪੈਣ ਦੀ ਦਵਾਈ, ਫ਼ਿਰਨ ਤੋਂ ਦਵਾਈ … ਸਭ ਜ਼ਨਾਨੀਆਂ ਨੂੰ ਆਪ ਹੀ ਟੋਟਕੇ ਦੱਸੀ ਜਾਂਦਾ ਜਿਵੇਂ ਸਰਪੰਚ ਨਹੀਂ ਡਾਕਟਰ ਬਣ ਗਿਆ ਹੋਵੇ! ਮੇਰੇ ‘ਚ ਵੀ ਦੁਨੀਆਂਦਾਰੀ ਦੇ ਤਜ਼ਰਬੇ ਦੀ ਓਦੋਂ ਘਾਟ ਸੀ। ਥੋੜ੍ਹੀ ਹੀ ਦੇਰ ‘ਚ ਪਿੰਡ ‘ਚ ਚੰਗਾ ਆਉਣ ਜਾਣ ਹੋ ਗਿਆ। ਬਹੁਤੇ ਲੋਕਾਂ ਦੇ ਨਾਮ ਵੀ ਚੇਤੇ ਹੋ ਗਏ ਅਤੇ ਸਰਪੰਚ ਵੀ ਮਿਲਦਾ ਗਿਲਦਾ ਰਹਿੰਦਾ ਸੀ। ਉਸ ਦਾ ਭਤੀਜਾ ਚਮਕੌਰ ਮੇਰੇ ਨਾਲ ਭੰਗੇ ਵਾਲੇ ਸਕੂਲ ‘ਚ ਪੜ੍ਹਿਆ ਸੀ, ਇਸ ਕਰ ਕੇ ਓਪਰਾ ਵੀ ਨਹੀਂ ਸੀ ਲੱਗਦਾ, ਦੋਵੇਂ ਹੀ ਮਜ਼ਾਕੀਏ ਸੁਭਾਅ ਦੇ ਹੋਣ ਕਰ ਕੇ ਸਾਡੀ ਸੱਥਰੀਂ ਚੰਗੀ ਪੈਂਦੀ ਸੀ। ਛੇ ਕੁ ਮਹੀਨਿਆਂ ਬਾਅਦ ਜੱਸੇ ਦੇ ਘਰ ਨੇੜੇ ਸਰਪੰਚ ਦੇ ਸੀਰੀ ਦੀ ਮੱਝ ਬਿਮਾਰ ਹੋ ਗਈ। ਜਿਨ੍ਹਾਂ ਘਰਾਂ ‘ਚ ਮੇਰਾ ਆਮ ਹੀ ਵੈਕਸੀਨ ਅਤੇ ਇਲਾਜ ਵਾਸਤੇ ਗੇੜਾ ਵੱਜਦਾ ਰਹਿੰਦਾ ਸੀ, ਸਰਪੰਚ ਮੇਰੇ ਨਾਲ ਗਿਆ। ਅਸੀਂ ਵੇਖ ਕੇ ਇਲਾਜ ਕਰ ਦਿੱਤਾ, ਪਰ ਇਸ ਵਾਰ ਜੋ ਆਂਢ ਗੁਆਂਢ ਦੀਆਂ ਬੀਬੀਆਂ ਆਈਆਂ, ਉਨ੍ਹਾਂ ਨੇ ਮੇਰੇ ਕੋਲੋਂ ਸਿੱਧੇ ਹੀ ਇਲਾਜ ਪੁੱਛੇ, ਮੈਂ ਪਰਚੀਆਂ ਲਿਖ ਲਿਖ ਦੇਈ ਗਿਆ ਅਤੇ ਸਰਪੰਚ ਸਾਹਿਬ ਤੋਂ ਸਭ ਨੇ ਟੇਢੇ ਜਿਹੇ ਘੁੰਡ ਕੱਢੇ ਹੋਏ ਸਨ। ਸਰਪੰਚ ਨੂੰ ਇੰਝ ਜਾਪ ਰਿਹਾ ਸੀ ਕਿ ਜਿਵੇਂ ਮੈਂ ਉਸ ਦੀ ਸਰਪੰਚੀ ਹੀ ਖੋਹ ਲਈ ਹੋਵੇ … ਸਾਡੇ ਖੜ੍ਹੇ ਖੜ੍ਹੇ ਕਈ ਬੰਦੇ ਹੋਰ ਇਕੱਠੇ ਹੋ ਗਏ ਅਤੇ ਸਰਪੰਚ ਨੂੰ ਇੱਕ ਸ਼ਰਾਰਤ ਸੁੱਝੀ। ਕਹਿੰਦਾ ਕਿ ਡਾਕਟਰ ਸਾਹਿਬ ਤੇਰੀ ਤਨਖ਼ਾਹ ਵੀ ਚੰਗੀ ਐ ਅਤੇ ਲੋਕ ਇੱਜ਼ਤ ਮਾਣ ਵੀ ਚੰਗਾ ਕਰਦੇ ਐ, ਪਰ ਜਦੋਂ ਡੰਗਰ ਡਾਕਟਰ ਕਹਿ ਦਿੰਦੇ ਆ ਤਾਂ ਸਾਰਾ ਕੰਮ ਹੀ ਖ਼ਰਾਬ ਕਰ ਦਿੰਦੇ ਆ।” ਸਾਰੇ ਜਣੇ ਹੱਸ ਪਏ ਪਰ ਮੈਨੂੰ ਵੀ ਝੱਟ ਜਵਾਬ ਸੁੱਝ ਗਿਆ। ਮੈ ਕਿਹਾ, “ਸਰਪੰਚ ਸਾਹਿਬ, ਸਾਡੇ ਬੰਦੇ ਵੀ ਕਿਹੜਾ ਘੱਟ ਆ? ਉਹ ਹਸਪਤਾਲ ‘ਚੋਂ ਟੂਰ ਪਾ ਕੇ ਤੁਰਦੇ ਆ ਕਿ ਸਰਪੰਚ ਦੀ ਪੂਛ ਵੱਢਣ ਜਾ ਰਹੇ ਹਾਂ ਜੀ, ਨੰਬਰਦਾਰ ਦੇ ਸਿੰਗ ਦਾਗਣੇ ਐਂ ਅੱਜ ਅਤੇ ਪੁਰਾਣੇ ਸਰਪੰਚ ਦੇ ਕੀੜੇ ਕੱਢਣੇ ਐ।” ਜ਼ੋਰ ਜ਼ੋਰ ਦੀ ਹਾਸਾ ਪੈ ਗਿਆ ਅਤੇ ਸਰਪੰਚ ਹੱਥ ਬੰਨ੍ਹ ਕੇ ਕਹਿੰਦਾ, “ਬਾਬਾ ਹੁਣ ਨਹੀਂ ਆਉਂਦਾ ਤੇਰੇ ਨਾਲ ਅਗਾਂਹ ਤੋਂ, ਮੇਰਾ ਤਾਂ ਸਰਪੰਚੀ ਦਾ ਟੌਹਰ ਹੀ ਘਟਾਈ ਜਾਨਾਂ ਯਾਰ … ਤੇਰੀ ਡਿਗਰੀ ਤੋਂ ਮਹਿੰਗੀ ਪਈ ਆ, ਪੂਰੇ ਪੰਜ ਲੱਖ ਲਾ ਕੇ ਲਈ ਆ।”
ਫ਼ਿਰ ਸਾਡਾ ਲੋਕਾਂ ‘ਚ ਇੱਕ ਦੂਜੇ ਨੂੰ ਮਜ਼ਾਕ ਨਾ ਕਰਨ ਦਾ ਸਮਝੌਤਾ ਪੱਕਾ ਹੋ ਗਿਆ ਅਤੇ ਇੱਕ ਦੂਜੇ ਦੇ ਅਸੀਂ ਪੱਕੇ ਬੇਲੀ ਬਣ ਗਏ।