ਡਾ. ਕੇਵਲ ਅਰੋੜਾ
ਬਾਬੇ ਦਾ ਜੰਤਰ ਮੰਤਰ
1990 ਦੀ ਗੱਲ ਹੋਵੇਗੀ, ਆਰਿਫ਼ ਕੇ ਡਿਊਟੀ ਸੀ। ਇੱਕ ਦਿਨ ਮੈਂ ਅਤੇ ਵੈਟਨਰੀ ਇੰਸਪੈਕਟਰ ਜਗਰੂਪ ਸਿੰਘ, ਕੁਲਵੰਤ ਸਿੰਘ ਅਤੇ ਸੇਵਾਦਾਰ ਰਾਜ ਕੁਮਾਰ ਚੁਗੱਤੇਵਾਲਾ ਪਿੰਡਾਂ ‘ਚ ਗਲਘੋਟੂ ਬੀਮਾਰੀ ਦੀ ਵੈਕਸੀਨ ਲਗਾ ਰਹੇ ਸੀ। ਅਸੀਂ ਪਿੰਡ ਦੇ ਸਰਪੰਚ ਦੇ ਘਰ ਵੈਕਸੀਨ ਲਗਾਉਣ ਲਈ ਗਏ। ਉਹਨਾਂ ਦੇ ਘਰ ਕਾਫ਼ੀ ਲੋਕ ਕਿਸੇ ਮਸਲੇ ਦੇ ਹੱਲ ‘ਚ ਜੁੜੇ ਹੋਏ ਸਨ। ਮੈਂ ਸਰਪੰਚ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਕਿ ਉਹ ਲੋਕਾਂ ਨੂੰ ਪਸ਼ੂਆਂ ਨੂੰ ਟੀਕੇ ਲਗਵਾਉਣ ‘ਚ ਸਾਡੀ ਮੱਦਦ ਕਰੇਗਾ। ਮੇਰੀ ਕੋਸ਼ਿਸ਼ ਹੁੰਦੀ ਸੀ ਕਿ ਪੰਚਾਇਤਾਂ ਨੂੰ ਵਿਸ਼ਵਾਸ ‘ਚ ਲੈ ਕਿ ਹੀ ਪਿੰਡਾਂ ‘ਚ ਟੀਕਾਕਰਨ ਕਰਾਵਾਂ ਅਤੇ ਅਕਸਰ ਮੈਂ ਇਸ ‘ਚ ਕਾਮਯਾਬ ਵੀ ਰਹਿੰਦਾ ਸੀ।
ਸਰਪੰਚ ਕੋਲ ਚੰਗੀ ਜ਼ਮੀਨ ਜਾਇਦਾਦ ਸੀ ਅਤੇ ਚੰਗੀਆਂ ਨਸਲ ਵਾਲੀਆਂ ਮੱਝਾਂ ਵੀ ਸਨ, ਪਰ ਉਸ ਨੇ ਟੀਕੇ ਲਗਵਾਉਣ ਤੋਂ ਨਾਂਹ ਕਰ ਦਿੱਤੀ, ਸਾਨੂੰ ਕਹਿੰਦਾ, ”ਰੋਟੀ ਪਾਣੀ ਜੀ ਸਦਕੇ ਖਾਓ, ਪਰ ਟੀਕੇ ਨਾ ਹੀ ਕਦੇ ਲਵਾਏ ਆ ਅਸੀਂ ਅਤੇ ਨਾ ਹੀ ਕਦੇ ਲਵਾਉਣੇ ਆ, ਬਸ ਅਸੀਂ ਤਾਂ ਬਾਬਾ ਜੀ ਦੀ ਖੀਰ ਹਰੇਕ ਸੂਏ ਚੜਾਉਣੇ ਆਂ ਅਤੇ ਓਸੇ ਦੀਆਂ ਹੀ ਰੱਖਾਂ ਨੇ, ਕਦੇ ਕਿਸੇ ਮੱਝ ਦਾ ਸਿਰ ਨਹੀਂ ਦੁਖਿਆ, ਬਾਕੀ ਬਸਤੀ ਵਾਲਿਆਂ ਨੂੰ ਪੁੱਛ ਲਵੋ, ਜੇ ਕੋਈ ਲਵਾਉਂਦਾ ਐ ਤਾਂ ਬਸਤੀ ‘ਚ ਲਾ ਦਿਓ … ਜਾਣ ਲੱਗੇ ਚਾਹ ਪਾਣੀ ਪੀ ਕੇ ਜ਼ਰੂਰ ਜਾਣਾ।”
ਸਰਪੰਚ ਦੀਆਂ ਸੁਣਨ ਤੋਂ ਬਾਅਦ ਅਸੀਂ ਬਾਕੀ ਲੋਕਾਂ ਨੂੰ ਸਮਝਾ ਕੇ ਉਹਨਾਂ ਦੇ ਜਾਨਵਰਾਂ ਦੇ ਟੀਕੇ ਲਗਾ ਦਿੱਤੇ। ਮੈਂ ਫ਼ਿਰ ਦੋਬਾਰੇ ਸਰਪੰਚ ਦੇ ਘਰ ਗਿਆ, ਪਰ ਉਹ ਨਾ ਮੰਨੇ ਕਿਉਂਕਿ ਬੀਬੀਆਂ ਨੂੰ ਬਾਬੇ ਦੀ ਖੀਰ ‘ਤੇ ਪੱਕਾ ਵਿਸ਼ਵਾਸ ਸੀ ਜੋ ਪੀੜ੍ਹੀਆਂ ਤੋਂ ਹੀ ਚੱਲਦਾ ਆ ਰਿਹਾ ਸੀ। ਅਸੀਂ ਬਾਕੀ ਪਿੰਡਾਂ ‘ਚ ਵੀ ਟੀਕੇ ਲਗਾ ਦਿੱਤੇ, ਪਰ ਇੱਕਾ ਦੁੱਕਾ ਲੋਕ ਫ਼ਿਰ ਵੀ ਨਾ ਲਵਾਉਂਦੇ। ਕੁਦਰਤੀ ਉਸ ਸਾਲ ਗਲਘੋਟੂ ਦੀ ਬੀਮਾਰੀ ਨੇ ਅਪਣਾ ਰੂਪ ਬਦਲ ਲਿਆ ਸੀ ਅਤੇ ਗਲ ਦੀ ਸੋਜ ਦੀ ਥਾਂ ਫ਼ੇਫ਼ੜਿਆਂ ‘ਚ ਸਿੱਧਾ ਅਸਰ ਹੋਣ ਲੱਗਾ ਸੀ। ਮੋਗੇ ਦੇ ਇਲਾਕੇ ‘ਚ ਤਾਂ ਹਾਹਾਕਾਰ ਮਚੀ ਪਈ ਸੀ। ਕਈ ਘਰਾਂ ਦੇ ਘਰ ਜਿਵੇਂ ਖ਼ਾਲੀ ਹੀ ਹੋ ਗਏ ਸਨ। ਸਾਡੇ ਇਲਾਕੇ ‘ਚ ਵੀ ਕੁੱਝ ਪਸ਼ੂ ਪ੍ਰਭਾਵਿਤ ਹੋ ਗਏ। ਅਸੀਂ ਸੈਲ਼ਫ਼ਾਡਿਮੀਡੀਨ ਲਗਾਈ ਪਰ ਕੋਈ ਰਿਜ਼ੱਲਟ ਨਾ ਆਵੇ, ਜੋ ਪਹਿਲਾਂ ਸਭ ਤੋਂ ਕਾਰਗਾਰ ਅਤੇ ਸਸਤੀ ਦਵਾਈ ਸੀ। ਉੱਧਰ ਚੁਗੱਤੇ ਵਾਲੇ ਤੋਂ ਕਿਸੇ ਨੇ ਦੱਸਿਆ ਕਿ ਸਰਪੰਚਾਂ ਦੇ ਵੀ ਬੀਮਾਰੀ ਨੁਕਸਾਨ ਕਰ ਗਈ ਐ, ਪਰ ਉਹਨਾਂ ਨੇ ਸ਼ਰਮ ਦੇ ਮਾਰੇ ਮੈਨੂੰ ਨਹੀਂ ਸੀ ਦੱਸਿਆ। ਮੇਰੇ ਕੋਲ ਆਏ ਚਾਰ ਪੰਜ ਜਾਨਵਰ ਵੀ ਮੈਂ ਇਲਾਜ ਨਾਲ ਬਚਾ ਨਹੀਂ ਸੀ ਸਕਿਆ। ਪਸ਼ੂਆਂ ਦੇ ਮੂੰਹ ‘ਚੋਂ ਲਾਰਾਂ ਡਿਗਣੀਆਂ, ਔਖੇ ਸਾਹ ਲੈਣੇ, ਬੈਠਣਾ ਬੰਦ ਕਰ ਦੇਣਾ ਅਤੇ ਡਿਗਦੇ ਸਾਰ ਹੀ ਜਾਨ ਨਿਕਲ ਜਾਣੀ।
ਉਧਰ ਵੈਟਨਰੀ ਕਾਲਜ ਲੁਧਿਆਣੇ ‘ਚ ਇਸ ਦੇ ਇਲਾਜ ਲਈ ਦਵਾਈ ਲੱਭਣ ‘ਤੇ ਕੰਮ ਹੋਣ ਲੱਗਾ। ਮੇਰੇ ਇਲਾਕੇ ਦੇ ਨਾਲ ਪਿੰਡ ਭੇਡੀਆਂ ‘ਚ ਦੋ ਮੱਝਾਂ ਦਾ ਇਲਾਜ ਗੁਰੂਦੁਆਰੇ ਵਾਲੇ ਬਾਬੇ ਨੇ ਕੀਤਾ ਤਾਂ ਉਹ ਦੋਵੇਂ ਮੱਝਾਂ ਬਚ ਗਈਆਂ। ਮੈਨੂੰ ਜਦੋਂ ਇਸ ਬਾਰੇ ਕਿਸੇ ਨੇ ਦੱਸਿਆ ਤਾਂ ਮੈਂ ਉਸ ਨੂੰ ਨਾਲ ਲੈ ਕੇ ਝੱਟ ਉਹਨਾਂ ਮੱਝਾਂ ਨੂੰ ਵੇਖਣ ਚੱਲ ਪਿਆ। ਬੀਮਾਰੀ ਵੀ ਓਹੋ ਅਤੇ ਬਾਬੇ ਦੀ ਟੀਕੇ ਵੀ ਕੰਮ ਕਰ ਰਹੇ ਸਨ। ਖ਼ੈਰ, ਓਦੋਂ ਨੂੰ ਬਾਬਾ ਵੀ ਆ ਗਿਆ ਤੇ ਮੈਂ ਬਾਬੇ ਨੂੰ ਟੀਕਿਆਂ ਬਾਰੇ ਪੁੱਛਿਆ ਤਾਂ ਬਾਬਾ ਕਹਿਣ ਲੱਗਾ, ”ਡਾਕਟਰ, ਟੀਕੇ ਤਾਂ ਤੇਰੇ ਵਾਲੇ ਹੀ ਐ, ਬ ੱਸ ਅਸੀਂ ਨਾਲ ਜੰਤਰ ਮੰਤਰ ਕਰ ਦੇਈ ਦਾ ਐ।” ਮੈਂ ਸਮਝ ਗਿਆ ਕਿ ਬਾਬੇ ਨੇ ਮੈਨੂੰ ਹੱਥਾ ਪੱਲਾ ਨਹੀਂ ਫ਼ੜਾਉਣਾ। ਉਧਰੋਂ ਘਰ ਵਾਲੇ ਕਹਿਣ, ”ਬਾਬਾ ਕੋਈ ਮੰਤਰ ਪੜ੍ਹ ਕੇ ਬਿਨਾ ਲੇਬਲ ਤੋਂ ਸੁੱਕੇ ਟੀਕੇ ਘੋਲ ਕੇ ਲਾਉਂਦਾ ਐ, ਕਿਹੜੇ ਟੀਕੇ ਐ ਇਹਦਾ ਸਾਨੂੰ ਨਹੀਂ ਪਤਾ, ਇਹ ਆਪ ਹੀ ਸ਼ਹਿਰੋਂ ਲਿਆਉਂਦਾ ਹੈ।” ਮੈਂ ਅਪਣੇ ਨਾਲ ਦੇ ਡਾਕਟਰਾਂ ਨੂੰ ਦੱਸਿਆ ਪਰ ਉਹਨਾਂ ਨੇ ਬਹੁਤਾ ਧਿਆਨ ਨਹੀਂ ਦਿੱਤਾ। ਓਦੋਂ ਨੂੰ ਵੈਟਨਰੀ ਕਾਲਜ ਦੇ ਮਾਹਿਰਾਂ ਦੀ ਰਿਪੋਰਟ ਵੀ ਆ ਗਈ ਜਿਸ ‘ਚ ਇਨਰੋਫ਼ਲੌਕਸਿਨ ਅਤੇ ਕੁੱਝ ਹੋਰ ਦਵਾਈਆਂ ਵੀ ਕਾਰਗਰ ਸਨ ਜਿਨ੍ਹਾਂ ‘ਚ ਕਲੋਰੋਫ਼ੈਨੀਕੋਲ ਵੀ ਸ਼ਾਮਿਲ ਸੀ। ਅਸੀਂ ਇਨਰੋਫ਼ਲੌਕਸਿਨ ਨਾਲ ਇਲਾਜ ਕਰਨਾ ਸ਼ੁਰੂ ਕਰ ਦਿੱਤਾ ਅਤੇ ਪਸ਼ੂ ਠੀਕ ਵੀ ਹੋਣ ਲੱਗ ਪਏ। ਉਹਨਾਂ ਦਿਨਾਂ ‘ਚ ਮੋਗੇ ਦੇ ਇੱਕ ਕੈਮਿਸਟ ਨੇ ਇਨਰੋਫ਼ਲੌਕਸਿਨ ਦੀ ਮੰਗ ਇਕਦਮ ਵਧਣ ਕਰਕੇ ਫ਼ੈਕਟਰੀ ਲਾ ਲਈ ਅਤੇ ਚੰਗੇ ਪੈਸੇ ਬਣਾਏ। ਪਰ ਬਾਬੇ ਦਾ ਤੁੱਕਾ ਅਤੇ ਮੰਤਰ ਕਰ ਕੇ ਟੀਕੇ ਦਾ ਅਸਰ ਹੋਣਾ ਦਾ ਵਹਿਮ, ਮੈਂ ਲੋਕਾਂ ਦੇ ਮਨਾਂ ‘ਚੋਂ ਕੱਢਣਾ ਚਾਹੁੰਦਾ ਸੀ ਜੋ ਮੇਰੇ ਲਈ ਇੱਕ ਵੰਗਾਰ ਵਾਂਗ ਸੀ। ਮੈਂ ਫ਼ਿਰੋਜ਼ਪੁਰ ਤੋਂ ਹਿੰਦ ਮੈਡੀਕਲ ਵਾਲੇ ਬੱਬੀ ਨਾਲ ਬਾਬੇ ਬਾਰੇ ਗੱਲ ਕੀਤੀ ਕਿ ਭੇਡੀਆਂ ਵਾਲਾ ਬਾਬਾ ਦਵਾਈ ਕਿੱਥੋਂ ਲਿਜਾਂਦਾ ਹੈ। ਅਸੀਂ ਦੋ ਤਿੰਨ ਦਿਨਾਂ ‘ਚ ਬਾਬੇ ਦੀ ਪੈੜ ਕੱਢ ਲਈ ਜੋ ਕਲੋਰੋਫ਼ੈਨੀਕੋਲ ਦੇ ਇੱਕ ਗ੍ਰਾਮ ਵਾਲੇ ਤਿੰਨ ਚਾਰ ਟੀਕੇ ਲੇਬਲ ਲਾਹ ਕੇ ਘੋਲ ਕੇ ਲਾਉਂਦਾ ਸੀ। ਜਦੋਂ ਮੈਂ ਵੀ ਕੱਟਿਆਂ-ਵੱਛਿਆਂ ਦੇ ਕੇਸਾਂ ‘ਚ ਵਰਤੇ ਤਾਂ ਉਹ ਪਸ਼ੂ ਵੀ ਬਚ ਗਏ। ਬੇਸ਼ੱਕ ਅਸੀਂ ਕਲੋਰੋਫ਼ੈਨੀਕੋਲ ਨੂੰ ਪਸ਼ੂਆਂ ‘ਚ ਵਰਤਣ ਤੋ ਗੁਰੇਜ਼ ਕਰਦੇ ਹਾਂ।
ਮੈਂ ਲੋਕਾਂ ਨੂੰ ਦੱਸ ਦਿੱਤਾ ਕਿ ਮੰਤਰ ਵਾਲੇ ਟੀਕੇ ਕਿਹੜੇ ਸਨ ਜੋ ਬਿਨਾ ਮੰਤਰ ਦੇ ਵੀ ਓਹੀ ਕੰਮ ਕਰਦੇ ਹਨ। ਜੇ ਅੱਜ ਦਾ ਸਮਾਂ ਹੁੰਦਾ ਅਤੇ ਕਲੋਰੋਫ਼ੈਨੀਕੋਲ ਲੱਗੇ ਟੀਕੇ ਵਾਲੀ ਮੱਝ ਦਾ ਦੁੱਧ ਕਿਸੇ ਆਧੁਨਿਕ ਪਲਾਂਟ ‘ਚ ਚਲਾ ਜਾਂਦਾ ਤਾਂ ਪੂਰਾ ਟੈਂਕਰ ਹੀ ਡੋਲ੍ਹਣਾ ਪੈਂਦਾ। ਜਿਵੇਂ ਇੱਕ ਵਾਰ ਦੇ ਟੀਕੇ ਨੇ ਕੰਪਨੀਆਂ ਵਾਲ਼ਿਆਂ ਦੀਆਂ ਪੰਜ ਸੱਤ ਮੱਝਾਂ ਹੀ ਮਾਰ ਦਿੱਤੀਆਂ ਹੋਣ। ਇਸ ਟੀਕੇ ਦਾ ਬੋਨ-ਮੈਰੋ ‘ਤੇ ਬਹੁਤ ਮਾੜਾ ਅਸਰ ਦੱਸਿਆ ਜਾਂਦਾ ਹੈ ਜਿਵੇਂ ਪਿਛਲੇ ਸਾਲ ਲੰਪੀ ਸਕਿਨ ਬੀਮਾਰੀ ‘ਚ ਕਈ ਬਾਬਿਆਂ ਅਤੇ ਦੇਸੀ ਦਵਾਈਆਂ ਵਾਲਿਆਂ ਨੇ ਖ਼ੂਬ ਹੱਥ ਰੰਗੇ ਸਨ। ਕਈ ਲੋਕ ਅਪਣੇ ਚੈਨਲਾਂ ‘ਤੇ ਪ੍ਰਚਾਰ ਕਰਨ ਲੱਗੇ ਰਹੇ, ਪਰ ਉਸ ਸਾਲ ਤੋਂ ਬਾਅਦ ਇੱਕ ਵਾਰ ਲੋਕਾਂ ‘ਚ ਵੈਕਸੀਨ ਲਗਵਾਉਣ ਦਾ ਰੁਝਾਨ ਬਹੁਤ ਵੱਧ ਗਿਆ ਸੀ। ਵੈਕਸੀਨ ਕਰਦਿਆਂ ਜੇ ਕਿਸੇ ਦੇ ਪਸ਼ੂ ਦੇ ਸੱਟ ਫ਼ੇਟ ਵੱਜ ਜਾਏ, ਫ਼ਲ ਸੁੱਟ ਜਾਏ ਜਾਂ ਜਾਨੀ ਨੁਕਸਾਨ ਹੋ ਜਾਏ ਤਾਂ ਡਾਕਟਰ ਨੂੰ ਖਹਿੜਾ ਛੁਡਾਉਣਾ ਔਖਾ ਹੋ ਜਾਂਦਾ ਹੈ, ਪਰ ਇਸ ਦੇ ਉਲਟ ਜੇ ਸਟਾਫ਼ ਦੇ ਸੱਟ ਫ਼ੇਟ ਵੱਜ ਜਾਏ ਤਾਂ ਪਤਾ ਲੈਣ ਵੀ ਘੱਟ ਹੀ ਲੋਕ ਬਹੁੜਦੇ ਨੇ।
ਇੱਕ ਗੱਲ ਮੇਰੇ ਮਨ ‘ਚ ਕਈ ਵਾਰ ਆਉਂਦੀ ਹੈ ਕਿ ਗੁਰੂਦੁਆਰਿਆਂ ਦੇ ਗ੍ਰੰਥੀ ਟੀਕੇ ਕਿਉਂ ਲਾਉਂਦੇ ਸਨ, ਤਾਂ ਮੈਂ ਪਿਛੋਕੜ ‘ਚ ਜਾਂਦਾ ਹਾਂ ਕਿ ਡੇਰਿਆਂ ‘ਚ ਵੀ ਪਾਠ ਪੂਜਾ ਦੇ ਨਾਲ ਦਵਾਈ ਬੂਟੀ ਦਿੱਤੀ ਜਾਂਦੀ ਸੀ ਅਤੇ ਓਦੋਂ ਬਦਲਾਅ ਦੇ ਨਾਲ ਗ੍ਰੰਥੀ ਟੀਕੇ ਟੱਲੇ ਲਾਉਣ ਲੱਗ ਪਏ ਸਨ। ਗੁਜ਼ਾਰਾ ਵੀ ਕਿਹੜਾ ਸੌਖਾ ਸੀ, ਬਸ ਸੰਗਰਾਂਦ ਜਾਂ ਫ਼ਿਰ ਹਾੜੀ ਸਾਉਣੀ … ਕਿਤੇ ਕਿਤੇ ਸਹਿਜ ਪਾਠ ਜਾਂ ਅਖੰਡ ਪਾਠ ਤੋਂ ਚਾਰ ਪੈਸੇ ਇਕੱਠੇ ਹੋ ਜਾਂਦੇ ਸਨ ਅਤੇ ਨਾਲੇ ਇਕੱਲੇ ਸਤਿਕਾਰ ਨਾਲ ਹੀ ਬੱਚੇ ਨਹੀਂ ਪਲਦੇ ਸਨ। ਸਾਡੇ ਪਿੰਡ ਵੀ ਡੇਰੇ ‘ਚ ਇੱਕ ਗ੍ਰੰਥੀ ਕਪਲ ਮੁਨੀ ਰਿਹਾ, ਜੋ ਟੀਕੇ ਟੱਲੇ ਲਾਉਣੇ ਸਿੱਖ ਕੇ ਆਇਆ ਸੀ ਅਤੇ ਬ੍ਰਹਮਚਾਰੀ ਵੀ ਸੀ। ਉਹਦਾ ਪਿੰਡ ‘ਚ ਚੰਗਾ ਕੰਮ ਚੱਲ ਪਿਆ, ਪਰ ਪਤਾ ਨਹੀਂ ਸਾਡੇ ਮਹੰਤ ਨਾਲ ਕਿਹੜੀ ਗੱਲੋਂ ਵਿਗੜ ਗਈ ਡੇਰਾ ਛੱਡ ਕੇ ਪਿੰਡ ‘ਚ ਹੀ ਡਾਕਟਰ ਬਣ ਕੇ ਬਹਿ ਗਿਆ ਅਤੇ ਵਿਆਹ ਵੀ ਕਰਵਾ ਲਿਆ ਸੀ। ਪੁਰਾਣੇ ਸਾਧੂ ਸੰਤ ਦੁਨਿਆਵੀ ਵਿਦਿਆ ਤੇ ਧਾਰਮਿਕ ਵਿਦਿਆ ਤਾਂ ਬਹੁਤ ਸਾਰੇ ਚੇਲਿਆਂ ਨੂੰ ਦੇ ਦਿੰਦੇ ਸੀ, ਪਰ ਦਵਾਈਆਂ ਦੀ ਵਿੱਦਿਆ ਉਹ ਓਸੇ ਚੇਲੇ ਨੂੰ ਦਿੰਦੇ ਸਨ ਜਿਸ ‘ਤੇ ਪੱਕਾ ਯਕੀਨ ਹੋ ਜਾਣਾ ਕਿ ਇਹ ਲਾਲਚ ਤੋਂ ਦੂਰ ਰਹੇਗਾ। ਪੁਰਾਣੇ ਡੇਰਿਆਂ ‘ਚੋਂ ਦੇਸੀ ਦਵਾਈਆਂ ਦੇ ਹੱਥ ਲਿਖਤ ਨੁਸਖ਼ੇ ਲੋਕਾਂ ਨੇ ਅੱਗ ‘ਚ ਸਾੜ ਦਿੱਤੇ ਅਤੇ ਕਿਸੇ ਚੇਲੇ ਨੇ ਸਾਂਭੇ ਹੀ ਨਹੀਂ। ਇਹ ਸੈਂਕੜੇ ਸਾਲਾਂ ‘ਚ ਵਿਕਸਿਤ ਹੋਈ ਇਲਾਜ ਪ੍ਰਣਾਲੀ ਨੂੰ ਕੋਈ ਨਾਲ ਹੀ ਲੈ ਕੇ ਮਰ ਗਿਆ, ਕਿਸੇ ਦੇ ਚੇਲੇ ਲਾਲਚੀ ਨਿਕਲ ਗਏ ਅਤੇ ਕਿਸੇ ਨੇ ਅਪਣੇ ਪਰਿਵਾਰ ਤਕ ਸੀਮਿਤ ਕਰ ਲਈ। ਉਹ ਖ਼ਾਨਦਾਨੀ ਵੈਦ ਅਖਵਾਉਣ ਲੱਗੇ ਬੇਸ਼ੱਕ ਕਈ ਤਾਂ ਐਲੋਪੈਥੀ ਦੀਆਂ ਗੋਲੀਆਂ ਖ਼ਾਸ ਕਰ ਸਟੀਰੌਇਡ ਹੀ ਪੀਹ ਕੇ ਦੇਈ ਜਾਂਦੇ ਨੇ। ਚਲੋ ਸਮੇਂ ਨਾਲ ਹੁਣ ਤਾਂ ਖ਼ਾਨਦਾਨੀ ਡਾਕਟਰ, ਖ਼ਾਨਦਾਨੀ ਵਕੀਲ, ਖ਼ਾਨਦਾਨੀ ਬਾਬੇ, ਖ਼ਾਨਦਾਨੀ ਨੇਤਾ ਪਤਾ ਨਹੀਂ ਕੀ ਕੀ ਹੋ ਗਏ ਨੇ, ਖ਼ਾਨਦਾਨੀ ਮਿਸਤਰੀ, ਖ਼ਾਨਦਾਨੀ ਹਟਵਾਣੀਏ ਅਤੇ ਖ਼ਾਨਦਾਨੀ ਕਿਸਾਨ ਅਪਣੇ ਕਿੱਤੇ ਤੋਂ ਦੂਰ ਹੁੰਦੇ ਜਾ ਰਹੇ ਨੇ।
ਅੰਤ ‘ਚ ਅਪਣੀਆਂ ਇਹਨਾਂ ਸਤਰਾਂ ਨਾਲ ਕਾਲਮ ਖ਼ਤਮ ਕਰਦਾ ਹਾਂ:
ਵਿੱਚ ਸਮਾਜ ਦੇ, ਨਾਲ ਸਮੇਂ ਦੇ, ਵੜ ਗਈ ਕਿਵੇਂ ਸ਼ੈਤਾਨੀ
ਠੱਗੀ, ਧੋਖੇ ਕਰਨ ਵਾਲੇ ਵੀ, ਲੋਕ ਬਣੇ ਖ਼ਾਨਦਾਨੀ