ਡਾ ਕੇਵਲ ਅਰੋੜਾ
AK-47 ਦੀ ਕਾਢ ਦੀ ਕਹਾਣੀ
ਯੂਨੀਵਰਸਟੀ ਪੜ੍ਹਦਿਆਂ AK-47 ਦਾ ਨਾਮ ਸੁਣਿਆ ਤਾਂ ਸੀ ਪਰ ਵੇਖੀ ਕਦੇ ਨਹੀਂ ਸੀ। ਸਾਡੇ ਯੂਨੀਵਰਸਿਟੀ ਵਿੱਚੋਂ ਨਿਕਲਦੇ ਸਾਰ ਹੀ ਇਹ ਖਿਡਾਉਣਿਆਂ ਵਾਂਗ ਹੋ ਗਈ। ਵਿਦਿਆਰਥੀਆ ਲਈ ਖਿਡਾਉਣਾ ਅਤੇ ਅਧਿਆਪਕਾਂ ਲਈ ਦਹਿਸ਼ਤ ਬਣ ਗਈ। ਪੜ੍ਹਾਈ ਦੇ ਰੁਝਾਨ ‘ਚ ਬਹੁਤ ਫ਼ਰਕ ਆ ਗਿਆ। ਭਾਵੁਕ ਹੋਏ ਵਿਦਿਆਰਥੀਆਂ ਦਾ ਬਹੁਤ ਨੁਕਸਾਨ ਕਰ ਗਈ ਇਹ। ਕਦੇ ਕਦੇ ਸੋਚਦਾ ਹਾਂ ਕਿ AK-47 ਨੇ ਪੰਜਾਬੀਆਂ ਲਈ ਦੁਬਾਰਾ 1947 ਵਾਲਾ ਉਜਾੜਾ ਲਿਆ ਦਿੱਤਾ ਸੀ॥ ਜਿਨ੍ਹਾਂ ਘਰਾਂ ‘ਚ ਇਹ ਵੜੀ, ਘਰ ਉਜਾੜ ਗਈ। ਇਹ ਸਭ ਯਾਦ ਕਰ ਕੇ ਅੱਜ ਵੀ ਮਨ ਸੋਚਾਂ ‘ਚ ਪੈ ਜਾਂਦੈ। ਉਨ੍ਹਾਂ ਕਾਲੇ ਦਿਨਾਂ ਵਾਲੇ ਹਾਲਾਤ ਨੂੰ ਮੈਂ ਅਪਣੀਂ ਆਰਫ਼ ਕੇ (ਜ਼ਿਲ੍ਹਾ ਫ਼ਿਰੋਜ਼ਪੁਰ) ‘ਚ ਨੌਕਰੀ ਦੌਰਾਨ ਬਹੁਤ ਨੇੜਿਓਂ ਤੱਕਿਆ। ਬੇਸ਼ੱਕ ਮੈਨੂੰ ਇਹ ਪਤਾ ਸੀ ਕਿ AK-47 ਦੀ ਕਾਢ ਰੂਸ ‘ਚ ਹੋਈ ਸੀ, ਮੇਰੇ ਮਨ ‘ਚ ਕਿ ਕਿਸੇ ਵੱਡੀ ਕੰਪਨੀ ਦੇ ਤੇਜ਼ ਤਰਾਰ ਇੰਜੀਨੀਅਰਾਂ ਨੇ ਇਸ ਨੂੰ ਟੀਮ ਬਣਾ ਕੇ ਬਣਾਇਆ ਹੋਵੇਗਾ, ਪਰ ਡਾ.ਜੋਗਿੰਦਰ ਸਿੰਘ ਬਰਾੜ, ਜਿਨ੍ਹਾਂ ਨੇ ਅਪਣੀ PhD ਰੂਸ ਤੋਂ ਕੀਤੀ ਹੋਈ ਹੈ, ਨਾਲ ਗੱਲਬਾਤ ਕਰਦਿਆਂ ਕਿਹਾ, ”ਡਾ.ਕੇਵਲ, ਕਾਢ ਅਕਸਰ ਜਨੂਨੀ ਬੰਦੇ ਹੀ ਕੱਢਦੇ ਹੁੰਦੇ ਨੇ, ”ਅਤੇ ਇਸ ਦੀ ਕਾਢ ਦੀ ਅਸਲ ਕਹਾਣੀ ਸੁਣਾਈ ਜੋ ਉਨਾਂ ਨੇ ਰੂਸ ਜਾ ਕੇ ਸੁਣੀ ਸੀ, ਅਤੇ ਉਸ ਕਹਾਣੀ ਦੀ ਤਾਈਦ ਲਿਖਤਾਂ ਤੋਂ ਵੀ ਹੁੰਦੀ ਹੈ। ਉਹ ਕਹਾਣੀ ਆਪ ਨਾਲ ਸਾਂਝੀ ਕਰ ਰਿਹਾ ਹਾਂ।
ਜਦੋਂ ਦੂਸਰੀ ਸੰਸਾਰ ਜੰਗ ਹੋ ਰਹੀ ਸੀ ਤਾਂ ਜਰਮਨ ਕੋਲ ਵਧੀਆ ਗੁਣਵੱਤਾ ਵਾਲੇ ਹਥਿਆਰ ਸਨ। ਹਰ ਇੱਕ ਸਿਪਾਹੀ ਕੋਲ ਅਪਣਾ ਅਪਣਾ ਹਥਿਆਰ ਹੁੰਦਾ ਸੀ। ਉਧਰ ਰੂਸ ਦੇ 2-3 ਫ਼ੌਜੀਆਂ ਕੋਲ ਇੱਕੋ ਸਧਾਰਣ ਬੰਦੂਕ ਸੀ ਜਿਸ ਕਰ ਕੇ ਉਹਨਾਂ ਨੂੰ ਬਹੁਤ ਮਾਰ ਪਈ। ਮਿਖਾਈਲ ਕਲਾਸ਼ਨਿਕੋਵ, ਜੋ ਫ਼ੌਜ ‘ਚ ਇੱਕ ਟੈਂਕ ਮਕੈਨਿਕ ਸੀ, 1941 ‘ਚ ਜੰਗ ਦੌਰਾਨ ਉਹ ਜ਼ਖ਼ਮੀ ਹੋ ਗਿਆ। ਜਦੋਂ ਹਸਪਤਾਲ ‘ਚ ਉਸ ਦਾ ਇਲਾਜ ਚੱਲ ਰਿਹਾ ਸੀ ਤਾਂ ਨਾਲ ਦੇ ਬੈੱਡ ‘ਤੇ ਪਏ ਸਿਪਾਹੀ ਨਾਲ ਗੱਲਾਂ ਕਰਨ ਲੱਗਾ। ਸਿਪਾਹੀ ਆਖਣ ਲੱਗਾ, ”ਆਪਾਂ ਵੀ ਵਧੀਆ ਹਥਿਆਰਾਂ ਬਿਨਾ ਅਣਿਆਈ ਮੌਤ ਮਰੀ ਜਾਂਦੇ ਹਾਂ, ਕੋਈ ਵਧੀਆ ਬੰਦੂਕ ਵੀ ਨਹੀਂ ਬਣਾ ਸਕੇ। ਸਾਡੇ ਦੁਸ਼ਮਣ ਸਾਡੇ ਵਰਗੇ ਬਹਾਦਰ ਤਾਂ ਨਹੀਂ, ਪਰ ਉਹਨਾਂ ਦੇ ਹਥਿਆਰ ਸਾਡਾ ਵੱਸ ਨਹੀਂ ਚੱਲਣ ਦਿੰਦੇ।” ਇਹ ਗੱਲ ਉਸ ਦੇ ਮਨ ਤੇ ਲੱਗ ਗਈ। ਜਦੋਂ ਠੀਕ ਹੋ ਹਸਪਤਾਲ ਚੋਂ ਛੁੱਟੀ ਮਿਲੀ ਤਾਂ ਉਹ ਦਿਨ ਰਾਤ ਇਸ ਕੰਮ ‘ਚ ਜੁਟ ਗਿਆ। ਉਹ ਭੁੱਖ-ਤੇਹ, ਦਰਦ ਸਭ ਭੁੱਲ ਗਿਆ। ਬੱਸ ਇੱਕੋ ਸੁਪਨਾ ਸੀ ਕਿ ਦੇਸ਼ ਨੂੰ ਕਿਵੇਂ ਬਚਾਉਣਾ ਹੈ ਅਤੇ ਦੁਸ਼ਮਣ ਕਿਵੇਂ ਭਜਾਉਣਾ ਹੈ।
ਇਉਂ ਉਸ ਨੇ 1947 ‘ਚ ਦੁਨੀਆਂ ਦੀ ਇੱਕ ਅਨੋਖੀ ਔਟੋਮੈਟਿਕ ਗੰਨ AK-47 ਬਣਾ ਦਿੱਤੀ ਜੋ ਗੋਲੀਆਂ ਦਾ ਮੀਂਹ ਵਰ੍ਹਾਉਣ ਲੱਗੀ। ਉਸ ਨੂੰ ਰੂਸ ਨੇ 1949 ‘ਚ ਅਪਣੀ ਫ਼ੌਜ ਲਈ ਅਪਨਾ ਲਿਆ। AK-47 ਨੇ ਸਾਰੀ ਦੁਨੀਆਂ ‘ਚ ਧੁੰਮਾਂ ਪਾ ਦਿੱਤੀਆਂ। ਉਹ ਇੱਕ ਆਮ ਮਕੈਨਿਕ ਤੋਂ ਸੋਵੀਅਤ ਯੂਨੀਅਨ ਦਾ ਨਾਇਕ ਬਣ ਗਿਆ ਜੋ ਬਾਅਦ ‘ਚ ਲੈਫ਼ਟੀਨੈਂਟ ਜਰਨਲ ਦੇ ਅਹੁਦੇ ਨਾਲ ਨਿਵਾਜਿਆ ਗਿਆ। ਕਲਾਸ਼ਿਨਕੋਵ ਬਹਾਦਰ ਪਰ ਕੋਮਲ ਹਿਰਦੇ ਵਾਲਾ ਇੱਕ ਇਨਸਾਨ ਸੀ। ਉਸ ਨੇ ਜਦ ਇਸ ਦੀ ਵਰਤੋਂ ਆਮ ਲੋਕਾਂ ਦੇ ਕਤਲੇਆਮਾਂ ‘ਚ ਹੁੰਦੀ ਤੱਕੀ ਤਾਂ ਉਸ ਦੇ ਮਨ ਨੂੰ ਦੁੱਖ ਹੋਇਆ ਕਿ ਇਸ ਨੂੰ ਬਣਾ ਕੇ ਵੰਡ ‘ਤੇ ਕੰਟਰੋਲ ਨਹੀਂ ਰੱਖਿਆ ਗਿਆ। ਜਿੱਥੇ ਉਸ ਨੂੰ ਅਪਣੀਂ ਕਾਢ ‘ਤੇ ਮਾਣ ਸੀ, ਉੱਥੇ ਇਸ ਦੀ ਦੁਰਵਰਤੋਂ ‘ਤੇ ਦੁੱਖ ਵੀ ਸੀ।
ਉਹ ਕਹਿੰਦਾ ਸੀ ਕਿ ਉਸ ਦਾ ਹਥਿਆਰ ਬਚਾਅ ਲਈ ਹੈ, ਨਾ ਕਿ ਜ਼ੁਲਮ ਲਈ। ਮੈਨੂੰ ਇਸ ਗੱਲ ਨੇ ਹੋਰ ਵੀ ਪ੍ਰਭਾਵਿਤ ਕੀਤਾ ਕਿ ਮਿਖਾਈਲ ਕਲਾਸ਼ਨਿਕੋਵ ਨੇ ਅਪਣੀ ਹੀ ਕਾਢ ਦੀ ਹੋਈ ਦੁਰਵਰਤੋਂ ‘ਤੇ ਦੁੱਖ ਮਹਿਸੂਸ ਕੀਤਾ ਸੀ ਜਿਸ ਕਰ ਕੇ ਮਜ਼ਲੂਮ ਵੀ ਇਸ ਦਾ ਸ਼ਿਕਾਰ ਹੋਏ। ਜਿਸ ਤਰਾਂ ਸਿੱਖੀ ‘ਚ ਕਿਰਪਾਨ ਦੀ ਵਰਤੋਂ ਵੀ ਕੇਵਲ ਮਜ਼ਲੂਮ ਦੀ ਰਾਖੀ ਕਰਨ ਲਈ ਕਹੀ ਗਈ ਹੈ, ਜਿਸ ਦਾ ਇਸ਼ਾਰਾ ਮੈਂ ਇਸ ਲੇਖ ਦੇ ਸ਼ੁਰੂ ‘ਚ ਹੀ ਦੇ ਚੁੱਕਾ ਹਾਂ, ਅਜਿਹੇ ਨਾਇਕਾਂ ਦੀ ਹਰ ਦੇਸ਼ ਨੂੰ ਹਰ ਸਮੇਂ, ਹਰ ਫ਼ੀਲਡ ‘ਚ ਜ਼ਰੂਰਤ ਹੈ, ਪਰ ਅਫ਼ਸੋਸ ਦੀ ਗੱਲ ਹੈ ਕਿ ਅੱਜ ਓਹੀ ਮੈਦਾਨ, ਹੁਣ ਓਸੇ ਭਾਈਚਾਰੇ ਦੀ ਆਪਸ ‘ਚ ਜੰਗ ਦੁਨੀਆਂ ਦੇ ਹਥਿਆਰਾਂ ਦੀ ਪਰਖ ਲਈ ਪ੍ਰਯੋਗਸ਼ਾਲਾ ਬਣ ਗਿਆ ਹੈ। ਲੱਖਾਂ ਪੁੱਤਰ ਸ਼ਹੀਦ ਹੋ ਚੁੱਕੇ ਹਨ। ਹੁਣ ਵਿਦੇਸ਼ੀ ਹਥਿਆਰ ਉਹਨਾਂ ਨੂੰ ਫ਼ੇਰ ਮਾਰਨ ਲਈ ਆਏ ਹੋਏ ਨੇ। ਦੁਨੀਆਂ ਦੀਆਂ ਬਹੁਤੀਆਂ ਜੰਗਾਂ ਅਪਣਿਆਂ ‘ਚ ਹੀ ਹੋਈਆਂ ਨੇ। ਹੁਣ ਦੇ ਹਥਿਆਰ ਹਜ਼ਾਰਾਂ ਮੀਲ ਦੂਰ ਬੈਠੇ ਹੀ ਵਿਨਾਸ਼ ਕਰ ਸਕਦੇ ਹਨ। ਆਮ ਲੋਕਾਂ ‘ਚ AK-47 ਅੱਜ ਵੀ ਦਹਿਸ਼ਤ ਦਾ ਦੂਜਾ ਨਾਮ ਹੈ। ਸਮੇਂ ਸਮੇਂ ‘ਤੇ ਇਹ ਹੁਣ ਵੀ ਹੋਰ ਘਾਤਕ ਹੋ ਗਈ ਕਿ ਨਵੇਂ ਸੋਧੇ ਹੋਏ ਰੂਪ ‘ਚ ਮਾਰਕੀਟ ‘ਚ ਉਤਰਦੀ ਰਹਿੰਦੀ ਹੈ। ਅਪਣੀ ਗੱਲ ਮੁਕਾਉਂਦਿਆਂ ਮੈਂ ਕਾਵਿ ਰੂਪ ‘ਚ ਏਹੀ ਕਹਿਣਾ ਚਾਹਵਾਂਗਾ:
ਬਿਨ ਹਥਿਆਰਾਂ ਟਲੇ ਨਾ ਜ਼ਾਲਮ,
ਪਾਈਏ ਹੱਥ ਕਰਾਰੇ।
ਓਹੀ ਹਥਿਆਰ ਨੇ ਪੂਜੇ ਜਾਂਦੇ,
ਜ਼ਾਲਮ ਜਿਨ੍ਹਾਂ ਨੇ ਮਾਰੇ।