ਮੋਦੀ ਸਰਕਾਰ ‘ਚ ਬੇਰੁਜ਼ਗਾਰੀ ਸਭ ਤੋਂ ਵੱਡਾ ਸ਼ਰਾਪ : ਮਲਿਕਾਰਜੁਨ ਖੜਗੇ

ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬੁੱਧਵਾਰ ਨੂੰ ਦੋਸ਼ ਲਗਾਇਆ ਕਿ ਮੋਦੀ ਸਰਕਾਰ ਵਿਚ ਬੇਰੁਜ਼ਗਾਰੀ ਸਭ ਤੋਂ ਵੱਡਾ ਸ਼ਰਾਪ ਹੈ ਅਤੇ ਹਰ ਸਾਲ 2 ਕਰੋੜ ਨੌਕਰੀਆਂ ਦਾ ਨਾਅਰਾ ਹਰ ਭਾਰਤੀ ਨਾਲ ਵਿਸ਼ਵਾਸਘਾਤ ਦਾ ਪ੍ਰਤੀਕ ਹੈ। ਖੜਗੇ ਨੇ ਬੇਰੁਜ਼ਗਾਰੀ ਨਾਲ ਜੁੜੀ ਇਕ ਖ਼ਬਰ ਨੂੰ ਲੈ ਕੇ ਸਰਕਾਰ ‘ਤੇ ਨਿਸ਼ਾਨਾ ਸਾਧਿਆ, ਜਿਸ ‘ਚ ਕਿਹਾ ਗਿਆ ਹੈ ਕਿ ਮੁੰਬਈ ਪੁਲਸ ‘ਚ ਕਾਂਸਟੇਬਲ ਦੀਆਂ 1,257 ਅਸਾਮੀਆਂ ਲਈ 1.11 ਲੱਖ ਔਰਤਾਂ ਨੇ ਅਪਲਾਈ ਕੀਤਾ ਹੈ। ਕਾਂਗਰਸ ਪ੍ਰਧਾਨ ਨੇ ‘ਐਕਸ’ ‘ਤੇ ਪੋਸਟ ਕੀਤਾ,”ਮੋਦੀ ਸਰਕਾਰ ਦੇ ਅਧੀਨ ਬੇਰੁਜ਼ਗਾਰੀ ਸਭ ਤੋਂ ਵੱਡਾ ਸ਼ਰਾਪ ਹੈ। ਮੋਦੀ ਸਰਕਾਰ ਇਕ ਹਾਸੋਹੀਣੀ ਪੀ.ਆਰ. ਮੁਹਿੰਮ ਵਜੋਂ ਸ਼ੱਕੀ ਰੁਜ਼ਗਾਰ ਡਾਟਾ ਦੀ ਵਰਤੋਂ ਕਰ ਰਹੀ ਹੈ, ਜਿਸ ਨੂੰ ‘ਅਵੇਤਨ ਮਜ਼ਦੂਰੀ’ ਅਤੇ ‘ਪ੍ਰਤੀ ਹਫ਼ਤੇ ਇਕ ਘੰਟੇ ਦੇ ਕੰਮ’ ਦੀ ਗਣਨਾ’ ਕਰ ਕੇ ਬਹੁਤ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ ਹੈ।” ਉਨ੍ਹਾਂ ਕਿਹਾ,”ਮਹਾਰਾਸ਼ਟਰ ‘ਚ ਜਿੱਥੇ 1.11 ਲੱਖ ਔਰਤਾਂ ਨੇ ਮੁੰਬਈ ਪੁਲਸ ‘ਚ ਕਾਂਸਟੇਬਲਾਂ ਦੀਆਂ 1,257 ਅਸਾਮੀਆਂ ਲਈ ਅਰਜ਼ੀਆਂ ਦਿੱਤੀਆਂ ਸਨ, ਉਨ੍ਹਾਂ ‘ਚੋਂ ਕਈਆਂ ਨੂੰ ਬੱਚਿਆਂ ਨਾਲ ਫੁੱਟਪਾਥਾਂ ‘ਤੇ ਰਾਤ ਕੱਟਣ ਲਈ ਮਜ਼ਬੂਰ ਕੀਤਾ ਗਿਆ ਸੀ। ਇਹ ਬੇਰੁਜ਼ਗਾਰੀ ਦੀ ਭਿਆਨਕ ਸਥਿਤੀ ਦੀ ਯਾਦ ਦਿਵਾਉਂਦਾ ਹੈ।”
ਖੜਗੇ ਨੇ ਦਾਅਵਾ ਕੀਤਾ ਕਿ ‘ਡਾਇਮੰਡ ਵਰਕਰਜ਼ ਯੂਨੀਅਨ ਗੁਜਰਾਤ’ ਵੱਲੋਂ 15 ਜੁਲਾਈ ਨੂੰ ਸ਼ੁਰੂ ਕੀਤੇ ਗਏ ਖੁਦਕੁਸ਼ੀ ਨਾਲ ਸੰਬੰਧਤ ਹੈਲਪਲਾਈਨ ਨੰਬਰ ‘ਤੇ ਉਨ੍ਹਾਂ ਲੋਕਾਂ ਤੋਂ 1600 ਤੋਂ ਵੱਧ ਕਾਲਾਂ ਆਈਆਂ ਹਨ, ਜਿਨ੍ਹਾਂ ਨੇ ਜਾਂ ਤਾਂ ਆਪਣੀ ਨੌਕਰੀ ਗੁਆ ਦਿੱਤੀ ਹੈ ਜਾਂ ਘੱਟ ਤਨਖਾਹ ਲੈ ਰਹੇ ਹਨ, ਜਿਸ ਕਾਰਨ ਉਨ੍ਹਾਂ ਦੇ ਘਰ ਦੀ ਆਰਥਿਕ ਹਾਲਤ ਖ਼ਰਾਬ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸੂਰਤ ਦਾ ਮਸ਼ਹੂਰ ਹੀਰਾ ਉਦਯੋਗ ਮੰਦੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਕੰਪਨੀਆਂ ਨੇ ਆਪਣੇ 50,000 ਕਰਮਚਾਰੀਆਂ ਲਈ ’10 ਦਿਨਾਂ ਦੀ ਛੁੱਟੀ’ ਦਾ ਐਲਾਨ ਕੀਤਾ ਹੈ। ਕਾਂਗਰਸ ਪ੍ਰਧਾਨ ਨੇ ਕਿਹਾ,”ਪਿਛਲੇ ਮਹੀਨੇ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਮੁੰਬਈ ਹਵਾਈ ਅੱਡੇ ‘ਤੇ ਲੋਡਰ ਦੇ ਅਹੁਦੇ ਲਈ 2,216 ਖਾਲੀ ਅਸਾਮੀਆਂ ਲਈ 25,000 ਤੋਂ ਜ਼ਿਆਦਾ ਲੋਕ ਆਏ ਸਨ। ਗੁਜਰਾਤ ਦੇ ਭਰੂਚ ‘ਚ ਅਜਿਹਾ ਹੀ ਭੱਜ-ਦੌੜ ਵਰਗਾ ਨਜ਼ਾਰਾ ਦੇਖਣ ਨੂੰ ਮਿਲਿਆ, ਜਿੱਥੇ ਇਕ ਨਿੱਜੀ ਕੰਪਨੀ ‘ਚ 10 ਅਹੁਦਿਆਂ ਲਈ 1,800 ਲੋਕ ਪਹੁੰਚੇ।” ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਸਰਕਾਰ ਵੱਲੋਂ ਕੋਈ ਵੀ ਕਵਰ-ਅੱਪ ਇਸ ਤੱਥ ਨੂੰ ਨਹੀਂ ਬਦਲ ਸਕਦਾ ਕਿ ਲੱਖਾਂ ਨੌਕਰੀਆਂ ਮੰਗਣ ਵਾਲਿਆਂ ਨੂੰ ਬਹੁਤ ਘੱਟ ਨੌਕਰੀਆਂ ਨਾਲ ਰੋਜ਼ਾਨਾ ਸੜਕਾਂ ‘ਤੇ ਸੰਘਰਸ਼ ਕਰਨਾ ਪੈਂਦਾ ਹੈ। ਖੜਗੇ ਨੇ ਦੋਸ਼ ਲਾਇਆ ਕਿ ਭਾਜਪਾ ਦਾ ਹਰ ਸਾਲ 2 ਕਰੋੜ ਨੌਕਰੀਆਂ ਦਾ ਨਾਅਰਾ ਹਰ ਭਾਰਤੀ ਨਾਲ ਵਿਸ਼ਵਾਸਘਾਤ ਦਾ ਪ੍ਰਤੀਕ ਹੈ।