ਮੋਦੀ ਦੇ ਸਹੁੰ ਚੁੱਕ ਸਮਾਗਮ ’ਚ ਸ਼ਾਮਲ ਹੋਣਾ ਸਨਮਾਨ ਦੀ ਗੱਲ : ਮੁਈਜ਼ੂ

ਮਾਲੇ- ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੇ ਸ਼ਨੀਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣਾ ਉਨ੍ਹਾਂ ਲਈ ਸਨਮਾਨ ਦੀ ਗੱਲ ਹੋਵੇਗੀ ਅਤੇ ਇਸ ਇਤਿਹਾਸਕ ਮੌਕੇ ’ਤੇ ਉਨ੍ਹਾਂ ਦੀ ਭਾਰਤ ਯਾਤਰਾ ਦਰਸਾਏਗੀ ਕਿ ਦੁਵੱਲੇ ਸਬੰਧ ਸਕਾਰਾਤਮਕ ਦਿਸ਼ਾ ’ਚ ਅੱਗੇ ਵਧ ਰਹੇ ਹਨ। ਮੁਈਜ਼ੂ ਦੀਆਂ ਟਿੱਪਣੀਆਂ ਪ੍ਰਧਾਨ ਮੰਤਰੀ ਮੋਦੀ ਦੇ ਸਹੁੰ ਚੁੱਕ ਸਮਾਗਮ ’ਚ ਸ਼ਾਮਲ ਹੋਣ ਦਾ ਸੱਦਾ ਸਵੀਕਾਰ ਕਰਨ ਤੋਂ ਬਾਅਦ ਆਈਆਂ। ਮੋਦੀ ਐਤਵਾਰ ਯਾਨੀ ਅੱਜ ਅਹੁਦੇ ਦੀ ਸਹੁੰ ਚੁੱਕਣਗੇ ਅਤੇ ਪ੍ਰਧਾਨ ਮੰਤਰੀ ਵਜੋਂ ਇਹ ਉਨ੍ਹਾਂ ਦਾ ਲਗਾਤਾਰ ਤੀਜਾ ਕਾਰਜਕਾਲ ਹੋਵੇਗਾ।
ਮੁਈਜ਼ੂ ਦੇ ਦਫਤਰ ਨੇ ਇਕ ਬਿਆਨ ’ਚ ਕਿਹਾ ਕਿ ਰਾਸ਼ਟਰਪਤੀ ਮੁਈਜ਼ੂ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਭਾਰਤ ਸਰਕਾਰ ਦੇ ਮੰਤਰੀ ਮੰਡਲ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਦਾ ਸੱਦਾ ਸਵੀਕਾਰ ਕਰ ਲਿਆ ਹੈ। ਪਿਛਲੇ ਸਾਲ 17 ਨਵੰਬਰ ਨੂੰ ਅਹੁਦਾ ਸੰਭਾਲਣ ਤੋਂ ਬਾਅਦ ਚੀਨ ਪੱਖੀ ਰਾਸ਼ਟਰਪਤੀ ਦੀ ਭਾਰਤ ਦੀ ਇਹ ਪਹਿਲੀ ਅਧਿਕਾਰਤ ਯਾਤਰਾ ਹੋਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਭਾਰਤ ਨਾਲ ਸਬੰਧਾਂ ਨੂੰ ਹੋਰ ਮਜ਼ਬੂਤ ​​ਕਰਨ ਲਈ ਪ੍ਰਧਾਨ ਮੰਤਰੀ ਮੋਦੀ ਨਾਲ ਕੰਮ ਕਰਨ ਦੀ ਉਮੀਦ ਰੱਖਦੇ ਹਨ। ਮੁਈਜ਼ੂ ਨੇ ਕਿਹਾ ਕਿ ਮਾਲਦੀਵ-ਭਾਰਤ ਸਬੰਧ ਸਕਾਰਾਤਮਕ ਦਿਸ਼ਾ ਵੱਲ ਵਧ ਰਹੇ ਹਨ।