ਮੋਇਆਂ ਸਾਰ ਨਾ ਕਾਈ!

ਜ਼ਿੰਦਗੀ ਕਦੇ ਰੁਕਦੀ ਨਹੀਂ। ਚੁਰਾਸੀ ਦੇ ਸੰਤਾਪ ਦੇ ਉਹ ਤਿੰਨ ਦਿਨ ਅਸੀਂ ਕਿਵੇਂ ਕੱਟੇ ਇਹ ਉਹੀ ਜਾਣਦੇ ਹਨ। ਦਿੱਲੀ ਦੀ ਆਮ ਜਨਤਾ ਲਈ ਤਾਂ ਕੁਝ ਹੀ ਦਿਨਾਂ ਵਿੱਚ ਮਾਹੌਲ ਜਿਵੇਂ ਆਮ ਵਰਗਾ ਹੋਣ ਲੱਗਾ। ਪਰ ਸਾਡੇ ਲਈ੩? ਜ਼ਰਾ ਜਿੰਨੇ ਸਹਿਜ ਹੋਏ ਤਾਂ ਬਾਕੀ ਰਿਸ਼ਤੇਦਾਰਾਂ ਦੀ ਚਿੰਤਾ ਸਤਾਉਣ ਲੱਗੀ। ਦੰਗਿਆਂ ਤੋਂ ਬਾਅਦ ਕਿੰਨੇ ਦਿਨ ਤਕ ਮਾੜੀਆਂ ਖ਼ਬਰਾਂ ਆਉਂਦੀਆਂ ਰਹੀਆਂ। ਕਿਸੇ ਦਾ ਫ਼ੋਨ ਵੀ ਨਹੀਂ ਸੀ ਮਿਲ ਰਿਹਾ। ਫ਼ੋਨ ਇੰਨੇ ਆਮ ਵੀ ਨਹੀਂ ਸਨ ਉਦੋਂ। ਬੇਵਿਸ਼ਵਾਸੀ ਇੰਨੀ ਵਧ ਗਈ ਸੀ ਕਿ ਮੰਮੀ ਨਾ ਸਾਨੂੰ ਇਕੱਲੇ ਛੱਡ ਕੇ ਕਿਤੇ ਜਾਣਾ ਚਾਹੁੰਦੇ ਸਨ ਤੇ ਨਾ ਹੀ ਨਾਲ ਲੈ ਕੇ।
ਅਜੀਬ ਜਿਹੀ ਖ਼ਾਮੋਸ਼ੀ ਛਾਈ ਰਹਿੰਦੀ। ਮੌਤ ਵਰਗੇ ਸੰਨਾਟੇ ਨਾਲ ਭਰੀ ਹੋਈ। ਉਹ ਬਾਜ਼ਾਰ ਜਿੱਥੇ ਅਸੀਂ ਅੱਧੀ ਰਾਤ ਤਕ ਘੁੰਮਦੇ ਰਹਿੰਦੇ ਸੀ, ਦਿਨ ਵਿੱਚ ਵੀ ਖਾਣ ਨੂੰ ਆਉਂਦੇ। ਮਨਾਂ ਵਿੱਚ ਦਹਿਸ਼ਤ ਇਸ ਕਦਰ ਘਰ ਕਰ ਗਈ ਸੀ ਕਿ ਕਿਤੇ ਜਾਣ ਦਾ ਹੌਸਲਾ ਨਹੀਂ ਸੀ ਕਰ ਪਾ ਰਹੇ। ਅਜਾਇਬ ਵੀਰ ਜੀ ਦਾ ਘਰ ਨੇੜੇ ਹੀ ਸੀ। ਅਸੀਂ ਰੋਜ਼ ਉੱਥੇ ਹੀ ਇਕੱਠੇ ਹੁੰਦੇ। ਮਾਹੌਲ ਬਾਰੇ ਵਿੱਚਾਰ ਕਰਦੇ ਕਿ ਜੇ ਕਿਤੇ ਫ਼ੇਰ ਹਮਲਾ ਹੋ ਗਿਆ ਤਾਂ ਕਿਵੇਂ ਮੁਕਾਬਲਾ ਕਰਾਂਗੇ?
ਹੁਣ ਕਿਸੇ ‘ਤੇ ਵਿਸ਼ਵਾਸ ਹੀ ਨਹੀਂ ਸੀ ਰਿਹਾ। ਹਰ ਨਜ਼ਰ ਘੂਰਦੀ ਲੱਗਦੀ। ਆਪਣਾ ਸ਼ਹਿਰ ਹੀ ਬਿਗਾਨਿਆਂ ਵਾਂਗ ਲੱਗਦਾ। ਅਚਾਨਕ ਕਿਸੇ ਰਿਸ਼ਤੇਦਾਰ ਦਾ ਜ਼ਿਕਰ ਆ ਜਾਂਦਾ ਤਾਂ ਉਸ ਦੀ ਸਲਾਮਤੀ ਦੀ ਫ਼ਿਕਰ ਪੈ ਜਾਂਦੀ। ਕਿਆਸ ਲਗਾਉਂਦੇ ਜ਼ਿੰਦਾ ਵੀ ਹੋਵੇਗਾ ਕਿ ਨਹੀਂ? ਰੋਜ਼ ਨਵਾਂ ਤਾਣਾ-ਬਾਣਾ ਬੁਣਦੇ। ਸਕੂਲ ਜਾਣ ਨੂੰ ਦਿਲ ਤਾਂ ਨਹੀਂ ਸੀ ਕਰਦਾ, ਪਰ ਜਾਣਾ ਤਾਂ ਪੈਂਦਾ ਹੀ ਸੀ।
ਪਹਿਲੇ ਦਿਨ ਜਦੋਂ ਸਕੂਲ ਗਏ ਤਾਂ ਇੰਜ ਮਹਿਸੂਸ ਹੋਇਆ ਜਿਵੇਂ ਕਿਸੇ ਬਿਗਾਨੇ ਦੇਸ਼ ਆ ਗਏ ਹੋਈਏ। ਹਿੰਦੂ ਕੁੜੀਆਂ ਪਾਸਾ ਜਿਹਾ ਵੱਟਦੀਆਂ ਨਜ਼ਰ ਆਈਆਂ। ਸਾਡੇ ਨਾਲ ਗੱਲ ਤਾਂ ਕੀ ਕਰਨੀ ਸੀ ਸਗੋਂ ਕਮੈਂਟਸ ਵੀ ਪਾਸ ਕਰ ਜਾਂਦੀਆਂ। ਮੰਮੀ ਨੇ ਪਹਿਲਾਂ ਹੀ ਘਰੋਂ ਸਮਝਾ ਕੇ ਭੇਜਿਆ ਸੀ ਕਿ ਚਾਹੇ ਕੋਈ ਕੁਝ ਵੀ ਬੋਲੇ, ਜਵਾਬ ਨਹੀਂ ਦੇਣਾ। ਬਸ ਗੁੱਸੇ ਦਾ ਘੁੱਟ ਪੀ ਕੇ ਹੀ ਰਹਿ ਜਾਂਦੇ। ਕਲਾਸ ਵਿੱਚ ਹੁਣ ਹਿੰਦੂ ਤੇ ਸਿੱਖ ਕੁੜੀਆਂ ਦੇ ਅਲੱਗ-ਅਲੱਗ ਗਰੁੱਪ ਬਣ ਗਏ। ਹੁਣ ਸਕੂਲ ਵਿੱਚ ਦਿਲ ਵੀ ਨਹੀਂ ਸੀ ਲੱਗਦਾ। ਉਨ੍ਹਾਂ ਦਿਨਾਂ ਵਿੱਚ ਹੀ ਮੈਂ ਮਨ ਹੀ ਮਨ ਪੱਕਾ ਨਿਸ਼ਚਾ ਕਰ ਲਿਆ ਸੀ ਬਈ ਹੁਣ ਇੱਥੇ ਨਹੀਂ ਰਹਿਣਾ। ਪੰਜਾਬ ਹੀ ਚਲੇ ਜਾਣਾ ਹੈ। ਆਪਣੇ ਪੰਜਾਬ! ਉੱਥੇ ਸਾਰੇ ਆਪਣੇ ਤਾਂ ਹੋਣਗੇ। ਇਹੋ ਜਿਹਾ ਕੋਈ ਡਰ ਤਾਂ ਨੀ ਹੋਏਗਾ।
ਸ਼ਾਮ ਨੂੰ ਜਦੋਂ ਅਜਾਇਬ ਵੀਰ ਦੇ ਘਰ ਗਏ ਤਾਂ ਭਾਬੀ ਕਾਫ਼ੀ ਪ੍ਰੇਸ਼ਾਨ ਲੱਗ ਰਹੀ ਸੀ। ਮੰਮੀ ਨੇ ਪਿਆਰ ਨਾਲ ਪੁੱਛਿਆ ਤਾਂ ਉਹ ਰੋਣ ਲੱਗੀ। ਆਖੇ ਬੇਬੀ ਦਾ ਕੁਝ ਪਤਾ ਨਹੀਂ ਲੱਗ ਰਿਹਾ। ਬੇਬੀ, ਭਾਬੀ ਦੀ ਛੋਟੀ ਭੈਣ ਸੀ ਜੋ ਬੱਲਭਗੜ੍ਹ ਵਿਆਹੀ ਹੋਈ ਸੀ। ਉਹ ਸਮੇਤ ਪਰਿਵਾਰ ਬਠਿੰਡੇ ਗਈ ਹੋਈ ਸੀ। ਉਸ ਨੇ ਇੱਕ ਨਵੰਬਰ ਨੂੰ ਦਿੱਲੀ ਮੁੜਨਾ ਸੀ। ਸਭ ਨੇ ਇਹੀ ਸੋਚਿਆ ਕਿ ਮੌਕੇ ਦੀ ਨਜ਼ਾਕਤ ਸਮਝਦੇ ਹੋਏ ਉਹ ਦਿੱਲੀ ਨਹੀਂ ਆਏ ਹੋਣੇ। ਉਹ ਬਠਿੰਡੇ ਤੋਂ ਆਪਣੇ ਪਤੀ ਕੁਲਵੰਤ, ਬੇਟੇ ਅਮਨ ਤੇ ਦਿਓਰ ਵਿੱਕੀ ਨਾਲ ਲੱਖ ਮਨ੍ਹਾਂ ਕਰਨ ਦੇ ਬਾਵਜੂਦ ਦਿੱਲੀ ਦੀ ਗੱਡੀ ਚੜ੍ਹ ਆਈ ਸੀ।
ਸਾਰੇ ਕਿਸੇ ਵਿਆਹ ਵਿੱਚ ਸ਼ਾਮਲ ਹੋਣ ਲਈ ਬਠਿੰਡੇ ਗਏ ਹੋਏ ਸਨ। ਸਭ ਨੂੰ ਯਕੀਨ ਸੀ ਕਿ ਉਹ ਬਠਿੰਡੇ ਸਹੀ ਸਲਾਮਤ ਹੋਣਗੇ। ਪਰ ਜਦੋਂ ਬਠਿੰਡਿਓਂ ਫ਼ੋਨ ਆਇਆ ਕਿ ਬੇਬੀ ਤਾਂ ਉਸੇ ਦਿਨ ਬੱਲਭਗੜ੍ਹ ਆਪਣੇ ਸਹੁਰੇ ਘਰ ਜਾਣ ਲਈ ਪਰਤ ਆਈ ਸੀ ਤਾਂ ਸਭ ਨੂੰ ਫ਼ਿਕਰ ਹੋਣ ਲੱਗਾ। ਭਾਬੀ ਤੁਰੰਤ ਬੱਲਭਗੜ੍ਹ ਪਤਾ ਲੈਣ ਜਾਣ ਲਈ ਤਿਆਰ ਹੋ ਗਈ। ਮੰਮੀ ਤੇ ਤਾਈ ਜੀ ਵੀ ਨਾਲ ਚਲੇ ਗਏ। ਸਭ ਇੱਕ-ਦੂਜੇ ਦਾ ਸਹਾਰਾ ਸਨ।
ਸ਼ਾਮੀਂ ਵਾਪਸ ਆਏ ਤਾਂ ਉਹ ਬਹੁਤ ਮਾਯੂਸ ਸਨ। ਭਾਬੀ ਤਾਂ ਉੱਥੇ ਹੀ ਰਹਿ ਗਏ ਕਿਉਂਕਿ ਬੇਬੀ ਦੀ ਹਾਲਤ ਕਾਫ਼ੀ ਨਾਜ਼ੁਕ ਸੀ। ਬਹੁਤ ਪੁੱਛਣ ‘ਤੇ ਮੰਮੀ ਨੇ ਦੱਸਿਆ ਕਿ ਦਿੱਲੀ ਰੇਲਵੇ ਸਟੇਸ਼ਨ ‘ਤੇ ਬੇਬੀ ਦੇ ਦਿਓਰ ਤੇ ਪਤੀ ਨੂੰ ਮਾਰ ਦਿੱਤਾ ਗਿਆ। ਬਠਿੰਡੇ ਵਾਲੇ ਰਿਸ਼ਤੇਦਾਰਾਂ ਦੇ ਬਹੁਤ ਰੋਕਣ ‘ਤੇ ਵੀ ਉਹ ਨਹੀਂ ਸਨ ਰੁਕੇ। ਉਨ੍ਹਾਂ ਨੂੰ ਆਪਣੇ ਸੱਤਾਧਾਰੀ ਪਾਰਟੀ ਦੇ ਕਾਰਕੁਨ ਹੋਣ ਦਾ ਬਹੁਤ ਮਾਣ ਸੀ ਤੇ ਭਰੋਸਾ ਸੀ ਕਿ ਉਨ੍ਹਾਂ ਨੂੰ ਕੋਈ ਕੁਝ ਨਹੀਂ ਕਹਿ ਸਕਦਾ। ਕਾਫ਼ੀ ਸਰਦੇ-ਪੁੱਜਦੇ ਸਨ ਉਹ।
ਉਸ ਦਿਨ ਗੜਬੜ ਦੀ ਆਸ਼ੰਕਾ ਦੇ ਬਾਵਜੂਦ ਉਹ ਕੁਲਵੰਤ ਦੀ ਨੌਕਰੀ ਤੇ ਬੱਚੇ ਦੀ ਪੜ੍ਹਾਈ ਦਾ ਫ਼ਿਕਰ ਕਰਦੇ ਹੋਏ ਵਾਪਸ ਗੱਡੀ ਚੜ੍ਹ ਆਏ। ਵਰ੍ਹਿਆਂ ਤੋਂ ਦਿੱਲੀ ਦੇ ਨੇੜੇ ਰਹਿੰਦੇ ਹੋਏ ਉਨ੍ਹਾਂ ਨੂੰ ਇੰਨਾ ਵਿਸ਼ਵਾਸ ਸੀ ਕਿ ਦਿੱਲੀ ਵਿੱਚ ਕੋਈ ਉਨ੍ਹਾਂ ਦੀ ਵਾਅ ਵੱਲ ਵੀ ਨਹੀਂ ਝਾਕ ਸਕਦਾ। ਬੇਬੀ ਦੇ ਦਿਓਰ ਨੇ ਵੀ ਆਸਟਰੇਲੀਆ ਜਾਣਾ ਸੀ ਤੇ ਉਹ ਵੀ ਜ਼ਿੱਦ ਕਰਕੇ ਨਾਲ ਹੀ ਗੱਡੀ ਚੜ੍ਹ ਆਇਆ। ਉਸ ਨੇ ਦਿੱਲੀ ‘ਚ ਕਈ ਦੋਸਤਾਂ ਨੂੰ ਵੀ ਮਿਲਣਾ ਸੀ। ਉਹ ਆਸਟਰੇਲੀਆ ਜਾਣ ਤੋਂ ਪਹਿਲਾਂ ਆਪਣੇ ਦੋਸਤਾਂ ਨਾਲ ਖ਼ੂਬ ਮੌਜ ਮਸਤੀ ਕਰ ਲੈਣਾ ਚਾਹੁੰਦਾ ਸੀ।
ਜਿਉਂ-ਜਿਉਂ ਗੱਡੀ ਅੱਗੇ ਤੁਰਦੀ ਗਈ। ਦਿੱਲੀ ‘ਚ ਵਾਪਰ ਰਹੇ ਕਹਿਰ ਦੀਆਂ ਕਨਸੋਆਂ ਮਿਲਣ ਲੱਗੀਆਂ। ਫ਼ਿਰ ਵੀ ਉਹ ਅਫ਼ਵਾਹਾਂ ਸਮਝ ਕੇ ਝਟਕ ਦਿੰਦੇ। ਦਿਲ ਦੀ ਧੜਕਣ ਤਾਂ ਵਧ ਹੀ ਰਹੀ ਸੀ। ਬੇਬੀ ਅੰਦਰੋ-ਅੰਦਰੀ ਬਹੁਤ ਡਰ ਰਹੀ ਸੀ, ਪਰ ਕੁਝ ਕਹਿਣ ਦਾ ਹੌਸਲਾ ਵੀ ਨਹੀਂ ਸੀ ਜੁਟਾ ਪਾ ਰਹੀ। ਆਖ਼ਰ ਗੱਡੀ ਦਿੱਲੀ ਪ੍ਰਵੇਸ਼ ਕਰ ਗਈ। ਬੇਬੀ ਨੇ ਕੁਲਵੰਤ ਨੂੰ ਖਦਸ਼ਾ ਜ਼ਾਹਿਰ ਕਰ ਹੀ ਦਿੱਤਾ, ”ਪਤਾ ਨਹੀਂ ਕਿਉਂ ਮੇਰਾ ਦਿਲ ਬਹੁਤ ਘਬਰਾ ਰਿਹਾ ਏ।”
”ਐਵੇਂ ਨਾ ਦਿਲ ਛੋਟਾ ਕਰ। ਬਸ ਆਪਾਂ ਘੰਟੇ-ਡੇਢ ਵਿੱਚ ਘਰ ਪਹੁੰਚ ਈ ਜਾਣਾ।” ਕੁਲਵੰਤ ਬੋਲਿਆ।
ਕੁਲਵੰਤ ਵੀ ਅੰਦਰੋਂ ਡਰਿਆ ਹੋਇਆ ਸੀ, ਪਰ ਹੌਸਲਾ ਬਣਾਈ ਰੱਖਣ ਲਈ ਉਸ ਨੇ ਧਰਵਾਸ ਦੇਣਾ ਹੀ ਠੀਕ ਸਮਝਿਆ। ਜਿਉਂ-ਜਿਉਂ ਗੱਡੀ ਸਟੇਸ਼ਨ ਦੇ ਨਜ਼ਦੀਕ ਆ ਰਹੀ ਸੀ, ਫ਼ਿਕਰ ਕੁਲਵੰਤ ਨੂੰ ਵੀ ਹੋ ਰਿਹਾ ਸੀ। ਗੱਡੀ ਦੀਆਂ ਬਰੇਕਾਂ ਜ਼ੋਰ ਨਾਲ ਚੀਕੀਆਂ। ਸਟੇਸ਼ਨ ‘ਤੇ ਪਹੁੰਚਦੇ ਹੀ ਹਜ਼ਾਰਾਂ ਦੀ ਭੀੜ ਗੱਡੀ ਵੱਲ ਉਮੜ ਪਈ। ਜਿਸ ਦਾ ਡਰ ਸੀ ਉਹੀ ਗੱਲ ਸੱਚ ਹੁੰਦੀ ਜਾਪੀ।
ਲੋਕ ਸੋਟੀਆਂ, ਰਾਡਾਂ, ਤਲਵਾਰਾਂ ਤੇ ਹਾਕੀਆਂ ਚੁੱਕੀ ਗੱਡੀ ਵੱਲ ਭੱਜੇ ਆ ਰਹੇ ਸਨ ਕਿਉਂਕਿ ਇਹ ਗੱਡੀ ਪੰਜਾਬ ਤੋਂ ਆਈ ਸੀ ਤਾਂ ਇਸ ਵਿੱਚ ਪੰਜਾਬੀਆਂ ਦਾ ਹੋਣਾ ਲਾਜ਼ਮੀ ਸੀ। ਰੇਲਵੇ ਸਟੇਸ਼ਨ ‘ਤੇ ਸ਼ੋਰ-ਸ਼ਰਾਬਾ ਮਚਿਆ ਹੋਇਆ ਸੀ। ਹਰ ਪਾਸੇ ਚੀਕ-ਚਿਹਾੜਾ ਸੁਣਾਈ ਦੇ ਰਿਹਾ ਸੀ।
‘ਇੰਦਰਾ ਗਾਂਧੀ ਜ਼ਿੰਦਾਬਾਦ! ਇੰਦਰਾ ਗਾਂਧੀ ਅਮਰ ਰਹੇ! ਖ਼ੂਨ ਦਾ ਬਦਲਾ ਖ਼ੂਨ!’ ਜਿਹੇ ਨਾਅਰਿਆਂ ਨਾਲ ਸਟੇਸ਼ਨ ਗੂੰਜਣ ਲੱਗਾ। ਬੇਬੀ ਦੇ ਤਾਂ ਜਿਵੇਂ ਹੋਸ਼ ਹੀ ਉੱਡ ਗਏ। ਕੁਲਵੰਤ ਨੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਸੰਭਾਲਿਆ ਤੇ ਬੇਬੀ ਨੂੰ ਵਿੱਕੀ ਨੂੰ ਕਿਤੇ ਛੁਪਾ ਦੇਣ ਲਈ ਕਿਹਾ। ਉਸ ਨੇ ਵਿੱਕੀ ਨੂੰ ਸੀਟ ਥੱਲੇ ਲੁਕਾ ਦਿੱਤਾ।
ਕੁਲਵੰਤ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਉਹ ਕੀ ਕਰੇ। ਕਿਤੇ ਲੁਕਣ ਬਾਰੇ ਸੋਚ ਹੀ ਰਿਹਾ ਸੀ ਕਿ ਭੱਜੇ ਆਉਂਦੇ ਫ਼ਸਾਦੀ ਨੇ ਰਾਡ ਸਿੱਧੀ ਉਸ ਦੇ ਸਿਰ ਵਿੱਚ ਮਾਰੀ।
‘ਆਹ੩!’ ਉਹ ਥਾਏਂ ਡਿੱਗ ਪਿਆ। ਬੇਬੀ ਚੀਕ ਮਾਰ ਕੇ ਉੱਤੇ ਡਿੱਗ ਪਈ। ਪਰ ਕਿੰਨੇ ਹੀ ਫ਼ਸਾਦੀ ਘੇਰਾ ਪਾ ਚੁੱਕੇ ਸਨ। ਉਨ੍ਹਾਂ ਨੇ ਬੇਬੀ ਨੂੰ ਖਿੱਚ ਕੇ ਪਾਸੇ ਕਰ ਲਿਆ ਤੇ ਕੁਲਵੰਤ ‘ਤੇ ਹਲਕਾਏ ਕੁੱਤਿਆਂ ਵਾਂਗ ਟੁੱਟ ਕੇ ਪੈ ਗਏ। ਥਾਏਂ ਖ਼ਤਮ ਕਰ ਦਿੱਤਾ੩!
ਬੇਬੀ ਤਾਂ ਜਿਵੇਂ ਸੁੰਨ ਹੀ ਹੋ ਗਈ। ਹੁਣੇ ਹੁਣੇ ਸਹੀ ਸਲਾਮਤ ਖੜ੍ਹਾ ਪਤੀ ਬੇਜਾਨ ਉਸ ਦੇ ਕਦਮਾਂ ਵਿੱਚ ਪਿਆ ਸੀ। ਉਸ ਦੀਆਂ ਨਜ਼ਰਾਂ ਇੱਕ ਟਕ ਉਸ ‘ਤੇ ਟਿਕੀਆਂ ਸਨ, ਸ਼ਾਇਦ ਉਹ ਉੱਠ ਖਲੋਵੇਗਾ। ਹੋਣੀ ਤਾਂ ਵਰਤ ਚੁੱਕੀ ਸੀ। ਭੀੜ ਕਾਹਲੀ ਨਾਲ ਸਭ ਡੱਬਿਆਂ ਵਿੱਚ ਵੜ ਗਈ। ਸਿੱਖਾਂ ਨੂੰ ਉਹ ਲੱਭ-ਲੱਭ ਕੇ ਖਿੱਚ ਲਿਆਉਂਦੇ ਤੇ ਮਾਰ ਦਿੰਦੇ। ਇੱਥੋਂ ਤਕ ਕਿ ਬੱਚਿਆਂ ਤਕ ਨੂੰ ਉਨ੍ਹਾਂ ਨਾ ਬਖ਼ਸ਼ਿਆ।
ਬੇਬੀ ਨੂੰ ਅਚਾਨਕ ਵਿੱਕੀ ਦਾ ਖ਼ਿਆਲ ਆਇਆ। ਉਹ ਸੀਟ ਥੱਲੇ ਹੀ ਲੁਕਿਆ ਹੋਇਆ ਸੀ। ਬੇਬੀ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਕੀ ਕਰੇ। ਉਹ ਬੁੱਤ ਬਣੀ ਉੱਥੇ ਹੀ ਖੜ੍ਹੀ ਰਹੀ। ਫ਼ਸਾਦੀਆਂ ਦਾ ਇੱਕ ਹੋਰ ਟੋਲਾ ਆ ਵੜਿਆ। ਭੱਜੇ ਜਾਂਦੇ ਇੱਕ ਫ਼ਸਾਦੀ ਦੀ ਨਜ਼ਰ ਵਿੱਕੀ ਦੇ ਪੈਰ ‘ਤੇ ਪੈ ਗਈ।
‘ਓਏ ਸੀਖ ਛੁਪਾ ਹੂਆ ਹੈ ਇਧਰ੩!’
ਸ਼ੋਰ ਮਚਾ ਕੇ ਉਸ ਨੇ ਕਈ ਫ਼ਸਾਦੀਆਂ ਨੂੰ ਬੁਲਾ ਲਿਆ। ਉਨ੍ਹਾਂ ਵਿੱਕੀ ਨੂੰ ਬਾਹਰ ਖਿੱਚ ਲਿਆ। ਵਿੱਕੀ ਦਾ ਮੂੰਹ ਇਕਦਮ ਪੀਲਾ ਪੈ ਗਿਆ। ਬੇਬੀ ਹੱਥ ਜੋੜ ਕੇ ਮਿੰਨਤਾਂ ਕਰਨ ਲੱਗੀ, ਪਰ ਉਸ ਦੀ ਕਿਸੇ ਨਾ ਸੁਣੀ। ਦੰਗਾਈ ਟੁੱਟ ਕੇ ਵਿੱਕੀ ‘ਤੇ ਪੈ ਗਏ। ਉਸ ਨੂੰ ਗੱਡੀ ਤੋਂ ਬਾਹਰ ਖਿੱਚ ਕੇ ਲੈ ਗਏ। ਕਿਸੇ ਨੇ ਉਸ ਦੇ ਗਲ ਵਿੱਚ ਟਾਇਰ ਪਾ ਦਿੱਤਾ। ਦੂਜੇ ਨੇ ਉਸ ਦੇ ਕੇਸ ਖੋਲ੍ਹ ਦਿੱਤੇ। ਉਹ ਪੱਗ ਜਿਸ ਨੂੰ ਵਿੱਕੀ ਘੰਟਾ-ਘੰਟਾ ਲਾ ਕੇ ਬੰਨ੍ਹਦਾ ਸੀ, ਪਰ੍ਹਾਂ ਵਗ੍ਹਾ ਮਾਰੀ। ਪਲਾਂ ‘ਚ ਹੀ ਅੱਗ ਦਾ ਇੱਕ ਭਾਂਬੜ ਉੱਠਿਆ। ਬੇਬੀ ਤਾਂ ਸਿਰਫ਼ ਚੀਕਾਂ ਹੀ ਸੁਣ ਸਕੀ। ਹਿੰਮਤ ਜਵਾਬ ਦੇ ਗਈ ਉਸ ਦੀ। ਉਹ ਬੇਹੋਸ਼ ਹੋ ਕੇ ਡਿੱਗ ਪਈ।
ਬੇਬੀ ਕਿੰਨੀ ਦੇਰ ਬੇਹੋਸ਼ ਰਹੀ? ਉਸ ਨਹੀਂ ਪਤਾ। ਹੋਸ਼ ਆਈ ਤਾਂ ਅਮਨ ਪੈਰਾਂ ਵਿੱਚ ਬੈਠਾ ਰੋ ਰਿਹਾ ਸੀ। ਪਤਾ ਨਹੀਂ ਕਿਸ ਚੰਗੇ ਸਮੇਂ ਉਸ ਨੇ ਅਮਨ ਦੇ ਗੁੱਤਾਂ ਕਰ ਦਿੱਤੀਆਂ ਸਨ। ਫ਼ਸਾਦੀ ਸ਼ਾਇਦ ਲੜਕੀ ਸਮਝ ਕੇ ਹੀ ਛੱਡ ਗਏ। ਉਸ ਦਾ ਰੋ-ਰੋ ਕੇ ਬੁਰਾ ਹਾਲ ਸੀ। ਬੇਬੀ ਨੇ ਸੁਰਤ ਸੰਭਾਲੀ ਤਾਂ ਦ੍ਰਿਸ਼ ਬਹੁਤ ਭਿਆਨਕ ਸੀ। ਪੂਰਾ ਡੱਬਾ ਖ਼ੂਨੋ-ਖ਼ੂਨ ਹੋਇਆ ਪਿਆ ਸੀ। ਥਾਂ-ਥਾਂ ਲਾਸ਼ਾਂ ਪਈਆਂ ਸਨ। ਕੋਈ ਸਹਿਕ ਰਿਹਾ ਸੀ ਤੇ ਕੋਈ ਪਾਣੀ ਪਾਣੀ ਕੁਰਲਾ ਰਿਹਾ ਸੀ।
ਉਹ ਕਿੰਨੀ ਦੇਰ ਕੁਲਵੰਤ ਦੇ ਗੱਲ ਲੱਗ ਰੋਂਦੀ ਰਹੀ! ਪਤਾ ਨਹੀਂ। ਕਦੇ ਨਬਜ਼ ਫ਼ੜ ਕੇ ਦੇਖਦੀ। ਸ਼ਾਇਦ ਚੱਲਦੀ ਹੋਵੇ। ਕਦੇ ਨੱਕ ਅੱਗੇ ਹੱਥ ਰੱਖਦੀ। ਸ਼ਾਇਦ ਸਾਹ ਚੱਲ ਪਵੇ। ਫ਼ਿਰ ਵਿੱਕੀ ਨੂੰ ਦੇਖ ਕੇ ਰੋ ਪੈਂਦੀ। ਉਸ ਦਾ ਅੱਧ ਸੜਿਆ ਸਰੀਰ ਸਟੇਸ਼ਨ ‘ਤੇ ਪਿਆ ਸੀ। ਆਖ਼ਰ ਥੱਕ ਹਾਰ ਕੇ ਅਮਨ ਨੂੰ ਗੋਦੀ ਵਿੱਚ ਲੈ ਕੇ ਬੈਠ ਗਈ। ਰੋ ਰੋ ਕੇ ਸੌਂ ਗਿਆ ਸੀ ਮਾਸੂਮ। ਬੇਬੀ ਸੁੰਨ ਹੋਈ ਬੁੱਤ ਬਣੀ ਬੈਠੀ ਸੀ। ਅਚਾਨਕ ਪੁਲੀਸ ਵਾਲੇ ਆਏ ਤੇ ਉਸ ਨੂੰ ਜ਼ਬਰਦਸਤੀ ਗੱਡੀ ਵਿੱਚ ਬਿਠਾ ਕੇ ਲੈ ਗਏ। ਉਹ ਉਸ ਤੋਂ ਘਰ ਦਾ ਪਤਾ ਪੁੱਛਦੇ ਰਹੇ। ਮਸਾਂ ਉਹ ਘਰ ਦਾ ਪਤਾ ਦੱਸ ਸਕੀ। ਇਸ਼ਾਰਿਆਂ ਨਾਲ ਹੀ ਉਨ੍ਹਾਂ ਨੂੰ ਰਾਹ ਦੱਸਦੀ ਰਹੀ ਤੇ ਪੁਲੀਸ ਵਾਲੇ ਘਰ ਦੇ ਅੱਗੇ ਉਤਾਰ ਕੇ ਚਲੇ ਗਏ।
ਜਿਉਂ ਹੀ ਉਸ ਨੇ ਘੰਟੀ ਮਾਰੀ ਉਸ ਦੀ ਸੱਸ ਨੇ ਦਰਵਾਜ਼ੇ ਦੀਆਂ ਝੀਥਾਂ ਥਾਣੀਂ ਵੇਖਿਆ ਤੇ ਝੱਟ ਦਰਵਾਜ਼ਾ ਖੋਲ੍ਹ ਦਿੱਤਾ। ਸੱਸ ਉਸ ਨੂੰ ਇਕੱਲੀ ਇਸ ਹਾਲਤ ਵਿੱਚ ਦੇਖ ਕੇ ਠਿਠਕ ਗਈ। ਸੱਸ ਦੇ ਗਲ ਲੱਗ ਉਸ ਨੇ ਜ਼ੋਰ ਦੀ ਚੀਕ ਮਾਰੀ। ਸਹੁਰਾ ਵੀ ਭੱਜਾ-ਭੱਜਾ ਆਇਆ, ਪਰ ਉਸ ਦੀ ਹਾਲਤ ਸਾਰੀ ਕਹਾਣੀ ਕਹਿ ਰਹੀ ਸੀ। ਰੋਂਦਿਆਂ-ਰੋਂਦਿਆਂ ਉਸ ਨੇ ਕੀ ਦੱਸਿਆ ਤੇ ਕੀ ਨਹੀਂ, ਉਸ ਨੂੰ ਨਹੀਂ ਸੀ ਪਤਾ।
ਡਾ. ਜਤਿੰਦਰ ਕੌਰ