ਅਭੈ ਦਿਓਲ ਨੇ 2005 ‘ਚ ਆਈ ਫ਼ਿਲਮ ਸੋਚਾ ਨਾ ਥਾ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਅਭੈ ਲਗਾਤਾਰ ਕੁੱਝ-ਕੁੱਝ ਸਮੇਂ ਬਾਅਦ ਵੱਖ-ਵੱਖ ਫ਼ਿਲਮਾਂ ਰਾਹੀਂ ਪਰਦੇ ‘ਤੇ ਨਜ਼ਰ ਆਉਂਦਾ ਰਿਹਾ, ਪਰ ਹਰ ਵਾਰ ਇਸ ਸਮੇਂ ਵਿਚਲੀ ਦੂਰੀ ਵਧਦੀ ਗਈ। ਅਭੈ ਨੇ ਬੌਲੀਵੁਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਅੱਜ ਕੱਲ੍ਹ ਉਹ ਆਪਣੀ ਅਗਲੀ ਵੈੱਬ ਸੀਰੀਜ਼ ਚੌਪਸਟਿਕਸ ਲਈ ਸੁਰਖ਼ੀਆਂ ‘ਚ ਹੈ। ਅਭੈ ਇਸ ਸੀਰੀਜ਼ ਦੀ ਪ੍ਰਮੋਸ਼ਨ ‘ਚ ਕੋਈ ਕਮੀ ਨਹੀਂ ਰਹਿਣ ਦੇਣੀ ਚਾਹੁੰਦਾ।
ਹਾਲ ਹੀ ‘ਚ ਇੱਕ ਇੰਟਰਵਿਊ ਦੌਰਾਨ ਅਭੈ ਨੇ ਦੱਸਿਆ ਕਿ ਉਹ ਇੰਨੇ ਸਮੇਂ ਤੋਂ ਵੱਡੇ ਪਰਦੇ ਤੋਂ ਕਿਉਂ ਦੂਰ ਹੈ। ਅਭੈ ਦਿਓਲ ਨੇ ਕਿਹਾ, ”ਮੈਨੂੰ ਕੋਈ ਕੰਮ ਹੀ ਨਹੀਂ ਦੇ ਰਿਹਾ ਹੈ, ਅਤੇ ਜਿਸ ਤਰ੍ਹਾਂ ਦੇ ਪ੍ਰੌਜੈਕਟ ‘ਤੇ ਮੈਂ ਕੰਮ ਕਰਨਾ ਚਾਹੁੰਦਾ ਹਾਂ ਉਸ ਤਰ੍ਹਾਂ ਦੀਆਂ ਫ਼ਿਲਮਾਂ ਅੱਜਕੱਲ੍ਹ ਘੱਟ ਹੀ ਬਣਦੀਆਂ ਹਨ।” ਅਭੈ ਨੇ ਕਿਹਾ, ”ਮੈਂ ਇਹ ਨਹੀਂ ਆਖ ਰਿਹਾ ਹਾਂ ਕਿ ਮੈਂ ਆਪਣੇ ਅੱਗੇ ਖ਼ੁਦ ਹੀ ਮੁਸ਼ਕਿਲਾਂ ਖੜ੍ਹੀਆਂ ਕੀਤੀਆਂ ਹੋਈਆਂ ਹਨ। ਮੈਂ ਹਰ ਤਰ੍ਹਾਂ ਦਾ ਰੋਲ ਨਿਭਾਉਣ ਲਈ ਤਿਆਰ ਹਾਂ, ਅਤੇ ਜਿਹੜਾ ਵੀ ਮੈਨੂੰ ਕੰਮ ਕਰਨ ਲਈ ਉਤਸ਼ਾਹਿਤ ਕਰੇ, ਮੈਂ ਉਹੀ ਪ੍ਰੌਜੈਕਟ ਚੁਣਨ ਲਈ ਤਿਆਰ ਹਾਂ।”
ਅਭੈ ਨੇ ਕਿਹਾ, ”ਇਹ ਇੱਕ ਨਿਯਮ ਹੈ ਜਿਸ ਨੂੰ ਮੈਂ ਖ਼ੁਦ ਬਣਾਇਆ ਹੈ। ਮੈਨੂੰ ਜਿਸ ਤਰ੍ਹਾਂ ਦੀਆਂ ਕਹਾਣੀਆਂ ਪਸੰਦ ਹਨ, ਉਹ ਅਕਸਰ ਨਵੇਂ ਡਾਇਰੈਕਟਰ ਦੀਆਂ ਹੁੰਦੀਆਂ ਹਨ। ਇਸ ਲਈ ਅਜਿਹੀਆਂ ਫ਼ਿਲਮਾਂ ਦਾ ਪੂਰਾ ਹੋਣਾ ਜਾਂ ਨਾ ਹੋਣਾ ਕੁੱਝ ਤੈਅ ਨਹੀਂ ਕੀਤਾ ਜਾ ਸਕਦਾ।” ਅਭੈ ਨੇ ਕਿਹਾ, ”ਮੈਂ ਅਜੇ ਆਪਣੀਆਂ ਪ੍ਰਾਪਤੀਆਂ ਦਾ ਜਸ਼ਨ ਨਹੀਂ ਮਨਾ ਸਕਦਾ ਕਿਉਂਕਿ ਮੈਂ ਹੁਣ ਤਕ ਕੋਈ ਐਵਾਰਡ ਨਹੀਂ ਜਿਤਿਆ ਅਤੇ ਨਾ ਹੀ ਕੋਈ ਹਿੱਟ ਪ੍ਰੌਜੈਕਟ ਕੀਤਾ ਹੈ। ਇਸ ਲਈ ਮੈਂ ਅਜੇ ਕੋਈ ਵੀ ਜਸ਼ਨ ਨਹੀਂ ਮਨਾ ਸਕਦਾ।”