ਗੁਣਗੁਣਾ ਜਿਹਾ ਦਿਨ ਹੈ। ਧੁੱਪ ਵੀ ਬੜੀ ਤੇਜ਼ ਤੇ ਠੰਢ ਵੀ ਬਹੁਤ ਹੈ, ਪਰ ਸ਼ਹਿਰ ਸੁਸਤ ਜਿਹੀ ਚਾਲ ਚੱਲ ਰਿਹਾ ਹੈ। ਸੜਕ ਕਈ ਚਿਰ ਤੋਂ ਉੱਥੇ ਦੀ ਉੱਥੇ ਹੀ ਖੜ੍ਹੀ ਹੈ। ਸਮਝ ਨਹੀਂ ਆ ਰਹੀ ਕਿ ਸ਼ਹਿਰ ਸੜਕ ਨਾਲ ਚੱਲ ਰਿਹਾ ਹੈ ਜਾਂ ਫ਼ਿਰ ਸੜਕ ਸ਼ਹਿਰ ਨੂੰ ਚਲਾ ਰਹੀ ਹੈ। ਪਰ ਕਈ ਵਰ੍ਹਿਆਂ ਤੋਂ ਉੱਥੇ ਦੀ ਉੱਥੇ ਹੀ ਖੜ੍ਹੀ ਹੈ। ਲੋਕ ਬੜੀ ਤੇਜ਼ੀ ਨਾਲ ਸੜਕ ‘ਤੇ ਆ ਜਾ ਰਹੇ ਹਨ। ਇੱਕ ਪਾਸੇ ਕਾਲੇ ਪੀਲੇ ਆਟੋ ਭੂੰਡਾਂ ਵਾਂਗ ਆ ਜਾ ਰਹੇ ਹਨ। ਸਮਝ ਇਹ ਵੀ ਨਹੀਂ ਆ ਰਹੀ ਕਿ ਇਹ ਭੂੰਡਾਂ ਵਰਗੇ ਟੈਂਪੂ ਸ਼ਹਿਰ ਨੂੰ ਚਲਾ ਰਹੇ ਹਨ ਜਾਂ ਫ਼ਿਰ ਇਹ ਸ਼ਹਿਰ ਇਨ੍ਹਾਂ ਭੂੰਡਾਂ ਨੂੰ ਚਲਾ ਰਿਹਾ ਹੈ, ਪਰ ਸ਼ਹਿਰ ਇਉਂ ਲੱਗਦਾ ਹੈ ਜਿਵੇਂ ਸੁਸਤ ਚਾਲ ਚੱਲ ਰਿਹਾ ਹੈ। ਸ਼ਹਿਰ ਦਾ ਰਾਖਾ ਸਫ਼ੈਦ ਕਮੀਜ਼ ਤੇ ਨੀਲੀ ਪੈਂਟ ਪਾ ਕੇ ਭੂੰਡਾਂ ਭਾਵ ਟੈਂਪੂਆਂ ਦੇ ਮਾਲਕਾਂ ਤੋਂ ਹਰ ਰੋਜ਼ ਵਾਂਗ ਦਸ-ਦਸ ਰੁਪਏ ਦੀ ਉਗਰਾਹੀ ਕਰ ਰਿਹਾ ਹੈ ਤੇ ਉਨ੍ਹਾਂ ਨੂੰ ਧਰਵਾਸ ਦੇ ਰਿਹਾ ਹੈ ਕਿ ਤੁਹਾਨੂੰ ਮੇਰੇ ਹੁੰਦਿਆਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਮੇਰੀ ਮਾਂ ਮੇਰੇ ਛੋਟੇ ਭਰਾ ਨੂੰ ਪੁੱਛ ਰਹੀ ਹੈ, ”ਕਾਕਾ, ਦੁਪਹਿਰ ਨੂੰ ਰੋਟੀ ਨਾਲ ਕੀ ਖਾਵੇਂਗਾ?” ਤਾਂ ਉਹ ਹਰ ਰੋਜ਼ ਵਾਂਗ ਆਖਦਾ ਹੈ ਕਿ ਮੈਨੂੰ ਭੁੱਖ ਨਹੀਂ ਹੈ। ਮਾਂ ਕਲਪ-ਕਲਪ ਜਾਂਦੀ ਹੈ, ”ਰੋਟੀ ਨਹੀਂ ਖਾਵੇਂਗਾ ਤਾਂ ਤਕੜਾ ਕਿਵੇਂ ਹੋਵੇਂਗਾ! ਮੈਂ ਅੱਜ ਤੇਰੇ ਪਾਪਾ ਨੂੰ ਕਹਿ ਹੀ ਦੇਣਾ ਹੈ ਕਿ ਇਹ ਰੋਟੀ ਨਹੀਂ ਖਾਂਦਾ।” ”ਜਾਹ ਕਹਿ ਦੇ੩,” ਉਹ ਬੇਪਰਵਾਹੀ ਨਾਲ ਆਖਦਾ ਹੈ। ਮਾਂ ਗੁੱਸੇ ਵਿੱਚ ਪਿਤਾ ਜੀ ਨੂੰ ਫ਼ੋਨ ਮਿਲਾਉਣ ਦਾ ਢੋਂਗ ਕਰਦੀ ਹੈ ਤੇ ਉਹ ਫ਼ਿਰ ਪਿਆਰ ਜਿਹਾ ਜਤਾ ਕੇ ਮਾਂ ਨੂੰ ਆਖਦਾ ਹੈ, ”ਮਾਂ, ਕੀ ਤੂੰ ਵੀ ਐਵੇਂ ਛੋਟੀਆਂ-ਛੋਟੀਆਂ ਗੱਲਾਂ ਲੈ ਕੇ ਬਹਿ ਜਾਂਦੀ ਹੈਂ, ਆਪੇ ਖਾ ਲਵਾਂਗਾ।” ਤੇ ਮਾਂ ਦਾ ਇੱਕ ਪਿਆਰ ਭਰਿਆ ਚੁੰਮਣ ਲੈ ਕੇ ਚੁਬਾਰੇ ‘ਤੇ ਫ਼ਿਰ ਪਤੰਗ ਉਡਾਉਣ ਲਈ ਚਲਾ ਜਾਂਦਾ ਹੈ। ਕੁਝ ਦੇਰ ਬਾਅਦ ਮਾਂ ਰੋਟੀ ਬਣਾ ਕੇ ਮੈਨੂੰ ਪਲੇਟ ਵਿੱਚ ਪਾ ਕੇ ਦੇ ਦਿੰਦੀ ਹੈ ਤੇ ਛੋਟੇ ਨੂੰ ਆਵਾਜ਼ ਮਾਰ ਕੇ ਬੁਲਾਉਂਦੀ ਹੈ, ”ਕਾਕਾ, ਰੋਟੀ ਖਾ ਲੈ। ਬਣ ਗਈ ਐ।” ਉਹ ਕਿੰਨੀ ਦੇਰ ਥੱਲੇ ਨਹੀਂ ਆਉਂਦਾ ਤਾਂ ਮਾਂ ਫ਼ਿਰ ਕਲਪਦੀ ਹੈ, ”ਤੈਨੂੰ ਸ਼ਰਮ ਨਹੀਂ ਆਉਂਦੀ ਢੀਠਾ? ਰੋਟੀ ਨੂੰ ਇੰਤਜ਼ਾਰ ਨਹੀਂ ਕਰਵਾਈਦਾ, ਚੰਗੀ ਗੱਲ ਨਹੀਂ ਹੁੰਦੀ। ਅਕਲ ਕਰ, ਕੁਝ ਤਾਂ ਅਕਲ ਕਰ।” ”ਮੇਰੀ ਪਤੰਗ ਬੜੀ ਦੂਰ ਚੜ੍ਹੀ ਹੋਈ ਏ,” ਉੱਪਰੋਂ ਚੁਬਾਰੇ ਤੋਂ ਕਾਕੇ ਦੀ ਆਵਾਜ਼ ਆਉਂਦੀ ਹੈ। ਮਾਂ ਰੋਜ਼ ਵਾਂਗ ਫ਼ਿਰ ਤੋਂ ਆਪਣਾ ਪੈਰ ਪਟਕਦੀ ਹੈ ਤੇ ਫ਼ਿਰ ਆਖਦੀ ਹੈ, ”ਮੈਂ ਅੱਜ ਰਾਤ ਨੂੰ ਨਹੀਂ ਬਣਾਉਣੀ ਤੇਰੀ ਰੋਟੀ। ਇਹੋ ਬੇਹੀਆਂ ਰੋਟੀਆਂ ਹੀ ਖਾਵੇਂਗਾ।” ਮਾਂ ਥੱਲੇ ਪੈਰ ਪਟਕੀ ਜਾਂਦੀ ਹੈ ਤੇ ਕਾਕਾ ਉੱਪਰ ਚੁਬਾਰੇ ‘ਤੇ ਆਪਣੀ ਪਤੰਗ ਨੂੰ ਢਿੱਲ ਦੇਈ ਜਾ ਰਿਹਾ ਹੈ। ”ਪਿਉ ਨੇ ਬੜੀ ਢਿੱਲ ਦਿੱਤੀ ਹੋਈ ਐ। ਆਉਣ ਦੇ ਅੱਜ ਇਹਦੇ ਪਿਉ ਨੂੰ, ਕਰਦੀ ਹਾਂ ਉਸ ਨਾਲ ਗੱਲ,” ਉਹ ਫ਼ਿਰ ਕਲਪ ਜਾਂਦੀ ਹੈ। ਕਾਕਾ ਥੋੜ੍ਹੀ ਦੇਰ ਬਾਅਦ ਥੱਲੇ ਆ ਕੇ ਰਸੋਈ ਵਿੱਚ ਸਾਰੇ ਭਾਂਡੇ ਉਲਟ-ਪੁਲਟ ਕਰ ਕੇ ਦੇਖਦਾ ਹੈ ਤੇ ਫ਼ਿਰ ਨੱਕ ਚੜ੍ਹਾ ਕੇ ਫ਼ਰਿੱਜ ਵਿੱਚ ਪਈ ਮੈਗੀ ਦਾ ਪੈਕੇਟ ਕੱਢਦਾ ਹੈ ਤੇ ਉਬਾਲਦਾ ਹੈ। ਮੈਗੀ ਖਾ ਕੇ ਫ਼ਿਰ ਚੁਬਾਰੇ ‘ਤੇ ਪਤੰਗਾਂ ਉਡਾਉਣ ਲਈ ਦੌੜ ਜਾਂਦਾ ਹੈ। ਘਰੋਂ ਬਾਹਰ ਆ ਕੇ ਮੈਂ ਫ਼ਿਰ ਵੇਖਦਾ ਹਾਂ ਕਿ ਸ਼ਹਿਰ ਫ਼ਿਰ ਉਹੀਓ ਸੁਸਤ ਚਾਲ ਚੱਲ ਰਿਹਾ ਹੈ। ਓਧਰ ਥਾਣੇ ਅੰਦਰ ਕੁਝ ਲੋਕ ਆਪਣਾ ਝਗੜਾ ਲੈ ਕੇ ਆਏ ਹਨ। ਪੁਲਿਸ ਸਾਰਿਆਂ ਦੀ ਗੱਲ ਸੁਣ ਲੈਂਦੀ ਹੈ, ਪਰ ਕੁਝ ਬੋਲਦੀ ਨਹੀਂ। ਸ਼ਹਿਰ ਵਾਂਗ ਉਹ ਵੀ ਸੁਸਤ ਹੈ। ਉਸ ਦੀ ਚਾਲ-ਢਾਲ ਵਿੱਚ ਵੀ ਕੁਝ ਫ਼ਰਕ ਨਹੀਂ ਪੈ ਰਿਹਾ ਕਿਉਂਕਿ ਉਸ ਨੂੰ ਵੀ ਇਹ ਸਮਝ ਨਹੀਂ ਆ ਰਹੀ ਕਿ ਉਹ ਕਿਸ ਧਿਰ ਦਾ ਸਾਥ ਦੇਵੇ। ਅਜੀਬ ਸ਼ਸ਼ੋਪੰਜ ਵਿੱਚ ਹੈ। ਉਹ ਆਪਣੀ ਸੁਸਤ ਚਾਲ ਨੂੰ ਨਹੀਂ ਛੱਡ ਰਹੀ। ਮੁਨਸ਼ੀ ਵਾਰ-ਵਾਰ ਟੈਲੀਫ਼ੋਨ ਵੱਲ ਵੇਖ ਰਿਹਾ ਹੈ। ਆਏ ਹੋਏ ਲੋਕਾਂ ਵੱਲ ਧਿਆਨ ਘੱਟ ਹੈ। ਸਾਰਿਆਂ ਦਾ ਧਿਆਨ ਮੁਨਸ਼ੀ ਵੱਲ ਹੈ, ਪਰ ਮੁਨਸ਼ੀ ਦਾ ਧਿਆਨ ਫ਼ੋਨ ਵੱਲ ਹੈ। ਕਿਸੇ ਨੂੰ ਸਮਝ ਕੁਝ ਨਹੀਂ ਆ ਰਿਹਾ। ਸਭ ਕੁਝ ਬੜੀ ਮੱਠੀ ਚਾਲ ਚੱਲ ਰਿਹਾ ਹੈ ਕਿਉਂਕਿ ਮੁਨਸ਼ੀ ਸ਼ਹਿਰ ਦੇ ਮੋਹਰੀ, ਜਿਸ ਨੂੰ ਲੋਕਾਂ ਵੱਲੋਂ ਚੁਣਿਆ ਗਿਆ ਹੈ, ਦੇ ਫ਼ੋਨ ਦਾ ਇੰਤਜ਼ਾਰ ਕਰ ਰਿਹਾ ਹੈ ਕਿਉਂਕਿ ਉਸ ਦਾ ਫ਼ੋਨ ਹੀ ਮੁਨਸ਼ੀ ਦੀ ਭੂਮਿਕਾ ਤੈਅ ਕਰੇਗਾ ਕਿ ਉਸ ਨੇ ਕਿਸ ਪਾਸੇ ਖੜ੍ਹਨਾ ਹੈ ਤੇ ਕਿਸ ਦੇ ਪੱਖ ਦੀ ਗੱਲ ਕਰਨੀ ਹੈ। ਫ਼ੋਨ ਆਉਣ ਤਕ ਉਹ ਸ਼ਸ਼ੋਪੰਜ ਵਿੱਚ ਹੈ। ਅਚਾਨਕ ਫ਼ੋਨ ਵੱਜਦਾ ਹੈ। ਸਾਰੇ ਮੁਸ਼ਤੈਦ ਹੋ ਕੇ ਖੜ੍ਹ ਜਾਂਦੇ ਹਨ। ਮੁਨਸ਼ੀ ਫ਼ੋਨ ਵਿੱਚ ਹੀ ਸਲਾਮ ਠੋਕਦਾ ਹੈ। ਉਸ ਤੋਂ ਕੁਝ ਦੇਰ ਬਾਅਦ ਹੀ ਉੱਥੇ ਤੇਜ਼ੀ ਆ ਜਾਂਦੀ ਹੈ। ਸਾਰੇ ਆਪੋ ਆਪਣੇ ਕੰਮ ਵਿੱਚ ਰੁੱਝ ਜਾਂਦੇ ਹਨ। ਅੰਦਰੋਂ ਚੀਕਾਂ ਦੀ ਆਵਾਜ਼ ਆ ਰਹੀ ਹੈ। ਸ਼ਹਿਰ ਅਜੇ ਵੀ ਸੁਸਤ ਹੈ। ਸੜਕ ਉੱਥੇ ਦੀ ਉੱਥੇ ਹੀ ਖੜ੍ਹੀ ਹੈ। ਸਫ਼ੈਦ-ਨੀਲੇ ਕੱਪੜਿਆਂ ਵਾਲਾ ਕਾਲੇ ਪੀਲੇ ਰੰਗ ਦੇ ਭੂੰਡਾਂ ਵਰਗੇ ਟੈਂਪੂ ਵਾਲਿਆਂ ਦੀ ਖ਼ੈਰ-ਖ਼ਬਰ ਲੈ ਰਿਹਾ ਹੈ। ਦੂਜੇ ਪਾਸੇ ਸਫ਼ੈਦ-ਨੀਲੇ ਵਸਤਰਾਂ ਵਾਲੇ ਹੋਰ ਤਿੰਨ ਚਾਰ ਲੋਕ ਸ਼ਹਿਰ ਦੀ ਆਵਾਜਾਈ ਨੂੰ ਰੋਕ ਰੋਕ ਕੇ ਚਲਾਨ ਕੱਟੀ ਜਾ ਰਹੇ ਹਨ। ਕੁਝ ਲੋਕ ਜੋ ਉਨ੍ਹਾਂ ਦੇ ਵਾਕਫ਼ ਜਾਂ ਖ਼ਾਸ ਹਨ ਉਨ੍ਹਾਂ ਵੱਲ ਵੇਖ ਕੇ ਤੇ ਹੱਸ ਕੇ ਅਗਾਂਹ ਵਧ ਜਾਂਦੇ ਹਨ। ਹਵਾਈ ਜਹਾਜ਼ਾਂ ਦੀ ਆਵਾਜਾਈ ਕਈ ਵਾਰ ਸਾਰੇ ਸ਼ਹਿਰ ਦੀ ਸੁਸਤੀ ਨੂੰ ਤੋੜਣ ਦੀ ਜੁਗਤ ਕਰਦੀ ਹੈ, ਪਰ ਕੁਝ ਦੇਰ ਬਾਅਦ ਸ਼ਹਿਰ ਫ਼ਿਰ ਉਹੋ ਜਿਹਾ ਹੀ ਬਣ ਜਾਂਦਾ ਹੈ ਜਿਹੋ ਜਿਹਾ ਅਸਲ ਵਿੱਚ ਉਹ ਹੈ। ਜਿਵੇਂ ਕਲਾਸ ਵਿੱਚ ਮਾਸਟਰ ਤੋਂ ਪਏ ਥੱਪੜ ਨੂੰ ਝਾੜ ਕੇ ਬੱਚੇ ਫ਼ਿਰ ਤੋਂ ਉਵੇਂ ਹੀ ਹੋ ਜਾਂਦੇ ਹਨ ਇਉਂ ਹੀ ਇਹ ਸ਼ਹਿਰ ਵੀ ਮੁੜ ਉਹੋ ਜਿਹਾ ਹੋ ਜਾਂਦਾ ਹੈ। ਹਵਾਈ ਅੱਡਾ ਸ਼ਹਿਰ ਦੇ ਦੱਖਣ ਪੂਰਬੀ ਕੋਨੇ ਵਿੱਚ ਬਣਿਆ ਹੈ। ਉੱਥੇ ਸਿਰਫ਼ ਹਵਾਈ ਸੈਨਾ ਦੇ ਜਹਾਜ਼ ਹੀ ਆਉਂਦੇ ਜਾਂਦੇ ਹਨ। ਸ਼ਹਿਰ ਦਾ ਉਸ ਨਾਲ ਕੋਈ ਵਾਸਤਾ ਨਹੀਂ ਹੈ। ਕਦੇ-ਕਦੇ ਲੱਗਦਾ ਹੈ ਕਿ ਸੜਕ ਹੌਲੀ-ਹੌਲੀ ਦੌੜ ਰਹੀ ਹੈ, ਪਰ ਜਦ ਕਦੇ ਗਹੁ ਨਾਲ ਵੇਖਦਾ ਹਾਂ ਉਹ ਉੱਥੇ ਹੀ ਚੁੱਪ ਕਰ ਕੇ ਖੜ੍ਹੀ ਹੁੰਦੀ ਹੈ। ਹੈਰਾਨ ਹੋ ਕੇ ਵੇਖਦਾ ਹਾਂ ਸੜਕ ਸ਼ਹਿਰ ਨੂੰ ਚਲਾ ਰਹੀ ਹੈ, ਆਪਣੇ ਮਨ ਨੂੰ ਸਮਝਾਉਂਦਾ ਹਾਂ। ਅਚਾਨਕ ਸ਼ਹਿਰ ਦੀ ਸੁਸਤੀ ਟੁੱਟਦੀ ਹੈ। ਸ਼ਹਿਰ ਤੇਜ਼ੀ ਨਾਲ ਦੌੜਨ ਲੱਗਦਾ ਹੈ। ਸੜਕ ਵੀ ਤੇਜ਼ੀ ਨਾਲ ਦੌੜਨ ਲੱਗਦੀ ਹੈ। ਖ਼ਾਕੀ ਵਰਦੀਆਂ ਦੀ ਚਹਿਲਕਦਮੀ ਵੀ ਸੜਕ ‘ਤੇ ਤੇਜ਼ ਹੋ ਜਾਂਦੀ ਹੈ। ਅਚਾਨਕ ਹਵਾਈ ਅੱਡੇ ਵੱਲੋਂ ਗੋਲੀਆਂ ਚੱਲਣ ਦੀ ਆਵਾਜ਼ ਆਉਂਦੀ ਹੈ। ਸ਼ਹਿਰ ਬਾਹਰ ਵੱਲੋਂ ਅੰਦਰ ਨੂੰ ਤੇਜ਼ੀ ਨਾਲ ਦੌੜਦਾ ਹੈ। ਸ਼ਹਿਰ ਦੇ ਅੰਦਰ ਸਭ ਕੁਝ ਬੜੀ ਤੇਜ਼ੀ ਨਾਲ ਵਾਪਰਦਾ ਹੈ। ਗੋਲੀਆਂ ਦੇ ਚੱਲਣ ਦੀ ਆਵਾਜ਼ ਤੇਜ਼ੀ ਨਾਲ ਆ ਰਹੀ ਹੈ। ਸਾਰਾ ਸ਼ਹਿਰ ਚੀਤੇ ਵਾਂਗ ਤੇਜ਼ੀ ਨਾਲ ਦੌੜਨਾ ਸ਼ੁਰੂ ਹੋ ਜਾਂਦਾ ਹੈ। ਲੋਕ ਇੱਕ-ਦੂਜੇ ਦਾ ਮੂੰਹ ਵੇਖ ਕੇ ਕੁਝ ਬੁੜਬੁੜਾਉਂਦੇ ਹਨ ਤੇ ਫ਼ਿਰ ਅਗਾਂਹ ਵਧ ਜਾਂਦੇ ਹਨ। ਸਾਰੇ ਸ਼ਹਿਰ ਦਾ ਸਰਕਾਰੀ ਅਮਲਾ ਹਵਾਈ ਅੱਡੇ ਨੂੰ ਦੌੜ ਪੈਂਦਾ ਹੈ। ਉਸ ਦੇ ਉਲਟ ਸਾਰਾ ਸ਼ਹਿਰ ਆਪੋ ਆਪਣੇ ਆਲ੍ਹਣਿਆਂ ਨੂੰ ਦੌੜ ਪੈਂਦਾ ਹੈ, ਪਰ ਜਿਨ੍ਹਾਂ ਦੇ ਆਲ੍ਹਣੇ ਹਵਾਈ ਅੱਡੇ ਦੇ ਲਾਗਲੇ ਬਿਰਖਾਂ ਉੱਪਰ ਜਾਂ ਲਾਗੇ ਹਨ ਉਹ ਸ਼ਸ਼ੋਪੰਜ ਵਿੱਚ ਹਨ ਕਿ ਉਹ ਕੀ ਕਰਨ? ਉਨ੍ਹਾਂ ਨੂੰ ਕੁਝ ਸਮਝ ਨਹੀਂ ਆ ਰਿਹਾ। ਉਹ ਉਸ ਦੇ ਉਲਟ ਸ਼ਹਿਰ ਵੱਲ ਨੂੰ ਆਪਣੇ ਦੋਸਤਾਂ ਤੇ ਸਾਕਦਾਰਾਂ ਦੇ ਘਰਾਂ ਨੂੰ ਰੁਖ਼ ਕਰ ਕੇ ਭੱਜ ਰਹੇ ਹਨ। ਸ਼ਹਿਰ ਆਪਣੀ ਸਾਰੀ ਸੁਸਤੀ ਉਤਾਰ ਦਿੰਦਾ ਹੈ ਤੇ ਇਕਦਮ ਤੇਜ਼ੀ ਵਿੱਚ ਆ ਜਾਂਦਾ ਹੈ। ਗੋਲੀਆਂ ਦੇ ਚੱਲਣ ਦੀ ਆਵਾਜ਼ ਲਗਾਤਾਰ ਵਧਦੀ ਜਾ ਰਹੀ ਹੈ। ਸਾਰੇ ਸ਼ਹਿਰ ਵਿੱਚ ਰੌਲਾ ਪੈ ਜਾਂਦਾ ਹੈ ਕਿ ਹਵਾਈ ਅੱਡੇ ‘ਤੇ ਅਤਿਵਾਦੀ ਹਮਲਾ ਹੋ ਗਿਆ ਹੈ। ਸਾਰੇ ਸ਼ਹਿਰ ਦੇ ਕਾਰੋਬਾਰੀ ਅਦਾਰੇ ਆਪਣੇ ਸ਼ਟਰ ਇਉਂ ਥੱਲੇ ਸੁੱਟਦੇ ਹਨ ਜਿਵੇਂ ਕੋਈ ਪੰਛੀ ਸਹਿਮ ਕੇ ਆਪਣੀਆਂ ਅੱਖਾਂ ਬੰਦ ਕਰ ਲੈਂਦਾ ਹੈ। ਸੜਕ ਬਹੁਤ ਤੇਜ਼ੀ ਨਾਲ ਨੱਸਦੀ ਹੈ। ਲੋਕ ਬੜੀ ਕਾਹਲੀ ਵਿੱਚ ਹਨ। ਸੜਕ ਇਕਦਮ ਸਭ ਕੁਝ ਵੇਖ ਕੇ ਸਹਿਮ ਜਾਂਦੀ ਹੈ। ਤੇਜ਼ੀ ਨਾਲ ਦੌੜਦੀ ਹੈ ਤੇ ਸਭ ਨੂੰ ਉਨ੍ਹਾਂ ਦੀ ਮੰਜ਼ਿਲ ਤਕ ਪਹੁੰਚਾਉਂਦੀ ਹੈ, ਪਰ ਜੇ ਉਸ ਨਾਲ ਕਿਸੇ ਨੇ ਗੱਲ ਕਰਨੀ ਹੋਵੇ ਤਾਂ ਹੁਣ ਉਸ ਕੋਲ ਸਮਾਂ ਨਹੀਂ ਹੈ। ਬੜੀ ਘਬਰਾਈ ਹੋਈ ਹੈ। ਇੱਕ ਇੱਕ ਕਰ ਕੇ ਸਭ ਨੂੰ ਉਨ੍ਹਾਂ ਦੇ ਘਰ ਪਹੁੰਚਾ ਰਹੀ ਹੈ। ਇੰਨਾ ਹੀ ਨਹੀਂ ਸਗੋਂ ਦੇਸ਼ ਦੇ ਰਖਵਾਲਿਆਂ ਨੂੰ ਵੀ ਉਸ ਸਥਾਨ ‘ਤੇ ਪਹੁੰਚਾ ਰਹੀ ਹੈ ਜਿੱਥੇ ਦੇਸ਼ ਦੇ ਦੁਸ਼ਮਣਾਂ ਨੇ ਹਮਲਾ ਕੀਤਾ ਹੈ। ਪਰ ਕਿਤੇ ਉਸ ਨੂੰ ਅਫ਼ਸੋਸ ਇਹ ਵੀ ਹੈ ਕਿ ਉਹ ਦਹਿਸ਼ਤਗਰਦ ਵੀ ਉਸ ਨਾਲ ਦਗ਼ਾ ਕਰ ਕੇ ਗਏ ਹਨ ਕਿਉਂਕਿ ਉਹ ਕੁਝ ਦੇਰ ਪਹਿਲਾਂ ਹੀ ਉਨ੍ਹਾਂ ਨੂੰ ਵੀ ਹਮਲੇ ਵਾਲੀ ਥਾਂ ‘ਤੇ ਛੱਡ ਕੇ ਆਈ ਹੈ। ਸਾਡੇ ਸ਼ਹਿਰ ਦੀ ਸੜਕ ਲੱਗਦਾ ਹੈ ਬੜੀ ਭੋਲੀ ਹੈ। ਸ਼ਹਿਰ ਤੇਜ਼ ਚੱਲਦਾ ਹੈ ਤਾਂ ਉਹ ਵੀ ਤੇਜ਼ ਚੱਲਦੀ ਹੈ। ਸ਼ਹਿਰ ਸੁਸਤ ਚੱਲਦਾ ਹੈ ਤਾਂ ਉਹ ਵੀ ਸੁਸਤ ਚੱਲਦੀ ਹੈ। ਸ਼ਹਿਰ ਰੁਕ ਜਾਂਦਾ ਹੈ ਤਾਂ ਉਹ ਵੀ ਰੁਕ ਜਾਂਦੀ ਹੈ। ਸ਼ਹਿਰ ਉਦਾਸ ਹੁੰਦਾ ਹੈ ਤਾਂ ਉਹ ਵੀ ਉਦਾਸ ਹੋ ਜਾਂਦੀ ਹੈ। ਵਾਕਈ ਉਹ ਬੜੀ ਭੋਲੀ ਹੈ। ਬਿਲਕੁਲ ਮੇਰੀ ਮਾਂ ਵਾਂਗ, ਜੋ ਥਾਲੀ ‘ਚ ਰੋਟੀ ਪਾ ਕੇ ਸਾਡੇ ਪਿੱਛੇ ਪਿੱਛੇ ਤੁਰੀ ਫ਼ਿਰਦੀ ਹੈ ਤੇ ਅਸੀਂ ਉਸ ਦੀ ਪਰਵਾਹ ਵੀ ਨਹੀਂ ਕਰਦੇ। ਸ਼ਹਿਰ ਹੌਲੀ-ਹੌਲੀ ਸ਼ਾਂਤ ਹੋ ਗਿਆ ਹੈ। ਮੋਬਾਈਲ ਤੇਜ਼ੀ ਨਾਲ ਵੱਜ ਰਹੇ ਹਨ। ਅਫ਼ਵਾਹਾਂ ਦਾ ਗੁਬਾਰ ਬੜੀ ਤੇਜ਼ੀ ਨਾਲ ਕਾਂਵਾਂਰੌਲੀ ਪਾ ਰਿਹਾ ਹੈ। ਦੇਸ਼ ਦੇ ਰਾਖੇ ਉੱਥੇ ਸਮੇਂ ਸਿਰ ਪਹੁੰਚ ਗਏ ਹਨ, ਪਰ ਸ਼ਹਿਰ ਦੇ ਰਾਖੇ ਕੁਝ ਲੇਟ ਹਨ। ਮੀਡੀਆ ਸਮੇਂ ਸਿਰ ਉੱਥੇ ਅੱਪੜ ਗਿਆ ਹੈ। ਸਾਡੇ ਦੇਸ਼ ਦਾ ਮੀਡੀਆ ਬੜਾ ਤੇਜ਼ ਹੈ। ਹਰ ਜਗ੍ਹਾ ‘ਤੇ ਪਹਿਲਾਂ ਅੱਪੜ ਜਾਂਦਾ ਹੈ। ਸ਼ਹਿਰ ਜਾਂ ਦੇਸ਼ ਦੀ ਰੱਖਿਆ ਦੀ ਜ਼ਿੰਮੇਵਾਰੀ ਇਸ ਦੀ ਹੋਵੇ ਤਾਂ ਸ਼ਾਇਦ੩। ਟੈਲੀਵਿਜ਼ਨ ਵਿੱਚ ਖ਼ਬਰਾਂ ਆਉਣ ਲੱਗ ਗਈਆਂ ਹਨ। ਮੁਕਾਬਲਾ ਸ਼ੁਰੂ ਹੋ ਗਿਆ ਹੈ। ਲੋਕ ਆਪਣੀਆਂ ਅੱਡੀਆਂ ਚੁੱਕ ਚੁੱਕ ਕੇ ਟੈਲੀਵਿਜ਼ਨ ‘ਤੇ ਖ਼ਬਰਾਂ ਸੁਣ ਰਹੇ ਹਨ ਕਿਧਰੇ ਕੁਝ ਛੁੱਟ ਹੀ ਨਾ ਜਾਵੇ। ਸਭ ਨੂੰ ਸਭ ਕੁਝ ਪਤਾ ਹੈ, ਪਰ ਫ਼ਿਰ ਵੀ ਲੋਕ ਇੱਕ ਦੂਜੇ ਨੂੰ ਮੋਬਾਈਲਾਂ ‘ਤੇ ਕਾਲ ਕਰ ਕੇ ਅਤੇ ਵਟਸਐਪ ‘ਤੇ ਮੈਸੇਜ ਭੇਜ ਕੇ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਨ੍ਹਾਂ ਨੂੰ ਬਾਕੀਆਂ ਤੋਂ ਜ਼ਿਆਦਾ ਪਤਾ ਹੈ। ਇਸੇ ਕਰ ਕੇ ਅਫ਼ਵਾਹਾਂ ਦਾ ਇੱਕ ਵੱਡਾ ਗੁਬਾਰ ਸ਼ਹਿਰ ਦੇ ਆਸਮਾਨ ਉੱਪਰ ਉੱਡ ਰਿਹਾ ਹੈ। ਸੜਕ ਇਹ ਸਭ ਕੁਝ ਵੇਖ ਕੇ ਬੜੀ ਪ੍ਰੇਸ਼ਾਨ ਹੈ ਤੇ ਸਹਿਮੀ ਹਾਲਤ ਵਿੱਚ ਉੱਥੇ ਦੀ ਉੱਥੇ ਹੀ ਖੜ੍ਹੀ ਹੈ ਸ਼ਹਿਰ ਦੀ ਮਾਂ ਬਣ ਕੇ। ਮੈਂ ਵੀ ਟੈਲੀਵਿਜ਼ਨ ‘ਤੇ ਖ਼ਬਰਾਂ ਸੁਣ ਰਿਹਾ ਹਾਂ। ਮਾਂ ਦੀ ਬੜੀ ਸਹਿਮੀ ਤੇ ਚਿੰਤਾਤੁਰ ਆਵਾਜ਼ ਆਉਂਦੀ ਹੈ, ”ਪੁੱਤਰ, ਹਵਾਈ ਅੱਡੇ ਵੱਲ ਨਾ ਜਾਵੀਂ। ਸੁਣਿਆ ਓਧਰ ਅਤਿਵਾਦੀਆਂ ਨੇ ਹਮਲਾ ਕਰ ਦਿੱਤਾ ਏ।” ਦੂਜੇ ਪਾਸੇ ਟੈਲੀਵਿਜ਼ਨ ‘ਤੇ ਖ਼ਬਰ ਆ ਰਹੀ ਹੈ ਕਿ ਦਹਿਸ਼ਤਗਰਦ ਨੇ ਹਮਲੇ ਤੋਂ ਪਹਿਲਾਂ ਸਤਾਸੀ ਸਕਿੰਟ ਫ਼ੋਨ ‘ਤੇ ਆਪਣੀ ਮਾਂ ਨਾਲ ਗੱਲਬਾਤ ਕੀਤੀ ਹੈ ਜਿਸ ਵਿੱਚ ਉਸ ਦੀ ਮਾਂ ਉਸ ਨੂੰ ਕਹਿ ਰਹੀ ਸੀ ਕਿ ‘ਪੁੱਤਰ ਮਰਨ ਤੋਂ ਪਹਿਲਾਂ ਖਾਣਾ ਖਾ ਲਵੀਂ੩’। ਮੈਂ ਹੈਰਾਨ ਹਾਂ ਕਿ ਹਨ ਤਾਂ ਦੋਵੇਂ ਹੀ ਮਾਵਾਂ, ਫ਼ਿਰ ਇਹ ਫ਼ਰਕ ਕਿਉਂ?
– ਰਾਜੇਸ਼ ਗੁਪਤਾ