ਫਤਹਿਗੜ੍ਹ ਸਾਹਿਬ – ਖੇਤੀ ਵਿਭਿੰਨਤਾ ਨੂੰ ਸਹੀ ਮਾਅਨਿਆਂ ਵਿੱਚ ਲਾਗੂ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋÂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਸੂਬੇ ਵਿੱਚ ਸਬਜ਼ੀਆਂ ਦਾ ਪ੍ਰੋਸੈਸਿੰਗ ਪਲਾਂਟ ਲਾਉਣ ਲਈ ਸੂਬਾ ਸਰਕਾਰ ਵੱਲੋਂ ਹਰ ਮਦਦ ਦੇਣ ਦਾ ਭਰੋਸਾ ਦੁਆਇਆ ਹੈ।
ਅੱਜ ਸਥਾਨਕ ਪੈਗਰੋ ਫਰੋਜ਼ਨ ਫੂਡਸ ਪ੍ਰਾਈਵੇਟ ਲਿਮਟਿਡ ਦੇ ਦੌਰੇ ਦੌਰਾਨ ਮੁੱਖ ਮੰਤਰੀ ਨੇ ਪੈਗਰੋ ਫੂਡਜ਼ ਦੇ ਪ੍ਰਬੰਧਕਾਂ ਨੂੰ ਅਜਿਹੇ ਹੋਰ ਪਲਾਂਟ ਲਾਉਣ ਲਈ ਆਖਿਆ ਤਾਂ ਜੋ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਣ ਦੇ ਨਾਲ-ਨਾਲ ਖੇਤੀ ਵਿਭਿੰਨਤਾ ਨੂੰ ਵੀ ਜ਼ੋਰਦਾਰ ਢੰਗ ਨਾਲ ਲਾਗੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਅਜਿਹੇ ਹੋਰ ਪਲਾਂਟ ਲਾਉਣ ਲਈ ਹਰ ਸਹਿਯੋਗ ਦੇਵੇਗੀ।
ਇਸ ਦੌਰਾਨ ਪੈਗਰੋ ਫਰੋਜ਼ਨ ਫੂਡਸ ਪ੍ਰਾਈਵੇਟ ਲਿਮਟਡ ਦੇ ਪ੍ਰਬੰਧਕੀ ਡਾਇਰੈਕਟਰ ਸ੍ਰੀ ਐਨ.ਐਸ. ਬਰਾੜ ਮੁੱਖ ਮੰਤਰੀ ਨੂੰ ਦੱਸਿਆ ਕਿ ਪੈਗਰੋ ਫੂਡਜ਼ ਲਿਮਟਡ ਸਾਲ 2001 ਵਿੱਚ ਸ਼ੁਰੂ ਹੋਇਆ ਸੀ। ਇਹ ਪਲਾਂਟ ਦੇਸ਼ ਦਾ ਪ੍ਰਮੁੱਖ ਪਲਾਂਟ ਹੈ। ਪੰਜਾਬ ਦੇ ਇਸ ਪੈਗਰੋ ਫਰੋਜ਼ਨ ਫੂਡਸ ਪ੍ਰਾਈਵੇਟ ਲਿਮਟਡ ਪਲਾਂਟ ਵਿੱਚ ਸਬਜ਼ੀਆਂ ਨੂੰ ਫਰੋਜ਼ਨ ਕਰਕੇ ਦੇਸ਼ ਵਿਦੇਸ਼ ਦੀਆਂ ਮੰਡੀਆਂ ਵਿੱਚ ਭੇਜਿਆ ਜਾਂਦਾ ਹੈ। ਇਸ ਵੱਲੋਂ ਹਾਲੈਂਡ ਅਤੇ ਜਰਮਨੀ ਤੋਂ ਅਤਿ ਅਧੁਨਿਕ ਮਸ਼ੀਨੀਰੀ ਦਰਾਮਦ ਕੀਤੀ ਹੈ ਅਤੇ ਹਾਲ ਹੀ ਵਿੱਚ ਲਿਆਂਦੀ ਗਈ ਮਟਰ ਤੋੜਨ ਵਾਲੀ ਮਸ਼ੀਨ ਦਾ ਕਿਸਾਨਾਂ ਨੂੰ ਵੱਡਾ ਲਾਭ ਤੋਂ ਰਿਹਾ ਹੈ ਕਿਉਂਕਿ ਇਸ ਨਾਲ ਕਿਸਾਨਾਂ ਦੀ ਊਰਜਾ ਅਤੇ ਪੈਸੇ ਦੀ ਬੱਚਤ ਹੁੰਦੀ ਹੈ। ਇਸ ਵੱਲੋਂ ਕਿਸਾਨਾਂ ਨੂੰ ਸਬਜ਼ੀਆਂ ਦੇ ਬੀਜ ਵੀ ਤਿਆਰ ਕਰ ਕੇ ਦਿੱਤੇ ਜਾਂਦੇ ਹਨ ਅਤੇ ਖੇਤਾਂ ਵਿੱਚੋਂ ਹੀ ਉਨ੍ਹਾਂ ਦੀ ਫਸਲ ਚੁੱਕੀ ਜਾਂਦੀ ਹੈ। ਇਸ ਵੱਲੋਂ 5000 ਏਕੜ ਰਕਬੇ ਵਿੱਚ ਠੇਕਾ ਖੇਤੀ ਕਰਵਾਈ ਜਾ ਰਹੀ ਹੈ। ਵਰਨਣ ਯੋਗ ਹੈ ਕਿ ਪੈਗਰੋ ਫਰੋਜ਼ਨ ਫੂਡਜ਼ ਪ੍ਰਾਈਵੇਟ ਲਿਮਟਿਡ ਦੀ ਸਲਾਨਾ ਸਮਰਥਾ 15000 ਮੀਟਰਕ ਟਨ ਫਰੋਜ਼ਨ ਸਬਜ਼ੀਆਂ ਦੇ ਉਤਪਾਦਨ ਦੀ ਹੈ ਜਿਸ ਵਿੱਚੋਂ ਪੰਜ ਮੀਟਰਕ ਟਨ ਸੂਬੇ ਦੇ ਪਲਾਂਟ ਵਿੱਚ ਹੁੰਦਾ ਹੈ। ਇਸ ਦੀ ਦੇਸ਼ ਵਿੱਚ ਸਭ ਤੋਂ ਵੱਧ 10,000 ਮੀਟਰਕ ਟਨ ਫਰੋਜ਼ਨ ਕੋਲਡ ਸਟੋਰਜ਼ ਸਮਰੱਥਾ ਹੈ।
ਇਸ ਦੌਰਾਨ ਮੁੱਖ ਮੰਤਰੀ ਨੇ ਕੁਝ ਅਗਾਂਹਵਧੂ ਕਿਸਾਨਾਂ ਨਾਲ ਵੀ ਮੁਲਾਕਾਤ ਕੀਤੀ ਜਿਨ੍ਹਾਂ ਨੇ ਰਵਾਇਤੀ ਖੇਤੀ ਛੱਡ ਕੇ ਸਬਜ਼ੀਆਂ ਦੀ ਖੇਤੀ ਅਪਣਾਉਣ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ।
ਮੁੱਖ ਮੰਤਰੀ ਦੇ ਨਾਲ ਉਨ੍ਹਾਂ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਡਾ. ਐਸ ਕਰੁਣਾਰਾਜੂ, ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ, ਜ਼ਿਲ੍ਹਾ ਪੁਲਿਸ ਮੁਖੀ ਸ. ਹਰਚਰਨ ਸਿੰਘ ਭੁੱਲਰ, ਫ਼ਤਹਿਗੜ੍ਹ ਸਾਹਿਬ ਦੇ ਹਲਕਾ ਇੰਚਾਰਜ ਸ. ਦੀਦਾਰ ਸਿੰਘ ਭੱਟੀ , ਪੈਗਰੋ ਫਰੋਜ਼ਨ ਫੂਡਸ ਦੇ ਡਾਇਰੈਕਟਰ ਸ੍ਰੀ ਪਵਨ ਇੰਦਰ ਸਿੰਘ ਢਿੱਲੋਂ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ. ਰਣਜੀਤ ਸਿੰਘ ਲਿਬੜਾ, ਯੂਥ ਅਕਾਲੀ ਦਲ ਕੋਰ ਕਮੇਟੀ ਦੇ ਮੈਂਬਰ ਸ੍ਰੀ ਗੁਰਵਿੰਦਰ ਸਿੰਘ ਭੱਟੀ, ਯੂਥ ਅਕਾਲੀ ਦਲ ਮਾਲਵਾ ਜੋਨ-2 ਦੇ ਦਫ਼ਤਰ ਇੰਚਾਰਜ ਸ੍ਰੀ ਅਜੇ ਸਿੰਘ ਲਿਬੜਾ ਅਤੇ ਮੈਨੇਜਰ ਰਿਤੇਸ਼ ਸੋਫਤ ਹਾਜ਼ਰ ਸਨ।