ਮੁੜ ਗੋਲ਼ੀਆਂ ਨਾਲ ਦਹਿਲਿਆ ਪੰਜਾਬ ਦਾ ਇਹ ਇਲਾਕਾ, ਅੱਧੀ ਰਾਤ ਨੂੰ ਸਹਿਮੇ ਲੋਕ

ਜਲੰਧਰ – ਜਲੰਧਰ ਦੇ ਮਕਸੂਦਾਂ ਅਧੀਨ ਆਉਂਦੇ ਪਿੰਡ ਨੰਦਨਪੁਰ ਵਿਚ ਜ਼ਮੀਨੀ ਵਿਵਾਦ ਨੂੰ ਲੈ ਕੇ ਗੋਲ਼ੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਬੀਤੀ ਰਾਤ ਅਣਪਛਾਤੇ ਨੌਜਵਾਨਾਂ ਵੱਲੋਂ ਅੱਧਾ ਦਰਜਨ ਦੇ ਕਰੀਬ ਗੋਲ਼ੀਆਂ ਚਲਾਈਆਂ ਗਈਆਂ। ਗਨੀਮਤ ਇਹ ਰਹੀ ਕਿ ਉਸ ਸਮੇਂ ਘਰ ਦੇ ਬਾਹਰ ਕੋਈ ਨਹੀਂ ਸੀ, ਇਸ ਲਈ ਜਾਨੀ ਨੁਕਸਾਨ ਨਹੀਂ ਹੋਇਆ।
ਹਮਲੇ ਤੋਂ ਬਾਅਦ ਪੀੜਤ ਨੇ ਥਾਣਾ ਮਕਸੂਦਾਂ ਦੀ ਪੁਲਸ ਨੂੰ ਸੂਚਨਾ ਦਿੱਤੀ। ਗੋਲ਼ੀਆਂ ਚੱਲਣ ਦੀ ਸੂਚਨਾ ਮਿਲਦੇ ਹੀ ਥਾਣਾ ਮਕਸੂਦਾਂ ਦੀ ਪੁਲਸ ਨੇ ਡੀ. ਐੱਸ. ਪੀ. ਕਰਤਾਰਪੁਰ ਮੌਕੇ ਪਹੁੰਚੇ। ਪੁਲਸ ਨੇ ਗੁਰਵਿੰਦਰ ਸਿੰਘ ਦੇ ਬਿਆਨ ਦਰਜ ਕਰਕੇ ਅਣਪਛਾਤੇ ਦੋਸ਼ੀਆਂ ਖ਼ਿਲਾਫ਼ ਆਰਮਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਉਥੇ ਹੀ ਕ੍ਰਾਈਮ ਸੀਨ ਦੀ ਇਕ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿਚ ਵਿਖਾਈ ਦੇ ਰਿਹਾ ਹੈ ਕਿ ਇਕ ਕਾਰ ਆਉਂਦੀ ਹੈ ਅਤੇ ਉਸ ਦੇ ਬਾਅਦ ਗੋਲ਼ੀਆਂ ਚੱਲਣ ਦੀ ਆਵਾਜ਼ ਸੁਣਾਈ ਦਿੰਦੀ ਹੈ। ਪੁਲਸ ਵੱਲੋਂ ਸੀ. ਸੀ. ਟੀ. ਵੀ. ਫੁਟੇਜ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪੀੜਤ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਤਿੰਨ ਖੇਤ ਦੀ ਜ਼ਮੀਨ ਦਾ ਵਿਵਾਦ ਰਿਸ਼ਤੇਦਾਰੀ ਵਿਚ ਚੱਲ ਰਿਹਾ ਹੈ, ਜਿਸ ਨੂੰ ਲੈ ਕੇ ਇਕ ਸਾਲ ਪਹਿਲਾਂ ਉਹ ਕੋਰਟ ਵਿਚ ਕੇਸ ਜਿੱਤ ਗਏ ਸਨ ਪਰ ਫਿਰ ਵੀ ਦੂਜਾ ਪੱਖ ਉਨ੍ਹਾਂ ਨੂੰ ਖੇਤ ‘ਤੇ ਦੋਬਾਰਾ ਕਬਜ਼ਾ ਕਰਨ ਦੀ ਧਮਕੀਆਂ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਨੂੰ ਅਚਾਨਕ ਘਰ ਦੇ ਬਾਹਰ ਆ ਕੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੀੜਤ ਅਨੁਸਾਰ ਉਹ ਉਸ ਸਮੇਂ ਘਰ ਦੇ ਬਾਹਰ ਆਪਣੇ ਕੁੱਤੇ ਨੂੰ ਘੁੰਮਾਉਂਦੇ ਹਨ। ਉਸੇ ਦਿਨ ਉਹ ਕੁਝ ਮਿੰਟ ਪਹਿਲਾਂ ਹੀ ਘਰ ਵਿਚ ਗਏ ਸਨ ਕਿ ਇੰਨੇ ਨੂੰ ਕਾਰ ਵਿਚ ਸਵਾਰ ਹਮਲਾਵਰਾਂ ਨੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।