ਜਲੰਧਰ- ਪੰਜਾਬ ਸਰਕਾਰ ਨੇ‘ਮਾਲਵਾ ਨਹਿਰ’ ਦਾ ਪ੍ਰੋਜੈਕਟ ਲਿਆ ਕੇ ਪੰਜਾਬ ਦੇ ਕਿਸਾਨਾਂ ਨੂੰ ਕਾਫ਼ੀ ਰਾਹਤ ਦਿੱਤੀ ਹੈ। ਸਰਕਾਰ ਦਾ ਦਾਅਵਾ ਹੈ ਕਿ ਇਸ ਨਹਿਰ ਨਾਲ ਪੰਜਾਬ ਵਿੱਚ ਕਰੀਬ 2 ਲੱਖ ਹੈਕਟੇਅਰ ਜ਼ਮੀਨ ਦੀ ਸਿੰਜਾਈ ਕਰਨ ਵਿੱਚ ਮਦਦ ਮਿਲੇਗੀ। ਇਸ ਨਹਿਰ ਦੇ ਨਿਰਮਾਣ ਨਾਲ ਉਹ ਨਹਿਰੀ ਪਾਣੀ ਨਾਲ ਖੇਤੀ ਕਰਨ ਤੇ ਜ਼ਮੀਨ ਹੇਠਲੇ ਪਾਣੀ ਨੂੰ ਬਚਾਉਣ ਵੱਲ ਵੱਡਾ ਕਦਮ ਪੁੱਟ ਰਹੇ ਹਨ। ਇਸ ਯੋਜਨਾ ਦੀ ਰਚਨਾ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਪੰਜਾਬ ਵਿੱਚ ਨਵੀਂ ਨਹਿਰ ਬਣਾਉਣ ਦੇ ਤਹਿਤ ਕੀਤੀ ਗਈ ਹੈ।
ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ‘ਮਾਲਵਾ ਨਹਿਰ’ ਕਰੀਬ 149.53 ਕਿੱਲੋਮੀਟਰ ਲੰਬੀ ਬਣੇਗੀ। ਇਸ ਨਹਿਰ ਦੀ ਪ੍ਰਸਤਾਵਿਤ ਪਾਣੀ ਦੀ ਸਮਰੱਥਾ 2000 ਕਿਊਸਿਕ ਹੈ। ਇਹ ਨਹਿਰ ਜਲ ਸੰਕਟ ਨੂੰ ਘਟਾਉਣ ਵਿੱਚ ਮਦਦ ਕਰੇਗੀ ਅਤੇ ਖੇਤੀਬਾੜੀ ਲਈ ਵਧੇਰੇ ਪਾਣੀ ਉਪਲਬਧ ਕਰਵਾਏਗੀ, ਜਿਸ ਨਾਲ ਮਾਲਵਾ ਖੇਤਰ ਦੇ ਕਿਸਾਨਾਂ ਨੂੰ ਵੱਡਾ ਫਾਇਦਾ ਹੋਣ ਦੀ ਉਮੀਦ ਹੈ। ਇਹ ਨਹਿਰ ਮੁੱਖ ਤੌਰ ‘ਤੇ ਪੰਜਾਬ ਦੇ ਆਪਣੇ ਹਿੱਸੇ ਦੇ ਪਾਣੀ ਨੂੰ ਹੀ ਸੁਵਿਧਾਜਨਕ ਤਰੀਕੇ ਨਾਲ ਵਰਤਣ ਲਈ ਹੈ ਅਤੇ ਇਹ ਕਿਸੇ ਹੋਰ ਰਾਜ ਨਾਲ ਨਹੀਂ ਜੁੜੇਗੀ। ਮਾਲਵਾ ਨਹਿਰ 2300 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਜਾ ਰਹੀ ਹੈ, ਜਿਸ ਦਾ ਮੁੱਖ ਮਕਸਦ ਮਾਲਵਾ ਖੇਤਰ ਵਿੱਚ ਜਲ ਸੰਕਟ ਨੂੰ ਦੂਰ ਕਰਨਾ ਹੈ। ਇਹ ਨਹਿਰ ਹਰਿਕੇ ਪੱਧਰ ਤੋਂ ਸ਼ੁਰੂ ਹੁੰਦੀ ਹੈ ਅਤੇ ਮੁਕਤਸਰ ਜ਼ਿਲ੍ਹੇ ਵਿੱਚ ਖ਼ਤਮ ਹੁੰਦੀ ਹੈ।
ਮਾਲਵਾ ਨਹਿਰ ਦਾ ਫਾਇਦਾ
ਮਾਲਵਾ ਖੇਤਰ ‘ਚ ਪਾਣੀ ਦੀ ਭਾਰੀ ਘਾਟ ਹੈ। ਇਹ ਨਹਿਰ ਹਰੀਕੇ ਬੈਰੇਜ ਤੋਂ ਹੜ੍ਹਾਂ ਦੇ ਪਾਣੀ ਨੂੰ ਸੰਭਾਲ ਕੇ ਖੇਤਰ ਵਿੱਚ ਵਰਤੇਗਾ। ਇਸ ਨਾਲ ਜ਼ਰੂਰਤਮੰਦ ਖੇਤਰਾਂ ਵਿੱਚ ਸਿੰਚਾਈ ਅਤੇ ਪੀਣ ਦੇ ਪਾਣੀ ਦੀ ਸਪਲਾਈ ਸੁਧਰੇਗੀ। ਇਹ ਨਹਿਰ ਖੇਤਾਂ ਵਿੱਚ ਪਾਣੀ ਪਹੁੰਚਾਉਣ ਦੀ ਸਮੱਸਿਆ ਨੂੰ ਹੱਲ ਕਰੇਗੀ ਅਤੇ ਉਤਪਾਦਕਤਾ ਵਿੱਚ ਵਾਧਾ ਕਰਨ ਵਿੱਚ ਮਦਦਗਾਰ ਹੋਵੇਗੀ। ਖੇਤੀਬਾੜੀ ਦੇ ਨਵੇਂ ਰਸਤੇ ਖੁੱਲਣ ਨਾਲ ਖੇਤਰ ਦੀ ਆਰਥਿਕਤਾ ਸੁਧਰੇਗੀ।
ਜਦੋਂ ਮੌਨਸੂਨ ਦੇ ਦੌਰਾਨ ਹੜ੍ਹ ਹੁੰਦੇ ਹਨ, ਅਕਸਰ ਬਹੁਤ ਸਾਰਾ ਪਾਣੀ ਪਾਕਿਸਤਾਨ ਵੱਲ ਵਹਿ ਜਾਂਦਾ ਹੈ। ਮਾਲਵਾ ਨਹਿਰ ਇਸ ਪਾਣੀ ਨੂੰ ਵਾਪਸ ਪੰਜਾਬ ਵਿੱਚ ਵਰਤਣਯੋਗ ਬਣਾ ਕੇ ਸਮੱਸਿਆ ਨੂੰ ਹੱਲ ਕਰਨ ਦਾ ਉਪਰਾਲਾ ਹੈ। ਨਹਿਰ ਦੇ ਆਉਣ ਨਾਲ ਇਲਾਕੇ ਵਿੱਚ ਬਿਜਲੀ ਦੀ ਸਪਲਾਈ, ਸੜਕਾਂ ਦਾ ਜਾਲ ਅਤੇ ਪਾਣੀ ਪ੍ਰਬੰਧਨ ਦੀਆਂ ਹੋਰ ਸਹੂਲਤਾਂ ਵੀ ਵਿਕਸਤ ਕੀਤੀਆਂ ਜਾਣਗੀਆਂ। ਇਸ ਨਾਲ ਲੋਕਾਂ ਨੂੰ ਰੋਜ਼ਗਾਰ ਦੇ ਨਵੇਂ ਮੌਕੇ ਮਿਲਣਗੇ।