ਮਾਨਸਿਕ ਤਣਾਅ ਕਾਰਨ ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ

ਖਰੜ : ਇੱਥੋਂ ਦੇ ਨੇੜਲੇ ਪਿੰਡ ਮਲਿਕਪੁਰ ਦੀ ਰਹਿਣ ਵਾਲੀ ਵਿਆਹੁਤਾ ਵੱਲੋਂ ਮਾਨਸਿਕ ਤਣਾਅ ਦੇ ਚੱਲਦਿਆਂ ਸ਼ੱਕੀ ਹਾਲਾਤ ’ਚ ਖ਼ੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਆਪਣੇ ਪਿੱਛੇ ਦੋ ਪੁੱਤਰ ਤੇ ਪਤੀ ਛੱਡ ਗਈ ਹੈ। ਪੁਲਸ ਨੂੰ ਦਿੱਤੇ ਬਿਆਨਾਂ ‘ਚ ਮ੍ਰਿਤਕਾ ਦੇ ਪਿਤਾ ਮੇਜਰ ਸਿੰਘ, ਪਿੰਡ ਬੂਰ ਮਾਜਰਾ, ਮੋਰਿੰਡਾ ਨੇ ਦੱਸਿਆ ਕਿ ਉਸ ਦੀਆਂ ਦੋ ਧੀਆਂ ਤੇ ਇਕ ਪੁੱਤਰ ਹੈ। ਉਸ ਦੀ ਵਿਚਕਾਰਲੀ ਧੀ ਕਮਲਪ੍ਰੀਤ ਕੌਰ (32) ਦਾ ਵਿਆਹ ਸਾਲ 2012 ’ਚ ਖਰੜ ਦੇ ਪਿੰਡ ਮਲਿਕਪੁਰ ਵਾਸੀ ਹਰਪਿੰਦਰ ਸਿੰਘ ਨਾਲ ਹੋਇਆ ਸੀ, ਜਿਸ ਨਾਲ ਉਸ ਦੇ 2 ਪੁੱਤਰ, 11 ਤੇ 8 ਸਾਲ ਦਾ ਹੈ।
ਪਿਛਲੇ ਸ਼ਨੀਵਾਰ ਸਵੇਰੇ ਕਰੀਬ 11 ਵਜੇ ਉਸਦੇ ਭਰਾ ਨੂੰ ਉਨ੍ਹਾਂ ਦੇ ਜਵਾਈ ਹਰਪਿੰਦਰ ਸਿੰਘ ਅਤੇ ਕੁੜਮਣੀ ਨੇ ਫੋਨ ਰਾਹੀਂ ਦੱਸਿਆ ਕਿ ਕਮਲਪ੍ਰੀਤ ਕੌਰ ਦੀ ਹਾਲਤ ਨਾਜ਼ੁਕ ਹੈ। ਉਹ ਜਲਦ ਖਰੜ ਪੁੱਜ ਜਾਣ। ਇਸ ਪਿੱਛੋਂ ਜਿਵੇਂ ਹੀ ਉਹ ਖਰੜ ਪੁੱਜੇ ਤਾਂ ਪਤਾ ਲੱਗਾ ਕਿ ਕਮਲਪ੍ਰੀਤ ਕੌਰ ਨੇ ਫ਼ਾਹਾ ਲੈ ਖ਼ੁਦਕੁਸ਼ੀ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਕਾਫ਼ੀ ਸਮੇਂ ਤੋਂ ਉਨ੍ਹਾਂ ਦੀ ਧੀ ਮਾਨਸਿਕ ਪੱਖੋਂ ਪਰੇਸ਼ਾਨ ਚੱਲ ਰਹੀ ਸੀ, ਜਿਸ ਕਰਕੇ ਉਸ ਨੇ ਆਪਣੀ ਜ਼ਿੰਦਗੀ ਦਾ ਅੰਤ ਕਰ ਲਿਆ। ਮਜਾਤ ਪੁਲਸ ਨੇ ਮੇਜਰ ਸਿੰਘ ਦੇ ਬਿਆਨਾਂ ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਪਿੱਛੋਂ ਲਾਸ਼ ਨੂੰ ਉਸ ਦੇ ਵਾਰਸਾਂ ਹਵਾਲੇ ਕਰ ਦਿੱਤਾ ਹੈ।