ਮਾਂ ਨੇ ਬਹੁਤ ਭਰੋਸੇ ਨਾਲ ਮੈਨੂੰ ਸੌਂਪੀ ਹੈ ਪਰਿਵਾਰ ਦੀ ਕਰਮ ਭੂਮੀ : ਰਾਹੁਲ ਗਾਂਧੀ

ਨਵੀਂ ਦਿੱਲੀ – ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਆਪਣੇ ਪਰਿਵਾਰ ਦੀ ਰਵਾਇਤੀ ਸੀਟ ਰਾਏਬਰੇਲੀ ਤੋਂ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਨ ਪਿੱਛੋਂ ਸ਼ੁੱਕਰਵਾਰ ਕਿਹਾ ਕਿ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਨੇ ਭਰੋਸੇ ਨਾਲ ਉਨ੍ਹਾਂ ਨੂੰ ਆਪਣੀ ਕਰਮ ਭੂਮੀ ਸੌਂਪੀ ਹੈ । ਉਹ ਉਨ੍ਹਾਂ ਦੇ ਭਰੋਸੇ ਤੇ ਖਰਾ ਉਤਰਣ ਦੀ ਕੋਸ਼ਿਸ਼ ਕਰਨਗੇ। ਰਾਹੁਲ ਨੇ ਕਿਹਾ ਕਿ ਰਾਏਬਰੇਲੀ ਤੋਂ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨੇ ਮੇਰੇ ਲਈ ਇਕ ਭਾਵਨਾਤਮਕ ਪਲ ਸੀ। ਮੇਰੀ ਮਾਂ ਨੇ ਪਰਿਵਾਰ ਦਾ ਕੰਮ ਬਹੁਤ ਭਰੋਸੇ ਨਾਲ ਮੇਰੇ ਹਵਾਲੇ ਕੀਤਾ ਹੈ ਤੇ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ।
ਉਨ੍ਹਾਂ ਅਮੇਠੀ ਦੇ ਲੋਕਾਂ ਨੂੰ ਰਾਏਬਰੇਲੀ ਵਾਂਗ ਆਪਣੇ ਪਰਿਵਾਰ ਦਾ ਹਿੱਸਾ ਦੱਸਦੇ ਹੋਏ ਕਿਹਾ ਕਿ ‘ਅਮੇਠੀ ਤੇ ਰਾਏਬਰੇਲੀ ਮੇਰੇ ਲਈ ਵੱਖੋ-ਵੱਖਰੇ ਨਹੀਂ ਹਨ, ਦੋਵੇਂ ਮੇਰੇ ਪਰਿਵਾਰ ਹਨ। ਮੈਨੂੰ ਖੁਸ਼ੀ ਹੈ ਕਿ ਕਿਸ਼ੋਰੀ ਲਾਲ ਜੀ, ਜੋ 40 ਸਾਲ ਤੋਂ ਇਸ ਖੇਤਰ ਦੀ ਸੇਵਾ ਕਰ ਰਹੇ ਹਨ , ਇਸ ਵਾਰ ਅਮੇਠੀ ਤੋਂ ਪਾਰਟੀ ਦੀ ਨੁਮਾਇੰਦਗੀ ਕਰਨਗੇ। ਰਾਏਬਰੇਲੀ ਤੇ ਅਮੇਠੀ ਦੇ ਲੋਕਾਂ ਨੂੰ ਬੇਇਨਸਾਫ਼ੀ ਵਿਰੁੱਧ ਵੋਟ ਪਾਉਣ ਦੀ ਅਪੀਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਬੇਇਨਸਾਫੀ ਵਿਰੁੱਧ ਚੱਲ ਰਹੀ ਨਿਆਂ ਦੀ ਲੜਾਈ ’ਚ ਮੈਂ ਆਪਣੇ ਲੋਕਾਂ ਕੋਲੋਂ ਪਿਆਰ ਤੇ ਆਸ਼ੀਰਵਾਦ ਦੀ ਮੰਗ ਕਰਦਾ ਹਾਂ। ਮੈਨੂੰ ਭਰੋਸਾ ਹੈ ਕਿ ਸੱਭ ਸੰਵਿਧਾਨ ਤੇ ਲੋਕਤੰਤਰ ਨੂੰ ਬਚਾਉਣ ਦੀ ਇਸ ਲੜਾਈ ’ਚ ਮੇਰੇ ਨਾਲ ਖੜੇ ਹੋਣਗੇ।