ਮਹਾਰਾਸ਼ਟਰ ’ਚ ਭਾਜਪਾ ਨੇ ਕਿਸਾਨਾਂ ਦੀ ‘ਪਿੱਠ ’ਚ ਛੁਰਾ ਮਾਰਿਆ’ : ਰਮੇਸ਼

ਨਵੀਂ ਦਿੱਲੀ, – ਕਾਂਗਰਸ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਮਹਾਰਾਸ਼ਟਰ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਕਿਸਾਨਾਂ ਦੀ ‘ਪਿੱਠ ਵਿਚ ਛੁਰਾ ਮਾਰਿਆ’ ਹੈ। ਕਾਂਗਰਸ ਦੇ ਜਨਰਲ ਸਕੱਤਰ ਇੰਚਾਰਜ (ਸੰਚਾਰ) ਜੈਰਾਮ ਰਮੇਸ਼ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਵਧਦੀ ਲਾਗਤ ਦੇ ਬਾਵਜੂਦ ਕਿਸਾਨਾਂ ਨੂੰ ‘ਜ਼ੀਰੋ ਸਪੋਰਟ’ ਪ੍ਰਦਾਨ ਕੀਤੀ ਹੈ ਅਤੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਨੂੰ ਕਾਨੂੰਨੀ ਦਰਜਾ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਹੈ।
ਰਮੇਸ਼ ਨੇ ਕਿਹਾ ਕਿ ਕਿਸਾਨਾਂ ਨੂੰ ਦੋਹਰੀ ਮਾਰ ਝੱਲਣੀ ਪੈਂਦੀ ਹੈ, ਕਿਉਂਕਿ ਉਨ੍ਹਾਂ ਨੂੰ ਸੋਕੇ ਦੌਰਾਨ ਮਾੜੀ ਪੈਦਾਵਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਜਦੋਂ ਮੀਂਹ ਬਹੁਤ ਜ਼ਿਆਦਾ ਪੈਂਦਾ ਹੈ-ਜਿਵੇਂ ਕਿ 2024 ਵਿਚ-ਤਾਂ ਕਿਸਾਨਾਂ ਨੂੰ ਵੱਧ ਝਾੜ ਕਾਰਨ ਕੀਮਤਾਂ ਵਿਚ ਅਚਾਨਕ ਗਿਰਾਵਟ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਇਸ ਦਾ ਇਕੋ-ਇਕ ਹੱਲ ਹੈ, ਜਿਸ ਦੀ ਕਾਂਗਰਸ ਨੇ ਗਾਰੰਟੀ ਦਿੱਤੀ ਹੈ, ਰਾਸ਼ਟਰੀ ਪੱਧਰ ’ਤੇ ਵੀ ਅਤੇ ਰਾਜ ਪੱਧਰ ’ਤੇ ਵੀ ਘੱਟੋ-ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਦਰਜਾ ਅਤੇ ਸਵਾਮੀਨਾਥਨ ਕਮਿਸ਼ਨ ਦੇ ਫਾਰਮੂਲੇ ਮੁਤਾਬਕ ਐੱਮ. ਐੱਸ. ਪੀ. ਨੂੰ ਲਾਗੂ ਕਰਨਾ-ਭਾਵ ਖੇਤੀ ਦੀ ਸਮੁੱਚੀ ਲਾਗਤ ਦਾ 1.5 ਮੁੱਲ।