ਮਰਦੀ ਨੇ ਅੱਕ ਚੱਬਿਆ, ਹਾਰ ਕੇ ਜੇਠ ਨਾਲ ਲਾਈਆਂ!

gurbachanਭਵਿੱਖੀ ਚੋਣ ਮੇਲੇ ਵਾਸਤੇ ਸਜ ਰਹੀਆਂ ਸਿਆਸੀ ਦੁਕਾਨਾਂ!
ਪੰਜਾਬ ਵਿੱਚ ਚੋਣਾਂ ਦੀ ਪੈਰ-ਚਾਲ ਦੀ ਆਵਾਜ਼ ਲਗਾਤਾਰ ਉੱਚੀ ਹੁੰਦੀ ਸੁਣਾਈ ਦੇ ਰਹੀ ਹੈ। ਜਦੋਂ ਕਿਸੇ ਪਿੰਡ-ਨਗਰ ਵਿੱਚ ਕੋਈ ਸਮਾਜਕ-ਸਭਿਆਚਾਰਕ ਮੇਲਾ ਲੱਗਣਾ ਹੁੰਦਾ ਹੈ, ਭਾਂਤ ਭਾਂਤ ਦੇ ਦੁਕਾਨਦਾਰ ਮੌਸਮੀ ਪੰਛੀਆਂ ਵਾਂਗ ਆ ਉੱਤਰਦੇ ਹਨ ਅਤੇ ਆਪਣੀ ਆਪਣੀ ਦੁਕਾਨ ਨੂੰ ਦੂਜਿਆਂ ਨਾਲੋਂ ਵੱਧ ਮਨਮੋਹਣੀ ਅਤੇ ਖਿੱਚ-ਭਰਪੂਰ ਬਣਾਉਣ ਵਿੱਚ ਜੁਟ ਜਾਂਦੇ ਹਨ। ਸਵਾ ਸਾਲ ਨੂੰ ਹੋਣ ਵਾਲੀਆਂ ਚੋਣਾਂ ਦੇ ਮੇਲੇ ਦੇ ਢੋਲ ਨੂੰ ਹੁਣੇ ਤੋਂ ਡੱਗਾ ਲਗਾ ਦਿੱਤਾ ਗਿਆ ਹੈ ਅਤੇ ਐਲਾਨੇ ਗਏ ਮੇਲੇ ਵਾਸਤੇ ਸਿਆਸੀ ਪਾਰਟੀਆਂ ਆਪਣੀਆਂ ਆਪਣੀਆਂ ਦੁਕਾਨਾਂ ਅਗੇਤੀਆਂ ਹੀ ਸਜਾਉਣ ਲੱਗ ਪਈਆਂ ਹਨ। ਉਹ ਸਿਆਣੇ ਪੁਰਖਿਆਂ ਤੋਂ ਹੋਰ ਕੋਈ ਸਿੱਖਿਆ ਲੈਣ ਜਾਂ ਨਾ ਲੈਣ, ਪਰ ”ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ/ ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ” ਉਚਾਰਨ ਵਾਲੇ ਬਾਬਾ ਫ਼ਰੀਦ ਦੀ ਸਿੱਖਿਆ ਜ਼ਰੂਰ ਯਾਦ ਰਖਦੇ ਹਨ। ਜੇ ਇੱਕ ਵਾਰ ਮੇਲਾ ਉਹਨਾਂ ਦੇ ਦੁਕਾਨ ਸਜਾਉਣ ਤੋਂ ਪਹਿਲਾਂ ਹੀ ਭਰ ਗਿਆ, ਫ਼ੇਰ ਉਹਨਾਂ ਨੂੰ ਤੰਬੂ ਕੀਹਨੇ ਲਾਉਣ ਦੇਣਾ ਹੈ! ਇਸੇ ਕਰ ਕੇ ਚੋਣਾਂ ਦਾ ਰੌਣਕ-ਮੇਲਾ ਭਰਨ ਦੀ, ਅਰਥਾਤ ਪਿੰਡ ਬੱਝਣ ਦੀ ਉਡੀਕ ਕੀਤੇ ਬਿਨਾਂ ਵੋਟਾਂ ਦੇ ਮੰਗਤੇ ਆਪਣੀਆਂ ਬਗਲੀਆਂ ਦੇ ਮੂੰਹ ਖੋਲ੍ਹ ਕੇ ਭਿੱਖਿਆ ਮੰਗਣ ਤੁਰ ਪਏ ਹਨ।
ਹਰ ਪਾਰਟੀ ਹੁਣ ਤੋਂ ਹੀ ਸੇਵਾ ਦਾ ਮੌਕਾ ਮੰਗਣ ਲੱਗੀ ਹੈ। ਏਨੀਆਂ ਚੋਣਾਂ ਭੁਗਤਾਉਣ ਮਗਰੋਂ ਵੀ ਭੋਲ਼ੇ ਲੋਕ ਸਮਝਦੇ ਹਨ ਕਿ ਸਾਡੇ ਨੇਤਾ ਉਹਨਾਂ ਦੀ ਸੇਵਾ ਕਰਨ ਦਾ ਮੌਕਾ ਮੰਗ ਰਹੇ ਹਨ। ਉਹ ਇਹ ਨਹੀਂ ਸਮਝਦੇ ਕਿ ਨੇਤਾ ਮੂੰਹੋਂ ਭਾਵੇਂ ਕੁਝ ਵੀ ਕਹਿੰਦੇ ਰਹਿਣ, ਉਹਨਾਂ ਦੀ ਅੰਦਰਲੀ ਮਨਸ਼ਾ ਸੇਵਾ ਕਰਨ ਦਾ ਮੌਕਾ ਨਹੀਂ, ਸੇਵਾ ਕਰਵਾਉਣ ਦਾ ਮੌਕਾ ਹਾਸਲ ਕਰਨ ਦੀ ਹੁੰਦੀ ਹੈ। ਜਨਤਾ ਦੀ ਸੇਵਾ ਦਾ ਪਖੰਡ ਤਾਂ ਉਹ ਚੋਣਾਂ ਤੋਂ ਪਹਿਲਾਂ ਦੇ ਥੋੜ੍ਹੇ ਜਿਹੇ ਸਮੇਂ ਵਾਸਤੇ ਕਰਨ ਲਈ ਮਜਬੂਰ ਹੁੰਦੇ ਹਨ। ਇਹੋ ਕੁਝ ਦਿਨ ਹੁੰਦੇ ਹਨ ਜਦੋਂ ਉਹਨਾਂ ਨੂੰ ਏਅਰਕੰਡੀਸ਼ਨਡ ਕੋਠੀਆਂ ਵਿੱਚੋਂ ਬਾਹਰ ਨਿਕਲ ਕੇ ਤੇ ਕਾਰਾਂ ਪਿੱਛੇ ਛੱਡ ਕੇ ਪਿੰਡਾਂ ਦੇ ਗੰਦੇ ਗਲ਼ੀਆਂ-ਕੂਚਿਆਂ ਵਿੱਚ ਪੈਦਲ ਧੱਕੇ ਖਾਣੇ ਪੈਂਦੇ ਹਨ। ਇਹੋ ਕੁਝ ਦਿਨ ਹੁੰਦੇ ਹਨ ਜਦੋਂ ਉਹਨਾਂ ਦੇ ਮੂੰਹੋਂ ਕੈਲੇ ਨੂੰ ਕਰਨੈਲ ਸਿਉਂ ਤੇ ਜੈਲੇ ਨੂੰ ਜਰਨੈਲ ਸਿੰਘ ਜੀ ਨਿਕਲਦਾ ਹੈ।
ਕੁਝ ਲੋਕ ਇਸ ਗੱਲੋਂ ਹੈਰਾਨ ਵੀ ਹੁੰਦੇ ਹਨ ਕਿ ਇਹ ਰੱਜੇ-ਪੁੱਜੇ, ਸਗੋਂ ਆਫ਼ਰੇ ਹੋਏ, ਸਫ਼ੈਦਪੋਸ਼ ਸਾਡੇ ਗਰੀਬੜਿਆ ਦੀਆਂ ਮਿੰਨਤਾਂ ਕਿਉਂ ਕਰਦੇ ਹਨ? ਸਭ ਕੁਝ ਹੁੰਦਿਆਂ-ਸੁੰਦਿਆ ਇਹ ਸਾਡੇ ਨਿਮਾਣੇ ਗਲ਼ੀਆਂ-ਕੂਚਿਆਂ ਵਿੱਚ ਰਾਜੇ ਤੋਂ ਰੰਕ ਤੇ ਦਾਤੇ ਤੋਂ ਭਿਖਾਰੀ ਕਾਹਦੇ ਲਈ ਬਣੇ ਫ਼ਿਰਦੇ ਹਨ? ਕੀ ਘਾਟਾ ਹੈ ਇਹਨਾਂ ਦੇ ਘਰ ਜੋ ਸਾਡੀ ਇੱਕ ਇੱਕ ਵੋਟ ਵਾਸਤੇ ਤਰਲੋ-ਮੱਛੀ ਹੋ ਰਹੇ ਹਨ? ਲੋਕਾਂ ਨੂੰ ਇਹ ਚੇਤੇ ਨਹੀਂ ਰਹਿੰਦਾ ਕਿ ਬਾਬਾ ਨਾਨਕ ਇਹ ਰਹੱਸ ਤਾਂ ਸਦੀਆਂ ਪਹਿਲਾਂ ਸਮਝਾ ਗਏ ਹਨ, ”ਰਾਜਾ ਰਾਜਿ ਨ ਤ੍ਰਿਪਤਿਆ ਸਾਇਰ ਭਰੇ ਕਿਸੁਕ!” ਰਾਜਾ ਰਾਜ ਕਰ ਕੇ ਤ੍ਰਿਪਤ ਨਹੀਂ ਹੁੰਦਾ ਜਿਵੇਂ ਸਾਗਰ ਲਗਾਤਾਰ ਨਦੀਆਂ ਪੈਂਦੀਆਂ ਰਹਿਣ ਦੇ ਬਾਵਜੂਦ ਭਰਿਆ ਮਹਿਸੂਸ ਨਹੀਂ ਕਰਦਾ। ਸੱਤਾ ਦਾ ਨਸ਼ਾ ਸ਼ਰਾਬ, ਸਮੈਕ, ਭੁੱਕੀ ਅਤੇ ਉਹਨਾਂ ਹੋਰ ਸਭ ਨਸ਼ਿਆਂ ਨਾਲੋਂ ਵੱਧ ਹੱਡਾਂ ਵਿੱਚ ਰਚਦਾ ਹੈ ਜਿਹੜੇ ਸਾਡੇ ਇਹਨਾਂ ਹੀ ਨੇਤਾਵਾਂ ਦੀ ਕਿਰਪਾ ਨਾਲ ਹੁਣ ਪੰਜਾਬ ਵਿੱਚ ਘਰ ਘਰ ਪਹੁੰਚੇ ਹੋਏ ਹਨ। ਸਮੈਕ ਦਾ ਨਸ਼ਾ ਉਤਰੇ ਤੋਂ ਜਾਨ ਓਨੀ ਨਹੀਂ ਟੁਟਦੀ ਜਿੰਨੀ ਕੁਰਸੀ ਤੋਂ ਉੱਤਰੇ ਨੇਤਾ ਦੀ ਟੁਟਦੀ ਹੈ।
ਚੋਣਾਂ ਲੰਘੀਆਂ ਤੋਂ ਵੋਟਰਾਂ ਨੂੰ ਪਤਾ ਲਗਦਾ ਹੈ ਕਿ ਉਹਨਾਂ ਦੀ ਹਾਲਤ ਤਾਂ ”ਸਜਨ ਤੋਰੀ ਪ੍ਰੀਤ ਰਾਤ ਭਰ ਕੀ/ ਭੋਰ ਭਈ ਤੂ ਕੌਨ, ਕੌਨ ਮੈਂ” ਵਾਲ਼ੀ ਹੋ ਗਈ ਹੈ। ਆਪਣੇ ਨੇਤਾਵਾਂ ਦਾ ਕਿਸੇ ਅਰਜ਼-ਫ਼ਰਿਆਦ ਵਾਸਤੇ ਮੇਲ ਤਾਂ ਕੀ, ਦਰਸ਼ਨ ਵੀ ਦੁਰਲੱਭ ਹੋ ਜਾਂਦਾ ਹੈ। ਜੇ ਚੰਡੀਗੜ੍ਹ ਮਿਲਣ ਜਾਓ, ਗੜਵਈ ਜਵਾਬ ਦਿੰਦੇ ਹਨ, ਉਹ ਬਾਹਰ ਗਏ ਹੋਏ ਹਨ। ਜੇ ਨੇਤਾ ਜੀ ਦੇ ਚੰਡੀਗੜ੍ਹ ਹੋਣ ਦੀ ਜਾਣਕਾਰੀ ਦੱਸ ਦਿਉ, ਨੇਤਾ ਜੀ ਚੰਡੀਗੜ੍ਹ ਤਾਂ ਹੁੰਦੇ ਹਨ ਪਰ ਕੋਠੀ ਵਿੱਚ ਨਹੀਂ ਹੁੰਦੇ। ਜੇ ਕਹੋ ਕਿ ਪਤਾ ਲਗਿਆ ਹੈ, ਉਹ ਕੋਠੀ ਵਿੱਚ ਹੀ ਹਨ, ਤਾਂ ਉਹ ਜ਼ਰੂਰੀ ਮੀਟਿੰਗ ਵਿੱਚ ਹੁੰਦੇ ਹਨ। ਤੇ ਜ਼ਰੂਰੀ ਮੀਟਿੰਗ ਦਾ ਇਹ ਹਿਸਾਬ ਹੁੰਦਾ ਹੈ ਕਿ ਮੁੱਕੇ ਤਾਂ ਮੁੱਕੇ, ਨਾ ਮੁੱਕੇ ਤਾਂ ਨਾ ਹੀ ਮੁੱਕੇ!
ਸਾਡੇ ਦੇਸ ਦੀ ਰਾਜਨੀਤੀ ਜਿੰਨੀ ਬੇਸ਼ਰਮ ਤੇ ਅਧਰਮੀ ਹੁਣ ਹੈ, ਸ਼ਾਇਦ ਪਹਿਲਾਂ ਕਦੀ ਵੀ ਨਹੀਂ ਸੀ। ਇਉਂ ਲਗਦਾ ਹੈ ਜਿਵੇਂ ਬਾਬਾ ਨਾਨਕ ਨੇ ਇਹ ਬੋਲ ਸਾਡੇ ਸਮੇਂ ਵਾਸਤੇ ਹੀ ਉਚਾਰੇ ਹੋਣ, ”ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ!” ਨੇਤਾ ਨਿਰਭੈ ਹੋ ਕੇ ਕੁਸੱਤ ਬੋਲਦੇ ਹਨ। ਕੁਰਸੀਧਾਰੀ ਨੇਤਾ ਬੇਧੜਕ ਹੋ ਕੇ ਪਿਛਲੀ ਵਾਰ ਵਾਲੇ ਵਾਅਦੇ ਹਿੱਕ ਥਾਪੜ ਥਾਪੜ ਦੁਹਰਾਉਣ ਲਗਦੇ ਹਨ। ਉਹ ਇਸ ਗੱਲ ਦੀ ਕੋਈ ਸ਼ਰਮ ਨਹੀਂ ਮੰਨਦੇ ਕਿ ਲੋਕ ਏਨੇ ਮੂਰਖ ਤਾਂ ਨਹੀਂ, ਉਹੋ ਵਾਅਦੇ ਦੁਬਾਰਾ ਸੁਣ ਕੇ ਵੀ ਇਹ ਨਾ ਸੋਚਣ ਕਿ ਤੁਹਾਨੂੰ ਪਿਛਲੀ ਵਾਰ ਕੀਤੇ ਇਹ ਵਾਅਦੇ ਪੂਰੇ ਕਰਨ ਵਾਸਤੇ ਏਨੇ ਸਾਲ ਮਿਲੇ ਸਨ, ਪੂਰੇ ਕਿਉਂ ਨਾ ਕੀਤੇ! ਬੰਦੇ ਦਾ ਧਰਮ ਆਖਦਾ ਹੈ, ਪ੍ਰਾਣ ਜਾਏਂ ਪਰ ਵਚਨ ਨਾ ਜਾਈ। ਇਥੇ ਵਚਨ ਨੂੰ ਵਿਸਾਰ ਕੇ ਪ੍ਰਾਣਾਂ ਦੀ ਸੁੱਖ ਮੰਗੀ ਜਾਂਦੀ ਹੈ।
ਮਿਸਾਲ ਵਜੋਂ ਜਦੋਂ ਹੁਣ ਅਕਾਲੀ ਸੱਤਾਧਾਰੀ ਆਉਂਦੇ ਮਹੀਨਿਆਂ ਵਿੱਚ ਸਵਰਗ ਨੂੰ ਗੁੱਟੋਂ ਫ਼ੜ ਕੇ ਖਿੱਚਦੇ ਹੋਏ ਪੰਜਾਬੀਆਂ ਦੇ ਵਿਹੜੇ ਲਿਆ ਸੁੱਟਣ ਦੀਆਂ ਫ਼ੜ੍ਹਾਂ ਮਾਰਦੇ ਹਨ, ਲੋਕ ਉਹਨਾਂ ਨੂੰ ਇਹ ਪੁੱਛਣੋਂ ਕਿਉਂ ਝਿਜਕਦੇ ਹਨ, ਮਹਾਰਾਜ, ਇਹ ਸ਼ੁਭ ਕਾਰਜ ਤੁਸੀਂ ਪਿਛਲੇ ਨੌਂ ਵਰ੍ਹਿਆਂ ਵਿੱਚ ਕਿਉਂ ਨਾ ਕੀਤਾ? ਆਪਣੇ ਸਾਹਿਰ ਲੁਧਿਆਣਵੀ ਕਹਿੰਦੇ ਹਨ, ”ਜ਼ਰਾ ਮੁਲਕ ਕੇ ਰਹਿਬਰੋਂ ਕੋ ਬੁਲਾਓ/ ਯੇ ਕੂਚੇ, ਯੇ ਗਲ਼ੀਆਂ, ਯੇ ਮੰਜ਼ਰ ਦਿਖਾਓ/ ਜਿਨਹੇਂ ਨਾਜ਼ ਹੈ ਹਿੰਦ ਪਰ ਉਨ ਕੋ ਲਾਓ/ ਜਿਨ੍ਹੇਂ ਨਾਜ਼ ਹੈ ਹਿੰਦ ਪਰ ਵੁਹ ਕਹਾਂ ਹੈਂ?” ਲੋਕਾਂ ਨੂੰ ਚਾਹੀਦਾ ਹੈ, ਅਕਾਲੀ ਰਹਿਬਰਾਂ ਨੂੰ ਬੁਲਾ ਕੇ ਆਪਣੇ ਗਲ਼ੀਆਂ-ਕੂਚਿਆਂ ਵਿੱਚ ਫ਼ਿਰਦੀ ਭੁੱਖ-ਨੰਗ, ਬੀਮਾਰੀ, ਅਨਪੜ੍ਹਤਾ, ਬੇਰੁਜ਼ਗਾਰੀ ਤੇ ਖ਼ੁਦਕੁਸ਼ੀ ਦਾ ਮੰਜ਼ਰ ਦਿਖਾਉਣ ਤੇ ਆਖਣ, ਤੁਸੀਂ ਤਾਂ ਪੰਜਾਬ ਉੱਤੇ ਨਾਜ਼ ਹੋਣ ਦਾ ਦਾਅਵਾ ਕਰਦੇ ਨਹੀਂ ਥਕਦੇ, ਇਹ ਹੈ ਤੁਹਾਡਾ ਨਾਜ਼?”
ਇਸੇ ਤਰ੍ਹਾਂ ਵੋਟਰਾਂ ਨੂੰ ਚਾਹੀਦਾ ਹੈ ਕਿ ਕਾਂਗਰਸੀਆਂ ਨੂੰ ਕਹਿਣ, ਤੁਸੀਂ ਕਿਹੜਾ ਕੋਈ ਨਵੇਂ ਆਏ ਹੋ ਜੋ ਸਾਨੂੰ ਵਾਅਦਿਆ ਨਾਲ ਲੁਭਾਉਣ ਲੱਗੇ ਹੋ ਤੇ ਅਕਾਲੀਆਂ ਮਗਰ ਖੂੰਡਾ ਚੁੱਕੀਂ ਫ਼ਿਰਦੇ ਹੋ? ਇਹ ਤਾਂ 2012 ਵਿੱਚ ਤੁਹਾਡੇ ਆਪਣੇ ਕਾਟੋ-ਕਲੇਸ਼ ਨੇ ਅਕਾਲੀਆਂ ਦਾ ਦੁਬਾਰਾ ਦਾਅ ਲੁਆ ਦਿੱਤਾ, ਨਹੀਂ ਤਾਂ ਪੰਜਾਬ ਵਿੱਚ ਚਿਰਾਂ ਤੋਂ ਹਰ ਵਾਰ ਚਲਦੀ ”ਉਤਰ ਕਾਟੋ ਮੈਂ ਚੜ੍ਹਾਂ, ਮੇਰੀ ਵਾਰੀ ਆਈ ਐ” ਦੀ ਰੀਤ ਅਨੁਸਾਰ ਰਾਜ ਤੁਹਾਡਾ ਹੀ ਆਉਣਾ ਸੀ। ਪਰ ਜੇ ਤੁਹਾਡੀ ਵਾਰੀ ਵੀ ਆ ਜਾਂਦੀ, ਤੁਸੀਂ ਕੀ ਕਰ ਦੇਣਾ ਸੀ? ਇਹਨਾਂ ਦੇ ਦੂਹਰੇ ਰਾਜ ਤੋਂ ਪਹਿਲਾਂ ਤੁਹਾਡਾ ਹੀ ਰਾਜ ਸੀ, ਓਦੋਂ ਤੁਸੀਂ ਕੀ ਰੱਬ ਨੂੰ ਟਾਕੀਆਂ ਲਾ ਦਿੱਤੀਆਂ ਸਨ?
ਪੰਜਾਬ ਦੇ ਵੋਟਰਾਂ ਦੀ ਮਜਬੂਰੀ ਰਹੀ ਹੈ ਕਿ ਉਹ ਅਕਾਲੀਆਂ ਦੇ ਰਾਜ ਤੋਂ ਅੱਕ ਜਾਂਦੇ ਹਨ ਤਾਂ ਕਾਂਗਰਸੀਆਂ ਦੇ ਲੜ ਲੱਗ ਜਾਂਦੇ ਹਨ ਤੇ ਜਦੋਂ ਉਹ ਵੀ ਕੁਝ ਨਹੀਂ ਕਰਦੇ, ਫ਼ੇਰ ਅਕਾਲੀਆਂ ਦੀ ਝੋਲ਼ੀ ਪੈ ਜਾਂਦੇ ਹਨ। ਕੋਈ ਤੀਜਾ ਬਦਲ ਹੁੰਦਾ ਹੀ ਨਹੀਂ ਸੀ। ਆਪਣੇ ਜ਼ਮਾਨੇ ਵਿੱਚ ਸ਼ਾਹ ਮੁਹੰਮਦ ਨੇ ਹਿੰਦੂਆਂ-ਸਿੱਖਾਂ ਤੇ ਮੁਸਲਮਾਨਾਂ ਨਾਲ ਚਿਰਾਂ ਤੋਂ ਵਸਦੇ ਪੰਜਾਬ ਵਿੱਚ ਅੰਗਰੇਜ਼ਾਂ ਨੂੰ ਆਏ ਦੇਖ ਕੇ ਕਿਹਾ ਸੀ, ”ਸ਼ਾਹ ਮੁਹੰਮਦਾ ਵਿੱਚ ਪੰਜਾਬ ਦੇ ਜੀ, ਕੋਈ ਨਹੀਂ ਸੀ ਦੂਸਰੀ ਜ਼ਾਤ ਆਹੀ।” ਇਸ ਸਮੇਂ ਸਿਆਸੀ ਪਾਰਟੀਆਂ ਦੇ ਪੱਖੋਂ ਪੰਜਾਬ ਦਾ ਇਹੋ ਹਾਲ ਰਿਹਾ ਹੈ। ਪਰ ਇਸ ਵਾਰ ਅਕਾਲੀਆਂ ਤੇ ਕਾਂਗਰਸੀਆਂ ਤੋਂ ਬਿਨਾਂ ਸ਼ਾਹ ਮੁਹੰਮਦ ਦੇ ਕਹੇ ਵਾਲ਼ੀ ਇੱਕ ਹੋਰ ਜ਼ਾਤ ਆਮ ਆਦਮੀ ਪਾਰਟੀ ਦੇ ਰੂਪ ਵਿੱਚ ਆ ਗਈ ਹੈ।
ਪੰਜਾਬ ਦੇ ਆਮ ਲੋਕ ਜਿਸ ਉਤਸਾਹ ਨਾਲ ”ਆਮ ਆਦਮੀ ਪਾਰਟੀ” ਜਾਂ ”ਮੈਂ ਹਾਂ ਆਮ ਆਦਮੀ” ਲਿਖੇ ਵਾਲੀਆਂ ਪੱਟੀਆਂ ਪੱਗਾਂ ਉੱਤੇ ਸਜਾ ਰਹੇ ਹਨ ਜਾਂ ਟੋਪੀਆਂ ਪਹਿਨ ਰਹੇ ਹਨ, ਹੋ ਸਕਦਾ ਹੈ ਉਹ ਸੋਚਣ, ਉਹ ਦੋਵੇਂ ਪਾਰਟੀਆਂ ਤਾਂ ਕਈ ਕਈ ਵਾਰ ਪਰਖ ਲਈਆਂ, ਇਸ ਅਣਪਰਖੇ ਨਵੇਂ ਨੂੰ ਵੀ ਸੁਣ ਲਈਏ, ਇਹਦਾ ਕੀ ਕਹਿਣਾ ਹੈ। ਜੇ ਅਜਿਹੀ ਅਲੋਕਾਰ ਗੱਲ ਹੋ ਜਾਵੇ, ਅਕਾਲੀ ਤੇ ਕਾਂਗਰਸੀ ਨੇਤਾ ਵੋਟਰ ਜਨਤਾ ਨੂੰ ਉਲਾਂਭੇ ਤਾਂ ਜ਼ਰੂਰ ਦੇਣਗੇ, ”ਨਵਿਆਂ ਦੇ ਲੜ ਲੱਗ ਗਈ, ਛੱਡ ਕੇ ਯਾਰ ਪੁਰਾਣੇ!” ਅਜਿਹੀ ਸੂਰਤ ਵਿੱਚ ਜਨਤਾ ਨੂੰ ਝਿਜਕਣ ਦੀ ਲੋੜ ਨਹੀਂ ਕਿਉਂਕਿ ਉਸ ਕੋਲ ਵਧੀਆ ਜਵਾਬ ਹੈ। ਉਹ ਦੱਸ ਸਕਦੀ ਹੈ ਕਿ ਤੁਸੀਂ ਲਾਰੇ ਲਾਉਂਦੇ ਰਹੇ, ਸਵਾਰਿਆ ਕਦੀ ਕੁਝ ਨਹੀਂ, ਕਦੀ ਕਿਸੇ ਕੰਮ ਨਹੀਂ ਆਏ, ਆਖ਼ਰ ਮਨ ਇਸ ਹਾਲਤ ਤੋਂ ਏਨਾ ਅੱਕ ਗਿਆ ਕਿ ”ਮਰਦੀ ਨੇ ਅੱਕ ਚੱਬਿਆ, ਹਾਰ ਕੇ ਜੇਠ ਨਾਲ ਲਾਈਆਂ!”
ਸਾਡੇ ਦੇਸ ਦਾ ਸੰਵਿਧਾਨ ਬਣਾਉਣ ਵਾਲਿਆਂ ਨੇ ਕਮਾਲ ਦੀ ਦੂਰ-ਦ੍ਰਿਸ਼ਟੀ ਦਿਖਾਉਂਦਿਆਂ ਲੋਕਾਂ ਨੂੰ ਏਨੀ ਤਾਕਤ ਦੇ ਦਿੱਤੀ ਹੈ ਅਤੇ ਇਸ ਗੱਲ ਦੇ ਸਮਰੱਥ ਬਣਾਇਆ ਹੈ ਕਿ ਉਹ ਕੋਈ ਸਰਕਾਰ ਨਿਕੰਮੀ ਸਿੱਧ ਹੋਣ ਦੀ ਸੂਰਤ ਵਿੱਚ ਅਗਲੀਆਂ ਚੋਣਾਂ ਸਮੇਂ ਉਹਦੇ ਹੇਠੋਂ ਕੁਰਸੀ ਖਿੱਚ ਕੇ ਕਿਸੇ ਨਵੇਂ ਦੇ ਹਵਾਲੇ ਕਰ ਦੇਣ। ਸੂਝ-ਸਮਝ ਮੰਗ ਕਰਦੀ ਹੈ ਕਿ ਇੱਕ ਵਾਰ, ਦੋ ਵਾਰ, ਤਿੰਨ ਵਾਰ ਠੱਗੇ ਜਾਣ ਮਗਰੋਂ ਵੋਟਰ ਏਨੇ ਅਨੁਭਵੀ ਹੋ ਜਾਣ ਕਿ ਚੰਗੇ-ਮੰਦੇ ਦਾ ਨਿਖੇੜਾ ਕਰ ਸਕਣ ਅਤੇ ਕੁਝ ਕਰ ਕੇ ਦਿਖਾਉਣ ਵਾਲ਼ੀ ਸਰਕਾਰ ਚੁਣ ਲੈਣ। ਜੇ ਬਾਰ ਬਾਰ ਪਰਖੀਆਂ ਦੋਵਾਂ ਰਵਾਇਤੀ ਪਾਰਟੀਆਂ ਦੇ ਨਾਲ ਹੁਣ ਇੱਕ ਹੋਰ ਪਾਰਟੀ ਦਾ ਨਵਾਂ ਵਾਧਾ ਹੋ ਜਾਣ ਦੇ ਬਾਵਜੂਦ ਲੋਕ ਕੋਈ ਕੰਮ ਨਾ ਕਰਨ ਵਾਲ਼ੀ ਤੇ ਫ਼ੋਕੀਆਂ ਫ਼ੜ੍ਹਾਂ ਮਾਰਨ ਵਾਲੀ ਸਰਕਾਰ ਚੁਣ ਲੈਂਦੇ ਹਨ, ਫ਼ੇਰ ਤਾਂ ਬਾਬਾ ਨਾਨਕ ਦੇ ਕਹੇ ਬੋਲਾਂ ”ਕੂੜੁ ਰਾਜਾ ਕੂੜੁ ਪਰਜਾ” ਅਨੁਸਾਰ ਅਫ਼ਸੋਸ ਨਾਲ ਇਹ ਮੰਨਣਾ ਪਵੇਗਾ ਕਿ ਸਿਰਫ਼ ਰਾਜਾ ਹੀ ਕੂੜ ਨਹੀਂ ਜੋ ਜਨਤਾ ਦੇ ਭਲੇ ਲਈ ਕੁਝ ਨਹੀਂ ਕਰਦਾ ਸਗੋਂ ਪਰਜਾ ਵੀ ਕੂੜ ਹੈ ਜੋ ਕਸਵੱਟੀ ਉੱਤੇ ਮੁੜ ਮੁੜ ਪਰਖੇ ਤੋਂ ਖੋਟੇ ਨਿੱਕਲੇ ਰਾਜਿਆਂ ਵਿਚੋਂ ਹੀ ਕਿਸੇ ਨੂੰ ਫ਼ੇਰ ਚੁਣ ਲੈਂਦੀ ਹੈ!
(0091-1142502364)

LEAVE A REPLY