ਮਮਤਾ ਬੈਨਰਜੀ ਪਹੁੰਚ ਗਈ ਡਾਕਟਰਾਂ ਦੇ ਧਰਨੇ ‘ਚ, ਕਿਹਾ- ਮੈਨੂੰ ਨਹੀਂ ਆਪਣੇ ਅਹੁਦੇ ਦੀ ਚਿੰਤਾ

ਕੋਲਕਾਤਾ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸ਼ਨੀਵਾਰ ਨੂੰ ਅਚਾਨਕ ਜੂਨੀਅਰ ਡਾਕਟਰਾਂ ਦੇ ਪ੍ਰਦਰਸ਼ਨ ਵਾਲੀ ਥਾਂ ‘ਤੇ ਪਹੁੰਚ ਗਈ। ਇਸ ਦੌਰਾਨ ਉਨ੍ਹਾਂ ਨੇ ਡਾਕਟਰਾਂ ਦੀਆਂ ਮੰਗਾਂ ‘ਤੇ ਗੌਰ ਕਰਨ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਸਾਲਟ ਲੇਕ ‘ਚ ਸਿਹਤ ਭਵਨ ਦੇ ਬਾਹਰ ਪ੍ਰਦਰਸ਼ਨਕਾਰੀ ਡਾਕਟਰਾਂ ਨੂੰ ਸੰਬੋਧਿਤ ਕਰਦੇ ਹੋਏ ਬੈਨਰਜੀ ਨੇ ਕਿਹਾ ਕਿ ਡਾਕਟਰ ਮੀਂਹ ਦੇ ਵਿਚਕਾਰ ਸੜਕ ‘ਤੇ ਪ੍ਰਦਰਸ਼ਨ ਕਰ ਰਹੇ ਸਨ, ਜਿਸ ਨਾਲ ਉਨ੍ਹਾਂ ਦੀ ਰਾਤਾਂ ਦੀ ਨੀਂਦ ਉੱਡ ਗਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਮੈਂ ਸੀਬੀਆਈ ਨੂੰ ਵੀ ਬੇਨਕੀ ਕਰਾਂਗੀ ਕਿ ਉਹ ਇਸ ਮਾਮਲੇ ਵਿੱਚ ਤਿੰਨ ਮਹੀਨਿਆਂ ਦੇ ਅੰਦਰ ਇਨਸਾਫ਼ ਦਿਵਾਉਣ। ਮਮਤਾ ਬੈਨਰਜੀ ਨੇ ਅੱਗੇ ਕਿਹਾ ਕਿ ਮੈਂ ਤੁਹਾਨੂੰ ਇਸ ਲਈ ਮਿਲਣ ਆਈ ਹਾਂ, ਕਿਉਂਕਿ ਮੈਨੂੰ ਤੁਹਾਡੀ ਚਿੰਤਾ ਹੈ। ਮੈਨੂੰ ਆਪਣੇ ਅਹੁਦੇ ਦੀ ਚਿੰਤਾ ਨਹੀਂ ਹੈ। ਦੱਸ ਦੇਈਏ ਕਿ ਸੀਐਮ ਮਮਤਾ ਬੈਨਰਜੀ ਬਿਨਾਂ ਕਿਸੇ ਨੂੰ ਕੁਝ ਦੱਸੇ, ਕੋਲਕਾਤਾ ਵਿੱਚ ਪ੍ਰਦਰਸ਼ਨ ਕਰ ਰਹੇ ਜੂਨੀਅਰ ਡਾਕਟਰਾਂ ਨੂੰ ਮਿਲਣ ਸ਼ਨੀਵਾਰ ਦੁਪਹਿਰ ਨੂੰ ਪ੍ਰਦਰਸ਼ਨ ਵਾਲੀ ਥਾਂ ‘ਤੇ ਪਹੁੰਚੀ। ਉਹਨਾਂ ਨੇ ਕਿਹਾ ਤੁਹਾਡਾ ਦਰਦ ਮੇਰਾ ਦਰਦ ਹੈ। ਮੈਂ ਤੁਹਾਡੇ ਨਾਲ ਹਾਂ। ਪ੍ਰਦਰਸ਼ਨ ਕਰਨਾ ਤੁਹਾਡਾ ਅਧਿਕਾਰ ਹੈ। ਮੈਂ ਇੱਥੇ ਸਿਰਫ਼ ਤੁਹਾਡਾ ਦਰਦ ਸਾਂਝਾ ਕਰਨ ਆਈ ਹਾਂ। ਸਾਨੂੰ ਸਾਰਿਆਂ ਨੂੰ ਤੁਹਾਡੀ ਸੁਰੱਖਿਆ ਦੀ ਚਿੰਤਾ ਹਾਂ। ਮੈਂ ਤੁਹਾਡੇ ਸਾਰਿਆਂ ਦੀਆਂ ਮੁਸ਼ਕਲਾਂ ਨੂੰ ਸਮਝ ਸਕਦੀ ਹਾਂ।
ਉਹਨਾਂ ਨੇ ਕਿਹਾ, “ਮੈਂ ਤੁਹਾਨੂੰ ਮੁੱਖ ਮੰਤਰੀ ਦੇ ਤੌਰ ‘ਤੇ ਨਹੀਂ, ਸਗੋਂ ਤੁਹਾਡੀ ‘ਦੀਦੀ’ ਵਜੋਂ ਮਿਲਣ ਆਈ ਹਾਂ। ਮੈਂ ਤੁਹਾਨੂੰ ਭਰੋਸਾ ਦਿਵਾਉਂਦੀ ਹਾਂ ਕਿ ਮੈਂ ਤੁਹਾਡੀਆਂ ਮੰਗਾਂ ‘ਤੇ ਗੌਰ ਕਰਾਂਗੀ ਅਤੇ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਕਾਰਵਾਈ ਕਰਾਂਗੀ।” ਇਸ ਮੌਕੇ ਉਨ੍ਹਾਂ ਨੇ ਹੜਤਾਲ ’ਤੇ ਬੈਠੇ ਡਾਕਟਰਾਂ ਨੂੰ ਕੰਮ ’ਤੇ ਪਰਤਣ ਦੀ ਅਪੀਲ ਕੀਤੀ। ਬੈਨਰਜੀ ਨੇ ਇਹ ਵੀ ਐਲਾਨ ਕੀਤਾ ਕਿ ਸਾਰੇ ਸਰਕਾਰੀ ਹਸਪਤਾਲਾਂ ਦੇ ਮਰੀਜ਼ ਭਲਾਈ ਕਮੇਟੀਆਂ ਨੂੰ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਮਮਤਾ ਬੈਨਰਜੀ ਨੇ ਭਾਵੁਕ ਹੋ ਕੇ ਕਿਹਾ ਸੀ ਕਿ ਜੇਕਰ ਤੁਹਾਨੂੰ ਮੇਰੀ ਸਰਕਾਰ ‘ਤੇ ਭਰੋਸਾ ਨਹੀਂ ਹੈ ਤਾਂ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਲਈ ਤਿਆਰ ਹਾਂ।
ਬੈਨਰਜੀ ਨੇ ਕਿਹਾ, ‘ਸੰਕਟ ਨੂੰ ਸੁਲਝਾਉਣ ਦੀ ਇਹ ਮੇਰੀ ਆਖਰੀ ਕੋਸ਼ਿਸ਼ ਹੈ।’ ਮੁੱਖ ਮੰਤਰੀ ਦੇ ਜਾਣ ਤੋਂ ਬਾਅਦ ਅੰਦੋਲਨਕਾਰੀ ਡਾਕਟਰਾਂ ਨੇ ਕਿਹਾ ਕਿ ਜਦੋਂ ਤੱਕ ਗੱਲਬਾਤ ਨਹੀਂ ਹੁੰਦੀ ਉਹ ਆਪਣੀਆਂ ਮੰਗਾਂ ‘ਤੇ ਸਮਝੌਤਾ ਕਰਨ ਲਈ ਤਿਆਰ ਨਹੀਂ ਹਨ। ਮੰਗਲਵਾਰ ਤੋਂ ਡਾਕਟਰ ਰਾਜ ਦੇ ਸਿਹਤ ਵਿਭਾਗ ਦੇ ਹੈੱਡਕੁਆਰਟਰ, ਸਵਾਸਥ ਭਵਨ ਦੇ ਬਾਹਰ ਡੇਰੇ ਲਾਈ ਬੈਠੇ ਹਨ। ਉਨ੍ਹਾਂ ਦੀਆਂ ਮੰਗਾਂ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਸੁਰੱਖਿਆ ਦੇ ਬਿਹਤਰ ਪ੍ਰਬੰਧ ਕਰਨ ਅਤੇ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇੱਕ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿੱਚ ਉੱਚ ਅਧਿਕਾਰੀਆਂ ਨੂੰ ਹਟਾਉਣਾ ਸ਼ਾਮਲ ਹੈ।