ਕੋਲਕਾਤਾ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਇਕ ਤੋਂ ਬਾਅਦ ਇਕ ਕਈ ਰੇਲ ਹਾਦਸਿਆਂ ਨੂੰ ਲੈ ਕੇ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਅਤੇ ਸਵਾਲ ਕੀਤਾ ਕਿ ਕੀ ਕੇਂਦਰ ਦੀ ਅਸੰਵੇਦਨਸ਼ੀਲਤਾ ਦਾ ਕੋਈ ਅੰਤ ਨਹੀਂ ਹੋਵੇਗਾ। ਮਮਤਾ ਨੇ ਸੋਸ਼ਲ ਮੀਡੀਆ ਪੋਸਟ ‘ਚ ਪੁੱਛਿਆ ਕਿ ਇਹ ਕਿਹੋ ਜਿਹਾ ਸ਼ਾਸਨ ਹੈ ਕਿਉਂਕਿ ਰੇਲ ਹਾਦਸੇ ਆਮ ਹੋ ਗਏ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ‘ਤੇ ਇਕ ਪੋਸਟ ‘ਚ ਕਿਹਾ,”ਇਕ ਹੋਰ ਵਿਨਾਸ਼ਕਾਰੀ ਰੇਲ ਹਾਦਸਾ।” ਅੱਜ ਸਵੇਰੇ ਝਾਰਖੰਡ ਦੇ ਚੱਕਰਧਰਪੁਰ ਡਿਵੀਜ਼ਨ ‘ਚ ਹਾਵੜਾ-ਮੁੰਬਈ ਮੇਲ ਪਟੜੀ ਤੋਂ ਉਤਰ ਗਈ, ਜਿਸ ਕਾਰਨ ਲੋਕਾਂ ਦੀ ਜਾਨ ਗਈ ਅਤੇ ਵੱਡੀ ਗਿਣਤੀ ‘ਚ ਜ਼ਖਮੀ ਹੋਏ ਹਨ।” ਮਮਤਾ ਨੇ ਕਿਹਾ,”ਮੈਂ ਗੰਭੀਰਤਾ ਨਾਲ ਪੁੱਛਦੀ ਹਾਂ: ਕੀ ਇਹ ਸ਼ਾਸਨ ਹੈ? ਲਗਭਗ ਹਰ ਹਫ਼ਤੇ ਡਰਾਉਣੇ ਸੁਪਨਿਆਂ ਦੀ ਇਹ ਸਿਲਸਿਲਾ, ਰੇਲ ਪਟੜੀਆਂ ‘ਤੇ ਮੌਤਾਂ ਅਤੇ ਸੱਟਾਂ ਦਾ ਇਹ ਅੰਤਹੀਣ ਸਿਲਸਿਲਾ: ਅਸੀਂ ਕਦੋਂ ਤੱਕ ਇਸ ਨੂੰ ਸਹਿਣ ਕਰਾਂਗੇ? ਕੀ ਭਾਰਤ ਸਰਕਾਰ ਦੀ ਅਸੰਵੇਦਨਸ਼ੀਲਤਾ ਦਾ ਕੋਈ ਅੰਤ ਨਹੀਂ ਹੋਵੇਗਾ?”
ਅਧਿਕਾਰੀਆਂ ਨੇ ਦੱਸਿਆ ਕਿ ਝਾਰਖੰਡ ਦੇ ਸਰਾਏਕੇਲਾ-ਖਰਸਾਵਾਂ ਜ਼ਿਲ੍ਹੇ ‘ਚ ਮੰਗਲਵਾਰ ਤੜਕੇ ਮੁੰਬਈ-ਹਾਵੜਾ ਮੇਲ ਦੇ ਘੱਟੋ-ਘੱਟ 18 ਡੱਬੇ ਪੱਟੜੀ ਤੋਂ ਉਤਰਨ ਕਾਰਨ 2 ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਤੜਕੇ 3.45 ਵਜੇ ਦੱਖਣ-ਪੂਰਬ ਰੇਲਵੇ (ਐੱਸ.ਈ.ਆਰ.) ਦੇ ਚੱਕਰਧਰਪੁਰ ਡਿਵੀਜ਼ਨ ਦੇ ਅਧੀਨ ਜਮਸ਼ੇਦਪੁਰ ਤੋਂ ਲਗਭਗ 80 ਕਿਲੋਮੀਟਰ ਦੂਰ ਬੜਾਬੰਬੂ ਕੋਲ ਹੋਇਆ। ਐੱਸ.ਈ.ਆਰ. ਦੇ ਬੁਲਾਰੇ ਓਮ ਪ੍ਰਕਾਸ਼ ਚਰਨ ਨੇ ਦੱਸਿਆ ਕਿ ਨੇੜੇ ਹੀ ਇਕ ਮਾਲ ਗੱਡੀ ਦੇ ਪੱਟੜੀ ਤੋਂ ਉਤਰਨ ਦੀ ਸੂਚਨਾ ਹੈ ਪਰ ਅਜੇ ਇਹ ਸਪੱਸ਼ਟ ਨਹੀਂ ਹ ਸਕਿਆ ਹੈ ਕਿ ਇਹ ਦੋਵੇਂ ਹਾਦਸੇ ਇਕੱਠੇ ਹੋਏ ਹਨ ਜਾਂ ਨਹੀਂ।