ਮਣੀਪੁਰ: ਪੁਲਸ ਸਟੇਸ਼ਨ ਤੇ ਵਿਧਾਇਕ ਦੀ ਰਿਹਾਇਸ਼ ‘ਤੇ ਹਮਲਾ ਕਰਨ ਵਾਲੇ 8 ਲੋਕ ਗ੍ਰਿਫ਼ਤਾਰ

ਇੰਫਾਲ : ਹਿੰਸਾ ਪ੍ਰਭਾਵਿਤ ਮਣੀਪੁਰ ‘ਚ ਪੁਲਸ ਸਟੇਸ਼ਨ ਅਤੇ ਵਿਧਾਇਕਾਂ ਦੇ ਘਰ ‘ਤੇ ਹਮਲੇ ਦੇ ਮਾਮਲੇ ‘ਚ ਅੱਠ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਸ਼ਨੀਵਾਰ ਨੂੰ ਇਕ ਬਿਆਨ ‘ਚ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਇੰਫਾਲ ਪੱਛਮੀ ਜ਼ਿਲ੍ਹੇ ਦੇ ਪਟਸੋਈ ਥਾਣਾ ਖੇਤਰ ਦੇ ਅਧੀਨ ਕਿਆਮ ਮਮਾਂਗ ਲੀਕਾਈ ਦੇ ਨਿਵਾਸੀ ਚੋਂਗਥਮ ਥੋਈਚਾ (20) ਨੂੰ 16 ਨਵੰਬਰ ਨੂੰ ਵਿਧਾਇਕਾਂ ਦੀਆਂ ਜਾਇਦਾਦਾਂ ਨੂੰ ਅੱਗ ਲਗਾਉਣ ਦੇ ਮਾਮਲੇ ਵਿਚ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਸ ਤੋਂ ਇਲਾਵਾ 27 ਨਵੰਬਰ ਨੂੰ ਕਾਕਚਿੰਗ ਥਾਣੇ ਅਤੇ ਸਿਪਾਹੀਆਂ ‘ਤੇ ਹੋਏ ਹਮਲੇ ਦੇ ਮਾਮਲੇ ‘ਚ ਵੀਰਵਾਰ ਨੂੰ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਬਿਆਨ ‘ਚ ਕਿਹਾ ਗਿਆ ਹੈ, ”ਵਿਧਾਇਕਾਂ ਦੀਆਂ ਜਾਇਦਾਦਾਂ ਦੀ ਭੰਨਤੋੜ ਕਰਨ ਦੇ ਦੋਸ਼ ‘ਚ 16 ਨਵੰਬਰ ਨੂੰ ਗ੍ਰਿਫ਼ਤਾਰ ਕੀਤੇ ਗਏ ਚਾਰ ਲੋਕਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਇਹ ਹਮਲਾ 27 ਨਵੰਬਰ ਨੂੰ ਕੀਤਾ ਗਿਆ ਸੀ।” ਮੇਈਤੀ ਭਾਈਚਾਰੇ ਦੀਆਂ ਛੇ ਔਰਤਾਂ ਅਤੇ ਬੱਚਿਆਂ ਦੀਆਂ ਲਾਸ਼ਾਂ ਨਦੀ ਵਿਚੋਂ ਮਿਲਣ ਤੋਂ ਬਾਅਦ ਗੁੱਸੇ ‘ਚ ਆਈ ਭੀੜ ਨੇ ਇੰਫਾਲ ਘਾਟੀ ‘ਚ ਕਈ ਵਿਧਾਇਕਾਂ ਦੇ ਘਰਾਂ ‘ਚ ਭੰਨਤੋੜ ਕੀਤੀ।
11 ਨਵੰਬਰ ਨੂੰ ਜਿਰੀਬਾਮ ਜ਼ਿਲ੍ਹੇ ‘ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਤੋਂ ਬਾਅਦ ਕੁਕੀ ਅੱਤਵਾਦੀਆਂ ਨੇ ਇਨ੍ਹਾਂ ਲੋਕਾਂ ਨੂੰ ਕਥਿਤ ਤੌਰ ‘ਤੇ ਅਗਵਾ ਕਰ ਲਿਆ ਸੀ। ਸੁਰੱਖਿਆ ਬਲਾਂ ਨੇ 10 ਕੁਕੀ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ।” ਇੰਫਾਲ ਘਾਟੀ ‘ਚ ਰਹਿਣ ਵਾਲੇ ਮੇਤੇਈ ਭਾਈਚਾਰੇ ਅਤੇ ਕੂਕੀ-ਜੋ ਭਾਈਚਾਰੇ ਦਰਮਿਆਨ ਪਿਛਲੇ ਸਾਲ ਮਈ ਤੋਂ ਜਾਰੀ ਨਸਲੀ ਹਿੰਸਾ ‘ਚ 250 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਆਲੇ-ਦੁਆਲੇ ਦੇ ਪਹਾੜੀ ਇਲਾਕੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ।