ਇਸਲਾਮਾਬਾਦ : ਪਾਕਿਸਤਾਨ ਦੇ ਉੱਤਰੀ-ਪੱਛਮੀ ਖੇਤਰ ਵਿਚ ਵੀਰਵਾਰ ਨੂੰ 5.2 ਤੀਬਰਤਾ ਦਾ ਭੂਚਾਲ ਆਇਆ। ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਭੂਚਾਲ ਕੇਂਦਰ ਦੇ ਅਨੁਸਾਰ, ਇਸਦਾ ਕੇਂਦਰ ਅਫਗਾਨਿਸਤਾਨ ਅਤੇ ਤਜ਼ਾਕਿਸਤਾਨ ਦੇ ਸਰਹੱਦੀ ਖੇਤਰ ਦੇ ਨੇੜੇ ਸੀ ਅਤੇ ਇਸਦੀ ਡੂੰਘਾਈ 212 ਕਿਲੋਮੀਟਰ ਸੀ।
ਸਥਾਨਕ ਅਧਿਕਾਰੀਆਂ ਮੁਤਾਬਕ ਪੇਸ਼ਾਵਰ ਅਤੇ ਖੈਬਰ ਪਖਤੂਨਖਵਾ ਸੂਬੇ ਦੇ ਕਈ ਇਲਾਕਿਆਂ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਸ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਪਾਕਿਸਤਾਨ ਭੂਚਾਲ ਸੰਭਾਵੀ ਖੇਤਰ ਵਿੱਚ ਸਥਿਤ ਹੈ ਅਤੇ ਇੱਥੇ ਅਕਸਰ ਭੂਚਾਲ ਮਹਿਸੂਸ ਕੀਤੇ ਜਾਂਦੇ ਹਨ। ਦੋ ਹਫਤੇ ਪਹਿਲਾਂ, ਖੈਬਰ ਪਖਤੂਨਖਵਾ ਦੇ ਮਿੰਗੋਰਾ ਅਤੇ ਆਸਪਾਸ ਦੇ ਖੇਤਰਾਂ ਵਿੱਚ 4.1 ਤੀਬਰਤਾ ਦਾ ਭੂਚਾਲ ਆਇਆ ਸੀ ਅਤੇ ਇਸਦੀ ਡੂੰਘਾਈ 213 ਕਿਲੋਮੀਟਰ ਸੀ। ਭੂਚਾਲ ਦਾ ਕੇਂਦਰ ਅਫਗਾਨਿਸਤਾਨ-ਤਜ਼ਾਕਿਸਤਾਨ ਖੇਤਰ ਸੀ। ਪਾਕਿਸਤਾਨ ਵਿੱਚ 2005 ਵਿੱਚ ਸਭ ਤੋਂ ਭਿਆਨਕ ਭੂਚਾਲ ਆਇਆ ਸੀ, ਜਿਸ ਵਿੱਚ 74,000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।