ਨੈਸ਼ਨਲ ਡੈਸਕ- ਗੁਜਰਾਤ ਸੂਬੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਕੱਛ ਜ਼ਿਲ੍ਹਾ ਭੂਚਾਲ ਕਾਰਨ ਕੰਬ ਗਿਆ ਹੈ। ਇੱਥੇ ਆਏ ਭੂਚਾਲ ਦੀ ਤੀਬਰਤਾ 3.3 ਰਹੀ। ਭੂਚਾਲ ਖੋਜ ਸੰਸਥਾ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਭੂਚਾਲ ਵੀਰਵਾਰ ਸਵੇਰੇ 9.52 ਵਜੇ ਆਇਆ, ਜਿਸ ਦੀ ਤੀਬਰਤਾ 3.3 ਰਹੀ ਤੇ ਇਸ ਦਾ ਕੇਂਦਰ ਕੱਛ ਜ਼ਿਲ੍ਹੇ ਦੇ ਬੇਲਾ ਤੋਂ 16 ਕਿੱਲੋਮੀਟਰ ਦੱਖਣ-ਪੱਛਮ ਵੱਲ ਸੀ।
ਹਾਲਾਂਕਿ ਇਸ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਰਿਹਾ ਹੈ। ਜ਼ਿਕਰਯੋਗ ਹੈ ਕਿ ਗੁਜਰਾਤ ਦੇ ਕੱਛ ਇਲਾਕੇ ‘ਚ ਭੂਚਾਲ ਦੇ ਝਟਕੇ ਅਕਸਰ ਹੀ ਮਹਿਸੂਸ ਕੀਤੇ ਜਾਂਦੇ ਹਨ। ਇੱਥੇ ਸਾਲ 2001 ‘ਚ ਆਏ ਭੂਚਾਲ ਨੇ ਭਾਰੀ ਤਬਾਹੀ ਮਚਾਈ ਸੀ, ਜਿਸ ਕਾਰਨ 13 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ ਤੇ 1.60 ਲੱਖ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਸਨ।















