ਭਾਰਤ ਖ਼ਿਲਾਫ਼ ਓਟਾਵਾ ‘ਚ ਹੋਏ ਵਿਰੋਧ ਪ੍ਰਦਰਸ਼ਨ ‘ਤੇ RP ਸਿੰਘ ਨੇ ਜਸਟਿਨ ਟਰੂਡੋ ਨੂੰ ਪੁੱਛੇ ਤਿੱਖੇ ਸਵਾਲ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੱਟੜਪੰਥੀ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤ ਦੀ ਸ਼ਮੂਲੀਅਤ ਦੇ ਦੋਸ਼ਾਂ ਤੋਂ ਬਾਅਦ ਦਰਜਨਾਂ ਖਾਲਿਸਤਾਨ ਸਮਰਥਕਾਂ ਨੇ ਵੈਨਕੂਵਰ ਸਥਿਤ ਭਾਰਤੀ ਕੌਂਸਲੇਟ ਦੇ ਬਾਹਰ ਪ੍ਰਦਰਸ਼ਨ ਕੀਤਾ। ਇਸ ਨੂੰ ਲੈ ਕੇ ਭਾਜਪਾ ਬੁਲਾਰੇ ਆਰ.ਪੀ. ਸਿੰਘ ਨੇ ਜਸਟਿਸ ਟਰੂਡੋ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਆਰ.ਪੀ. ਸਿੰਘ ਨੇ ਐਕਸ ‘ਤੇ ਪੋਸਟ ਲਿਖ ਕੇ ਕਿਹਾ,”ਕੈਨੇਡੀਅਨ ਖਾਲਿਸਤਾਨੀਆਂ ਨੇ ਦਾਅਵਾ ਕੀਤਾ ਕਿ ਕੱਲ੍ਹ ਹਜ਼ਾਰਾਂ ਲੋਕ ਭਾਰਤ ਖ਼ਿਲਾਫ਼ ਓਟਾਵਾ ‘ਚ ਭਾਰਤੀ ਹਾਈ ਕਮਿਸ਼ਨ ‘ਤੇ ਜੁਟਣਗੇ। ਸਿਰਫ਼ 26 ਸਪਾਂਸਰਡ ਖਾਲਿਸਤਾਨੀ ਹੀ ਆਏ।” ਇਸ ਦੇ ਨਾਲ ਹੀ ਉਨ੍ਹਾਂ ਲਿਖਿਆ ਕਿ ਪੀ.ਐੱਮ. ਜਸਟਿਨ ਟਰੂਡੋ ਕਨਿਕਸ਼ ਬੰਬ ਕਾਂਡ ਯਾਦ ਹੈ।
ਦੱਸਣਯੋਗ ਹੈ ਕਿ ਟੋਰਾਂਟੋ ਅਤੇ ਓਟਾਵਾ ‘ਚ ਲਗਭਗ 70 ਲੋਕਾਂ ਨੇ ਭਾਰਤੀ ਹਾਈ ਕਮਿਸ਼ਨ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਅਤੇ ਭਾਰਤ ਤੋਂ ਨਿੱਝਰ ਦੇ ਕਤਲ ਦੀ ਜਾਂਚ ‘ਚ ਕੈਨੇਡਾ ਸਰਕਾਰ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ। ਟਰੂਡੋ ਦੇ ਇਨ੍ਹਾਂ ਦੋਸ਼ਾਂ ਤੋਂ ਬਾਅਦ ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅ ਵੱਧ ਗਿਆ ਹੈ ਕਿ ਭਾਰਤ ‘ਚ ਨਾਮਜ਼ਦ ਅੱਤਵਾਦੀ ਨਿੱਝਰ ਦੇ ਕਤਲ ਪਿੱਛੇ ਭਾਰਤ ਦਾ ਹੱਥ ਸੀ। ਭਾਰਤ ਨੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਉਨ੍ਹਾਂ ਨੂੰ ਬੇਤੁਕਾ ਦੱਸਿਆ।