ਭਾਰਤੀ ਜਲ ਸੈਨਾ ਦਾ ਵੱਡਾ ਐਕਸ਼ਨ, ਸਮੁੰਦਰ ‘ਚ 500 ਕਿਲੋ ਡਰੱਗਜ਼ ਦੀ ਖੇਪ ਜ਼ਬਤ

ਨੈਸ਼ਨਲ ਡੈਸਕ- ਭਾਰਤ ਅਤੇ ਸ਼੍ਰੀਲੰਕਾ ਦੀਆਂ ਜਲ ਸੈਨਾਵਾਂ ਵੱਲੋਂ ਸਾਂਝੇ ਆਪ੍ਰੇਸ਼ਨ ਦੌਰਾਨ ਅਰਬ ਸਾਗਰ ’ਚ ਮੱਛੀਆਂ ਫੜਨ ਵਾਲੇ 2 ਬੇੜਿਆਂ ’ਚੋਂ ਲਗਭਗ 500 ਕਿਲੋਗ੍ਰਾਮ ਡਰੱਗਜ਼ ‘ਕ੍ਰਿਸਟਲ ਮੇਥਾਮਫੇਟਾਮਾਈਨ’ ਜ਼ਬਤ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸ਼੍ਰੀਲੰਕਾਈ ਸਮੁੰਦਰੀ ਫੌਜ ਤੋਂ ਮਿਲੀ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਸੰਯੁਕਤ ਆਪ੍ਰੇਸ਼ਨ ਚਲਾਇਆ ਗਿਆ ਸੀ।
ਭਾਰਤੀ ਸਮੁੰਦਰੀ ਫੌਜ ਨੇ ਇਕ ਬਿਆਨ ’ਚ ਕਿਹਾ ਕਿ ਸ਼੍ਰੀਲੰਕਾਈ ਸਮੁੰਦਰੀ ਫੌਜ ਤੋਂ ਮਿਲੀ ਸੂਚਨਾ ਅਤੇ ਭਾਰਤੀ ਸਮੁੰਦਰੀ ਫੌਜ ਦੇ ਜਹਾਜ਼ਾਂ ਵੱਲੋਂ ਕੀਤੀ ਗਈ ਹਵਾਈ ਨਿਗਰਾਨੀ ਦੇ ਆਧਾਰ ’ਤੇ ਦੋਹਾਂ ਜਹਾਜ਼ਾਂ ਦੀ ਪਛਾਣ ਕੀਤੀ ਗਈ। ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਤੋਂ ਬਾਅਦ ਇਕ ਤਾਲਮੇਲ ਮੁਹਿੰਮ ਵਿਚ ਦੋਵਾਂ ਜਹਾਜ਼ਾਂ ਨੂੰ ਰੋਕਿਆ ਗਿਆ ਅਤੇ ਉਨ੍ਹਾਂ ਤੋਂ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ। ਇਹ ਭਾਰਤੀ ਕੋਸਟ ਗਾਰਡ (ਆਈਸੀਜੀ) ਵਲੋਂ ਪਾਬੰਦੀਸ਼ੁਦਾ ਦਵਾਈਆਂ ਦੀਆਂ ਹੁਣ ਤੱਕ ਦੀ ਸਭ ਤੋਂ ਵੱਡੀ ਜ਼ਬਤੀ ਹੈ, ਜੋ ਅਰਬ ਸਾਗਰ ‘ਚ ਸਰਗਰਮ ਅੰਤਰਰਾਸ਼ਟਰੀ ਡਰੱਗ ਕਾਰਟੇਲ ਨਾਲ ਜੁੜੀ ਹੈ।