ਠਾਣੇ – ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ‘ਚ ਪੁਲਸ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਨਿਤੀਸ਼ ਰਾਣੇ ਖ਼ਿਲਾਫ਼ ਨਫ਼ਰਤ ਭਰਿਆ ਭਾਸ਼ਣ ਦੇਣ ਦਾ ਮਾਮਲਾ ਦਰਜ ਕੀਤਾ ਹੈ। ਆਪਣੇ ਭਾਸ਼ਣ ਵਿੱਚ ਰਾਣੇ ਨੇ ਕਥਿਤ ਤੌਰ ‘ਤੇ ਮਸਜਿਦਾਂ ਵਿੱਚ ਦਾਖ਼ਲ ਹੋ ਕੇ ਮੁਸਲਮਾਨਾਂ ਨੂੰ ਮਾਰਨ ਦੀ ਧਮਕੀ ਦਿੱਤੀ ਸੀ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਭਿਵੰਡੀ ਦੀ ਭੋਈਵਾੜਾ ਪੁਲਸ ਨੇ ਮੰਗਲਵਾਰ ਨੂੰ ਵਿਧਾਇਕ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀ ਧਾਰਾ 302 (ਜਾਣਬੁੱਝ ਕੇ ਕਿਸੇ ਵਿਅਕਤੀ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਸ਼ਬਦ ਬੋਲਣਾ) ਅਤੇ 351 (ਅਪਰਾਧਿਕ ਧਮਕੀ) ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਨਿਤੀਸ਼ ਰਾਣੇ ਨੇ 1 ਸਤੰਬਰ ਨੂੰ ਹਿੰਦੂ ਸੰਤ ਮਹੰਤ ਰਾਮਗਿਰੀ ਮਹਾਰਾਜ ਦੇ ਸਮਰਥਨ ‘ਚ ਅਹਿਮਦਨਗਰ ਜ਼ਿਲ੍ਹੇ ਦੇ ਸ਼੍ਰੀਰਾਮਪੁਰ ਅਤੇ ਤੋਪਖਾਨਾ ਖੇਤਰਾਂ ‘ਚ ਆਯੋਜਿਤ ਦੋ ਜਨ ਸਭਾਵਾਂ ਨੂੰ ਸੰਬੋਧਿਤ ਕੀਤਾ ਸੀ। ਪਿਛਲੇ ਮਹੀਨੇ ਉਹ ਇਸਲਾਮ ਅਤੇ ਪੈਗੰਬਰ ਮੁਹੰਮਦ ਬਾਰੇ ਅਪਮਾਨਜਨਕ ਟਿੱਪਣੀਆਂ ਕਰਕੇ ਵੀ ਸੁਰਖੀਆਂ ਵਿੱਚ ਰਹੇ ਸਨ। ਵਿਧਾਇਕ ਨੇ ਚਿਤਾਵਨੀ ਦਿੱਤੀ ਕਿ ਜੇਕਰ ਮਹਾਰਾਜ ਨੂੰ ਨੁਕਸਾਨ ਪਹੁੰਚਾਇਆ ਗਿਆ ਤਾਂ ਉਨ੍ਹਾਂ ਨੂੰ ਇਸ ਦਾ ਨਤੀਜਾ ਭੁਗਤਣਾ ਪਵੇਗਾ। ਸੋਸ਼ਲ ਮੀਡੀਆ ‘ਤੇ ਪ੍ਰਸਾਰਿਤ ਇੱਕ ਵੀਡੀਓ ਵਿੱਚ ਵਿਧਾਇਕ ਨੂੰ ਕਥਿਤ ਤੌਰ ‘ਤੇ ਇਹ ਐਲਾਨ ਕਰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਜੇਕਰ ਕੋਈ ਰਾਮਗਿਰੀ ਮਹਾਰਾਜ ਖ਼ਿਲਾਫ਼ ਕੁਝ ਵੀ ਕਹਿੰਦਾ ਹੈ, “ਅਸੀਂ ਲੋਕ ਤੁਹਾਡੀਆਂ ਮਸਜਿਦਾਂ ਵਿੱਚ ਦਾਖਲ ਹੋਵਾਂਗੇ ਅਤੇ ਇਕ-ਇੱਕ ਨੂੰ ਮਾਰ ਦੇਵਾਂਗੇ। ਇਸ ਨੂੰ ਯਾਦ ਰੱਖਣਾ।”
ਅਧਿਕਾਰੀ ਨੇ ਕਿਹਾ ਕਿ ਇਹ ਮਾਮਲਾ ਭਿਵੰਡੀ ਤੋਂ ਅਹਿਮਦਨਗਰ ਜ਼ਿਲ੍ਹੇ ਵਿੱਚ ਤਬਦੀਲ ਕਰ ਦਿੱਤਾ ਗਿਆ, ਜਿੱਥੇ ਕਥਿਤ ਨਫ਼ਰਤ ਭਰਿਆ ਭਾਸ਼ਣ ਦਿੱਤਾ ਗਿਆ ਸੀ। ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ, ਅਹਿਮਦਨਗਰ ਜ਼ਿਲ੍ਹੇ ਦੇ ਸ਼੍ਰੀਰਾਮਪੁਰ ਅਤੇ ਤੋਪਖਾਨਾ ਥਾਣਿਆਂ ਵਿੱਚ ਰਾਣੇ ਵਿਰੁੱਧ ਅਪਰਾਧਿਕ ਧਮਕੀ, ਸ਼ਾਂਤੀ ਭੰਗ ਕਰਨ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਜਾਣਬੁੱਝ ਕੇ ਅਪਮਾਨ ਕਰਨ ਦੇ ਦੋਸ਼ਾਂ ਵਿੱਚ ਦੋ ਐੱਫਆਈਆਰ ਦਰਜ ਕੀਤੀਆਂ ਗਈਆਂ ਸਨ।