ਲਖਨਊ— ਬਸਪਾ ਮੁਖੀ ਮਾਇਆਵਤੀ ਨੇ ਭਾਜਪਾ ਅਤੇ ਉਸ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਹੈ ਕਿ ਭਾਜਪਾ ਵਿਚ ਕਈ ਅਪਰਾਧਿਕ ਅਨਸਰ, ਬਦਮਾਸ਼ ਅਤੇ ਮਾਫੀਆ ਵਾਲੇ ਹਨ।ਸੋਮਵਾਰ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਵਿਚ ਇੰਨੇ ਬਦਨਾਮ ਵਿਅਕਤੀ ਹਨ ਕਿ ਜੇ ਮੈਂ ਉਨ੍ਹਾਂ ਦੇ ਨਾਂ ਗਿਣਾਉਣ ਲੱਗ ਜਾਵਾਂ ਤਾਂ ਪਤਾ ਨਹੀਂ ਕਿੰਨਾ ਕੁ ਸਮਾਂ ਲੱਗ ਜਾਵੇਗਾ। ਸ਼ੁਰੂਆਤ ਗੁਜਰਾਤ ਤੋਂ ਹੁੰਦੀ ਹੈ। ਅਮਿਤ ਸ਼ਾਹ ਜੋ ਦਾਅਵਾ ਕਰ ਰਹੇ ਹਨ, ਉਨ੍ਹਾਂ ਦਾ ਕੀ ਇਤਿਹਾਸ ਹੈ? ਉੱਤਰ ਪ੍ਰਦੇਸ਼ ਹੀ ਨਹੀਂ, ਪੂਰੇ ਦੇਸ਼ ਵਿਚ ਭਾਜਪਾ ਵਿਚ ਅਪਰਾਧਿਕ ਅਨਸਰਾਂ ਦੀ ਬਹੁਤਾਤ ਹੈ।
ਅਸਲ ਵਿਚ ਸ਼ਾਹ ਨੇ ਐਤਵਾਰ ਝਾਂਸੀ ‘ਚ ਪਰਿਵਰਤਨ ਯਾਤਰਾ ਦੇ ਦੂਜੇ ਪੜਾਅ ਨੂੰ ਸ਼ੁਰੂ ਕਰਦਿਆਂ ਕਿਹਾ ਸੀ ਕਿ ਸਪਾ ਅਤੇ ਬਸਪਾ ਦੋਵਾਂ ਪਾਰਟੀਆਂ ਵਿਚ ਗੁੰਡੇ, ਅਪਰਾਧੀ ਅਤੇ ਮਾਫੀਆ ਵਾਲੇ ਹਨ। ਮਾਇਆਵਤੀ ਨੇ ਅਮਿਤ ਸ਼ਾਹ ਦੇ ਉਸੇ ਬਿਆਨ ‘ਤੇ ਜਵਾਬੀ ਹਮਲਾ ਕੀਤਾ ਹੈ।