ਬੱਚਿਆਂ ਨੂੰ ਉਲਟੀਆਂ ਆਉਣ ਦੇ ਕਾਰਨ ਅਤੇ ਇਲਾਜ

thudi-sahat-300x150-1-300x150ਉਲਟੀਆਂ ਸਿਰਫ਼ ਬੱਚਿਆਂ ਨੂੰ ਹੀ ਨਹੀਂ ਬਲਕਿ ਵੱਡਿਆਂ ਨੂੰ ਵੀ ਆਉਂਦੀਆਂ ਹਨ। ਇਸ ਦੇ ਕਾਰਨ ਅਨੇਕ ਹਨ। ਕੁਝ ਨੂੰ ਸਫ਼ਰ ਦੌਰਾਨ ਡੀਜ਼ਲ ਜਾਂ ਪੈਟਰੋਲ ਚੜ੍ਹਨ ਨਾਲ ਅਤੇ ਕੁਝ ਨੂੰ ਤੇਜ਼ੀ ਨਾਲ ਸੜਕ ਦਾ ਮੋੜ ਘੁੰਮਣ ਨਾਲ ਉਲਟੀ ਅਤੇ ਚੱਕਰ ਆ ਜਾਂਦੇ ਹਨ। ਕੁਝ ਆਮ ਕਾਰਨ:
* ਘਰੋਂ ਬਾਹਰ ਮਾੜਾ ਚੰਗਾ ਖਾਣ ਜਾਂ ਪਾਣੀ ਪੀਣ ਨਾਲ ਕੀਟਾਣੂ ਜਦੋਂ ਸਰੀਰ ਅੰਦਰ ਲੰਘ ਜਾਣ ਤਾਂ ਉਲਟੀਆਂ-ਟੱਟੀਆਂ ਲੱਗ ਜਾਂਦੀਆਂ ਹਨ।
* ਖਾਂਦੇ ਸਾਰ ਇਕਦਮ ਭੱਜਣ ਜਾਂ ਜ਼ੋਰ ਦੀ ਰੋਣ ਨਾਲ ਉਲਟੀ ਆ ਸਕਦੀ ਹੈ।
* ਕਿਸੇ ਖਾਣ ਦੀ ਚੀਜ਼ ਤੋਂ ਐਲਰਜੀ ਜਿਵੇਂ ਮੂੰਗਫ਼ਲੀ, ਅੰਡਾ, ਦੁੱਧ, ਕਣਕ, ਮੱਛੀ ਅਤੇ ਸੋਇਆਬੀਨ ਆਦਿ। ਜਿਸ ਚੀਜ਼ ਤੋਂ ਐਲਰਜੀ ਹੋਵੇ ਉਸ ਚੀਜ਼ ਨੂੰ ਖਾਂਦੇ ਸਾਰ ਢਿੱਡ ਪੀੜ, ਦਿਲ ਕੱਚਾ ਹੋਣਾ ਜਾਂ ਉਲਟੀ ਆ ਜਾਣੀ ਵਰਗੇ ਲੱਛਣ ਦਿਸ ਸਕਦੇ ਹਨ।
* ਨਵੇਂ ਸਕੂਲ ਵਿੱਚ ਜਾਣ ਦੀ ਘਬਰਾਹਟ, ਇਮਤਿਹਾਨਾਂ ਤੋਂ ਪਹਿਲਾਂ ਦੀ ਘਬਰਾਹਟ, ਖੇਡ ਵਿੱਚ ਭੱਜਣ ਤੋਂ ਪਹਿਲਾਂ, ਟੀਚਰ ਤੋਂ ਝਿੜਕਾਂ ਪੈਣ ਦੇ ਡਰ ਖੁਣੋਂ, ਘਰ ਕਿਸੇ ਚੀਜ਼ ਦੇ ਟੁੱਟ ਜਾਣ ਤੋਂ ਬਾਅਦ ਪਿਤਾ ਜਾਂ ਦਾਦੇ ਵੱਲੋਂ ਮਾਰ-ਕੁਟਾਈ ਦੇ ਡਰੋਂ ਜਾਂ ਟੀਕਾ ਲੱਗਣ ਦੇ ਡਰੋਂ ਆਦਿ ਕਈ ਕਾਰਨ ਹਨ ਜਿਨ੍ਹਾਂ ਬਾਰੇ ਸੋਚਦੇ ਸਾਰ ਹੀ ਬੱਚੇ ਨੂੰ ਉਲਟੀ ਆ ਜਾਂਦੀ ਹੈ।
* ਨੱਕ ਵੱਗਣਾ, ਗ਼ਲਾ ਖ਼ਰਾਬ ਹੋਣਾ, ਗ਼ਲੇ ਅੰਦਰ ਰੇਸ਼ਾ ਡਿੱਗਣਾ, ਕੰਨ ਵਿੱਚ ਰੇਸ਼ਾ, ਫ਼ਲੂ ਅਤੇ ਦਵਾਈ ਦਾ ਮਾੜਾ ਅਸਰ ਆਦਿ ਵੀ ਇਸ ਦੇ ਕਾਰਨ ਹਨ। ਇਨ੍ਹਾਂ ਸਦਕਾ ਬਿਮਾਰੀ ਦੌਰਾਨ ਬੱਚੇ ਨੂੰ ਉਲਟੀਆਂ ਲੱਗ ਸਕਦੀਆਂ ਹਨ।
* ਲੋੜੋਂ ਵੱਧ ਬੱਚੇ ਨੂੰ ਖਾਣ ਲਈ ਮਾਂ ਵੱਲੋਂ ਜ਼ੋਰ ਜ਼ਬਰਦਸਤੀ ਕਰਨੀ, ਭੁੱਖ ਨਾ ਹੋਣ ਉੱਤੇ ਵੀ ਬੱਚੇ ਦੇ ਮੂੰਹ ਅੰਦਰ ਦੁੱਧ ਜਾਂ ਬੁਰਕੀਆਂ ਧੱਕਣੀਆਂ ਵੀ ਬੱਚੇ ਨੂੰ ਉਲਟੀ ਕਰਨ ਉੱਤੇ ਮਜਬੂਰ ਕਰ ਦਿੰਦੇ ਹਨ।
* ਫ਼ੂਡ ਪਾਇਜ਼ਨਿੰਗ- ਬਿਨਾਂ ਕੱਜੇ ਅਤੇ ਕੱਟੇ ਹੋਏ ਫ਼ਲ, ਬੇਹਾ ਖਾਣਾ, ਖੱਟਾ ਦੁੱਧ, ਅੱਧ ਪੱਕਿਆ ਮੀਟ ਵੀ ਖਾਣ ਤੋਂ ਬਾਅਦ ਕੀਟਾਣੂਆਂ ਸਦਕਾ ਢਿੱਡ ਪੀੜ, ਉਲਟੀਆਂ ਤੇ ਟੱਟੀਆਂ ਲੱਗ ਸਕਦੀਆਂ ਹਨ। ਬੇਹੇ ਚੌਲਾਂ ਵਿੱਚ ਬੈਸੀਲਸ ਕੀਟਾਣੂ ਹੁੰਦੇ ਹਨ।
* ਪੈਪਟਿਕ ਅਲਸਰ।
* ਪੇਟ ਅੰਦਰਲੇ ਤੇਜ਼ਾਬ ਦਾ ਵਾਧਾ।
* ਅੰਤੜੀਆਂ ਦੀ ਪੁੱਠੀ ਤੋਰ।
* ਅੰਤੜੀਆਂ ਦਾ ਰੋਕਾ।
* ਕੈਂਸਰ, ਰੇਡੀਓਥੈਰੇਪੀ ਜਾਂ ਕੀਮੋਥੈਰੇਪੀ।
* ਵਾਧੂ ਖਾਣ ਬਾਅਦ ਖਾਣੇ ਦੀ ਪਾਈਪ ਅਤੇ ਪੇਟ ਵਿੱਚਲੇ ਵਾਲਵ ਦਾ ਖੁੱਲ੍ਹ ਜਾਣਾ।
* ਪਿਸ਼ਾਬ ਵਿੱਚ ਪੀਕ।
* ਜਿਗਰ ਦੇ ਰੋਗ।
* ਗੁਰਦੇ ਫ਼ੇਲ੍ਹ ਹੋਣੇ।
* ਮਿਗਰੇਨ।
ਉਲਟੀਆਂ ਲੱਗਣ ਤੋਂ ਬਚਾਓ ਕਿਵੇਂ ਕਰੀਏ:
* ਹੱਥ ਵਾਰ ਵਾਰ ਧੋਣੇ ਜ਼ਰੂਰੀ ਹਨ। ਜਦੋਂ ਵੀ ਗੁਸਲਖ਼ਾਨੇ ਜਾਓ ਅਤੇ ਝਾੜ ਪੂੰਝ ਕਰੋ ਤਾਂ ਹੱਥ ਧੋਣੇ ਜ਼ਰੂਰੀ ਹੁੰਦੇ ਹਨ। ਬੱਚੇ ਦੇ ਤੇ ਆਪਣੇ ਹੱਥ ਰੋਟੀ ਖਾਣ ਤੋਂ ਪਹਿਲਾਂ ਸਾਬਣ ਨਾਲ ਸਾਫ਼ ਕਰ ਲੈਣੇ ਚਾਹੀਦੇ ਹਨ।
* ਖਾਣਾ ਢੱਕ ਕੇ ਰੱਖਣਾ ਚਾਹੀਦਾ ਹੈ। ਬਾਜ਼ਾਰੋਂ ਕੱਟੇ ਫ਼ਲ ਜਾਂ ਬਿਨਾਂ ਢਕੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ।
* ਗੰਨੇ ਦਾ ਰਸ ਪੀਣ ਤੋਂ ਪਹਿਲਾਂ ਮਸ਼ੀਨ, ਗਿਲਾਸ ਅਤੇ ਜੱਗ ਚੰਗੀ ਤਰ੍ਹਾਂ ਧੁਆ ਲੈਣੇ ਚਾਹੀਦੇ ਹਨ।
* ਜੇ ਪੁਰਾਣਾ ਬਣਿਆ ਖਾਣਾ ਫ਼ਰਿੱਜ ਵਿੱਚ ਪਿਆ ਹੋਵੇ ਤਾਂ ਚੰਗੀ ਤਰ੍ਹਾਂ ਗਰਮ ਕਰ ਕੇ ਹੀ ਵਰਤਣਾ ਚਾਹੀਦਾ ਹੈ। ਜੇ ਲਾਈਟ ਜਾਂਦੀ ਰਹਿੰਦੀ ਹੈ ਤਾਂ ਇੱਕ ਦਿਨ ਤੋਂ ਵੱਧ ਰੱਖਿਆ ਖਾਣਾ ਫ਼ਰਿੱਜ ਵਿੱਚ ਵੀ ਖ਼ਰਾਬ ਹੋ ਸਕਦਾ ਹੈ।
* ਖੰਘ ਜ਼ੁਕਾਮ ਲੱਗੇ ਹੋਣ ਉੱਤੇ ਤੁਰੰਤ ਡਾਕਟਰ ਕੋਲੋਂ ਦਵਾਈ ਲੈ ਲੈਣੀ ਚਾਹੀਦੀ ਹੈ।
ਘਰੇਲੂ ਉਪਚਾਰ: ਇੱਕ ਅੱਧ ਉਲਟੀ ਆਉਣ ਉੱਤੇ ਘਰ ਵਿੱਚ ਹੀ ਇਲਾਜ ਸ਼ੁਰੂ ਕੀਤਾ ਜਾ ਸਕਦਾ ਹੈ। ਪਰ ਜੇ ਲਗਾਤਾਰ ਉਲਟੀਆਂ ਆਉਣ ਤਾਂ ਤੁਰੰਤ ਡਾਕਟਰ ਕੋਲ ਜਾਣ ਦੀ ਲੋੜ ਹੁੰਦੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਕਿਤੇ ਅਪੈਂਡੀਸਾਈਟਿਸ ਜਾਂ ਅੰਤੜੀਆਂ ਦਾ ਰੋਕਾ ਨਾ ਹੋਵੇ।
* ਜਦੋਂ ਬੱਚੇ ਨੂੰ ਉਲਟੀ ਆਵੇ ਤਾਂ ਅੱਧਾ ਪੌਣਾ ਘੰਟਾ ਕੁਝ ਵੀ ਉਸ ਦੇ ਮੂੰਹ ਵਿੱਚ ਨਹੀਂ ਪਾਉਣਾ ਚਾਹੀਦਾ। ਜੇ ਪਾਇਆ ਜਾਵੇ ਤਾਂ ਦੁਬਾਰਾ ਉਲਟੀ ਆਉਣ ਦੀ ਸੰਭਾਵਨਾ ਵਧ ਜਾਂਦੀ ਹੈ।
* ਪੌਣੇ ਘੰਟੇ ਬਾਅਦ ਜਦੋਂ ਢਿੱਡ ਤੇ ਅੰਤੜੀਆਂ ਵਿੱਚ ਟਿਕਾਓ ਪੈ ਜਾਵੇ ਤਾਂ ਇੱਕ ਚਮਚਾ ਸਾਦਾ ਪਾਣੀ ਜਾਂ ਨਿੰਬੂ ਪਾਣੀ ਦਿੱਤਾ ਜਾ ਸਕਦਾ ਹੈ। ਜੇ ਉਹ ਹਜ਼ਮ ਹੋ ਜਾਵੇ ਤਾਂ ਹੌਲੀ ਹੌਲੀ ਚਮਚੇ ਨਾਲ ਹੀ ਪਾਣੀ ਪਿਆਇਆ ਜਾ ਸਕਦਾ ਹੈ। ਇਕਦਮ ਗਿਲਾਸ ਭਰ ਕੇ ਪੀਣ ਨਾਲ ਦੁਬਾਰਾ ਉਲਟੀ ਆ ਸਕਦੀ ਹੈ।
* ਆਖ਼ਰੀ ਉਲਟੀ ਤੋਂ ਛੇ ਘੰਟੇ ਬਾਅਦ ਤਕ ਖਾਣ ਨੂੰ ਕੁਝ ਨਹੀਂ ਦੇਣਾ ਚਾਹੀਦਾ। ਛੇ ਘੰਟੇ ਬਾਅਦ ਛੇਤੀ ਹਜ਼ਮ ਹੋਣ ਵਾਲੀ ਖ਼ੁਰਾਕ ਭਾਵ ਪਤਲੀ ਖਿਚੜੀ, ਦਲੀਆ, ਦਹੀਂ, ਕੇਲਾ ਅਤੇ ਉਬਲੇ ਫ਼ੇਹੇ ਹੋਏ ਆਲੂ ਆਦਿ ਦਿੱਤੇ ਜਾ ਸਕਦੇ ਹਨ।
* ਮਿਰਚ ਬਿਲਕੁਲ ਹੀ ਨਹੀਂ ਦੇਣੀ ਚਾਹੀਦੀ।
* ਤਲੀ ਚੀਜ਼ ਨਹੀਂ ਦੇਣੀ ਚਾਹੀਦੀ।
* ਅੰਡਾ ਮੀਟ ਵੀ ਉਲਟੀ ਤੋਂ ਇਕਦਮ ਬਾਅਦ ਨਹੀਂ ਦੇਣਾ ਚਾਹੀਦਾ।
* ਪਰਫ਼ਿਊਮ, ਪਾਊਡਰ, ਉੱਚਾ ਸੰਗੀਤ, ਧੂੰਆਂ ਅਤੇ ਤੜਕੇ ਦੀ ਖ਼ੁਸ਼ਬੋ ਆਦਿ ਤੋਂ ਬੱਚੇ ਨੂੰ ਕੁਝ ਘੰਟੇ ਪਰ੍ਹਾਂ ਰੱਖਣ ਦੀ ਲੋੜ ਹੁੰਦੀ ਹੈ।
* ਬੱਚੇ ਉਲਟੀ ਤੋਂ ਬਾਅਦ ਇਕਦਮ ਬਹੁਤ ਘਬਰਾ ਜਾਂਦੇ ਹਨ। ਇਸ ਲਈ ਮਾਪਿਆਂ ਨੂੰ ਓਨੀ ਹੀ ਘਬਰਾਹਟ ਕਰਨ ਨਾਲੋਂ ਉਸ ਨੂੰ ਸਹਾਰਾ ਦੇਣ ਤੇ ਪਿਆਰ ਕਰਨ ਦੀ ਲੋੜ ਹੁੰਦੀ ਹੈ।
* ਉਲਟੀ ਰੋਕਣ ਵਾਲੀ ਦਵਾਈ ਦੀ ਇੱਕ ਖ਼ੁਰਾਕ ਡਾਕਟਰ ਦੀ ਸਲਾਹ ਨਾਲ ਦਿੱਤੀ ਜਾ ਸਕਦੀ ਹੈ। ਖ਼ਾਸਕਰ, ਜੇ ਉਲਟੀ ਸਫ਼ਰ ਕਰਨ ਨਾਲ ਹੁੰਦੀ ਹੋਵੇ।
* ਖੰਘ ਜ਼ੁਕਾਮ ਵੇਲੇ ਬੱਚੇ ਦੀ ਭੁੱਖ ਮਰ ਜਾਂਦੀ ਹੈ। ਉਸ ਸਮੇਂ ਜੇ ਬੱਚੇ ਨੂੰ ਧੱਕੋ-ਜ਼ੋਰੀ ਬੋਤਲ ਵਿੱਚ ਦੁੱਧ ਪਾ ਕੇ ਪਿਆਇਆ ਜਾਵੇ ਜਾਂ ਬੁਰਕੀਆਂ ਮੂੰਹ ਵਿੱਚ ਤੁੰਨੀਆਂ ਜਾਣ ਤਾਂ ਉਲਟੀ ਆ ਹੀ ਜਾਂਦੀ ਹੈ। ਇਸੇ ਲਈ ਬਿਮਾਰੀ ਦੌਰਾਨ ਜ਼ਿਆਦਾਤਰ ਤਰਲ ਚੀਜ਼ਾਂ ਅਤੇ ਉਹ ਵੀ ਘੱਟ ਮਾਤਰਾ ਵਿੱਚ ਦੇਣੀਆਂ ਠੀਕ ਰਹਿੰਦੀਆਂ ਹਨ।
* ਸਕੰਜਵੀਂ, ਨਮਕੀਨ ਲੱਸੀ ਅਤੇ ਖੋਪੇ ਦਾ ਪਾਣੀ ਆਦਿ ਥੋੜ੍ਹਾ ਥੋੜ੍ਹਾ ਦੇਣ ਨਾਲ ਬੱਚੇ ਦੇ ਸਰੀਰ ਅੰਦਰਲਾ ਪਾਣੀ ਨਹੀਂ ਘਟਦਾ। ਤੁਲਸੀ, ਜਵੈਣ, ਸੌਂਫ਼ ਅਤੇ ਮੋਟੀ ਲਾਚੀ ਨੂੰ ਪਾਣੀ ਵਿੱਚ ਉਬਾਲ ਕੇ ਦਿੱਤਾ ਜਾ ਸਕਦਾ ਹੈ।
ਡਾਕਟਰ ਕੋਲ ਤੁਰੰਤ ਕਦੋਂ ਲਿਜਾਉਣ ਦੀ ਲੋੜ ਹੁੰਦੀ ਹੈ:
* ਪਾਣੀ ਦੀ ਘਾਟ ਹੋ ਜਾਵੇ।
* ਉਲਟੀ ਵਿੱਚ ਲਹੂ ਆ ਜਾਵੇ।
* ਦੋ-ਤਿੰਨ ਦਿਨ ਤੋਂ ਬੁਖ਼ਾਰ ਹੋਵੇ।
* ਤਿੱਖੀ ਢਿੱਡ ਪੀੜ।
* ਛਾਤੀ ਵਿੱਚ ਪੀੜ।
* ਨਜ਼ਰ ਘਟਣ ਲੱਗ ਪਵੇ।
* ਬੇਹੋਸ਼ੀ ਹੁੰਦੀ ਜਾਪੇ।
* ਬੱਚਾ ਗੱਲ ਪੂਰੀ ਨਾ ਸਮਝੇ।
* ਹੱਥ ਪੈਰ ਠੰਢੇ ਪੈਣ ਲੱਗ ਪੈਣ।
* ਚਮੜੀ ਪੀਲੀ ਪੈ ਜਾਵੇ ਜਾਂ ਨੀਲੀ ਹੋ ਜਾਵੇ।
* ਤੇਜ਼ ਬੁਖ਼ਾਰ ਅਤੇ ਧੌਣ ਵਿੱਚ ਪੀੜ ਹੋਵੇ।
* ਗਾੜ੍ਹੇ ਹਰੇ ਰੰਗ ਦੀ ਉਲਟੀ ਹੋਵੇ ਜਾਂ ਉਲਟੀ ਵਿੱਚੋਂ ਟੱਟੀ ਦੀ ਬਦਬੂ ਆਵੇ।
* ਬੁੱਲ ਸੁੱਕਦੇ ਹੋਣ ਅਤੇ ਅੱਖਾਂ ਅੰਦਰ ਧਸੀਆਂ ਦਿਸਣ।
ਡਾ. ਹਰਸ਼ਿੰਦਰ ਕੌਰ

LEAVE A REPLY