ਬੰਗਾਲੀ ਬੋਲਣ ’ਤੇ ਤਾਮਿਲਨਾਡੂ ’ਚ 4 ਪ੍ਰਵਾਸੀ ਮਜ਼ਦੂਰਾਂ ਦੀ ਕੁੱਟਮਾਰ

ਨੈਸ਼ਨਲ ਡੈਸਕ- ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਦੇ 4 ਪ੍ਰਵਾਸੀ ਮਜ਼ਦੂਰਾਂ ਨੇ ਦੋਸ਼ ਲਾਇਆ ਹੈ ਕਿ ਤਾਮਿਲਨਾਡੂ ਦੇ ਤਿਰੂਵੱਲੂਰ ਜ਼ਿਲ੍ਹੇ ’ਚ ਇਸ ਮਹੀਨੇ ਦੇ ਸ਼ੁਰੂ ’ਚ ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਬੰਗਾਲੀ ਬੋਲਣ ਤੇ ਬੰਗਲਾਦੇਸ਼ ਤੋਂ ਆਏ ਗੈਰ-ਕਾਨੂੰਨੀ ਪ੍ਰਵਾਸੀ ਸਮਝ ਕੇ ਕੁੱਟਮਾਰ ਕੀਤੀ।

18 ਜੁਲਾਈ ਨੂੰ ਮੁਰਸ਼ਿਦਾਬਾਦ ’ਚ ਦਰਜ ਸ਼ਿਕਾਇਤ ਅਨੁਸਾਰ ਇਹ ਘਟਨਾ 15 ਜੁਲਾਈ ਨੂੰ ਵਾਪਰੀ ਜਦੋਂ ਸੁਜਾਨ ਸ਼ੇਖ, ਉਸ ਦਾ ਭਰਾ ਮਿਲਾਨ ਸ਼ੇਖ, ਸਾਹਿਲ ਸ਼ੇਖ ਤੇ ਬਾਬੂ ਸ਼ੇਖ ਤਿਰੂਵੱਲੂਰ ’ਚ ਇਕ ਉਸਾਰੀ ਵਾਲੀ ਥਾਂ ’ਤੇ ਕੰਮ ਕਰ ਰਹੇ ਸਨ।

ਮਜ਼ਦੂਰਾਂ ਨੂੰ ਪਹਿਲਾਂ ਤਿਰੂਵੱਲੂਰ ਦੇ ਇਕ ਸਰਕਾਰੀ ਹਸਪਤਾਲ ਲਿਜਾਇਆ ਗਿਆ। ਕਥਿਤ ਹਮਲੇ ’ਚ ਸੁਜਾਨ ਦਾ ਇਕ ਹੱਥ ਟੁੱਟ ਗਿਆ। ਮਜ਼ਦੂਰਾਂ ਨੇ ਇਹ ਵੀ ਦੋਸ਼ ਲਾਇਆ ਕਿ ਉਨ੍ਹਾਂ ਚੇਨਈ ’ਚ ਸਥਾਨਕ ਪੁਲਸ ਨਾਲ ਸੰਪਰਕ ਕੀਤਾ ਸੀ, ਪਰ ਉਸ ਨੇ ਕੋਈ ਮਦਦ ਨਹੀਂ ਕੀਤੀ।