ਅਲੀਲਾ ਨੂੰ ਪਤਾ ਨਹੀਂ ਕੁਝ ਦਿਨਾਂ ਤੋਂ ਕੀ ਹੋ ਗਿਆ ਸੀ। ਗਿਆਰਵੀਂ ਜਮਾਤ ਵਿੱਚ ਪੜ੍ਹਨ ਵਾਲੀ ਮਾਸੂਮ ਤੇ ਆਪਣੇ ਵਿੱਚ ਮਸਤ ਰਹਿਣ ਵਾਲੀ ਭੋਲੀ-ਭਾਲੀ ਅਲੀਲਾ ਨੂੰ ਜਿਵੇਂ ਦੁਨੀਆਂ ਦੀ ਹੋਸ਼ ਹੀ ਨਹੀਂ ਸੀ। ਹਰ ਵੇਲੇ ਉਸ ਦਾ ਧਿਆਨ ਕਿਸੇ ਅਣਜਾਣ ਇਨਸਾਨ ਵੱਲ ਲੱਗਿਆ ਰਹਿੰਦਾ। ਉਸ ਦਾ ਕੀ ਨਾਂ ਸੀ, ਉਹ ਕੌਣ ਸੀ, ਕਿੱਥੇ ਰਹਿੰਦਾ ਸੀ, ਉਸ ਨੂੰ ਕੋਈ ਪਤਾ ਨਹੀਂ ਸੀ। ਬਸ ਉਸ ਨੂੰ ਸਿਰਫ਼ ਇੰਨਾ ਪਤਾ ਸੀ ਕਿ ਜਦ ਉਹ ਸਕੂਲੋਂ ਪੜ੍ਹ ਕੇ ਆਉਂਦੀ ਸੀ ਤਾਂ ਮੁੰਡਿਆਂ ਦੀ ਇੱਕ ਟੋਲੀ ਜਿਹੜੀ ਕਦੇ ਉਨ੍ਹਾਂ ਤੋਂ ਅੱਗੇ, ਕਦੇ ਪਿੱਛੇ ਤੁਰਦੀ ਸੀ, ਉਹ ਉਸ ਟੋਲੀ ਵਿੱਚ ਹੁੰਦਾ ਸੀ। ਸਭ ਤੋਂ ਅਲੱਗ, ਸਭ ਤੋਂ ਸੋਹਣਾ ਤੇ ਗੋਰਾ, ਉੱਚਾ ਲੰਬਾ ਪਰ ਉਸ ਨੇ ਤਾਂ ਕਦੇ ਇਸ ਵੱਲ ਮੁੜ ਕੇ ਦੇਖਿਆ ਵੀ ਨਹੀਂ ਸੀ। ਪਰ ਪਤਾ ਨਹੀਂ ਕਿਵੇਂ ਉਹ ਉਸ ਦੇ ਸੁਫ਼ਨਿਆਂ ਦਾ ਸ਼ਹਿਜ਼ਾਦਾ ਬਣ ਗਿਆ ਸੀ।
ਫ਼ਿਰ ਇੱਕ ਦਿਨ ਅਲੀਲਾ ਨੂੰ ਉਸ ਦਾ ਨਾਂ ਪਤਾ ਲੱਗ ਗਿਆ। ਉਹ ਰੋਜ਼ ਦੀ ਤਰ੍ਹਾਂ ਸਕੂਲੋਂ ਪੜ੍ਹ ਕੇ ਆ ਰਹੀ ਸੀ ਤੇ ਅੱਗੇ ਅੱਗੇ ਜਾਣ ਵਾਲੀ ਟੋਲੀ ਵਿੱਚ ਉਹ ਤੁਰਿਆ ਜਾ ਰਿਹਾ ਸੀ। ਫ਼ਿਰ ਕਿਸੇ ਨੇ ਤੇਮਸੂ ਕਹਿ ਕੇ ਪਿੱਛੋਂ ਆਵਾਜ਼ ਮਾਰੀ। ਉਸ ਨੇ ਪਿੱਛੇ ਮੁੜ ਕੇ ਦੇਖਿਆ ਤੇ ਜਵਾਬ ਦਿੱਤਾ। ਇਸ ਤਰ੍ਹਾਂ ਇੱਕ ਅਣਜਾਣ ਲੜਕਾ ਆਪਣੇ ਪੂਰੇ ਵਜੂਦ ਨਾਲ ਉਸ ਦੇ ਸਾਹਮਣੇ ਸਾਕਾਰ ਹੋਇਆ। ਅਲੀਲਾ ਗਿਆਰਵੀਂ ਪਾਸ ਕਰ ਕੇ ਅਗਲੀ ਜਮਾਤ ਵਿੱਚ ਚਲੀ ਗਈ, ਪਰ ਤੇਮਸੂ ਲਈ ਉਸ ਦੀ ਚਾਹਤ ਵਿੱਚ ਕੋਈ ਫ਼ਰਕ ਨਾ ਪਿਆ। ਉਹ ਮਨ ਹੀ ਮਨ ਬਿਨਾਂ ਉਸ ਨਾਲ ਬੋਲਿਆਂ ਉਸ ਨੂੰ ਪਿਆਰ ਕਰਦੀ ਰਹੀ। ਫ਼ਿਰ ਇੱਕ ਦਿਨ ਉਨ੍ਹਾਂ ਦਾ ਅਚਾਨਕ ਹੀ ਮੇਲ ਹੋ ਗਿਆ। ਉਸ ਦਿਨ ਉਹ ਦੋਵੇਂ ਇੱਕੱਲੇ-ਇੱਕੱਲੇ ਹੀ ਘਰ ਨੂੰ ਜਾ ਰਹੇ ਸਨ। ਜਦ ਉਹ ਉਸ ਦੇ ਕੋਲੋਂ ਦੀ ਲੰਘਿਆ ਤਾਂ ਅਲੀਲਾ ਨੇ ਬਹੁਤ ਹੀ ਹੌਲੀ ਜਿਹੀ ਉਸ ਦਾ ਨਾਂ ਲਿਆ। ਉਹ ਰੁਕ ਗਿਆ ਤੇ ਬੋਲਿਆ, ”ਤੂੰ ਮੈਨੂੰ ਕਿਉਂ ਬੁਲਾਇਆ? ਕੋਈ ਕੰਮ ਹੈ ਤੈਨੂੰ ਮੇਰੇ ਨਾਲ?”
”ਹਾਂ ਨਹੀਂ” ਉਹ ਕੰਨਾਂ ਤੱਕ ਲਾਲ ਹੋ ਗਈ। ਉਹ ਕੁਝ ਵੀ ਬੋਲ ਨਾ ਸਕੀ। ਤੇਮਸੂ ਕੁਝ ਪਲ ਚੁੱਪ-ਚਾਪ ਉਸ ਦੇ ਮੂੰਹ ਵੱਲ ਦੇਖਦਾ ਰਿਹਾ। ਫ਼ਿਰ ਉਸ ਨੇ ਹਲਕੇ ਜਿਹੇ ਉਸ ਦਾ ਹੱਥ ਆਪਣੇ ਹੱਥ ਵਿੱਚ ਲੈ ਲਿਆ ਤੇ ਉਹ ਦੋਵੇਂ ਚੁੱਪ-ਚਾਪ ਚਲਦੇ ਰਹੇ ਤੇ ਜਦੋਂ ਰਾਹਾਂ ਫ਼ੁੱਟੀਆਂ ਤਾਂ ਉਹ ਆਪੋ-ਆਪਣੇ ਘਰਾਂ ਨੂੰ ਮੁੜ ਗਏ।
ਇੱਥੋਂ ਉਨ੍ਹਾਂ ਦੀ ਪ੍ਰੇਮ ਕਹਾਣੀ ਸ਼ੁਰੂ ਹੋ ਗਈ। ਬੀਤਣ ਵਾਲਾ ਹਰ ਦਿਨ ਉਨ੍ਹਾਂ ਨੂੰ ਇੱਕ ਦੂਜੇ ਦੇ ਨੇੜੇ ਲਿਆ ਰਿਹਾ ਸੀ। ਜਦ ਤੇਮਸੂ ਆਪਣਾ ਬੀ.ਏ. ਦਾ ਇਮਤਿਹਾਨ ਦੇ ਕੇ ਵਿਹਲਾ ਹੋਇਆ ਤਦ ਤੱਕ ਅਲੀਲਾ ਵੀ ਬਾਰ੍ਹਵੀਂ ਦੀ ਪ੍ਰੀਖਿਆ ਦੇ ਚੁੱਕੀ ਸੀ। ਹੁਣ ਉਹ ਸਕੂਲ ਕਾਲਜ ਨਹੀਂ ਸੀ ਜਾਂਦੇ, ਘਰ ਹੀ ਰਹਿੰਦੇ ਸਨ, ਪਰ ਇੱਕ-ਦੂਜੇ ਨੂੰ ਮਿਲੇ ਜਾਂ ਦੇਖੇ ਬਿਨਾਂ ਉਨ੍ਹਾਂ ਨੂੰ ਚੈਨ ਨਹੀਂ ਸੀ ਆਉਂਦਾ। ਉਨ੍ਹਾਂ ਦੀ ਭੁੱਖ ਮਰ ਗਈ ਸੀ। ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਤੇ ਕਿਸੇ ਕੰਮ ਵਿੱਚ ਜੀਅ ਨਹੀਂ ਸੀ ਲੱਗਦਾ। ਅੱਗੋਂ ਅਲੀਲਾ ਨੇ ਬੀ ਏ ਕਰਨੀ ਸੀ ਤੇ ਤੇਮਸੂ ਨੇ ਐੱਮਬੀਏ ਵਿੱਚ ਦਾਖ਼ਲਾ ਲੈਣਾ ਸੀ, ਪਰ ਉਨ੍ਹਾਂ ਲਈ ਤਾਂ ਜਿਵੇਂ ਸਭ ਕੁਝ ਖ਼ਤਮ ਹੋ ਗਿਆ ਸੀ। ਬਸ ਉਨ੍ਹਾਂ ਨੂੰ ਤਾਂ ਸਿਰਫ਼ ਇੱਕ ਦੂਜੇ ਦਾ ਸਾਥ ਚਾਹੀਦਾ ਸੀ। ਇੱਕ ਦਿਨ ਪਤਾ ਨਹੀਂ ਘਰੋਂ ਕੀ ਕੀ ਬਹਾਨੇ ਬਣਾ ਕੇ ਉਹ ਨਿਕਲੇ ਤੇ ਕਿਸੇ ਪਹਾੜ ਦੀ ਨਿਵੇਕਲੀ ਗੁੱਠੇ ਇੱਕ-ਦੂਜੇ ਨੂੰ ਮਿਲੇ ਤੇ ਆਪਣੀ-ਆਪਣੀ ਹਾਲਤ ਬਿਆਨ ਕੀਤੀ। ਆਖ਼ਰ ਤੇਮਸੂ ਨੇ ਕਿਹਾ, ”ਅਲੀ ਹੁਣ ਦੱਸ ਕੀ ਕਰਨਾ ਹੈ?” ”ਜਿਵੇਂ ਤੁਸੀਂ ਕਹੋ।” ਉਹ ਹਰ ਤਰ੍ਹਾਂ ਉਸ ਦੇ ਨਾਲ ਸੀ। ”ਦੇਖ ਅਲੀ, ਤੂੰ ਕਬੀਲੇ ਦੇ ਕਾਨੂੰਨ ਤੋਂ ਤਾਂ ਚੰਗੀ ਤਰ੍ਹਾਂ ਵਾਕਫ਼ ਹੈਂ। ਅਗਰ ਅਸੀਂ ਇੱਕ ਦੂਜੇ ਦੇ ਨਾਲ ਰਹਿਣਾ ਹੈ ਤਾਂ ਆਪਣੇ ਮਾਂ- ਬਾਪ, ਘਰ, ਭੈਣ, ਭਾਈ, ਪਿੰਡ ਸਭ ਕੁਝ ਛੱਡਣਾ ਪਵੇਗਾ, ਹਮੇਸ਼ਾ ਲਈ। ਅਗਰ ਇਹ ਮਨਜ਼ੂਰ ਹੈ ਤਾਂ ਠੀਕ ਹਫ਼ਤੇ ਬਾਅਦ ਇਸੇ ਦਿਨ ਇਸੇ ਟਾਈਮ ਇੱਥੇ ਹੀ ਆਪਾਂ ਮਿਲਾਂਗੇ ਤੇ ਆਪਣੇ ਇਸ ਸੰਸਾਰ ਨੂੰ ਅਲਵਿਦਾ ਕਹਿ ਦਿਆਂਗੇ। ਜਿਸ ਨੂੰ ਇਹ ਫ਼ੈਸਲਾ ਠੀਕ ਨਾ ਲੱਗੇ, ਉਹ ਇੱਥੇ ਨਾ ਆਏ, ਦੂਜਾ ਆਪਣੇ ਆਪ ਸਮਝ ਜਾਏਗਾ। ਸੋਚਣ ਲਈ ਆਪਣੇ ਪਾਸ ਇੱਕ ਹਫ਼ਤਾ ਹੈ।” ਇਸ ਤੋਂ ਬਾਅਦ ਉਹ ਆਪੋ ਆਪਣੇ ਘਰ ਚਲੇ ਗਏ।ਉਸ ਇੱਕ ਹਫ਼ਤੇ ਵਿੱਚ ਦੋਵਾਂ ਦੇ ਮਨਾਂ ਵਿੱਚ ਬੜੇ ਉਤਰਾਅ ਚੜ੍ਹਾਅ ਆਏ। ਕਦੇ ਮਾਂ-ਬਾਪ ਦਾ ਮੋਹ ਹਾਵੀ ਹੋ ਜਾਂਦਾ, ਕਦੇ ਆਪਣਾ ਘਰ, ਜ਼ਮੀਨ, ਕਦੇ ਹੋਰ ਰਿਸ਼ਤੇਦਾਰ ਤੇ ਭੈਣ-ਭਾਈ ਸਾਹਮਣੇ ਆ ਕੇ ਖੜ੍ਹੇ ਹੋ ਜਾਂਦੇ ਤੇ ਉਹ ਕਮਜ਼ੋਰ ਪੈ ਜਾਂਦੇ, ਪਰ ਆਖ਼ਰ ਵਿੱਚ ਉਨ੍ਹਾਂ ਦਾ ਇੱਕ-ਦੂਜੇ ਲਈ ਪਿਆਰ ਜਿੱਤ ਗਿਆ ਤੇ ਉਹ ਮਿੱਥੇ ਦਿਨ ਮਿੱਥੇ ਥਾਂ ‘ਤੇ ਪੁੱਜ ਗਏ ਤੇ ਮੋਕੋਕਚੁੰਗ (ਜ਼ਿਲ੍ਹਾ) ਜਾ ਕੇ ਉਨ੍ਹਾਂ ਨੇ ਚਰਚ ਵਿੱਚ ਪਾਦਰੀ ਦੀ ਹਾਜ਼ਰੀ ਵਿੱਚ ਸ਼ਾਦੀ ਕਰ ਲਈ ਤੇ ਕਬੀਲੇ ਦੇ ਉਸ ਚੰਦਰੇ ਕਾਨੂੰਨ ਦੇ ਮੂੰਹ ‘ਤੇ ਚਪੇੜ ਮਾਰ ਦਿੱਤੀ ਅਤੇ ਹਮੇਸ਼ਾ ਲਈ ਇੱਕ-ਦੂਜੇ ਦੇ ਹੋ ਗਏ।
ਫ਼ਿਰ ਉਹ ਦੀਮਾਪੁਰ ਆ ਗਏ। ਇੱਕ ਛੋਟਾ ਜਿਹਾ ਘਰ ਕਿਰਾਏ ‘ਤੇ ਲੈ ਕੇ ਰਹਿਣ ਲੱਗ ਪਏ। ਥੋੜ੍ਹੇ ਦਿਨਾਂ ਬਾਅਦ ਤੇਮਸੂ ਨੂੰ ਦੀਮਾਪੁਰ ਸ਼ੂਗਰ ਮਿੱਲ ਵਿੱਚ ਨੌਕਰੀ ਮਿਲ ਗਈ ਤੇ ਉਹ ਬਹੁਤ ਹੀ ਸੁਖੀ ਜ਼ਿੰਦਗੀ ਬਤੀਤ ਕਰਨ ਲੱਗੇ। ਅਗਲੇ ਸਾਲ ਉਨ੍ਹਾਂ ਦਾ ਬੇਟਾ ਸਮੋਇਆ ਜੰਮ ਪਿਆ। ਉਨ੍ਹਾਂ ਦੀ ਖ਼ੁਸ਼ੀ ਦਾ ਤਾਂ ਅੰਤ ਹੀ ਨਹੀਂ ਰਿਹਾ। ਜ਼ਿੰਦਗੀ ਏਨੀ ਭਰਪੂਰ ਸੀ ਕਿ ਉਨ੍ਹਾਂ ਨੂੰ ਪਿੱਛੇ ਰਹਿ ਗਏ ਆਪਣਿਆਂ ਦੀ ਕਦੇ ਯਾਦ ਵੀ ਨਾ ਆਉਂਦੀ। ਹੱਸਦੇ ਖੇਡਦੇ ਪੰਜ ਸਾਲ ਬੀਤ ਗਏ। ਬੱਚਾ ਸਕੂਲ ਜਾਣ ਲੱਗ ਪਿਆ। ਉਨ੍ਹਾਂ ਨੂੰ ਲੱਗਦਾ ਸੀ ਕਿ ਜ਼ਿੰਦਗੀ ਵਿੱਚ ਕੋਈ ਕਮੀ ਨਹੀਂ ਹੈ। ਹੋਰ ਬੰਦੇ ਨੂੰ ਕੀ ਚਾਹੀਦਾ ਹੈ। ਮਨਭਾਉਂਦਾ ਪਿਆਰ ਕਰਨ ਵਾਲਾ ਜੀਵਨ ਸਾਥੀ, ਪਿਆਰਾ ਜਿਹਾ ਬੱਚਾ, ਚੰਗੀ ਨੌਕਰੀ ਤੇ ਹੋਰ ਦੋ ਸਾਲਾਂ ਬਾਅਦ ਉਨ੍ਹਾਂ ਨੇ ਪੈਸੇ ਜੋੜ ਕੇ ਇੱਕ ਪਿਆਰਾ ਜਿਹਾ ਘਰ ਵੀ ਖ਼ਰੀਦ ਲਿਆ।
੩ਪਰ ਪਤਾ ਹੀ ਨਾ ਲੱਗਿਆ ਜ਼ਿੰਦਗੀ ਕਦੋਂ ਪਲਟਾ ਖਾ ਗਈ। ਸ਼ੂਗਰ ਮਿੱਲ ਬੰਦ ਹੋ ਗਈ ਤੇ ਤੇਮਸੂ ਬੇਕਾਰ ਹੋ ਗਿਆ। ਹੋਰ ਕੋਈ ਨੌਕਰੀ ਵੀ ਨਾ ਮਿਲ ਸਕੀ। ਬੱਚਾ ਵੀ ਜਦ ਆਪਣੇ ਦੋਸਤਾਂ ਦੇ ਘਰ ਜਾ ਕੇ ਉਨ੍ਹਾਂ ਦੇ ਦਾਦਾ-ਦਾਦੀ, ਨਾਨਾ-ਨਾਨੀ ਤੇ ਹੋਰ ਰਿਸ਼ਤੇਦਾਰਾਂ ਨੂੰ ਦੇਖਦਾ ਤਾਂ ਉਹ ਆਪਣੇ ਮਾਂ-ਬਾਪ ਨੂੰ ਢੇਰ ਸਾਰੇ ਸੁਆਲ ਕਰਦਾ। ਉਨ੍ਹਾਂ ਕੋਲੋਂ ਜਦ ਉਸ ਨੂੰ ਕੋਈ ਢੁੱਕਵਾਂ ਜਵਾਬ ਨਾ ਮਿਲਦਾ ਤਾਂ ਉਹ ਉਦਾਸ ਹੋ ਜਾਂਦਾ। ਹੌਲੀ-ਹੌਲੀ ਉਸ ਨੇ ਮਾਂ-ਬਾਪ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਤੇ ਉਹ ਬਿਲਕੁਲ ਚੁੱਪ ਹੋ ਗਿਆ। ਹੁਣ ਉਹ ਕੋਈ ਸੁਆਲ ਨਾ ਕਰਦਾ। ਪੜ੍ਹਾਈ ਵੱਲੋਂ ਵੀ ਉਸ ਦਾ ਧਿਆਨ ਹਟ ਗਿਆ। ਕਈ ਵਾਰੀ ਸਕੂਲ ਵੀ ਨਾ ਜਾਂਦਾ। ਤੇਮਸੂ ਦੀ ਨੌਕਰੀ ਛੁੱਟਣ ਕਰਕੇ ਘਰ ਵਿੱਚ ਤੰਗੀ ਆ ਗਈ। ਰੋਜ਼ਮੱਰਾ ਦੀਆਂ ਜ਼ਰੂਰਤਾਂ ਪੂਰੀਆਂ ਨਾ ਹੁੰਦੀਆਂ। ਆਖ਼ਿਰ ਤੰਗ ਆ ਕੇ ਅਲੀਲਾ ਨੇ ਬਾਂਸ ਦੀਆਂ ਟੋਕਰੀਆਂ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਤੇ ਤੇਮਸੂ ਵੀ ਕਿਸੇ ਕੱਪੜੇ ਵਾਲੀ ਦੁਕਾਨ ‘ਤੇ ਮਾਮੂਲੀ ਜਿਹੀ ਤਨਖ਼ਾਹ ‘ਤੇ ਨੌਕਰੀ ਕਰਨ ਲੱਗ ਪਿਆ। ਪਰ ਗੁਜ਼ਾਰਾ ਫ਼ੇਰ ਵੀ ਨਾ ਹੁੰਦਾ। ਹੁਣ ਘਰ ਦਾ ਹਰ ਬੰਦਾ ਉਦਾਸ ਸੀ। ਤੇਮਸੂ ਹਰ ਛੋਟੀ-ਛੋਟੀ ਗੱਲ ‘ਤੇ ਚਿੜ੍ਹ ਜਾਂਦਾ। ਜਦ ਵੀ ਇਕੱਠੇ ਹੁੰਦੇ ਉਹ ਕੌੜਾ ਬੋਲਦੇ ਤੇ ਇੱਕ-ਦੂਜੇ ਸਾਹਮਣੇ ਹੋਣ ਤੋਂ ਕਤਰਾਉਂਦੇ। ਅਲੀਲਾ ਸਭ ਕੁਝ ਸਮਝਦੀ ਸੀ। ਉਸ ਨੂੰ ਲੱਗਣ ਲੱਗ ਪਿਆ ਸੀ ਕਿ ਸਾਰਾ ਉਸ ਦਾ ਆਪਣਾ ਕਸੂਰ ਸੀ। ਤੇਮਸੂ ਚੰਗਾ-ਭਲਾ ਆਪਣੀ ਪੜ੍ਹਾਈ ਕਰ ਰਿਹਾ ਸੀ। ਬਾਅਦ ਵਿੱਚ ਉਸ ਨੇ ਹੋਰ ਪੜ੍ਹਨਾ ਸੀ, ਚੰਗੀ ਨੌਕਰੀ ਕਰਨੀ ਸੀ ਤੇ ਆਪਣੇ ਕਬੀਲੇ ਵਿੱਚ ਸ਼ਾਦੀ ਕਰ ਕੇ ਸੁਖ ਨਾਲ ਜ਼ਿੰਦਗੀ ਬਿਤਾਉਣੀ ਸੀ। ਸਿਰਫ਼ ਉਸ ਨੇ ਉਸ ਨੂੰ ਆਪਣੇ ਪਿਆਰ ਵਿੱਚ ਫ਼ਸਾ ਕੇ ਇਸ ਹਾਲਤ ਵਿੱਚ ਪਹੁੰਚਾ ਦਿੱਤਾ। ਸੋਚ-ਸੋਚ ਕੇ ਉਸ ਨੇ ਇੱਕ ਦਿਨ ਤੇਮਸੂ ਨੂੰ ਕਿਹਾ, ”ਤੇਮੂ, ਚੱਲੋ ਆਪਾਂ ਆਪੋ ਆਪਣੇ ਘਰਾਂ ਨੂੰ ਮੁੜ ਚਲੀਏ।” ਤੇਮਸੂ ਹੈਰਾਨ ਹੋ ਕੇ ਬੋਲਿਆ, ”ਕੀ ਕਹਿ ਰਹੀ ਹੈਂ? ਘਰ ਜਾਣਾ ਕੀ ਇੰਨਾ ਆਸਾਨ ਹੈ। ਇੱਕ-ਦੂਜੇ ਤੋਂ ਤਲਾਕ ਲੈਣਾ ਪਵੇਗਾ ਤੇ ਤੈਨੂੰ ਬੱਚੇ ਨੂੰ ਵੀ ਹਮੇਸ਼ਾ ਲਈ ਭੁੱਲਣਾ ਪਵੇਗਾ।” ਅਲੀਲਾ ਵੀ ਜਾਣਦੀ ਸੀ। ਕਬੀਲੇ ਦਾ ਇਹੀ ਅਸੂਲ ਸੀ। ਅਗਰ ਘਰ ਜਾਣਾ ਹੈ ਤਾਂ ਔਰਤ ਨੂੰ ਪਤੀ ਤੋਂ ਤਲਾਕ ਲੈ ਕੇ ਤੇ ਬੱਚੇ ਪਤੀ ਦੇ ਹਵਾਲੇ ਕਰ ਕੇ ਮਾਂ-ਬਾਪ ਦੇ ਘਰ ਜਾਣਾ ਹੋਵੇਗਾ ਤੇ ਫ਼ਿਰ ਕਦੇ ਵੀ ਉਹ ਆਪਣੇ ਬੱਚਿਆਂ ਨੂੰ ਮਿਲ ਨਹੀਂ ਸਕੇਗੀ।
ਇਹ ਸਾਰਾ ਕੁਝ ਬੜਾ ਦੁਖਦਾਈ ਸੀ, ਪਰ ਉਹ ਸੋਚਦੀ ਉਸ ਦੀ ਸਜ਼ਾ ਤੇਮਸੂ ਕਿਉਂ ਭੋਗੇ, ਉਸ ਦਾ ਕੀ ਕਸੂਰ ਹੈ। ਸਜ਼ਾ ਤਾਂ ਮੈਨੂੰ ਭੋਗਣੀ ਚਾਹੀਦੀ ਹੈ। ਉਹ ਬੜੀ ਦ੍ਰਿੜ੍ਹ ਨਿਸ਼ਚੇ ਵਾਲੀ ਕੁੜੀ ਸੀ। ਜਿਸ ਤਰ੍ਹਾਂ ਉਸ ਨੇ ਤੇਮਸੂ ਨਾਲ ਵਿਆਹ ਕਰਨ ਦਾ ਫ਼ੈਸਲਾ ਆਪਣੀ ਮਰਜ਼ੀ ਨਾਲ ਝਟਪਟ ਕਰ ਲਿਆ ਸੀ, ਉਸੇ ਤਰ੍ਹਾਂ ਉਸ ਨੇ ਉਸ ਤੋਂ ਤਲਾਕ ਲੈਣ ਦਾ ਫ਼ੈਸਲਾ ਕਰ ਲਿਆ। ਤਲਾਕ ਪਿੰਡ ਦਾ ਕੌਂਸਲ ਕਰਦੀ ਹੈ ਤੇ ਜੁਰਮਾਨੇ ਦੇ ਤੌਰ ‘ਤੇ ਆਦਮੀ ਨੂੰ ਇੱਕ ਗਊ ਪਿੰਡ ਦੀ ਪੰਚਾਇਤ ਨੂੰ ਦੇਣੀ ਪੈਂਦੀ ਹੈ। ਗਊ ਜੋਗੇ ਪੈਸੇ ਕਿੱਥੋਂ ਆਉਂਦੇ। ਤੇਮਸੂ ਨੂੰ ਆਪਣਾ ਘਰ ਵੇਚਣਾ ਪਿਆ। ਸੋ ਤਲਾਕ ਹੋ ਗਿਆ ਤੇ ਦੋਵੇਂ ਜਣੇ ਆਪਣੇ ਘਰ ਆਪਣੇ ਪਿੰਡ ਵਿੱਚ ਚਲੇ ਗਏ। ਇੱਕ ਹੱਸਦਾ-ਵੱਸਦਾ ਘਰ ਹਾਲਾਤ ਦੀ ਬੇਰਹਿਮੀ ਦੀ ਭੇਟ ਚੜ੍ਹ ਗਿਆ।
ਤੇਮਸੂ ਤੇ ਅਲੀਲਾ ਤਾਂ ਦੁਖੀ ਹੈ ਹੀ ਸਨ, ਪਰ ਸਭ ਤੋਂ ਭੈੜਾ ਅਸਰ ਬੱਚੇ ‘ਤੇ ਪਿਆ। ਉਸ ਨੂੰ ਮਾਂ-ਬਾਪ ਦੋਵੇਂ ਹੀ ਚਾਹੀਦੇ ਸਨ, ਪਰ ਕਬੀਲੇ ਦੇ ਕਾਨੂੰਨ ਅਨੁਸਾਰ ਹੁਣ ਉਸ ਨੇ ਕਦੇ ਆਪਣੀ ਮਾਂ ਨੂੰ ਨਹੀਂ ਸੀ ਮਿਲਣਾ। ਉਹ ਬਹੁਤ ਉਦਾਸ ਰਹਿਣ ਲੱਗ ਪਿਆ, ਪਰ ਇੱਕ ਬਗ਼ਾਵਤ ਉਸ ਦੇ ਅੰਦਰ ਜਨਮ ਲੈ ਰਹੀ ਸੀ। ਉਹ ਸੋਚਦਾ ਕਿ ਜਦ ਉਹ ਵੱਡਾ ਹੋ ਜਾਵੇਗਾ ਤਾਂ ਉਹ ਲੋਕਾਂ ਦੇ ਮਨਾਂ ਵਿੱਚ ਇਸ ਚੰਦਰੇ ਕਾਨੂੰਨ ਖ਼ਿਲਾਫ਼ ਇੰਨੀ ਨਫ਼ਰਤ ਭਰ ਦੇਵੇਗਾ ਕਿ ਹੌਲੀ-ਹੌਲੀ ਹਰ ਕੋਈ ਇਸ ਦੇ ਖ਼ਿਲਾਫ਼ ਹੋ ਜਾਵੇਗਾ। ਉਸ ਵੇਲੇ ਸਭ ਲੋਕ ਜਾਗ ਜਾਣਗੇ ਤੇ ਉਨ੍ਹਾਂ ਵਿੱਚ ਅਜਿਹੀ ਬਗ਼ਾਵਤ ਦੀ ਲਹਿਰ ਉੱਠੇਗੀ ਕਿ ਉਹ ਇਕਮੁੱਠ ਹੋ ਕੇ ਇਸ ਕਾਨੂੰਨ ਖ਼ਿਲਾਫ਼ ਲੜਨਗੇ ਤੇ ਇਸ ਨੂੰ ਜੜ੍ਹੋਂ ਖਤਮ ਕਰ ਦੇਣਗੇ। ਉਹ ਸੋਚਦਾ-ਮੈਂ ਉਸ ਦਿਨ ਦੀ ਇੰਤਜ਼ਾਰ ਕਰਾਂਗਾ ਜਦ ਇਸ ਕਾਲੇ ਕਾਨੂੰਨ ਦੇ ਛੁਟਕਾਰੇ ਵਾਲੀ ਸੁਬ੍ਹਾ ਹੋਵੇਗੀ ਤੇ ਮੇਰੇ ਮਾਂ-ਬਾਪ ਇਸ ਕਾਨੂੰਨ ਤੋਂ ਆਜ਼ਾਦ ਹੋ ਕੇ ਇੱਕ ਹੋ ਜਾਣਗੇ ਤੇ ਸਾਡਾ ਇੱਕ ਹੱਸਦਾ-ਵੱਸਦਾ ਘਰ ਹੋਵੇਗਾ। ਉਹ ਸੁਬ੍ਹਾ ਜ਼ਰੂਰ ਹੋਵੇਗੀ, ਮੈਂ ਉਸ ਦੀ ਇੰਤਜ਼ਾਰ ਕਰਾਂਗਾ।
ਪ੍ਰੀਤਮਾ ਦੋਮੇਲ