ਬ੍ਰੈੱਸਟ ਹਟਾਏ ਬਿਨਾਂ ਲੇਜ਼ਰ ਨਾਲ ਕੈਂਸਰ ਦਾ ਕਾਰਗਰ ਇਲਾਜ

ਔਰਤਾਂ ਦੀ ਮੌਤ ਦੇ ਸਭ ਤੋਂ ਵੱਡੇ ਕਾਰਨ ਬ੍ਰੈੱਸਟ ਕੈਂਸਰ ਨਾਲ ਜੰਗ ‘ਚ ਲੇਜ਼ਰ ਤਕਨੀਕ ਬਹੁਤ ਕਾਰਗਰ ਸਿੱਧ ਹੋ ਰਹੀ ਹੈ। ਕੈਂਸਰ ਸਰਜਰੀ ਦੇ ਕੁੱਲ ਮਾਮਲਿਆਂ ‘ਚ 80 ਫ਼ੀਸਦੀ ਮੂੰਹ ਅਤੇ ਬ੍ਰੈੱਸਟ ਕੈਂਸਰ ਦੇ ਹਨ। ਅਜਿਹੇ ‘ਚ ਇਸ ਨਵੀਂ ਤਕਨੀਕ ਨੂੰ ਸਾਰਿਆਂ ਲਈ ਸੌਖਾ ਬਣਾਉਣ ਦੀ ਸਖ਼ਤ ਲੋੜ ਹੈ। ਪੂਰੇ ਵਿਸ਼ਵ ਦੇ ਨਾਲ ਨਾਲ ਭਾਰਤ ‘ਚ ਬ੍ਰੈੱਸਟ ਕੈਂਸਰ ਦੇ ਮਾਮਲੇ ਵੱਧ ਰਹੇ ਹਨ। ਭਾਰਤੀ ਆਯੁਰਵਿਗਿਆਨ ਖੋਜ ਪ੍ਰੀਸ਼ਦ ਨੇ ਆਪਣੀ ਰਿਪੋਰਟ ‘ਚ ਅਗਲੇ ਸਾਲ ਤਕ ਇਸ ਕੈਂਸਰ ਦੇ 17.3 ਲੱਖ ਨਵੇਂ ਮਾਮਲੇ ਸਾਹਮਣੇ ਆਉਣ ਦੀ ਸ਼ੰਕਾ ਪ੍ਰਗਟਾਈ ਹੈ ਜਿਨ੍ਹਾਂ ‘ਚ 50 ਫ਼ੀਸਦੀ ਤੋਂ ਵੱਧ ਔਰਤਾਂ ਦੀ ਜਾਨ ਨੂੰ ਜੋਖ਼ਮ ਹੈ। ਰੋਗੀ ਦੀ ਜਾਨ ਬਚਾਉਣ ਲਈ ਬ੍ਰੈੱਸਟ ਹਟਾ ਕੇ ਵੱਖ ਕਰ ਦਿੱਤੀ ਜਾਂਦੀ ਹੈ ਅਤੇ ਮੂੰਹ ਦੀ ਸਰਜਰੀ ‘ਚ ਰੋਗੀ ਦਾ ਚਿਹਰਾ ਖ਼ਰਾਬ ਹੋ ਜਾਂਦਾ ਹੈ। ਅਜਿਹੇ ਵਿੱਚ ਲੇਜ਼ਰ ਤਕਨੀਕ ਵੱਡੀ ਆਸ ਦੇ ਰੂਪ ‘ਚ ਸਾਹਮਣੇ ਆਈ ਹੈ। ਇਨ੍ਹਾਂ ਮਾਮਲਿਆਂ ‘ਚ ਪਰੇਸ਼ਾਨੀਆਂ ਤੋਂ ਬਹੁਤ ਨਿਜਾਤ ਮਿਲੀ ਹੈ ਅਤੇ ਸਫ਼ਲਤਾ ਦਾ ਗ੍ਰਾਫ਼ ਵੀ ਚੰਗਾ ਹੈ।
ਮੁੰਬਈ ਦੇ ਔਰਚਿਡ ਕੈਂਸਰ ਟਰੱਸਟ ਦੇ ਸੰਸਥਾਪਕ ਡਾ. ਰੂਸੀ ਭੱਲਾ ਨੇ ਅੱਠ ਸਾਲ ਪਹਿਲਾਂ ਲੇਜ਼ਰ ਨਾਲ ਮੂੰਹ ਦੇ ਕੈਂਸਰ ਦਾ ਇਲਾਜ ਸੁਰੂ ਕੀਤਾ ਸੀ। ਇਸ ਤਰ੍ਹਾਂ ਦੇ ਕੈਂਸਰ ਦੇ ਇਲਾਜ ਲਈ ਇਹ ਅੰਤਰਰਾਸ਼ਟਰੀ ਤਕਨੀਕ ਹੈ, ਜਿਸ ਦੀ ਡਾ. ਭੱਲਾ ਨੇ ਦੇਸ਼ ‘ਚ ਸ਼ੁਰੂਆਤ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਮੂੰਹ ਅਤੇ ਬ੍ਰੈੱਸਟ ਦੇ ਕਈ ਰੋਗੀਆਂ ਦਾ ਲੇਜ਼ਰ ਤਕਨੀਕ ਨਾਲ ਇਲਾਜ ਕੀਤਾ ਹੈ ਅਤੇ ਰਿਵਾਇਤੀ ਸਰਜਰੀ ਦੇ ਮੁਕਾਬਲੇ ਸਸਤੀ ਇਸ ਸਰਜਰੀ ਦਾ ਨਤੀਜਾ ਹੈਰਾਨੀਜਨਕ ਰਿਹਾ ਹੈ। ਡਾਕਟਰ ਮੁਤਾਬਿਕ, ਇਸ ਤਕਨੀਕ ਨਾਲ ਮੂੰਹ ਦੇ ਕੈਂਸਰ ਦੇ ਰੋਗੀਆਂ ਨੂੰ ਚੰਗੀ ਉਮਰ ਵੀ ਮਿਲੀ ਹੈ।
ਬ੍ਰੈੱਸਟ ਕੈਂਸਰ ‘ਚ ਜਿਥੇ ਔਰਤਾਂ ਨੂੰ ਬ੍ਰੈਸਟ ਹਟਾਉਣ ਦੀ ਦਰਦ ਅਤੇ ਹੀਣ ਭਾਵਨਾ ‘ਚੋਂ ਲੰਘਣਾ ਪੈਂਦਾ ਹੈ, ਅਜਿਹੇ ਕੈਂਸਰ ਦੇ ਤੀਸਰੇ ਪੜਾਅ ‘ਚ ਵੀ ਲੇਜ਼ਰ ਸਰਜਰੀ ਨਾਲ ਬਿਨਾਂ ਚੀਰ-ਫ਼ਾੜ ਅਤੇ ਬਾਹਰੀ ਦਾਗ-ਧੱਬੇ ਦਾ ਇਲਾਜ ਸੰਭਵ ਹੋਇਆ ਹੈ। ਇਲਾਜ ਦੇ 6-7 ਸਾਲ ਬਾਅਦ RMI ਰਿਪੋਰਟ ‘ਚ ਕੈਂਸਰ ਦਾ ਨਾਮੋ-ਨਿਸ਼ਾਨ ਨਹੀਂ ਮਿਲਿਆ। ਉਨ੍ਹਾਂ ਮੁਤਾਬਿਕ, ਬਦਕਿਸਮਤੀ ਦੀ ਗੱਲ ਹੈ ਕਿ ਇਸ ਵਿਧੀ ਦੇ ਇਲਾਜ ਦੇ ਸਬੰਧ ‘ਚ ਨਾ ਤਾਂ ਸਮਾਜ ਜਾਗਰੂਕ ਹੈ ਅਤੇ ਨਾ ਹੀ ਕੌਰਪੋਰੇਟ ਜਗਤ ਜਾਂ ਸਮਾਜਸੇਵੀ ਸੰਗਠਨਾਂ ਵਲੋਂ ਹੀ ਕੁੱਝ ਕੀਤਾ ਜਾ ਰਿਹਾ ਹੈ ਜਿਸ ਨਾਲ ਕਿ ਇਸ ਤਕਨੀਕ ਨਾਲ ਇਲਾਜ ਕਰਵਾ ਕੇ ਵੱਡੀ ਗਿਣਤੀ ‘ਚ ਲੋਕ ਲਾਭ ਲੈ ਸਕਣ। ਦੁਨੀਆਂ ਦੇ ਕਈ ਦੇਸ਼ਾਂ ‘ਚ ਮੂੰਹ ਅਤੇ ਬ੍ਰੈੱਸਟ ਦੇ ਕੈਂਸਰ ਦਾ ਇਲਾਜ ਮਾਨਤਾ ਪ੍ਰਾਪਤ ਲੇਜ਼ਰ ਤਕਨੀਕ ਨਾਲ ਹੋ ਰਿਹਾ ਹੈ। ਇਸ ਦੇ ਪ੍ਰਚਲਿਤ ਹੋਣ ਦਾ ਮੁੱਖ ਕਾਰਣ ਰੋਗੀ ਦਾ ਜਲਦੀ ਅਤੇ ਘੱਟ ਸਮੇਂ ‘ਚ ਇਲਾਜ ਹੋਣਾ, ਘੱਟ ਖ਼ਰਚੀਲਾ ਹੋਣਾ ਹੈ।
ਹਰ ਸਾਲ ਪੈਨਕ੍ਰਿਯੈਟਿਕ ਕੈਂਸਰ ਨਾਲ ਮਰ ਜਾਂਦੇ ਹਨ 45 ਹਜ਼ਾਰ ਲੋਕ
ਵਰਲਡ ਪੈਨਕ੍ਰਿਯੈਟਿਕ ਕੈਂਸਰ ਡੇਅ ਹਰ ਸਾਲ 21 ਨਵੰਬਰ ਨੂੰ ਮਨਾਇਆ ਜਾਂਦਾ ਹੈ। ਇਹ ਸਾਡੇ ਸਮਾਜ ਨੂੰ ਹਰ ਸਾਲ ਵੱਡਾ ਮਨੁੱਖੀ ਨੁਕਸਾਨ ਪਹੁੰਚ ਰਿਹਾ ਹੈ। ਅੰਕੜਿਆਂ ਦੀ ਮੰਨੀਏ ਤਾਂ ਹਰ ਸਾਲ ਸਿਰਫ਼ ਯੂਨਾਈਟਿਡ ਸਟੇਟਸ ‘ਚ ਹੀ ਪੈਨਕ੍ਰਿਯਾਟਿਕ ਕੈਂਸਰ ਦੀ ਲਪੇਟ ‘ਚ ਲਗਭਗ 55 ਹਜ਼ਾਰ ਲੋਕ ਆਉਂਦੇ ਹਨ ਜਿਨ੍ਹਾਂ ਵਿਚੋਂ 45 ਹਜ਼ਾਰ ਲੋਕਾਂ ਨੂੰ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਬਚਾਉਣਾ ਮੁਸ਼ਕਿਲ ਹੋ ਜਾਂਦਾ ਹੈ।