ਬ੍ਰਾਜ਼ੀਲ ਤੋਂ ਅਮਰੀਕਾ ਟੱਪਣ ਤੋਂ ਪਹਿਲਾਂ ਪੰਜਾਬੀ ਦੀ ਮੌਤ

ਨਿਊ ਯੌਰਕ: ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ ਆਏ ਇੱਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਸਾਲ 2019 ਦੌਰਾਨ ਬ੍ਰਾਜ਼ੀਲ ਆਇਆ ਸੀ, ਅਤੇ ਅਮਰੀਕਾ ਜਾਣ ਲਈ ਜੰਗਲ ਪਾਰ ਕਰਨ ਵੇਲੇ ਸਿਹਤ ਖ਼ਰਾਬ ਹੋਣ ਕਾਰਨ ਉਸ ਦੀ ਮੌਤ ਹੋ ਗਈ। ਜਤਿੰਦਰ ਸਿੰਘ ਉਰਫ਼ ਲਵਲੀ (45), ਪੁੱਤਰ ਹਰਬੰਸ ਸਿੰਘ, ਵਾਸੀ ਰੋਹੀ ਕੰਡਾ ਨੇੜੇ ਬਗ਼ੀਚੀ ਮੰਦਰ ਤਰਨਤਾਰਨ 2019 ‘ਚ ਬ੍ਰਾਜ਼ੀਲ ਗਿਆ ਸੀ ਜਿੱਥੇ ਉਹ ਮਜ਼ਦੂਰੀ ਕਰਨ ਲੱਗਾ।
ਕੁਝ ਦਿਨ ਪਹਿਲਾਂ, ਜਤਿੰਦਰ ਆਪਣੇ ਸਾਥੀਆਂ ਨਾਲ ਜੰਗਲ ਪਾਰ ਕਰਦਾ ਹੋਇਆ ਅਮਰੀਕਾ ਜਾਣ ਲਈ ਪੈਦਲ ਹੀ ਰਵਾਨਾ ਹੋਇਆ ਸੀ। ਰਸਤੇ ‘ਚ ਉਸ ਦੀ ਸਿਹਤ ਅਚਾਨਕ ਖ਼ਰਾਬ ਹੋ ਗਈ, ਅਤੇ ਜੰਗਲ ‘ਚ ਕੋਈ ਸਿਹਤ ਸਹੂਲਤ ਨਾ ਮਿਲਣ ਕਾਰਨ ਉਸ ਦੀ ਮੌਤ ਹੋ ਗਈ। ਜਤਿੰਦਰ ਦੀ ਮੌਤ ਸਬੰਧੀ ਖ਼ਬਰ ਉਸ ਦੇ ਸਾਥੀਆਂ ਵਲੋਂ ਪਰਿਵਾਰ ਨੂੰ ਦਿੱਤੀ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ ਅੰਮ੍ਰਿਤਪਾਲ ਕੌਰ, ਬੇਟਾ ਅਭਿਜੋਤ ਸਿੰਘ, ਬੇਟੀ ਸੁਖਲੀਨ ਕੌਰ ਨੂੰ ਛੱਡ ਗਿਆ ਹੈ।