ਬੇਨਾਮ ਰਿਸ਼ਤਾ

ਜਗਬੀਰ ਆਪਣੇ ਪਿੰਡ ਦੀ ਫ਼ਿਰਨੀ ਲੰਘ ਕੇ ਆਪਣੇ ਘਰ ਵੱਲ ਨੂੰ ਵੱਧਿਆ ਤਾਂ ਉਸ ਦੇ ਪੁਰਾਣੇ ਜਿਹੇ ਘਰ ਦੀ ਜਗਾਂ ਤੇ ਆਲੀਸ਼ਾਨ ਕੋਠੀ ਬਣੀ ਹੋਈ ਸੀ। ਇੱਕ ਪਲ ਲਈ ਉਸ ਦੇ ਕਦਮ ਰੁੱਕ ਗਏ। ਉਹ ਸੋਚਣ ਲੱਗਾ ਕਿ ਉਸ ਦੇ ਪਰਿਵਾਰ ਕੋਲ ਇੰਨੇ ਪੈਸੇ ਕਿੱਥੋਂ ਆ ਗਏ ਕਿ ਇਹ ਮਹਿਲ ਛੱਤ ਲਿਆ?
ਗਲੀ ਵਿੱਚੋਂ ਲੰਘਦੇ ਇੱਕ ਮੁੰਡੇ ਨੂੰ ਉਸ ਨੇ ਪੁੱਛਿਆ, ‘ਕਾਕਾ, ਬਾਵਰ ਦਾ ਘਰ ਆਹ ਹੀ ਹੈ?’
ਮੁੰਡਾ ਇਕਦਮ ਰੁੱਕ ਗਿਆ ਅਤੇ ਜਗਬੀਰ ਨੂੰ ਉੱਪਰ ਤੋਂ ਲੈ ਕੇ ਪੈਰਾਂ ਤੀਕ ਧਿਆਨ ਨਾਲ ਦੇਖਣ ਲੱਗਾ। ਕੁੱਝ ਦੇਰ ਸੋਚਣ ਤੋਂ ਬਾਅਦ ਉਹ ਬੋਲਿਆ, ‘ਕੀ ਤੁਸੀਂ ਬਾਪੂ ਬਾਵਰ ਸਿੰਘ ਤੇ ਘਰ ਬਾਰੇ ਪੁੱਛ ਰਹੇ ਹੋ?’
ਆਪਣੇ ਛੋਟੇ ਭਰਾ ਬਾਵਰ ਦੇ ਨਾਂ ਨਾਲ ‘ਬਾਪੂ’ ਸ਼ਬਦ ਸੁਣ ਕੇ ਜਗਬੀਰ ਨੂੰ ਅਹਿਸਾਸ ਹੋਇਆ ਕਿ ਉਹ ਅੱਜ 30 ਸਾਲਾਂ ਬਾਅਦ ਆਪਣੇ ਪਿੰਡ, ਆਪਣੇ ਘਰ ਆਇਆ ਹੈ। ਜਗਬੀਰ ਆਪਣੇ ਕੋਲ ਖੜੇ ਉਸ ਮੁੰਡੇ ਨੂੰ ਭੁੱਲ ਗਿਆ ਅਤੇ ਆਪ ਯਾਦਾਂ ਦੇ ਸੰਸਾਰ ਵਿੱਚ ਗੁਆਚ ਗਿਆ।
ਉਸ ਨੂੰ ਯਾਦ ਆਈ ਆਪਣੀ ਜਵਾਨੀ…, ਆਪਣੇ ਹਾਣੀ…, ਆਪਣਾ ਸਕੂਲ…, ਆਪਣੇ ਬਾਪੂ ਦੀਆਂ ਝਿੜਕਾਂ…, ਮਾਂ ਦਾ ਪਿਆਰ…, ਭਰਜਾਈਆਂ ਦੇ ਸ਼ੁਗਲ…, ਆਪਣੇ ਪਿੰਡ ਦੇ ਬਾਬੇ ਤੇ ਅੱਜ ਉਸ ਨੂੰ ਬੱਚੇ ਬਾਬਾ ਆਖ ਰਹੇ ਸਨ। ਜਗਬੀਰ ਨੂੰ ਵਿਸ਼ਵਾਸ ਨਾ ਹੋਇਆ ਕਿ ਹੁਣ ਉਹ ਵੀ ‘ਬਾਬਾ’ ਹੋ ਗਿਆ ਹੈ।
ਜਗਬੀਰ ਨੂੰ ਜਾਪਿਆ ਜਿਵੇਂ ਕੁੱਝ ਹੀ ਪਲਾਂ ਵਿੱਚ ਉਸ ਨੇ ਆਪਣੀ ਸਾਰੀ ਜ਼ਿੰਦਗੀ ਬਤੀਤ ਕਰ ਲਈ ਹੋਵੇ। ਫ਼ਿਲਮ ਦੀ ਰੀਲ ਵਾਂਗ ਜਗਬੀਰ ਦੀਆਂ ਅੱਖਾਂ ਸਾਹਮਣੇ ਪੁਰਾਣੀਆਂ ਯਾਦਾਂ ਆਉਣ ਲੱਗੀਆਂ।
ਉਸ ਨੂੰ ਯਾਦ ਆਇਆ ਕਿ ਕਿਸ ਤਰਾਂ ਉਹ ਪਿੰਡ ਦੇ ਮੁੰਡਿਆਂ ਦੀ ਟੋਲੀ ਦਾ ਸਰਦਾਰ ਹੁੰਦਾ ਸੀ। ਸਾਰੇ ਪਿੰਡ ਵਿੱਚੋਂ ਉਹ ਅਜਿਹਾ ਪਹਿਲਾਂ ਮੁੰਡਾ ਸੀ ਜਿਹੜਾ ਦੱਸਵੀਂ ਜਮਾਤ ਵਿੱਚੋਂ ਪਾਸ ਹੋਇਆ ਸੀ ਤੇ ਖੁਸ਼ੀ’ਚ ਖੀਵਾ ਹੋਏ ਜੱਗੀ ਦੇ ਬਾਪੂ ਦੇ ਪੈਰ ਧਰਤੀ ਤੇ ਨਹੀਂ ਸਨ ਲੱਗ ਰਹੇ। ਜੱਗੀ ਵੀ ਆਪਣੇ ਦੋਸਤਾਂ ਵਿੱਚ ਆਪਣੀ ਕਾਬਲੀਅਤ ਦੀਆਂ ਫ਼ੜਾਂ ਮਾਰ ਰਿਹਾ ਸੀ।
‘ਕਿਉਂ ਬਈ ਨਾਜਰ ਸਿਆਂ, ਦੇਖਿਆ ਯਾਰਾਂ ਦਾ ਦਿਮਾਗ…, ਹੋ ਗਿਆ ਨਾ…, ਪਾਸ ਦੱਸਵੀਂ ਵਿੱਚੋਂ, ਪਿੰਡ ਦਾ ਰਿਕਾਰਡ ਤੋੜ ਤਾਂ ਯਾਰਾਂ ਨੇ।’ ਜੱਗੀ ਨੇ ਆਪਣੇ ਦੋਸਤ ਨਾਜਰ ਸਿੰਘ ਨੂੰ ਕਿਹਾ।
‘ਸੱਚੀਂ ਯਾਰਾਂ…, ਮੰਨ ਗਏ ਤੈਨੂੰ।’ ਨਾਜਰ ਨੇ ਵੀ ਜੱਗੀ ਦੀ ਸਿਫ਼ਤ ਕਰਦਿਆਂ ਕਿਹਾ।
ਸਮਾਂ ਆਪਣੀ ਚਾਲ ਚੱਲਦਾ ਗਿਆ ਤੇ ਘਰ ਵਿੱਚ ਵੱਡਾ ਹੋਣ ਕਾਰਨ ਜੱਗੀ ਦਾ ਵਿਆਹ ਉਸ ਦੇ ਬਾਪੂ ਨੇ ਛੇਤੀ ਹੀ ਕਰ ਦਿੱਤਾ ਕਿਉਂਕਿ ਉਸ ਦੀ ਮਾਂ ਦੇ ਸਾਹਮਣੇ ਜਦੋਂ ਪਿੰਡ ਦੀਆਂ ਤੀਵੀਆਂ ਆਪਣੀਆਂ ਨੂੰਹਾਂ ਦੀਆਂ ਗੱਲਾਂ ਕਰਦੀਆਂ ਤਾਂ ਉਸ ਨੂੰ ਚੰਗਾ ਨਾ ਲੱਗਦਾ। ਉਸ ਨੂੰ ਆਪਣੇ ਵਿਹੜੇ ਵਿੱਚ ਘੁੰਮਦੀ ਨੂੰਹ ਚਾਹੀਦੀ ਸੀ ਜਿਸ ਨਾਲ ਉਹ ਆਪਣੇ ਦਿਲ ਦੀਆਂ ਗੱਲਾਂ ਕਰ ਸਕੇ।
ਮਾਂ ਦੇ ਇਸੇ ਚਾਅ ਵਿੱਚ ਜੱਗੀ ਦਾ ਵਿਆਹ ਹੋ ਗਿਆ। ਮਾਂ ਨੇ ਸਾਰੇ ਪਿੰਡ ਵਿੱਚ ਲੱਡੂ ਵੰਡੇ ਤੇ ਖੁਸ਼ੀ ਮਨਾਈ। ਚੰਨ ਜਿਹੀ ਨੂੰਹ ਦੇਖ ਕੇ ਜੱਗੀ ਦੀ ਮਾਂ ਦੀ ਖੁਸ਼ੀ ਦਾ ਕੋਈ ਅੰਤ ਨਾ ਰਿਹਾ। ਹੁਣ ਉਹ ਵੀ ਆਪਣੀ ਨੂੰਹ ਦੀਆਂ ਸਿਫ਼ਤਾਂ ਪਿੰਡ ਦੀਆਂ ਤੀਵੀਆਂ ਵਿੱਚ ਬੈਠ ਕੇ ਕਰ ਸਕਦੀ ਸੀ। ਜੱਗੀ ਵੀ ਖੁਸ਼ ਸੀ ਕਿ ਨਿਰਮਲ ਜਿਹੀ ਪੜੀ-ਲਿਖੀ ਪਤਨੀ ਉਸ ਨੂੰ ਮਿਲੀ ਸੀ।
ਵਿਆਹ ਤੋਂ ਕੁੱਝ ਮਹੀਨਿਆਂ ਬਾਅਦ ਜੱਗੀ ਨੇ ਫ਼ੌਜ ਵਿੱਚ ਭਰਤੀ ਹੋਣ ਲਈ ਅਰਜ਼ੀ ਦਿੱਤੀ ਅਤੇ ਹਰ ਵਾਰ ਦੀ ਤਰਾਂ ਇਸ ਵਾਰ ਵੀ ਉਸ ਦੀ ਕਿਸਮਤ ਨੇ ਉਸਦਾ ਸਾਥ ਦਿੱਤਾ ਤੇ ਉਹ ਫ਼ੌਜ ਵਿੱਚ ਭਰਤੀ ਹੋ ਗਿਆ। ਜੱਗੀ ਦੇ ਬਾਪੂ ਨੂੰ ਆਪਣੇ ਪੁੱਤ ਤੇ ਮਾਣ ਸੀ।
ਆਪਣੀ ਪਤਨੀ ਨਿਰਮਲ ਨੂੰ ਛੇਤੀ ਮੁੜ ਆਉਣ ਦਾ ਦਿਲਾਸਾ ਦੇ ਕੇ ਉਹ ਫ਼ੌਜ ਲਈ ਰਵਾਨਾ ਹੋ ਗਿਆ ਤੇ ਮੁੜ ਕੇ ਅੱਜ ਆ ਰਿਹਾ ਸੀ, 30 ਸਾਲ ਬਾਅਦ।
ਉਸ ਨੂੰ ਆਪਣੀ ਪਿਛਲੀ ਜ਼ਿੰਦਗੀ ਕਿਸੇ ਫ਼ਿਲਮ ਵਾਂਗ ਯਾਦ ਆ ਰਹੀ ਸੀ ਕਿ ਇਤਨੇ ਨੂੰ ਕਿਸੇ ਨੇ ਉਸ ਨੂੰ ਪਿੱਛੋਂ ਆਵਾਜ਼ ਮਾਰੀ।
‘ਕੀ ਗੱਲ ਬਜ਼ੁਰਗੋਂ…, ਕੀ ਸੋਚ ਰਹੇ ਹੋ?’
ਜੱਗੀ ਦੀਆਂ ਯਾਦਾਂ ਦੀ ਤੰਦ ਅਚਾਨਕ ਇਸ ਆਵਾਜ਼ ਨਾਲ ਟੁੱਟ ਗਈ। ਉਸ ਨੇ ਸਾਹਮਣੇ ਖੜੇ ਨੌਜਵਾਨ ਦੇ ਪ੍ਰਸ਼ਨ ਦਾ ਉੱਤਰ ਦੇਣ ਦੀ ਥਾਂ ਪੁੱਛਿਆ, ‘ਕਾਕਾ…, ਕੀ ਨਾਂ ਏ ਤੇਰਾ?’
‘ਜੀ…, ਇੰਦਰਜੀਤ।’
‘ਤੇਰੇ ਬਾਪੂ ਦਾ ਕੀ ਨਾਂ ਏਂ…?’ ਜੱਗੀ ਨੇ ਪੁੱਛਿਆ।
‘ਸਰਦਾਰ ਨਛੱਤਰ ਸਿੰਘ।’
‘ਅੱਛਾ…, ਤੂੰ ਨਛੱਤਰ ਦਾ ਮੁੰਡਾ ਏਂ।’ ਜੱਗੀ ਨੇ ਉਸ ਦੇ ਸਿਰ ਤੇ ਹੱਥ ਫ਼ੇਰਦਿਆਂ ਕਿਹਾ।
‘ਹਾਂ ਜੀ।’
‘ਕਿੱਥੇ ਹੈ ਤੇਰਾ ਬਾਪੂ?’
‘ਜੀ ਉਹ ਖੇਤਾਂ ਵਿੱਚ ਹਨ…, ਪਰ ਤੁਸੀਂ ਕੌਣ ਹੋ…?’ ਮੁੰਡੇ ਨੇ ਜੱਗੀ ਨੂੰ ਪਛਾਣਿਆ ਨਹੀਂ ਸੀ।
‘ਮੈਂ ਤੇਰੇ ਬਾਪੂ ਦਾ ਯਾਰ ਜੱਗੀ ਹਾਂ।’ ਉਸਨੇ ਹੱਸਦਿਆਂ ਮੁੰਡੇ ਨੂੰ ਉੱਤਰ ਦਿੱਤਾ।
‘ਚੱਲ ਤੇਰੇ ਬਾਪੂ ਨੂੰ ਮਿਲਦੇ ਹਾਂ ਪਹਿਲਾਂ।’ ਜੱਗੀ ਨੇ ਮੁੰਡੇ ਦੇ ਮੋਢੇ ਤੇ ਹੱਥ ਰੱਖਦਿਆਂ ਕਿਹਾ।
ਨੌਜਵਾਨ ਨਾਲ ਜੱਗੀ ਉਹਨਾਂ ਦੇ ਖੇਤਾਂ ਵਿੱਚ ਪਹੁੰਚ ਗਿਆ ਤੇ ਸਾਹਮਣੇ ਦੇਖਦਾ ਹੈ ਇੱਕ ਬਜੁਰਗ ਕਹੀ ਨਾਲ ਖੇਤ ਵਿੱਚ ਕੰਮ ਕਰ ਰਿਹਾ ਹੈ।
‘ਉਏ ਛੱਤਿਆ…, ਕੀ ਹਾਲ ਏ ਤੇਰਾ?’ ਜੱਗੀ ਨੇ ਉੱਚੀ ਆਵਾਜ਼ ਵਿੱਚ ਕਿਹਾ ਤਾਂ ਕੰਮ ਕਰ ਰਿਹਾ ਬਜ਼ੁਰਗ ਅਚਾਨਕ ਰੁੱਕ ਗਿਆ ਅਤੇ ਜੱਗੀ ਵੱਲ ਦੇਖਣ ਲੱਗਾ।
ਨਛੱਤਰ ਸਿੰਘ ਕੁੱਝ ਦੇਰ ਤੱਕ ਆਉਣ ਵਾਲੇ ਉਸ ਵਿਅਕਤੀ ਨੂੰ ਪਛਾਨਣ ਦਾ ਯਤਨ ਕਰਦਾ ਰਿਹਾ ਅਤੇ ਜਦੋਂ ਉਸ ਨੂੰ ਆਪਣੇ ਬਚਪਣ ਦੇ ਯਾਰ ਦੀ ਸ਼ਕਲ ਚੇਤੇ ਆਈ ਹੈ ਤਾਂ ਉਸ ਦੇ ਮੂੰਹੋਂ ਝੱਟ ਨਿਕਲਿਆ ਹੈ, ‘ਉਏ ਜੱਗੀ ਤੂੰ…, ਪਰ ਤੂੰ ਤਾਂ…?’ ਉਹ ਚੁੱਪ ਕਰ ਗਿਆ ਤੇ ਆਪਣਾ ਉਸ ਨੇ ਵਾਕ ਪੂਰਾ ਨਾ ਕੀਤਾ।
‘ਪਰ ਮੈਂ ਕੀ…?’ ਜੱਗੀ ਨੇ ਕਾਹਲੀ ਨਾਲ ਪੁੱਛਿਆ।’ਤੂੰ ਤਾਂ ਜੰਗ ਵਿੱਚ ਸ਼ਹੀਦ ਹੋ ਗਿਆ ਸੀ ਤੇ ਸਾਰਾ ਪਿੰਡ ਤੈਨੂੰ ਸ਼ਹੀਦ ਹੀ ਸਮਝ ਰਿਹਾ ਹੈ।’ ਨੱਛਤਰ ਸਿੰਘ ਨੇ ਇੱਕ ਵਾਕ ਵਿੱਚ ਹੀ ਆਪਣੀ ਗੱਲ ਪੂਰੀ ਕਰਦਿਆਂ ਕਿਹਾ।’ਨਹੀਂ ਯਾਰਾ, ਜਦੋਂ ਮੇਰੀ ਟ੍ਰੇਨਿੰਗ ਮੁੱਕੀ ਤਾਂ ਕੁੱਝ ਦਿਨਾਂ ਬਾਅਦ ਹੀ ਪਾਕਿਸਤਾਨ ਨਾਲ ਜੰਗ ਛਿੜ ਪਈ। ਮੈਨੂੰ ਜੰਗ ਵਿੱਚ ਭੇਜਿਆ ਗਿਆ ਤੇ ਜੰਗ ਵਿੱਚ ਮੈਂ ਦੁਸ਼ਮਣ ਦੇ ਹੱਥ ਆ ਗਿਆ।
ਉਹਨਾਂ ਦੀ ਕੈਦ ਵਿੱਚੋਂ ਹੁਣ ਰਿਹਾਅ ਹੋਇਆ ਆਂ, ਮੇਰੀ ਪਲਟੂਨ ਨੇ ਮੇਰੀ ਬਥੇਰੀ ਭਾਲ ਕੀਤੀ ਪਰ ਅਸੀਂ 3 ਜਵਾਨ ਦੁਸ਼ਮਣ ਸੈਨਾ ਦੇ ਹੱਥ ਆ ਗਏ। ਮੇਰੀ ਪਲਟੂਨ ਦੇ ਜਿਹੜੇ ਜਵਾਨ ਸ਼ਹੀਦ ਹੋ ਗਏ ਸਨ ਉਹਨਾਂ ਵਿੱਚੋਂ ਕਈਆਂ ਦੀਆਂ ਲੋਥਾਂ ਨਹੀਂ ਸਨ ਮਿਲੀਆਂ…, ਇਸ ਲਈ ਮੈਨੂੰ ਅਤੇ ਮੇਰੇ 2 ਸਾਥੀਆਂ ਨੂੰ ਵੀ ਸ਼ਹੀਦ ਮੰਨ ਲਿਆ ਹੋਣਾ ਏ।’ ਜੱਗੀ ਇੱਕੋ ਸਾਹੇ ਸਾਰੀ ਗੱਲ ਨੱਛਤਰ ਸਿੰਘ ਨੂੰ ਕਹਿ ਗਿਆ।
ਕੁੱਝ ਦੇਰ ਇਸੇ ਤਰਾਂ ਚੁੱਪ ਵਰਤੀ ਰਹੀ ਅਤੇ ਫ਼ਿਰ ਜੱਗੀ ਨੇ ਪੁੱਛਿਆ, ‘ਪਰ ਕਿਸੇ ਨੇ ਮੇਰੀ ਭਾਲ ਨੀਂ ਕੀਤੀ…?’
‘ਕੀਤੀ ਕਿਉਂ ਨਹੀਂ…, ਤੇਰੇ ਭਰਾ ਬਾਵਰ ਨੇ ਬਹੁਤ ਭਾਲ ਕੀਤੀ, ਪਰ ਤੇਰਾ ਕੁੱਝ ਵੀ ਪਤਾ ਨਹੀਂ ਲੱਗਿਆ।’
‘ਮੇਰੀ ਘਰਵਾਲੀ ਨਿਰਮਲ ਦਾ ਕੀ ਹਾਲ ਹੈ?’ ਇਹ ਗੱਲ ਪੁੱਛਣ ਤੇ ਜੱਗੀ ਦਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ। ਉਸ ਦੇ ਮਨ ਵਿੱਚ ਅਜੀਬ ਜਿਹੇ ਵਿਚਾਰ ਆ ਰਹੇ ਸਨ ਪਰ ਦਲੇਰੀ ਕਰਕੇ ਉਸ ਨੇ ਪੁੱਛ ਹੀ ਲਿਆ।
ਇਹ ਸਵਾਲ ਸੁਣ ਕੇ ਨੱਛਤਰ ਸਿੰਘ ਚੁੱਪ ਕਰ ਗਿਆ। ਜਗਬੀਰ ਉਸ ਦੇ ਜਵਾਬ ਦੀ ਉਡੀਕ ਵਿੱਚ ਸੀ ਜਦੋਂ ਨੱਛਤਰ ਸਿੰਘ ਕੁੱਝ ਦੇਰ ਤੱਕ ਇਸੇ ਤਰਾਂ ਚੁੱਪ ਵੱਟੀ ਖੜਾ ਰਿਹਾ ਤਾਂ ਉਸ ਨੇ ਕਾਹਲੀ ਨਾਲ ਫ਼ੇਰ ਪੁੱਛਿਆ, ‘ਕੀ ਗੱਲ ਨੱਛਤਰ ਸਿਆਂ, ਮੇਰੀ ਗੱਲ ਦਾ ਜਵਾਬ ਨੀਂ ਦਿੱਤਾ?’
‘ਜਵਾਬ ਕੀ ਦੇਵਾਂ ਯਾਰਾਂ…, ਮੈਂ ਕੁੱਝ ਕਹਿਣ ਲਈ ਸ਼ਬਦਾਂ ਦੀ ਭਾਲ ਕਰ ਰਿਹਾ ਹਾਂ।’
‘ਪਰ ਕੁੱਝ ਤਾਂ ਦੱਸ…?’
‘ਤੇਰੀ ਮੌਤ ਦੀ ਖ਼ਬਰ ਸੁਣਦਿਆਂ ਉਸ ਵਿਚਾਰੀ ‘ਤੇ ਮੁਸੀਬਤਾਂ ਦੇ ਪਹਾੜ ਟੁੱਟ ਪਏ…, ਕਈ ਸਾਲ ਤੇਰੀ ਉਡੀਕ ਵਿੱਚ ਲੰਘਾ ਦਿੱਤੇ…, ਪਰ ਫ਼ਿਰ ਲੋਕਾਂ ਦੇ ਕਹਿਣ ਤੇ ਉਸ ਨੇ ਤੇਰੇ ਭਰਾ ਬਾਵਰ ਨਾਲ ਵਿਆਹ…?’
ਇਸ ਤੋਂ ਅੱਗੇ ਨੱਛਤਰ ਸਿੰਘ ਕੁੱਝ ਨਾ ਬੋਲ ਸਕਿਆ। ਜੱਗੀ ਨੂੰ ਹੁਣ ਕੁੱਝ ਨਹੀਂ ਸੀ ਸੁਣ ਰਿਹਾ। ਉਹ ਚੁੱਪਚਾਪ ਖੜਾ ਇੱਕ ਪਲ ਵਿੱਚ ਆਪਣੀ ਪਤਨੀ ਨਿਰਮਲ ਨਾਲ ਬਣੇ ਇਸ ‘ਬੇਨਾਮ ਰਿਸ਼ਤੇ’ ਬਾਰੇ ਸੋਚ ਰਿਹਾ ਸੀ ਕਿ ਇਸ ‘ਹੋਣੀ’ ਪਿੱਛੇ ਕਸੂਰ ਕਿਸ ਦਾ ਹੈ…, ਮੇਰਾ…?, ਨਿਰਮਲ ਦਾ…, ਬਾਵਰ ਦਾ…? ਜਾਂ ਫ਼ਿਰ ਸਮਾਜ ਦਾ… ? ਪਰ ਉਸ ਨੂੰ ਕੋਈ ਜਵਾਬ ਨਹੀਂ ਸੀ ਮਿਲ ਰਿਹਾ।
ਜੱਗੀ ਹੋਲੀ-ਹੋਲੀ ਮੁੜ ਪਿੰਡ ਦੀਆਂ ਗਲੀਆਂ ਤੋਂ ਬਾਹਰ ਵੱਲ ਨੂੰ ਚੱਲ ਪਿਆ। ਦੂਰ ਕਿਸੇ ਗੁੰਮਨਾਮ ਜ਼ਿੰਦਗੀ ਵੱਲ…, ਜਿੱਥੇ ਨਾ ਇਹ ਬੇਨਾਮ ਰਿਸ਼ਤੇ ਅਪੱੜ ਸੱਕਣ ਤੇ ਨਾ ਹੀ ਉਸ ਦੇ ਆਪਣੇ… !
ਨੱਛਤਰ ਸਿੰਘ ਤੁਰੇ ਜਾਂਦੇ ਜੱਗੀ ਨੂੰ ਪਿੱਛੋਂ ਆਵਾਜਾਂ ਮਾਰ ਰਿਹਾ ਸੀ, ‘ਜੱਗੀ…, ਉਏ ਜੱਗੀ…, ਗੱਲ ਤਾਂ ਸੁਣ…, ਘਰ ਤਾਂ ਚੱਲ…, ਤੇਰਾ ਭਰਾ ਬਾਵਰ ਤੈਨੂੰ ਉਡੀਕ…? ਜੱਗੀ…, ਜੱਗੀ…, ਗੱਲ ਤਾਂ ਸੁਣ…, ਤੇਰੀ ਘਰਵਾਲੀ… ! ਜੱਗੀ…, ਜੱਗੀ… !
ਪਰ ਜੱਗੀ ਹੋਲੀ-ਹੋਲੀ ਪਿੰਡ ਤੋਂ ਬਾਹਰ ਜਾ ਚੁੱਕਾ ਸੀ। ਕਿਸੇ ਅਨਜਾਣ ਮੰਜ਼ਲ ਵੱਲ…, ਜਿਸ ਦਾ ਪਤਾ ਉਸ ਨੂੰ ਖੁਦ ਵੀ ਨਹੀਂ ਸੀ …..।
ਨਿਸ਼ਾਨ ਸਿੰਘ ਰਾਠੌਰ