ਇੱਕ ਦਿਨ ਬੀਰਬਲ ਆਪਣੇ ਘਰ ਜਾ ਰਿਹਾ ਸੀ। ਉਸ ਨੇ ਪਾਟੇ-ਪੁਰਾਣੇ ਕੱਪੜਿਆਂ ਵਿੱਚ ਇੱਕ ਬੱਚੇ ਨੂੰ ਦੇਖਿਆ। ਉਹ ਬੱਚਾ ਇੱਕ ਰੁੱਖ ਹੇਠਾਂ ਛਾਂ ਵਿੱਚ ਬੈਠਾ ਛੋਲੇ ਖਾ ਰਿਹਾ ਸੀ। ਉਹ ਬੱਚਾ ਆਪਣੇ ਮੂੰਹ ਵਿੱਚ ਇੱਕ-ਇੱਕ ਦਾਣਾ ਪਾ ਰਿਹਾ ਸੀ। ਇਹ ਦੇਖ ਕੇ ਬੀਰਬਲ ਬੜਾ ਹੈਰਾਨ ਹੋਇਆ। ਬੀਰਬਲ ਨੇ ਬੜੇ ਅਚਰਜ ਨਾਲ ਪੁੱਛਿਆ, ”ਬੇਟਾ! ਤੂੰ ਇੱਕ-ਇੱਕ ਦਾਣਾ ਮੂੰਹ ਵਿੱਚ ਕਿਉਂ ਪਾ ਰਿਹਾ ਹੈਂ?” ਬੱਚਾ ਬੋਲਿਆ, ”ਸ੍ਰੀਮਾਨ ਜੀ! ਮੈਂ ਕਈ ਦਿਨਾਂ ਦਾ ਭੁੱਖਾ ਹਾਂ। ਅੱਜ ਮੈਨੂੰ ਇਹ ਥੋੜ੍ਹੇ ਜਿਹੇ ਚਨੇ ਮਿਲੇ ਹਨ। ਜੇ ਮੈਂ ਇਨ੍ਹਾਂ ਨੂੰ ਇਕਦਮ ਖਾ ਲਵਾਂਗਾ ਤਾਂ ਮੇਰਾ ਸਮਾਂ ਕਿਵੇਂ ਲੰਘੇਗਾ?” ਬੇਸਹਾਰਾ ਬੱਚੇ ਦਾ ਬੁੱਧੀਪੂਰਨ ਉੱਤਰ ਸੁਣ ਕੇ ਬੀਰਬਲ ਬਹੁਤ ਖ਼ੁਸ਼ ਹੋਇਆ ਅਤੇ ਉਸ ਨੂੰ ਆਪਣੇ ਘਰ ਲੈ ਗਿਆ। ਉਸ ਦੀ ਆਪਣੇ ਪੁੱਤਰ ਵਾਂਗ ਦੇਖਭਾਲ ਕਰਨ ਲੱਗਿਆ।
ਇੱਕ ਦਿਨ ਬਾਦਸ਼ਾਹ ਅਕਬਰ ਅਤੇ ਬੀਰਬਲ ਦਰਮਿਆਨ ਵਿਚਾਰ-ਚਰਚਾ ਚੱਲ ਰਹੀ ਸੀ। ਬਾਦਸ਼ਾਹ ਅਕਬਰ ਨੇ ਬੀਰਬਲ ਨੂੰ ਸਵਾਲ ਕੀਤਾ, ”ਬੀਰਬਲ ਸੰਸਾਰ ਦੀ ਸਭ ਤੋਂ ਵੱਡੀ ਵਸਤੂ ਕੀ ਹੈ?” ਬੀਰਬਲ ਉਸ ਦਾ ਉੱਤਰ ਨਾ ਦੇ ਸਕਿਆ। ਉਸ ਨੇ ਇਸ ਪ੍ਰਸ਼ਨ ਦਾ ਉੱਤਰ ਦੇਣ ਲਈ ਇੱਕ ਹਫ਼ਤੇ ਦਾ ਸਮਾਂ ਮੰਗਿਆ ਅਤੇ ਘਰ ਆ ਗਿਆ। ਘਰ ਆ ਕੇ ਬੀਰਬਲ ਨੇ ਬਹੁਤ ਸੋਚਿਆ ਪਰ ਇਸ ਪ੍ਰਸ਼ਨ ਦਾ ਉੱਤਰ ਨਾ ਮਿਲਿਆ। ਇਸ ਤਰ੍ਹਾਂ ਸੋਚਦੇ-ਸੋਚੋਦੇ ਹਫ਼ਤਾ ਪੂਰਾ ਹੋਣ ‘ਚ ਸਿਰਫ਼ ਇੱਕ ਦਿਨ ਬਾਕੀ ਰਹਿ ਗਿਆ। ਬੀਰਬਲ ਨੂੰ ਫ਼ਿਕਰਮੰਦ ਦੇਖ ਕੇ ਉਸ ਬੱਚੇ ਨੇ ਪੁੱਛਿਆ, ”ਪਿਤਾ ਜੀ, ਆਪ ਫ਼ਿਕਰਮੰਦ ਕਿਉਂ ਹੋ?” ਬੀਰਬਲ ਨੇ ਆਪਣੀ ਸਮੱਸਿਆ ਦੱਸੀ। ਪ੍ਰਸ਼ਨ ਸੁਣ ਕੇ ਬਾਲਕ ਬੋਲਿਆ, ”ਪਿਤਾ ਜੀ, ਆਪ ਚਿੰਤਾ ਨਾ ਕਰੋ। ਬਾਦਸ਼ਾਹ ਨੂੰ ਕਹਿ ਦੇਣਾ ਕਿ ਬੁੱਧੀ ਸਭ ਤੋਂ ਵੱਡੀ ਵਸਤੂ ਹੈ। ਸੰਸਾਰ ਦੇ ਵੱਡੇ ਤੋਂ ਵੱਡੇ ਕੰਮ ਬੁੱਧੀ ਨਾਲ ਹੀ ਹੁੰਦੇ ਹਨ।” ਅਗਲੇ ਦਿਨ ਬੀਰਬਲ ਨੇ ਅਕਬਰ ਦੇ ਪਾਸ ਜਾ ਕੇ ਉਸ ਦੇ ਪੁੱਛੇ ਹੋਏ ਪ੍ਰਸ਼ਨ ਦਾ ਉੱਤਰ ਦੇ ਦਿੱਤਾ ਕਿ ਬੁੱਧੀ ਹੀ ਸਭ ਤੋਂ ਵੱਡੀ ਵਸਤੂ ਹੈ। ਬਾਦਸ਼ਾਹ ਬਹੁਤ ਖ਼ੁਸ਼ ਹੋਇਆ। ਉਸ ਨੇ ਤੁਰੰਤ ਇੱਕ ਹੋਰ ਪ੍ਰਸ਼ਨ ਕਰ ਦਿੱਤਾ, ”ਅੱਛਾ! ਇਹ ਦੱਸੋ ਕਿ ਬੁੱਧੀ ਦਾ ਭੋਜਨ ਕੀ ਹੈ? ਜੇ ਇਸ ਦਾ ਉੱਤਰ ਦੋ ਹਫ਼ਤੇ ਵਿੱਚ ਨਾ ਦਿੱਤਾ ਗਿਆ ਤਾਂ ਤੈਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ।” ਬੀਰਬਲ ਸਾਹਮਣੇ ਫ਼ਿਰ ਸਮੱਸਿਆ ਖੜ੍ਹੀ ਹੋ ਗਈ। ਉਹ ਘਰ ਆ ਗਿਆ। ਬਾਲਕ ਨੇ ਬੀਰਬਲ ਨੂੰ ਉਦਾਸ ਦੇਖ ਕੇ ਸਮਝਿਆ ਕਿ ਬਾਦਸ਼ਾਹ ਨੂੰ ਜਵਾਬ ਪਸੰਦ ਨਹੀਂ ਆਇਆ। ਬਾਲਕ ਦੁਖੀ ਹੋ ਕੇ ਬੋਲਿਆ, ”ਪਿਤਾ ਜੀ, ਕੀ ਬਾਦਸ਼ਾਹ ਨੂੰ ਉਤਰ ਪਸੰਦ ਨਹੀਂ ਆਇਆ, ਜਿਸ ਕਰ ਕੇ ਆਪ ਉਦਾਸ ਹੋ?”
ਬੀਰਬਲ ਨੇ ਬੱਚੇ ਨੂੰ ਬਾਦਸ਼ਾਹ ਦਾ ਦੂਜਾ ਪ੍ਰਸ਼ਨ ਦੱਸਣਾ ਕੀਤਾ। ਬੱਚੇ ਨੂੰ ਤੁਰੰਤ ਉੱਤਰ ਸੁੱਝਿਆ ਤੇ ਉਸ ਨੇ ਬੀਰਬਲ ਨੂੰ ਕਿਹਾ, ”ਬੁੱਧੀ ਚਿੰਤਾ ਖਾਂਦੀ ਹੈ। ਜਿਹੜੇ ਬੁੱਧੀਮਾਨ ਹੋਣ, ਉਹੀ ਚਿੰਤਾ ਕਰਦੇ ਹਨ। ਬੁੱਧੀਹੀਣ ਲੋਕ ਨਿਸ਼ਚਿੰਤ ਰਹਿੰਦੇ ਹਨ।” ਬੀਰਬਲ ਨੇ ਆਪਣੇ ਪੁੱਤਰ ਨੂੰ ਸ਼ਾਬਾਸ ਦਿੱਤੀ ਅਤੇ ਬਾਦਸ਼ਾਹ ਦੇ ਪਾਸ ਜਾ ਕੇ ਦੂਜੇ ਪ੍ਰਸ਼ਨ ਦਾ ਉੱਤਰ ਦੇ ਦਿੱਤਾ। ਬਾਦਸ਼ਾਹ ਫ਼ਿਰ ਬਹੁਤ ਪ੍ਰਸੰਨ ਹੋਇਆ। ਖ਼ੁਸ਼ ਹੋਇਆ ਬਾਦਸ਼ਾਹ ਬੋਲਿਆ, ”ਚੰਗਾ, ਜਾਓ ਅਤੇ ਇਹ ਪਤਾ ਕਰੋ ਕਿ ਬੁੱਧੀ ਕੀ ਪੀਂਦੀ ਹੈ?”
ਬੀਰਬਲ ਫ਼ਿਰ ਫ਼ਿਕਰ ‘ਚ ਪੈ ਗਿਆ। ਉਹ ਸੋਚ ਵਿੱਚ ਪੈ ਗਿਆ ਕਿ ਪਹਿਲੇ ਦੋ ਪ੍ਰਸ਼ਨਾਂ ਦੇ ਉੱਤਰ ਉਸ ਬਾਲਕ ਨੇ ਦੇ ਦਿੱਤੇ ਪਰ ਜੇ ਇਸ ਦਾ ਉੱਤਰ ਨਾ ਦੇ ਸਕਿਆ ਤਾਂ ਫ਼ਿਰ ਕੀ ਹੋਵੇਗਾ? ਇਸ ਸੋਚ-ਵਿਚਾਰ ‘ਚ ਡੁੱਬਿਆ ਹੋਇਆ ਬੀਰਬਲ ਜਦ ਘਰ ਪਹੁੰਚਿਆ ਤਾਂ ਬਾਲਕ ਨੇ ਫ਼ਿਰ ਪੁੱਛਿਆ, ”ਪਿਤਾ ਜੀ, ਹੁਣ ਕੀ ਹੋਇਆ ਹੈ?” ਬੀਰਬਲ ਨੇ ਬਾਦਸ਼ਾਹ ਦੇ ਇੱਕ ਹੋਰ ਪ੍ਰਸ਼ਨ ਬਾਰੇ ਦੱਸਿਆ ਤਾਂ ਬਾਲਕ ਬੋਲਿਆ, ”ਬੁੱਧੀ ਕ੍ਰੋਧ ਨੂੰ ਪੀ ਜਾਂਦੀ ਹੈ। ਬੁੱਧੀਮਾਨ ਮਨੁੱਖ ਹੀ ਕ੍ਰੋਧ ਪੀ ਸਕਦਾ ਹੈ। ਨਿਰਬੁੱਧੀ ਤਾਂ ਗੱਲ-ਗੱਲ ‘ਤੇ ਕ੍ਰੋਧਵਾਨ ਹੋ ਜਾਂਦਾ ਹੈ।” ਬੀਰਬਲ ਨੇ ਇਸ ਦਾ ਉੱਤਰ ਜਾ ਕੇ ਅਕਬਰ ਨੂੰ ਦੱਸਿਆ ਤਾਂ ਉਹ ਇਹ ਜੁਆਬ ਸੁਣ ਕੇ ਬਹੁਤ ਖ਼ੁਸ਼ ਹੋਇਆ ਅਤੇ ਬੀਰਬਲ ਨੂੰ ਬਹੁਤ ਸਾਰਾ ਇਨਾਮ ਵੀ ਦਿੱਤਾ। ਬੀਰਬਲ ਘਰ ਜਾਣ ਲੱਗਿਆ ਤਾਂ ਬਾਦਸ਼ਾਹ ਨੇ ਉਸ ਨੂੰ ਵਾਪਸ ਬੁਲਾ ਲਿਆ ਅਤੇ ਕਿਹਾ, ”ਤੂੰ ਮੇਰੇ ਤਿੰਨ ਪ੍ਰਸ਼ਨਾਂ ਦੇ ਜਵਾਬ ਤਾਂ ਸਹੀ ਦੇ ਦਿੱਤੇ ਹਨ। ਬਸ ਇੱਕ ਆਖ਼ਰੀ ਸੁਆਲ ਦਾ ਉੱਤਰ ਵੀ ਦੇ ਕੇ ਚਲਿਆ ਜਾਣਾ।”
ਬੀਰਬਲ ਬੋਲਿਆ, ”ਬਾਦਸ਼ਾਹ ਕਿਸ ਸੁਆਲ ਦਾ ਜੁਆਬ?”
ਅਕਬਰ ਨੇ ਸਵਾਲ ਕੀਤਾ, ”ਬੁੱਧੀ ਦਾ ਰੂਪ ਕੀ ਹੈ?”
ਬੀਰਬਲ ਨੇ ਬਾਦਸ਼ਾਹ ਨੂੰ ਕਿਹਾ, ”ਇਸ ਸਵਾਲ ਦਾ ਉੱਤਰ ਮੇਰਾ ਬੇਟਾ ਦੇਵੇਗਾ।”
ਅਗਲੇ ਦਿਨ ਬੀਰਬਲ ਆਪਣੇ ਪੁੱਤਰ ਨੂੰ ਲੈ ਕੇ ਬਾਦਸ਼ਾਹ ਦੇ ਦਰਬਾਰ ਪਹੁੰਚ ਗਿਆ।
ਅਕਬਰ ਨੇ ਉਸ ਬੱਚੇ ਤੋਂ ਪੁੱਛਿਆ, ”ਕੀ ਤੇਰੇ ਪਾਸ ਮੇਰੇ ਸਵਾਲ ਦਾ ਜਵਾਬ ਹੈ?”
ਬੱਚੇ ਨੇ ਪੂਰ ਹੌਸਲੇ ਨਾਲ ਉੱਤਰ ਦਿੱਤਾ, ”ਬਾਦਸ਼ਾਹ! ਇਸ ਸਵਾਲ ਦਾ ਉੱਤਰ ਜਾਣਨ ਲਈ ਤੁਹਾਨੂੰ ਮੇਰਾ ਸ਼ਿਸ਼ ਬਣਨਾ ਪਏਗਾ।” ਅਕਬਰ ਨੇ ਉਸ ਬੱਚੇ ਦੀ ਗੱਲ ਮੰਨ ਲਈ। ਬੱਚੇ ਨੇ ਕਿਹਾ, ”ਬਾਦਸ਼ਾਹ, ਉੱਤਰ ਜਾਣਨ ਲਈ ਆਪਣੇ ਤਖ਼ਤ ਤੋਂ ਹੇਠਾਂ ਆਓ ਤੇ ਮੈਨੂੰ ਇੱਥੇ ਬੈਠਣ ਦਿਓ।” ਅਕਬਰ ਤੁਰੰਤ ਗੱਦੀ ਤੋਂ ਹੇਠਾਂ ਆ ਗਿਆ। ਬਾਲਕ ਹੱਸਦਾ ਹੋਇਆ ਬੋਲਿਆ, ”ਬਾਦਸ਼ਾਹ। ਹੁਣ ਤਾਂ ਤੁਸੀਂ ‘ਬੁੱਧੀ’ ਦਾ ਰੂਪ ਦੇਖ ਲਿਆ ਹੋਵੇਗਾ।” ਉਹ ਬਾਲਕ ਆਪਣੀ ਗੱਲ ਪੂਰੀ ਕਰਦਾ ਹੋਇਆ ਬੋਲਿਆ, ”ਬਾਦਸ਼ਾਹ! ਕਿਸੇ ਨੂੰ ਉਪਰ ਚੁੱਕਣਾ ਅਤੇ ਹੇਠਾਂ ਡੇਗਣਾ ਇਹ ਸਭ ਬੁੱਧੀ ਦੀ ਹੀ ਕਰਾਮਾਤ ਹੈ। ਬੁੱਧੀ ਦੇ ਬਲ ਕਰ ਕੇ ਮੈਂ ਰਾਜ ਗੱਦੀ ‘ਤੇ ਬੈਠ ਗਿਆ ਅਤੇ ਆਪ ਮੇਰੀ ਥਾਂ ‘ਤੇ ਖੜ੍ਹੇ ਹੋ।” ਬਾਲਕ ਦੀ ਤੇਜ਼ ਬੁੱਧੀ ‘ਤੇ ਬਾਦਸ਼ਾਹ ਬਹੁਤ ਖ਼ੁਸ਼ ਹੋਇਆ ਤੇ ਉਸ ਨੂੰ ਬਹੁਤ ਸਾਰਾ ਇਨਾਮ ਦਿੱਤਾ।
– ਮਾ. ਸਾਵਣ ਸਿੰਘ ਅੱਕਾਂਵਾਲੀ