ਬਾਲੀਵੁੱਡ ਵਿੱਚ ਮਨੋਜ ਵਾਜਪਾਈ ਦੀ ਆਪਣੀ ਇੱਕ ਵੱਖਰੀ ਪਛਾਣ ਹੈ। ਸ਼ੇਖਰ ਕਪੂਰ ਦੀ ਫ਼ਿਲਮ ‘ਬੈਂਟਿੰਡ ਕੁਈਨ’ ਤੋਂ ਲੈ ਕੇ ‘ਸੱਤਿਆ’, ‘ਰਾਜਨੀਤੀ’, ‘ਆਰਕਸ਼ਣ’, ‘ਸੱਤਿਆਗ੍ਰਹਿ’, ‘ਅਲੀਗੜ੍ਹ’ ਆਦਿ ਹਰ ਫ਼ਿਲਮ ਵਿੱਚ ਉਹ ਆਪਣੇ ਅਲੱਗ ਅੰਦਾਜ਼ ਵਿੱਚ ਕਿਰਦਾਰ ਨਿਭਾਉਂਦਾ ਆਇਆ ਹੈ। ਮਨੋਜ ਵਾਜਪਾਈ ਪਹਿਲਾ ਅਜਿਹਾ ਸਥਾਪਤ ਕਲਾਕਾਰ ਹੈ ਜੋ ਇੰਟਰਨੈੱਟ ਲਈ ਬਣ ਰਹੀਆਂ ਲਘੂ ਫ਼ਿਲਮਾਂ ‘ਚ ਕੰਮ ਕਰਕੇ ਜ਼ਬਰਦਸਤ ਸ਼ੋਹਰਤ ਬਟੋਰ ਰਿਹਾ ਹੈ। ਅੱਜ ਕੱਲ੍ਹ ਉਹ ਨਿਰਦੇਸ਼ਕ ਸੋਮੇਂਦਰ ਪਾਧੀ ਦੇ ਨਿਰਦੇਸ਼ਨ ਵਿੱਚ ਬਣੀ ਫ਼ਿਲਮ ‘ਬੁਧੀਆ ਸਿੰਘ: ਬੌਰਨ ਟੂ ਰਨ’ ਨੂੰ ਲੈ ਕੇ ਚਰਚਾ ਵਿੱਚ ਹੈ ਜਿਸ ਵਿੱਚ ਉਸ ਨੇ ਬੁਧੀਆ ਸਿੰਘ ਦੇ ਕੋਚ ਰਹੇ ਬੀਰੰਚੀ ਦਾਸ ਦੀ ਭੂਮਿਕਾ ਨਿਭਾਈ ਹੈ।