ਬਿਹਾਰ ‘ਚ ਸਾਈਬਰ ਅਪਰਾਧੀਆਂ ਖ਼ਿਲਾਫ਼ NIA ਦਾ ਛਾਪਾ, 36 ਲੱਖ ਨਕਦ ਤੇ ਕਈ ਦਸਤਾਵੇਜ਼ ਬਰਾਮਦ

ਗੋਪਾਲਗੰਜ : ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ ‘ਚ ਕੰਬੋਡੀਆ ਭੇਜਣ ਦੇ ਨਾਂ ‘ਤੇ ਸਾਈਬਰ ਧੋਖਾਧੜੀ ਦੇ ਮਾਮਲੇ ‘ਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਦੀ ਟੀਮ ਵਲੋਂ ਛਾਪੇਮਾਰੀ ਕੀਤੀ ਗਈ। NIA ਦੀ ਟੀਮ ਨੇ ਬੁੱਧਵਾਰ ਰਾਤ ਤੋਂ ਵੀਰਵਾਰ ਸ਼ਾਮ ਤੱਕ ਜ਼ਿਲ੍ਹੇ ‘ਚ ਵੱਖ-ਵੱਖ ਥਾਵਾਂ ‘ਤੇ ਜਾਂਚ ਕੀਤੀ। ਇਸ ਦੌਰਾਨ ਅਰੇਬੀਅਨ ਟੂਰ ਐਂਡ ਟਰੈਵਲਜ਼ ਦੇ ਦਫ਼ਤਰ ਵਿੱਚੋਂ 36 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ। ਇਸ ਦੇ ਨਾਲ ਹੀ ਵਿਦੇਸ਼ ਭੇਜਣ ਦੇ ਦਸਤਾਵੇਜ਼ ਵੀ ਮਿਲੇ ਹਨ। NIA ਨੇ ਟਰੈਵਲ ਏਜੰਸੀ ਦਾ ਮੋਬਾਈਲ ਫ਼ੋਨ ਜ਼ਬਤ ਕਰ ਲਿਆ ਹੈ।
ਸੂਤਰਾਂ ਨੇ ਦੱਸਿਆ ਕਿ ਐੱਨਆਈਏ ਦੀ ਟੀਮ ਨੇ ਦੋ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਉਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ। ਇਹ ਮਾਮਲਾ ਉਦੋਂ ਸਾਹਮਣੇ ਆਇਆ, ਜਦੋਂ ਹਥੂਆ ਥਾਣਾ ਖੇਤਰ ਦੇ ਹਥੁਆ ਨਿਵਾਸੀ ਸ਼ੁਭਮ ਕੁਮਾਰ ਨੇ ਸਾਈਬਰ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ। ਇਸ ਤੋਂ ਬਾਅਦ ਐੱਨਆਈਏ ਦੀ ਟੀਮ ਨੇ ਹਥੂਆ ਥਾਣਾ ਖੇਤਰ ਦੇ ਮਹੀਚਾ ਪਿੰਡ ਵਿੱਚ ਦਿਵਾਕਰ ਸਿੰਘ ਦੇ ਘਰ ਛਾਪਾ ਮਾਰਿਆ। ਇਸ ਦੌਰਾਨ ਦੋ ਮੋਬਾਈਲ ਫੋਨ ਅਤੇ ਦੋ ਡਾਇਰੀਆਂ ਬਰਾਮਦ ਹੋਈਆਂ ਹਨ। ਐਨਆਈਏ ਦੀ ਟੀਮ ਨੇ ਮੀਰਗੰਜ ਥਾਣਾ ਖੇਤਰ ਦੇ ਕਵਾਲਹਾਟਾ ਪਿੰਡ ਵਾਸੀ ਅਸ਼ੋਕ ਸਿੰਘ ਦੇ ਘਰ ਵੀ ਛਾਪਾ ਮਾਰਿਆ। ਇਸ ਤੋਂ ਬਾਅਦ ਗੋਪਾਲਗੰਜ ਸ਼ਹਿਰ ਦੇ ਆਰੀਆ ਨਗਰ ਇਲਾਕੇ ‘ਚ ਸਥਿਤ ਸੁਨੀਲ ਕੁਮਾਰ ਦੇ ਟੂਰ ਐਂਡ ਟਰੈਵਲਜ਼ ਏਜੰਸੀ ਦੇ ਦਫਤਰ ‘ਤੇ ਛਾਪਾ ਮਾਰਿਆ ਗਿਆ, ਜਿੱਥੋਂ 36 ਲੱਖ ਰੁਪਏ ਅਤੇ ਕਈ ਦਸਤਾਵੇਜ਼ ਬਰਾਮਦ ਹੋਏ।