ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਨੂੰ ਯਾਦ ਕਰਦਿਆਂ

main-news-300x1506 ਮਈ ਬਰਸੀ ‘ਤੇ ਵਿਸ਼ੇਸ਼
ਪੰਜਾਬੀ ਸਾਹਿਤ ਵਿੱਚ ਛੋਟੀ ਜਿਹੀ ਉਮਰ ਵਿੱਚ ਸ਼ਿਵ ਕੁਮਾਰ ਨੇ ਆਪਣੀ ਜਿਹੜੀ ਥਾਂ ਬਣਾਈ ਉਹ ਬਹੁਤ ਹੀ ਘੱਟ ਦੇ ਹਿੱਸੇ ਆਈ ਹੈ। ਕਈਆਂ ਦੀ ਉਮਰ ਬੀਤ ਜਾਂਦੀ ਹੈ ਪਰ ਪ੍ਰਸਿੱਧਤਾ ਨੇੜੇ ਨਹੀਂ ਆਉਂਦੀ, ਪਰ ਕਈ ਆਪਣੇ ਕੰਮ ਚ ਥੋੜ੍ਹੇ ਹੀ ਅਰਸੇ ‘ਚ ਉਪਰਲੀ ਲੜੀ ਦੇ ਵਿਅਕਤੀਆਂ ‘ਚ ਜਾ ਬੈਠਦੇ ਹਨ। ਕਈਆਂ ਨੂੰ ਗੱਲ ਕਹਿਣ ਦਾ ਢੰਗ ਛੇਤੀ ਆ ਜਾਂਦਾ ਹੈ ਅਤੇ ਉਹ ਆਪਣੀ ਗੱਲ ਨਾਲ ਆਪਣੇ ਸਰੋਤਿਆਂ ਨੂੰ, ਪਾਠਕਾਂ ਨੂੰ ਛੇਤੀ ਭਾਅ ਜਾਂਦੇ ਹਨ। ਆਪਣੇ ਸਰੋਤਿਆਂ, ਆਪਣੇ ਪਾਠਕਾਂ ਦੀ ਪਸੰਦ ਨੂੰ ਮੁੱਖ ਰੱਖ ਕੇ ਲਿਖਣ ਵਾਲੇ ਦਾ ਨਾਂ ਹੈ ਸ਼ਿਵ ਕੁਮਾਰ ਬਟਾਲਵੀ। ਜਿਸ ਤਰ੍ਹਾਂ ਪੰਜਾਬੀ ਗਾਇਕੀ ਵਿੱਚ ਅਮਰ ਸਿੰਘ ਚਮਕੀਲਾ ਛੋਟੀ ਉਮਰ ਵਿੱਚ ਹੀ ਪ੍ਰਸਿੱਧ ਹੋਇਆ ਉਸੇ ਤਰ੍ਹਾਂ ਬਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਵੀ ਛੋਟੀ ਜਿਹੀ ਉਮਰ ਵਿੱਚ ਸੰਸਾਰ ਪ੍ਰਸਿੱਧ ਹੋਇਆ ਅਤੇ ਅੱਜ ਵੀ ਲੋਕ ਮਨਾਂ ਵਿੱਚ ਵੱਸਿਆ ਹੋਇਆ ਹੈ।
ਸ਼ਿਵ ਕੁਮਾਰ ਬਟਾਲਵੀ ਦਾ ਜਨਮ 23 ਜੁਲਾਈ 1936 ਨੂੰ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਸ਼ਕਰਗੜ (ਹੁਣ ਪਾਕਿਸਤਾਨ) ਦੇ ਵੱਡੇ ਪਿੰਡ ਲੋਹਟੀਆਂ ਵਿਖੇ ਮਾਤਾ ਸ਼ਾਂਤੀ ਦੀ ਕੁੱਖੋਂ ਪਿਤਾ ਕਿਸ਼ਨ ਲਾਲ ਦੇ ਘਰ ਹੋਇਆ। ਸੰਨ 1947 ਤੋਂ ਬਾਅਦ ਸ਼ਿਵ ਦੇ ਪਿਤਾ ਕਿਸ਼ਨ ਲਾਲ ਨੂੰ ਪਰਿਵਾਰ ਸਮੇਤ ਬਟਾਲੇ ਆਉਣਾ ਪਿਆ। ਦਸਵੀਂ ਕਰਨ ਉਪਰੰਤ ਸ਼ਿਵ ਬੇਰਿੰਗ ਕਾਲਜ ਵਿਖੇ FSC ਤਕ ਪੜ੍ਹਿਆ ਅਤੇ ਫਿਰ ਨੌਕਰੀ ਦੀ ਭਾਲ ਕਰਦੇ ਨੂੰ ਬੈਂਕ ਵਿੱਚ ਨੌਕਰੀ ਮਿਲ ਗਈ। ਸੰਨ 1963 ‘ਚ ਅਧਿਆਪਕ ਲੱਗਾ ਅਤੇ ਫ਼ਿਰ ਪਟਵਾਰੀ ਬਣ ਗਿਆ। ਇਸ ਤਰ੍ਹਾਂ ਰੋਜ਼ਗਾਰ ਲਈ ਉਸ ਨੇ ਕਈ ਕਿੱਤਿਆਂ ‘ਤੇ ਹੱਥਅਜ਼ਮਾਈ ਕੀਤੀ।
ਸ਼ਿਵ ਕੁਮਾਰ ਬਿਰਹੋਂ ਦਾ ਕਵੀ ਸੀ। ਦਰਦ ਭਰੇ ਗੀਤਾਂ ਦੇ ਵਣਜਾਰੇ ਨੇ ਆਪਣੇ ਪਾਠਕਾਂ ਦਾ ਘੇਰਾ ਵਿਸ਼ਾਲ ਕੀਤਾ। ਵਾਰਿਸ਼ ਸਾਹ ਤੋਂ ਬਾਅਦ ਉਸੇ ਲੜੀ ਵਿੱਚ ਪਾਠਕ ਬਟਾਲਵੀ ਦਾ ਨਾਂ ਲੈਂਦੇ ਹਨ। ਬਟਾਲਵੀ ਆਪਣੇ ਸਮਕਾਲੀ ਕਵੀਆਂ ਵਿੱਚ ਛੋਟੀ ਉਮਰ ਦਾ ਸੀ। ਉਸ ਨੇ ਜੋ ਵੀ ਲਿਖਿਆ ਭਾਵੇਂ ਗ਼ਜ਼ਲਾਂ ਲਿਖਿਆਂ, ਭਾਵੇਂ ਗੀਤਾਂ ਦੀ ਸਿਰਜਨਾ ਕੀਤੀ, ਹਰ ਰਚਨਾ ਨੇ ਪਾਠਕਾਂ ਨੂੰ ਆਪਣੇ ਵੱਲ ਖਿੱਚਿਆ। ਬੈਜਨਾਥ ਦੇ ਮੇਲੇ ਵਿੱਚ ਮਿਲੀ ਕੁੜੀ ਮੀਨਾ ਅਤੇ ਇੱਕ ਹੋਰ ਕੁੜੀ ਨੇ ਸ਼ਿਵ ਨੂੰ ਧੁਰ ਅੰਦਰੋਂ ਝੰਜੋੜ ਕੇ ਰੱਖ ਦਿੱਤਾ। 1960 ਵਿੱਚ ਸ਼ਿਵ ਦੀ ਪਹਿਲੀ ਪੁਸਤਕ ‘ਪੀੜਾ ਦਾ ਪਰਾਗਾ’ ਪਾਠਕਾਂ ਦੇ ਸਨਮੁੱਖ ਆਈ ਤਾਂ ਸ਼ਿਵ ਨੌਜੁਆਨ ਮੁੰਡੇ ਕੁੜੀਆਂ ਦਾ ਪਸੰਦੀਦਾ ਸ਼ਾਇਰ ਬਣ ਗਿਆ। 1967 ਵਿੱਚ, ਛੋਟੀ ਉਮਰ ਵਿੱਚ ਹੀ ਸ਼ਿਵ ਨੂੰ ਲੂਣਾਂ ਕਾਵਿ ਸੰਗ੍ਰਹਿ ਲਈ ਸਾਲ ਦੀ ਸਰਬੋਤਮ ਪੁਸਤਕ ਦਾ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਲਾਜਵੰਤੀ, ਆਟੇ ਦੀਆਂ ਚਿੜੀਆਂ, ਮੈਨੂੰ ਵਿਦਾ ਕਰੋ, ਬਿਰਹਾ ਤੂੰ ਸੁਲਤਾਨ, ਮੈਂ ਤੇ ਮੈਂ, ਦਰਦਮੰਦਾਂ ਦੀਆਂ ਆਹੀਂ, ਆਰਤੀ, ਅਲਵਿਦਾ, ਬਿਰਹੜਾ, ਅਸਾਂ ਤਾਂ ਜੋਬਨ ਰੁੱਤੇ ਮਰਨਾ ਰਚਨਾਵਾਂ ਨੂੰ ਪਾਠਕਾਂ ਵਲੋਂ ਬਹੁਤ ਪਿਆਰ ਮਿਲਿਆ। ਸ਼ਿਵ ਨੇ ਆਪਣੀ ਪਾਰਖੂ ਅੱਖ ਸਹਾਰੇ ਲੋਕ ਦਿਲਾਂ ਦਾ ਵਰਕਾ ਪੜ੍ਹਿਆ, ਉਸ ਦੀ ਲੇਖਣੀ ‘ਚ ਦਮ ਸੀ ਅਤੇ ਦਰਦ ਪਾਠਕ ਨੂੰ ਭਾਵੁਕ ਕਰਦਾ ਸੀ। ਸ਼ਿਵ ਦੀ ਆਵਾਜ਼ ‘ਚ ਹਰ ਇੱਕ ਨੂੰ ਆਪਣਾ ਦਰਦ ਘੁਲਿਆ ਪ੍ਰਤੀਤ ਹੁੰਦਾ ਸੀ। ਅੱਖੀਆਂ ‘ਚ ਅੱਥਰੂ ਆਪ ਮੁਹਾਰੇ ਆ ਜਾਂਦੇ ਸਨ। ਜਵਾਨ ਕੁੜੀਆਂ ਉਸ ਦੇ ਦਰਦ ਭਰੀਆਂ ਸਤਰਾਂ ਨੂੰ ਰੁਮਾਲ ‘ਤੇ ਹੱਥੀਂ ਕਢਾਈ ਕਰ ਕੇ ਸ਼ਿਵ ਨੂੰ ਭੇਂਟ ਕਰਦੀਆਂ ਸਨ। ਕਹਿੰਦੇ ਹਨ ਕਿ ਉਸ ਸਮੇਂ ਜੇ ਕਿਸੇ ਸਾਹਿਤਕ ਸਮਾਗਮ ਵਿੱਚ ਉਹ ਨਾ ਪਹੁੰਚਦਾ ਤਾਂ ਸਮਾਗਮ ਅਧੂਰਾ ਸਮਝਿਆ ਜਾਂਦਾ ਸੀ। ਪਾਠਕ ਉਸ ਨੂੰ ਸੁਣਨ ਲਈ, ਵੇਖਣ ਲਈ ਦੂਰੋਂ ਦੂਰੋਂ ਸਮਾਗਮ ‘ਚ ਪਹੁੰਚਦੇ ਸਨ ਅਤੇ ਜਦੋਂ ਸ਼ਿਵ ਸਟੇਜ਼ ਤੋਂ ਉਤਰਦਾ ਸੀ ਤਾਂ ਸਾਰਾ ਮੇਲਾ ਹੀ ਨਿੱਖੜ ਜਾਂਦਾ ਸੀ। ਸ਼ਿਵ ਨੇ ਪੰਜਾਬੀ ਫ਼ਿਲਮਾਂ, ਰੇਡੀਓ ਪ੍ਰੋਗਰਾਮਾਂ, ਪੰਜਾਬੀ ਰਸਾਲਿਆਂ ਲਈ ਵੀ ਗੀਤ ਲਿਖੇ ਅਤੇ ਪੰਜਾਬ ਦੇ ਕਈ ਮਸ਼ਹੂਰ ਕਲਾਕਾਰਾਂ ਨੇ ਵੀ ਸ਼ਿਵ ਨੂੰ ਗਾਇਆ। 1967 ਮੰਗਿਆਲ ਦੀ ਅਰੁਣਾ ਨਾਲ ਸ਼ਿਵ ਨੇ ਵਿਆਹ ਕਰਵਾਇਆ ਅਤੇ ਉਸ ਦੇ ਘਰ ਦੋ ਬੱਚੇ ਪੈਦਾ ਹੋਏ।
ਜੋਬਨ ਰੁੱਤੇ ਜੋ ਵੀ ਮਰਦਾ, ਫੁੱਲ ਬਣੇ ਜਾਂ ਤਾਰਾ ਦੀ ਗੱਲ ਕਰਦਾ ਸ਼ਿਵ ਕੁਮਾਰ ਬਟਾਲਵੀ ਅਖੀਰ 6 ਮਈ 1973 ਨੂੰ ਜੋਬਨ ਰੁੱਤੇ ਆਪਣੇ ਘਰ ਪਰਿਵਾਰ, ਸੱਜਣਾਂ ਬੇਲੀਆਂ, ਪਾਠਕਾਂ ਅਤੇ ਚਾਹਵਾਨਾਂ ਦਾ ਸਾਥ ਛੱਡ ਕੇ ਤੁਰ ਗਿਆ। ਸਰਕਾਰ ਨੇ ਥੋੜ੍ਹੇ ਸਮਾਂ ਪਹਿਲਾਂ ਸ਼ਿਵ ਦੀ ਯਾਦ ‘ਚ ਔਡੀਟੋਰੀਅਮ ਦਾ ਉਦਘਾਟਨ ਕੀਤਾ। ਭਾਵੇਂ ਆਪਣੇ ਸੁਪਨੇ ਤੇ ਪਰਿਵਾਰ ਦੇ ਸੁਪਨੇ ਸ਼ਿਵ ਕੁਮਾਰ ਬਟਾਲਵੀ ਸਾਕਾਰ ਤਾਂ ਨਹੀਂ ਕਰ ਸਕਿਆ ਪਰ ਲੱਖਾਂ ਪਾਠਕਾਂ ਨੂੰ ਸਦਾ ਲਈ ਆਪਣਾ ਬਣਾ ਗਿਆ। ਮਾਂ ਬੋਲੀ ਦੀ ਝੋਲੀ ਭਰਦਾ ਮਾਂ ਬੋਲੀ ਦਾ ਲਾਲ ਅਖਵਾ ਗਿਆ। ਉਸ ਦੀਆਂ ਸਦੀਵੀ ਰਚਨਾਵਾਂ ਉਸ ਨੂੰ ਰਹਿੰਦੀ ਦੁਨੀਆਂ ਤਕ ਅਮਰ ਰੱਖਣਗੀਆਂ। ਸ਼ਿਵ ਦੇ ਤੁਰ ਜਾਣ ਨਾਲ ਪੰਜਾਬੀ ਮਾਂ ਬੋਲੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਅਜੇ ਤਾਂ ਉਸ ਨੇ ਮਾਂ ਬੋਲੀ ਦੀ ਝੋਲੀ ‘ਚ ਮਹਿਕਾ ਵੰਡਦੇ ਲੱਖਾਂ ਹੀ ਸ਼ਬਦ ਹੋਰ ਪਾਉਣੇ ਸਨ। ਪੰਜਾਬੀ ਸਾਹਿਤ ਜਗਤ ਵਿੱਚ ਉਸ ਦਾ ਨਾਂ ਸਦਾ ਧਰੂ ਤਾਰੇ ਵਾਂਗ ਚਮਕਦਾ ਰਹੇਗਾ। 6 ਮਈ ਨੂੰ ਸ਼ਿਵ ਕੁਮਾਰ ਬਟਾਲਵੀ ਦੀ ਬਰਸੀ 35 ਸਾਲਾਂ ਬਾਅਦ ਮੁਕੰਮਲ ਹੋਏ ਔਡੀਟੋਰੀਅਮ ਵਿਖੇ ਮਨਾਈ ਜਾਵੇਗੀ। ਔਡੀਟੋਰੀਅਮ ਵਿੱਚ ਹੋਣ ਵਾਲਾ ਇਹ ਪਲੇਠਾ ਸਮਾਗਮ ਹੋਵੇਗਾ ਜਿਸ ਦਾ ਦੇਸ਼ ਵਿਦੇਸ਼ ਵਿੱਚ ਰਹਿੰਦੇ ਸ਼ਿਵ ਪ੍ਰੇਮੀਆਂ ਨੂੰ ਕਈ ਸਾਲਾਂ ਤੋਂ ਇੰਤਜ਼ਾਰ ਸੀ।

ਸ਼ਮਸ਼ੇਰ ਸਿੰਘ ਸੋਹੀ, ਪਿੰਡ ਸੋਹੀਆਂ ਡਾਕਖਾਨਾ ਚੀਮਾਂ ਖੁੱਡੀ, ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ
ਮੋਬਾਈਲ 9876474671


LEAVE A REPLY