ਬਾਬਾ ਸਿੱਦੀਕੀ ਦੇ ਕ.ਤਲ ਨਾਲ ਡਰੇ ਹੋਏ ਹਨ ਦੇਸ਼ ਭਰ ਦੇ ਲੋਕ : ਕੇਜਰੀਵਾਲ

ਨਵੀਂ ਦਿੱਲੀ – ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਰਾਸ਼ਟਰਵਾਦੀ ਕਾਂਗਰਸ ਪਾਰਟੀ (ਅਜੀਤ ਧਿਰ) ਦੇ ਆਗੂ ਅਤੇ ਰਾਜ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦਾ ਮੁੰਬਈ ‘ਚ ਜਿਸ ਤਰ੍ਹਾਂ ਸ਼ਰੇਆਮ ਕਤਲ ਕਰ ਦਿੱਤਾ ਗਿਆ, ਉਸ ਨਾਲ ਨਾ ਸਿਰਫ਼ ਮਹਾਰਾਸ਼ਟਰ ਸਗੋਂ ਦੇਸ਼ ਭਰ ਦੇ ਲੋਕ ਡਰੇ ਹੋਏ ਹਨ।
ਕੇਜਰੀਵਾਲ ਨੇ ‘ਐਕਸ’ ‘ਤੇ ਕਿਹਾ,”ਮੁੰਬਈ ‘ਚ ਸ਼ਰੇਆਮ ਰਾਕਾਂਪਾ ਆਗੂ ਦਾ ਗੋਲੀਆਂ ਮਾਰ ਕੇ ਕਤਲ ਦੀ ਇਸ ਵਾਰਦਾਤ ਨਾਲ ਨਾ ਸਿਰਫ਼ ਮਹਾਰਾਸ਼ਟਰ ਸਗੋਂ ਦੇਸ਼ ਦੇ ਲੋਕ ਡਰੇ ਹੋਏ ਹਨ। ਦਿੱਲੀ ‘ਚ ਵੀ ਇਹੀ ਮਾਹੌਲ ਬਣਾ ਦਿੱਤਾ ਹੈ ਇਨ੍ਹਾਂ ਨੇ। ਇਹ ਲੋਕ ਪੂਰੇ ਦੇਸ਼ ‘ਚ ਗੈਂਗਸਟਰ ਰਾਜ ਲਿਆਉਣਾ ਚਾਹੁੰਦੇ ਹਨ। ਜਨਤਾ ਨੂੰ ਹੁਣ ਇਨ੍ਹਾਂ ਖ਼ਿਲਾਫ਼ ਖੜ੍ਹਾ ਹੋਣਾ ਹੀ ਪਵੇਗਾ।” ਦੱਸਣਯੋਗ ਹੈ ਕਿ ਮੁੰਬਈ ਦੇ ਬਾਂਦਰਾ ਇਲਾਕੇ ‘ਚ ਸ਼ਨੀਵਾਰ ਦੇਰ ਰਾਤ ਹਮਲਾਵਰਾਂ ਨੇ ਸ਼੍ਰੀ ਸਿੱਦੀਕੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।