ਬਾਬਾ ਨਾਨਕ, ਖ਼ੈਰ ਕਰੀਂ

ਡਾਇਰੀ ਦਾ ਪੰਨਾ/ ਨਿੰਦਰ ਘੁਗਿਆਣਵੀ
ਇਸ ਵਾਰੀ ਵਰਧਾ ‘ਚ ਮੇਰਾ ਭੋਰਾ ਵੀ ਦਿਲ ਨਹੀਂ ਲੱਗਿਆ। ਜਦ ਪੰਜਾਬ ਤੋਂ ਤੁਰਿਆ ਸਾਂ ਰਾਤ ਨੂੰ ਪੰਜਾਬ ਮੇਲ ਰਾਹੀਂ, ਤਾਂ ਅੰਮ੍ਰਿਤਪਾਲ ਸਿੰਘ ਦਾ ਬੜਾ ਰੌਲਾ ਪੈ ਰਿਹਾ ਸੀ। ਪੁਲੀਸ ਅਤੇ ਲੋਕਾਂ ‘ਚ ਟਕਰਾਅ ਪੈਦਾ ਹੋ ਰਿਹਾ ਸੀ। ਇੰਟਰਨੈੱਟ ਸੇਵਾ ਬੰਦ ਹੋ ਗਈ ਸੀ। ਪੰਜਾਬ ਦੇ ਹਾਲਾਤ ਸੁਖਾਂਵੇ ਬਣੇ ਰਹਿਣ ਦੀ ਕਾਮਨਾ ਕਰਦਾ ਹੋਇਆ ਮੈਂ ਆਪਣੇ ਸਲੀਪਰ ‘ਤੇ ਸੌਂ ਗਿਆ। ਚੀਕਾਂ ਕੂਕਾਂ ਮਾਰਦੀ ਜਾਂਦੀ ਰੇਲਗੱਡੀ ਬੜੀ ਓਪਰੀ ਓਪਰੀ ਜਿਹੀ ਲੱਗ ਰਹੀ ਸੀ। ਨੀਂਦ ਕਾਹਦੀ ਆਉਣੀ ਸੀ? ਰੇਲ ਦੇ ਹਿਚਕੋਲੇ ਅਤੇ ਕਈ ਤਰ੍ਹਾਂ ਦੇ ਇਕੱਠੇ ਹੋ ਗਏ ਫ਼ਿਕਰਾਂ ਨੇ ਪਰੇਸ਼ਾਨ ਕਰ ਦਿੱਤਾ ਸੀ। ਜਿਵੇਂ ਕਿਵੇਂ ਪੰਜਾਬ ਮੇਲ ਨੇ ਸਵੇਰੇ ਸਾਝਰੇ ਹੀ ਦਿੱਲੀ ਅੱਪੜਦਾ ਕਰ ਦਿੱਤਾ। ਦੁਪਿਹਰ ਨੂੰ ਸੀ ਫ਼ਲਾਈਟ ਨਾਗਪੁਰ ਨੂੰ। ਸਵੇਰੇ ਜਦ ਨੈੱਟ ਖੋਲ੍ਹਿਆ ਤਾਂ ਕਿ ਪੰਜਾਬ ਦੇ ਹਾਲਾਤ ਜਾਣ ਸਕਾਂ ਤਾਂ ਹਰ ਪਾਸੇ ਅੰਮ੍ਰਿਤਪਾਲ-ਅੰਮ੍ਰਿਤਪਾਲ ਹੀ ਹੋਈ ਜਾਂਦੀ ਸੀ। ਕੁਝ ਪੋਸਟਾਂ ਦੇਖੀਆਂ ਸੋਸ਼ਲ ਮੀਡੀਆ ‘ਤੇ ਤਾਂ ਜਾਪਿਆ ਕਿ ਹੁਣ ਦੇਸ਼ ਵਿਦੇਸ਼ ‘ਚ ਵੀ ਲੋਕ ਤੱਤੇ ਹੋਣ ਲੱਗ ਪਏ ਹਨ।
****
ਏਅਰਪੋਰਟ ਆਇਆ ਹਾਂ। ਮੀਂਹ ਲੱਥ ਪਿਆ ਹੈ ਜ਼ੋਰਾਂ ਦਾ। ਫ਼ਲਾਈਟ ਆਥਣ ਤੀਕ ਲੇਟ ਹੋ ਗਈ ਹੈ। ਘਰ ਫ਼ੋਨ ਕੀਤਾ ਤਾਂ ਦੱਸਿਆ ਗਿਆ ਕਿ ਮੀਂਹ ਫ਼ਸਲਾਂ ਖ਼ਰਾਬ ਕਰ ਰਿਹੈ, ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ। ਤੇਜ਼ ਹਵਾ ਵੀ ਵਗ ਰਹੀ ਹੈ। ਰੱਬ ਸੁੱਖ ਰੱਖੇ।
ਘਰੋਂ ਇਹ ਸੁਣ ਦਿਲ ਬੜਾ ਢੱਠਾ! ਕੀ ਕਰੂ ਪੰਜਾਬ ਦਾ ਕਿਸਾਨ? ਕੀ ਖਾਊ ਮਜ਼ਦੂਰ? ਕੁਦਰਤ ਕਿਓਂ ਹੋਈ ਇੰਨੀ ਕਹਿਰਵਾਨ? ਸਾਰੇ ਪਾਸੇ ਹੀ ਹਾਲਾਤ ਖ਼ਰਾਬ-ਖ਼ਰਾਬ ਜਿਹੇ ਹੋਏ ਪਏ ਜਾਪਦੇ ਨੇ।
****
ਦੇਰ ਰਾਤ ਵਰਧਾ ਯੂਨੀਵਰਸਿਟੀ ਆਣ ਵੜਿਆ। ਲੰਮੇ ਸਫ਼ਰ ਦਾ ਭੰਨਿਆ ਸਵੇਰੇ ਲੇਟ ਉੱਠਿਆ ਅਤੇ ਉਦਾਸ ਮਨ ਨਾਲ ਦਫ਼ਤਰ ਚਲੇ ਗਿਆ। ਇੰਟਰਨੈੱਟ ਦੱਸ ਰਿਹਾ ਸੀ ਕੀ ਪੰਜਾਬ ‘ਚ ਕੁਝ ਦਿਨ ਹੋਰ ਮੀਂਹ ਹਟਣ ਦੇ ਕੋਈ ਅਸਾਰ ਨਹੀਂ ਹਾਲੇ। ਆਥਣ ਤੀਕ ਫ਼ਸਲਾਂ ਵਿਛੀਆਂ ਦੀਆਂ ਫ਼ੋਟੂਆਂ ਵੀ ਆਉਣ ਲੱਗੀਆਂ। ਮੈਂ ਹੋਰ ਵੀ ਉਪਰਾਮ ਹੋ ਗਿਆ। ਮੇਰੇ ਨਾਲ ਦੇ ਕਮਰੇ ‘ਚ ਬਹਿੰਦੇ ਹਿੰਦੀ ਦੇ ਪ੍ਰੋਫ਼ੈਸਰ ਉਮੇਸ਼ ਕੁਮਾਰ ਸਿੰਘ ਨੂੰ ਮਹਿਸੂਸ ਹੋਇਆ ਕਿ ਮੇਰਾ ਗੁਆਂਢੀ ਉਦਾਸ ਹੈ। ਉਨਾਂ ਵੀ ਬਹੁਤੀ ਗੱਲ ਨਾ ਕੀਤੀ। ਆਥਣੇ ਪਹਾੜਾਂ (ਦਫ਼ਤਰ) ਤੋਂ ਹੇਠਾਂ ਉਤਰ ਘਰ ਨੂੰ ਆਇਆ। ਕੁਝ ਸੁਣਨ ਨੂੰ, ਨਾ ਪੜ੍ਹਨ ਨੂੰ ਅਤੇ ਨਾ ਹੀ ਕੁਝ ਖਾਣ ਪੀਣ ਨੂੰ ਦਿਲ ਕਰੇ! ਪੰਜਾਬ ਦਾ ਫ਼ਿਕਰ ਵੱਢ-ਵੱਢ ਖਾਵੇ। ਕਈ ਦੋਸਤਾਂ ਨੂੰ ਪੰਜਾਬ ਦੇ ਦੋ ਮੌਸਮਾਂ (ਮੀਂਹ ਅਤੇ ਅੰਮ੍ਰਿਤਪਾਲ) ਬਾਰੇ ਜਾਣਨ ਲਈ ਫ਼ੋਨ ਕੀਤੇ। ਜਾਪਿਆ ਕਿ ਸਭ ਘੁਟੇ ਘੁਟੇ ਬੋਲ ਰਹੇ ਨੇ, ਸਮੇਂ ਨੇ ਸਭ ਦੇ ਸਾਹ ਪੀਤੇ ਹੋਏ ਨੇ! ਬੜੀ ਔਖ ਨਾਲ ਸੁੱਤਾ।
****
ਯੂਨੀਵਰਸਿਟੀ ਵਲੋਂ ਦਿੱਤੇ ਗਏ ਖੋਜ ਪ੍ਰੌਜੈਕਟ ਮੁਤਾਬਿਕ ਕਿੱਸਾ ਸਰਵਣ ਭਗਤ ਮੁਕੰਮਲ ਕਰਨ ਵਾਲਾ ਪਿਆ ਸੀ। ਇੱਕ ਦਿਨ ਪੂਰਾ ‘ਸਰਵਣ ਭਗਤ ‘ਤੇ ਲਾਇਆ ਅਤੇ ਕਿੱਸਾ ਮੁਕਾਇਆ। ਦੂਸਰੇ ਦਿਨ ਸੂਫ਼ੀ ਮੱਤ ਦੀ ਕਵਿਤਰੀ ਲੱਲੇਸ਼ਵਰੀ ਬਾਰੇ ਸ਼ਬਦ-ਚਿਤਰ ਛੋਹ ਲਿਆ ਅਤੇ ਲਿਖਦਾ ਗਿਆ। ਆਥਣ ਹੋਣ ‘ਤੇ ਪੀਅਨ ਨੇ ਆਣ ਆਖਿਆ, ”ਸਰ ਆਪ ਨੇ ਘਰ ਨਹੀਂ ਜਾਣਾ ਅੱਜ? ਬਹੁਤ ਵਕਤ ਹੋ ਗਿਆ ਹੈ। ਇਹ ਬੋਲ ਸੁਣਦੇ ਤਕ ਲੱਲੇਸ਼ਵਰੀ ਆਪਣੀ ਮੰਜ਼ਿਲ ‘ਤੇ ਅੱਪੜ ਚੁੱਕੀ ਹੋਈ ਸੀ, ਕੁੱਲ ਤੀਹ ਪੰਨੇ ਲਿਖੇ ਗਏ ਸਨ ਉਹਦੀ ਬਾਬਤ। ਸ਼ਬਦ-ਚਿਤਰ ਸਾਬਤ ਸਬੂਤਾ ਮੇਰੀ ਟੇਬਲ ‘ਤੇ ਪਿਆ ਸੀ। ਪੰਨੇ ਇੱਕਠੇ ਕਰ ਕੇ ਸਟੈਪਲਰ ਕਰਿਆ ਅਤੇ ਘਰ ਨੂੰ ਤੁਰਿਆ। ਕਿਸੇ ਨਾਲ ਬੋਲਣ ਜਾਂ ਗੱਲ ਕਰਨ ਨੂੰ ਦਿਲ ਨਹੀਂ ਸੀ ਕਰਦਾ। ਇਸੇ ਹਾਲ ਹਵਾਲ ‘ਚ ਹੀ 26 ਮਾਰਚ ਦੀ ਤਾਰੀਖ ਆ ਗਈ ਅਤੇ ਫ਼ਲਾਈਟ ਫ਼ੜ ਦਿੱਲੀ ਅਤੇ ਫ਼ਿਰ ਦਿੱਲੀ ਤੋਂ ਬਠਿੰਡੇ ਨੂੰ ਰੇਲ ‘ਚ ਚਾਲੇ ਪਾਏ! ਪੰਜਾਬ ਦੇ ਖੇਤਾਂ ਨੂੰ ਦੇਖਣ ਲਈ ਦਿਲ ਕਾਹਲਾ ਸੀ! ਮਾਨਸਾ ਜ਼ਿਲ੍ਹੇ ਦੀ ਹੱਦ ਆਈ, ਦੇਖਿਆ ਕਿ ਕਾਫ਼ੀ ਸਾਰੇ ਖੇਤਾਂ ‘ਚ ਕਣਕ ਸਿਰ ਚੁੱਕੀ ਖੜ੍ਹੀ ਸੀ। ਕਿਤੇ ਕਿਤੇ ਸਿਰ ਸੁੱਟੀ ਵੀ ਪਈ ਸੀ। ਇਵੇਂ ਹੀ ਬਠਿੰਡਾ ਖਿੱਤਾ ਦੇਖਿਆ। ਪਿੰਡ ਫ਼ੋਨ ਕਰਿਆ ਤਾਂ ਮਾਸੀ ਦੇ ਮੁੰਡੇ ਦਿਆਲ ਚੰਦ ਨੇ ਦੱਸਿਆ ਕਿ ਮਲੋਟ, ਫ਼ਾਜਿਲਕਾ, ਅਬੋਹਰ ਵੱਲ ਵਧੇਰੇ ਤਬਾਹੀ ਐ, ਆਪਣੇ ਹਾਲੇ ਰੱਬ ਦੀ ਰਹਿਮਤ ਐ। ਸੋਸ਼ਲ ਮੀਡੀਆ ‘ਚ ਆ ਰਹੀਆਂ ਖੇਤ ਤਬਾਹੀ ਦੀਆਂ ਫ਼ੋਟੂਆਂ ਦਿਲ ਡੋਬਦੀਆਂ। ਫ਼ੋਨ ਦੀ ਬੈਟਰੀ ਮੁੱਕੀ, ਟਰੇਨ ਟਿਕਾਣੇ ਲੱਗੀ। ਵਾਹਿਗੁਰੂ ਦਾ ਨਾਂ ਲੈ ਕੇ ਬੈਗ ਚੁੱਕਿਆ ਅਤੇ ਅਗਲੇ ਟਿਕਾਣੇ ਜਾਣ ਨੂੰ ਰਿਕਸ਼ਾ ਫ਼ੜਿਆ। ਆਪ ਮੁਹਾਰੇ ਮੂੰਹੋਂ ਨਿਕਲਿਆ, ”ਹੇ ਬਾਬਾ ਨਾਨਕ, ਖੈਰ ਕਰੀਂ, ਤੇਰੇ ਪੰਜਾਬ ਨੂੰ ਤੱਤੀ ਵਾਓ ਨਾ ਲੱਗੇ!”
9417421700