ਬਾਦਲ ਪਰਿਵਾਰ ਦੀ ਇਕ ਹੋਰ ਬਹੂ ਰਾਜਨੀਤੀ ‘ਚ ਹੋ ਰਹੀ ਹੈ ਸਰਗਰਮ

ਚੰਡੀਗੜ੍ਹ : ਬਾਦਲ ਪਰਿਵਾਰ ਦੇ ਬਹੁਤ ਸਾਰੇ ਮੈਂਬਰ ਰਾਜਨੀਤੀ ਵਿਚ ਹਨ| ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਭਰਾ ਗੁਰਦੇਵ ਸਿੰਘ ਬਾਦਲ ਤਾਂ ਰਾਜਨੀਤੀ ਦੇ ਬਾਬਾ ਬੋਹੜ ਹਨ ਅਤੇ ਫਿਰ ਪ੍ਰਕਾਸ਼ ਸਿੰਘ ਬਾਦਲ ਦੇ ਬੇਟੇ ਸੁਖਬੀਰ ਸਿੰਘ ਬਾਦਲ ਤਾਂ ਉਪ ਮੁੱਖ ਮੰਤਰੀ ਰਹਿ ਚੁੱਕੇ ਹਨ| ਸੁਖਬੀਰ ਬਾਦਲ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਕੇਂਦਰ ਸਰਕਾਰ ਵਿਚ ਮੰਤਰੀ ਹਨ| ਪ੍ਰਕਾਸ਼ ਸਿੰਘ ਬਾਦਲ ਦੀ ਬੇਟੀ ਦੇ ਪਤੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੀ ਮੰਤਰੀ ਰਹਿ ਚੁੱਕੇ ਹਨ| ਸੁਖਬੀਰ ਸਿੰਘ ਬਾਦਲ ਦੇ ਸਾਲੇ ਬਿਕਰਮਜੀਤ ਸਿੰਘ ਮਜੀਠੀਆ ਵੀ ਮੰਤਰੀ ਰਹਿ ਚੁੱਕੇ ਹਨ| ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਮਨਪ੍ਰੀਤ ਸਿੰਘ ਬਾਦਲ ਵੀ ਮੰਤਰੀ ਹਨ| ਇਹ ਅਲੱਗ ਗੱਲ ਹੈ ਕਿ ਹੁਣ ਉਹ ਅਕਾਲੀ ਦਲ ਵਿਚ ਨਹੀਂ ਬਲਕਿ ਕਾਂਗਰਸ ਪਾਰਟੀ ਵਿਚ ਹਨ| ਹੁਣ ਮਨਪ੍ਰੀਤ ਸਿੰਘ ਬਾਦਲ ਦੀ ਪਤਨੀ ਵਿਨੂ ਬਾਦਲ ਵੀ ਰਾਜਨੀਤੀ ਵਿਚ ਪ੍ਰਵੇਸ਼ ਕਰਨ ਵਾਲੀ ਹੈ|
ਵਿਧਾਨ ਸਭਾ ਚੋਣਾਂ ਵਿਚ ਵਿਨੂ ਬਾਦਲ ਨੇ ਆਪਣੇ ਪਤੀ ਮਨਪ੍ਰੀਤ ਸਿੰਘ ਬਾਦਲ ਦੇ ਚੋਣ ਪ੍ਰਚਾਰ ਵਿਚ ਮੋਢੇ ਨਾਲ ਮੋਢਾ ਜੋੜ ਕੇ ਪ੍ਰਚਾਰ ਕੀਤਾ ਸੀ| ਮਨਪ੍ਰੀਤ ਸਿੰਘ ਬਾਦਲ ਦਾ ਪੂਰਾ ਪਰਿਵਾਰ ਚੋਣਾਂ ਵਿਚ ਸਰਗਰਮ ਰਿਹਾ ਹੈ| ਸ਼ਾਇਦ ਇਸੇ ਮਿਹਨਤ ਦਾ ਫਲ ਸੀ ਕਿ ਸੁਖਬੀਰ ਸਿੰਘ ਬਾਦਲ ਦੇ ਪ੍ਰਭਾਵ ਵਾਲੇ ਖੇਤਰ ਵਿਚ ਵੀ ਮਨਪ੍ਰੀਤ ਬਾਦਲ ਜੇਤੂ ਹੋ ਕੇ ਨਿਕਲੇ| ਹੁਣ ਉਨ੍ਹਾਂ ਦੀ ਪਤਨੀ ਉਨ੍ਹਾਂ ਦੇ ਵਿਧਾਨ ਸਭਾ ਖੇਤਰ ਵਿਚ ਸਰਗਰਮ ਹੋ ਕੇ ਕੰਮ ਕਰਦੀ ਨਜਰ ਆ ਰਹੀ ਹੈ| ਹਾਲਾਂਕਿ ਵਿਨੂ ਬਾਦਲ ਰਾਜਨੀਤੀ ਵਿਚ ਆਉਣ ਤੋਂ ਹਾਲੇ ਹਿਚਕਿਚਾ ਰਹੀ ਹੈ ਪਰ ਉਨ੍ਹਾਂ ਦੇ ਕੰਮਾਂ ਤੋਂ ਪਤਾ ਚਲਦਾ ਹੈ ਕਿ ਛੇਤੀ ਹੀ ਰਾਜਨੀਤੀ ਵਿਚ ਉਹ ਸਰਗਰਮ ਹੋ ਜਾਣਗੇ|
ਵਿਨੂ ਬਾਦਲ ਵਿਧਾਨ ਸਭਾ ਖੇਤਰ ਦੇ ਲੋਕਾਂ ਨੂੰ ਮਿਲ ਰਹੀ ਹੈ, ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣ ਰਹੀ ਹੈ ਅਤੇ ਉਨ੍ਹਾਂ ਦਾ ਹੱਲ ਲੱਭਣ ਵਿਚ ਵੀ ਲੱਗੀ ਹੋਈ ਹੈ| ਹਾਲੇ ਉਨ੍ਹਾਂ ਦੇ ਕੰਮ ਵਿਚ ਮਨਪ੍ਰੀਤ ਬਾਦਲ ਦੇ ਅਧਿਕਾਰੀ ਸਹਾਇਤਾ ਕਰ ਰਹੇ ਹਨ| ਵਿਨੂ ਬਾਦਲ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਤੀ ਬਜਟ ਦੀਆਂ ਤਿਆਰੀਆਂ ਵਿਚ ਲੱਗੇ ਹੋਏ ਹਨ| ਇਸ ਲਈ ਵਿਧਾਨ ਸਭਾ ਖੇਤਰ ਵਿਚ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਾਣਨ ਲਈ ਮੈਂ ਸਹਾਇਤਾ ਕਰ ਰਹੀ ਹਾਂ| ਵਿਨੂ ਬਾਦਲ ਲੋਕਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਦੇ ਨਾਲ ਹੀ ਰਾਜਨੀਤੀ ਵਿਚ ਪ੍ਰਵੇਸ਼ ਦਾ ਮਾਰਗ ਵੀ ਤਿਆਰ ਕਰ ਰਹੀ ਹੈ|