ਬਾਣੀ ਤੇ ਪਾਣੀ ਦੇ ਵਾਰਸ

main-news-300x150ਐਡਵੋਕੇਟ ਜਸਪਾਲ ਸਿੰਘ ਮੰਝਪੁਰ
ਜ਼ਿਲ੍ਹਾ ਕਚਹਿਰੀਆਂ, ਲੁਧਿਆਣਾ
98554-01843
ਬਾਣੀ ਜਾਂ ਪਾਣੀ ਤੋਂ ਮੁਨਕਰ ਹੋ ਕੇ ਇੱਕ ਸਿੱਖ ਲਈ ਜਿਊਣਾ ਹਰਾਮ ਹੈ। ਪਾਣੀ ਤੋਂ ਭਾਵ ਉਹ ਤੱਤ ਹੈ ਜੋ ਸੰਸਾਰ ਦੇ ਜੀਵਨ ਦੀ ਮੁੱਢਲੀ ਇਕਾਈ ਹੈ ਤੇ ਜਿਸ ਤੋਂ ਬਿਨਾਂ ਸ਼ਰੀਰਕ, ਦਨਿਆਵੀ ਜਾਂ ਦਿਸਦੇ ਜਗਤ ਨੂੰ ਕਿਆਸਿਆ ਹੀ ਨਹੀਂ ਜਾ ਸਕਦਾ ਅਤੇ ਬਾਣੀ ਤੋਂ ਭਾਵ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਤੋਂ ਹੈ ਜਿਸ ਤੋਂ ਬਿਨਾਂ ਮਾਨਸਕ, ਰੂਹਾਨੀ, ਆਤਮਕ, ਅਧਿਆਤਮਕ ਜਾਂ ਅਣਦਿਸਦੇ ਸੰਸਾਰ ਨੂੰ ਨਹੀਂ ਕਿਆਸਿਆ ਜਾ ਸਕਦਾ। ਬਾਣੀ ਤੇ ਪਾਣੀ ਦਾ ਆਪਸ ਵਿੱਚ ਗੂੜਾ ਸਬੰਧ ਹੈ। ਬਾਣੀ ਦੀ ਰਚਨਾ ਪਾਣੀਆਂ ਕੰਢੇ ਹੀ ਹੋਈ। ਬਾਣੀ ਦੇ ਧੁਰ ਤੋਂ ਆਉਣ ਤੋਂ ਪਹਿਲਾਂ ਗੁਰੂ ਨਾਨਕ ਪਾਣੀ (ਵੇਈਂ) ਵਿੱਚ ਗਏ। ਪਹਿਲਾਂ ਪਾਣੀ ਹੀ ਜੀਵਨ ਹੈ ਜਿਸ ਨਾਲ ਤ੍ਰਿਭਵਨ ਨੂੰ ਸਾਜਿਆ ਅਤੇ ਸਾਜਣ ਤੋਂ ਬਾਅਦ ਬਾਣੀ ਨੂੰ ਧੁਰ ਦਰਗਾਹੋਂ ਲਿਆਂਦਾ ਗਿਆ।
ਰਾਵੀ ਦਰਿਆ ਦੇ ਕੰਢੇ ਗੁਰੂ ਨਾਨਕ ਪਾਤਸ਼ਾਹ ਨੇ ਖੇਤੀ ਕਰਦਿਆਂ ਬਾਣੀ ਦਾ ਅਭਿਆਸ ਦ੍ਰਿੜ ਕੀਤਾ ਤੇ ਕਰਾਇਆ। ਧਰਤੀ ਦੇ ਕਈ ਕੋਨਿਆਂ ਵਿੱਚ ਉਹਨਾਂ ਬਾਣੀ ਦੇ ਪ੍ਰਵਾਹ ਤੋਂ ਪਹਿਲਾਂ ਪਾਣੀ ਦੇ ਸੋਮਿਆਂ ਨੂੰ ਪ੍ਰਗਟਾਇਆ। ਬਾਣੀ ਨਾਲ ਆਤਮਾ ਨੂੰ ਠੰਢ ਦੇਣ ਤੋਂ ਪਹਿਲਾਂ ਪਿਆਸੇ ਸ਼ਰੀਰਾਂ ਨੂੰ ਪੀਣ ਲਈ ਪਾਣੀ ਦਿੱਤਾ। ਵਲੀ ਕੰਧਾਰੀ ਦਾ ਹੰਕਾਰ ਪਾਣੀ ਦੇ ਪ੍ਰਵਾਹ ਨੂੰ ਨੀਵਿਆਂ ਕਰ ਕੇ ਤੋੜਨਾ ਕੀਤਾ। ਪਾਣੀ ਦੇ ਕੰਢੇ ਹੀ ਚੇਲੇ ਭਾਈ ਲਹਿਣੇ ਨੂੰ ਆਪਣਾ ਗੁਰੂ ਜਾਣ-ਮੰਨ ਕੇ ਮੱਥਾ ਟੇਕਿਆ। ਗੁਰੂ ਸਾਹਿਬਾਨ ਨੇ ਸ਼ਰੀਰਕ ਲੋੜ ਦੀ ਮੁੱਢਲੀ ਇਕਾਈ ਪਾਣੀ ਤਕ ਸਭ ਦੀ ਪਹੁੰਚ ਯਕੀਨੀ ਬਣਾਈ। ਸਰਬ ਸਾਂਝੇ ਸਰੋਵਰਾਂ, ਖੂਹਾਂ, ਬਾਓਲੀਆਂ, ਤਲਾਬਾਂ, ਹੰਸਾਲੀਆਂ, ਚਸ਼ਮਿਆਂ, ਝੀਰਿਆਂ ਨੂੰ ਪ੍ਰਗਟਾਉਣਾ ਕੀਤਾ। ਜਿੱਥੇ ਪਾਣੀ ਦੇ ਸੋਮਿਆਂ ਨੂੰ ਕਿਆਸਿਆ ਨਹੀਂ ਸੀ ਜਾ ਸਕਦਾ ਉੱਥੇ ਜਾ ਕੇ ਕਿਤੇ ਚਰਨਾਂ ਨਾਲ, ਕਿਤੇ ਹੱਥਾਂ ਦੀ ਛੋਹ ਨਾਲ, ਕਿਤੇ ਤੀਰਾਂ, ਖੰਡਿਆਂ, ਨੇਜ਼ਿਆਂ ਦੀਆਂ ਛੋਹਾਂ ਨਾਲ ਪਾਣੀ ਪ੍ਰਗਟ ਕੀਤਾ। ਨਾ-ਪੀਣ ਯੋਗ ਪਾਣੀ ਦੀਆਂ ਥਾਵਾਂ ਵਿੱਚ ਪੀਣ ਵਾਲੇ ਠੰਡੇ ਮਿੱਠੇ ਪਾਣੀਆਂ ਦੀਆਂ ਫ਼ੁਹਾਰਾਂ ਪ੍ਰਗਟ ਕੀਤੀਆਂ ਜੋ ਅੱਜ ਵੀ ਲੋਕਾਈ ਨੂੰ ਸਰਸ਼ਾਰ ਕਰ ਰਹੀਆਂ ਹਨ।
ਸਤਲੁਜ ਦੇ ਪਾਣੀ ਨੂੰ ਬਾਟੇ ਵਿੱਚ ਪਾ ਕੇ ਦਸਮੇਸ਼ ਪਿਤਾ ਨੇ ਉਸ ਵਿੱਚ ਖੰਡਾ ਫ਼ੇਰਦਿਆਂ ਬਾਣੀ ਦਾ ਜਪਣਾ ਕੀਤਾ ਤਾਂ ਉਹ ਪਾਣੀ ਜਦੋਂ ਬਾਣੀ ਨਾਲ ਮਿਲ ਕੇ ਅੰਮ੍ਰਿਤ ਬਣ ਗਿਆ ਤਾਂ ਮਨੁੱਖਤਾ ਦੇ ਇਤਿਹਾਸ ਅੰਦਰ ਐਸਾ ਖ਼ਾਲਸਾ ਮਨੁੱਖ ਪ੍ਰਗਟ ਹੋਇਆ ਜਿਸ ਦੀ ਘਾੜਤ ਕਰੀਬ 300 ਸਾਲ ਪਹਿਲਾਂ ਘੜੀ ਗਈ ਸੀ। ਬਾਣੀ-ਪਾਣੀ ਦੇ ਸੁਮੇਲ ਤੋਂ ਪ੍ਰਗਟੇ ਮਨੁੱਖ ਨੇ ਦੁਨੀਆਂ ਦੇ ਇਤਿਹਾਸ ਅੰਦਰ ਆਪਣੀ ਨਿਵੇਕਲੀ ਥਾਂ ਦਰਜ ਕਰ ਲਈ ਤੇ ਬਾਣੀ-ਪਾਣੀ ਦੇ ਮੂਲ ਗੁਣਾਂ ਨੂੰ ਧਾਰਨ ਕਰਦਿਆਂ ਸਰਬੱਤ ਦੇ ਭਲੇ ਲਈ ਸ਼ਰੀਰ ਪੱਖ ਤੋਂ ਵੀ ਅੱਗੇ ਰੂਹਾਨੀ ਤਲ ਤਕ ਪਹੁੰਚ ਕੇ ਜਿਊਣਾ ਸਿਖਾਇਆ। ਬਾਣੀ ਤੇ ਪਾਣੀ ਦਾ ਐਸਾ ਸੁਮੇਲ ਹੋਇਆ ਕਿ ਸਰਸਾ ਦੇ ਪਾਣੀ ਕੰਢੇ ਪਏ ਪਰਿਵਾਰ ਵਿਛੋੜੇ ਸਮੇਂ ਦੇ ਦੁਨਿਆਵੀਂ ਤੌਰ ‘ਤੇ ਭੀਹਾਵਲੇ ਸਮੇਂ ਵਿੱਚ ਵੀ ਬੈਠ ਕੇ ਨਿਤਨੇਮ ਮੁਤਾਬਕ ਬਾਣੀ ਦਾ ਜਾਪ ਕੀਤਾ।
ਪਾਣੀ ਜਿੱਥੇ ਸ਼ਰੀਰਕ ਖੇਹ ਨੂੰ ਉਤਾਰਨਾ ਕਰਦਾ ਹੈ ਉੱਥੇ ਬਾਣੀ ਮਨੁੱਖੀ ਮਤ ਉੱਤੇ ਪਏ ਪਾਪਾਂ ਨੂੰ ਉਤਾਰਦੀ ਹੈ। ਪਾਣੀ ਨਾਲ ਸ਼ਰੀਰ ਸਾਫ਼ ਕਰ ਕੇ ਬਾਣੀ ਨਾਲ ਮਨ ਨੂੰ ਸਾਫ਼ ਕਰਨ ਦਾ ਵਿਧਾਨ ਹੈ। ਪਾਣੀ ਤੇ ਬਾਣੀ ਵਿੱਚ ਕੋਈ ਵੀ ਅੱਵਲ ਜਾਂ ਦੋਮ ਨਹੀਂ ਹਨ ਸਗੋਂ ਦੋਵੇਂ ਇੱਕ ਦੂਜੇ ਦੇ ਪੂਰਕ ਹਨ ਅਤੇ ਇਹ ਇੱਕ ਦੂਜੇ ਦੀ ਜਗ੍ਹਾ ਤਾਂ ਲੈ ਨਹੀਂ ਸਕਦੇ ਭਾਵ ਬਾਣੀ ਨਾਲ ਸ਼ਰੀਰ ਦੀ ਮੈਲ ਨਹੀਂ ਧੋਤੀ ਜਾ ਸਕਦੀ ਅਤੇ ਪਾਣੀ ਨਾਲ ਮਨ ਦੇ ਪਾਪ ਨਹੀਂ ਹੂੰਝੇ ਜਾ ਸਕਦੇ, ਪਰ ਇਹਨਾਂ ਦਾ ਸੁਮੇਲ ਅਜਬ ਹੈ ਕਿ ਜਦੋਂ ਗੁਰੂਆਂ ਨੇ ਸਾਂਝੇ ਸਰੋਵਰਾਂ ਤੇ ਬਾਓਲੀਆਂ ਵਿੱਚ ਸਭ ਮਨੁੱਖਾਂ ਨੂੰ ਜ਼ਾਤ-ਪਾਤ ਦਾ ਭਰਮ ਛੱਡ ਕੇ ਨਹਾਉਣ ਲਈ ਕਿਹਾ ਤਾਂ ਗੁਰੂ ਦੇ ਪਾਣੀ ਨੇ ਮਨਾਂ ਵਿਚਲੇ ਜ਼ਾਤ-ਅਭਿਮਾਨ ਜਾਂ ਜ਼ਾਤ-ਹੀਣਤਾ ਦੇ ਪਾਪਾਂ ਨੂੰ ਵੀ ਧੋਣਾ ਕੀਤਾ। ਕਾਂ-ਬਿਰਤੀ ਮਨੁੱਖ ਹੰਸ-ਬਿਰਤੀ ਬਣ ਗਏ ਬਸ਼ਰਤੇ ਉਹਨਾਂ ਬਾਣੀ ਨੂੰ ਪਾਣੀ ਜਾਂ ਪਾਣੀ ਨੂੰ ਬਾਣੀ ਸਮਝ ਕੇ ਟੁੱਬੀ ਲਾਈ ਹੋਵੇ।
ਬਾਣੀ ਤੇ ਪਾਣੀ ਦਾ ਮੂਲ ਸੁਭਾ ਨਿਮਰਤਾ, ਨਿਰਮਲਤਾ ਤੇ ਨਿਰੰਕਾਰਤਾ ਹੈ। ਬਾਣੀ ਤੇ ਪਾਣੀ ਕਿਸੇ ਨਾਲ ਵੀ ਵਿਤਕਰਾ ਨਹੀਂ ਕਰਦੇ। ਆਪਣਾ ਕੋਈ ਰੰਗ ਨਾ ਹੋਣ ਦੇ ਬਾਵਜੂਦ ਸਭ ਰੰਗਾਂ ਨੂੰ ਆਪਣੇ ਵਿੱਚ ਥਾਂ ਦਿੰਦੇ ਹਨ। ਸਭ ਸ਼ਰੀਰਕ ਤੇ ਦੁਨਿਆਵੀ ਰਸਾਂ ਦਾ ਮੂਲ ਪਾਣੀ ਹੈ ਅਤੇ ਰੂਹਾਨੀ ਤੇ ਅਧਿਆਤਮਕ ਰਸਾਂ ਦਾ ਮੂਲ ਬਾਣੀ ਹੈ। ਬਾਣੀ ਤੇ ਪਾਣੀ ਤੋਂ ਪ੍ਰਗਟੇ ਮਨੁੱਖ ਵਿੱਚ ਵੀ ਇਹ ਬੁਨਿਆਦੀ ਗੁਣ ਹੋਣੇ ਲਾਜ਼ਮੀ ਹਨ ਤਾਂ ਹੀ ਉਹ ਬਾਣੀ ਤੇ ਪਾਣੀ ਦਾ ਵਾਰਸ ਕਹਾਉਣ ਦਾ ਹੱਕਦਾਰ ਹੋ ਸਕਦਾ ਹੈ। ਭਾਈ ਗੁਰਦਾਸ ਜੀ ਨੇ ਵੀ ਗੁਰਸਿੱਖ ਦੇ ਦੁਨਿਆਵੀ ਤੌਰ ਉੱਪਰ ਵਿਚਰਣ ਲਈ ਨਿਸ਼ਾਨੀ ਵਜੋਂ ਪਾਣੀ ਦੀ ਉਦਾਹਰਨ ਦਿੱਤੀ ਹੈ ਕਿ ਧਰਤੀ ਪੈਰਾਂ ਹੇਠ ਹੈ ਅਤੇ ਧਰਤੀ ਦੇ ਹੇਠਾਂ ਪਾਣੀ ਵਸਦਾ ਹੈ ਅਤੇ ਪਾਣੀ ਹਮੇਸ਼ਾਂ ਨੀਵੇਂ ਪਾਸੇ ਵੱਲ ਨੂੰ ਵਗਦਾ ਹੈ ਭਾਵ ਪਾਣੀ ਦਾ ਮੂਲ ਗੁਣ ਨਿਮਾਣਤਾ ਹੈ ਜਿਵੇਂ ਬਾਣੀ ਨਾਲ ਸਰਸ਼ਾਰ ਮਨੁੱਖ ਵੀ ਨੀਵਿਆਂ ਦੇ ਸੰਗ-ਸਾਥ ਰਹਿ ਕੇ ਪਰਮਾਤਮਾ ਦੀ ਨਦਰ-ਬਖ਼ਸ਼ਿਸ਼ ਦਾ ਪਾਤਰ ਬਣਦਾ ਹੈ। ਨਾਲ ਹੀ ਪਾਣੀ ਦਾ ਭਾਵੇਂ ਮੂਲ ਰੂਪ ਸ਼ੀਤਲਤਾ ਹੀ ਹੈ, ਪਰ ਜਦੋ ਕੋਈ ਉਸ ਨੂੰ ਧੁੱਪੇ ਰੱਖ ਦੇਵੇ ਜਾਂ ਉਸ ਥੱਲੇ ਅੱਗ ਬਾਲ ਦੇਵੇ ਤਾਂ ਉਹ ਤੱਤਾ ਹੋਇਆ ਭਾਫ਼ ਬਣ ਕੇ ਉਪਰ ਨੂੰ ਜਾਂਦਾ ਹੈ ਅਤੇ ਫ਼ਿਰ ਉਸ ਨੂੰ ਦਬਾਇਆ ਨਹੀਂ ਜਾ ਸਕਦਾ। ਦੁਨੀਆਂ ਵਿੱਚ ਪਾਣੀ ਦੀ ਭਾਫ਼ ਨੂੰ ਦਬਾਉਣ ਦਾ ਅਜੇ ਤਕ ਕੋਈ ਸਾਧਨ ਤਿਆਰ ਨਹੀਂ ਹੋ ਸਕਿਆ ਤੇ ਨਾ ਹੀ ਹੋ ਸਕੇਗਾ, ਪਰ ਤੱਤਾ ਪਾਣੀ ਵੀ ਅੱਗ (ਜ਼ੁਲਮ) ਨੂੰ ਭੜਕਾਉਂਦਾ ਨਹੀਂ ਸਗੋਂ ਅੱਗ ਨੂੰ ਬੁਝਾਉਂਦਾ ਹੀ ਹੈ। ਬਾਣੀ ਵੀ ਮਨੁੱਖ ਨੂੰ ਅਣਖ-ਗ਼ੈਰਤ ਨਾਲ ਜਿਊਣ ਦੀ ਪ੍ਰੇਰਨਾ ਦਿੰਦੀ ਹੈ ਅਤੇ ਜਦੋਂ ਬਾਣੀ ‘ਚੋਂ ਉਪਜੀ ਗ਼ੈਰਤ-ਅਣਖ ਨੂੰ ਕੋਈ ਵੰਗਾਰੇ ਤਾਂ ਫ਼ਿਰ ਸਿਰ ਤਲੀ ਉੱਪਰ ਟਿਕਾ ਕੇ ਜੂਝਣਾ ਪੈਂਦਾ ਹੈ ਕਿਉਂਕਿ ਪਰੇਮ ਦੀ ਇਸ ਗਲੀ ਵਿੱਚੋਂ ਲੰਘ ਕੇ ਹੀ ਪਰਵਾਨਤਾ ਮਿਲਦੀ ਹੈ।
ਪਾਣੀ ਦੀ ਧਰਤੀ ਪੰਜਾਬ ਉੱਪਰ ਪਾਣੀ ਤਾਂ ਕਦੋਂ ਦੇ ਵਹਿ ਰਹੇ ਸਨ, ਪਰ ਉਹ ਵਹਿ ਰਹੇ ਸਨ ਬਾਣੀ ਦੀ ਉਡੀਕ ਵਿੱਚਵ … ਉਹਨਾਂ ਦੀ ਚਾਲ ਬਾਣੀ ਨਾਲ ਮਿਲਣ ਤੋਂ ਬਾਅਦ ਹੀ ਭਗਤਾਂ ਵਰਗੀ ਨਿਰਾਲੀ ਹੋਈ। ਉਹ ਗੁਰੂਆਂ ਅਤੇ ਸ਼ਹੀਦਾਂ ਦੇ ਨਾਲ-ਨਾਲ ਚੱਲਣ ਲੱਗੇ। ਪਾਣੀ ਨੇ ਆਪਣੇ ਜਾਇਆਂ ਨੂੰ ਹੱਸਦੇ-ਖੇਡਦੇ, ਵਿਗਸਦੇ, ਜੰਗਾਂ ਵਿੱਚ ਜੂਝਦੇ ਦੇਖਿਆ। ਪਾਣੀ ਦੀ ਰਾਖੀ ਲਈ ਉਹਨਾਂ ਆਪਣਾ ਸੂਹਾ ਰੰਗ ਵੀ ਭੇਂਟ ਕਰ ਦਿੱਤਾ। ਪਾਣੀ ਵੀ ਬਾਣੀ ਨਾਲ ਮਿਲਣ ਤੋਂ ਬਾਅਦ ਜੁਝਾਰੂ ਹੋ ਗਿਆ ਤਾਂ ਹੀ ਤਾਂ ਉਸ ਨੂੰ ਵੀ ਡੈਮਾਂ ਰੂਪੀ ਜੇਲ੍ਹਾਂ ਵਿੱਚ ਡੱਕ ਦਿੱਤਾ ਗਿਆ। ਪਾਣੀ ਤੇ ਬਾਣੀ ਨੂੰ ਆਪਣੀ ਚਾਲੇ, ਬਿਨਾਂ ਰੋਕ-ਟੋਕ ਤੋਂ ਹੀ ਵਗਣ ਦੇਣਾ ਚਾਹੀਦਾ ਹੈ ਤਾਂ ਹੀ ਦੁਨਿਆਵੀ-ਧਰਤ ਅਤੇ ਰੂਹਾਨੀ-ਧਰਤ ਵਿੱਚ ਵੱਧ ਰਹੇ ਸੋਕੇ ਨੂੰ ਠੱਲ ਪੈ ਸਕਦੀ ਹੈ। ਪਾਣੀ ਬੰਨ੍ਹਣ (ਭਾਵ ਡੈਮ) ਕਾਰਨ ਦੁਨਿਆਵੀ-ਧਰਤ ਵਿੱਚ ਪਾਣੀ ਡੂੰਘਾ ਹੁੰਦਾ ਜਾ ਰਿਹਾ ਹੈ ਅਤੇ ਬਾਣੀ ਬੰਨ੍ਹਣ (ਭਾਵ ਸੀਮਤ ਪਹੁੰਚ) ਕਾਰਨ ਮਨੁੱਖੀ ਆਤਮਾ ਵਿਚਲੇ ਮੂਲ ਗੁਣ ਡੂੰਘੇ ਹੁੰਦੇ ਜਾ ਰਹੇ ਹਨ।
ਅੱਜ ਗੁਰੂ ਵਰੋਸਾਈ ਧਰਤ ਉਪਰ ਬਾਣੀ ਤੇ ਪਾਣੀ ਦੀ ਬੇਅਦਬੀ ਅਤੇ ਬੇਕਦਰੀ ਹੋ ਰਹੀ ਹੈ, ਕੀਤੀ ਜਾ ਰਹੀ ਹੈ, ਕਰਵਾਈ ਜਾ ਰਹੀ ਹੈ। ਬਾਣੀ ਤੇ ਪਾਣੀ ਦੇ ਗੁਣਾਂ ਨੂੰ ਧਾਰਨ ਕਰਨ ਦੀ ਥਾਂ ਨਿੱਜ ਸਵਾਰਥ ਲਈ ਉਹਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਬਾਣੀ ਤੇ ਪਾਣੀ ਤਾਂ ਮੂਲ ਹਨ ਇਹਨਾਂ ਨੂੰ ਕੋਈ ਖ਼ਤਮ ਨਹੀਂ ਕਰ ਸਕਦਾ ਇਸ ਲਈ ਇਹਨਾਂ ਦਾ ਰਾਖਾ ਹੋਣ ਦਾ ਦਾਅਵਾ ਕਰਨ ਨੂੰ ਰਾਜ-ਅਭਿਮਾਨ ਤੋਂ ਵੱਧ ਹੋਰ ਕੁਝ ਵੀ ਨਹੀਂ ਕਿਹਾ ਜਾ ਸਕਦਾ। ਪਰ ਸੱਚਾਈ ਇਹ ਹੈ ਕਿ ਬਾਣੀ ਅਤੇ ਪਾਣੀ ਦੀ ਦਿਸਦੇ ਰੂਪ ਵਿੱਚ ਵੀ ਰਾਖੀ ਕੇਵਲ ਇਹਨਾਂ ਦੇ ਸੁਮੇਲ ਵਿੱਚੋਂ ਪ੍ਰਗਟ ਹੋਏ ਖ਼ਾਲਸੇ ਨੇ ਹੀ ਕੀਤੀ ਹੈ, ਭਾਵੇਂ ਇਸ ਵਾਸਤੇ ਉਸ ਨੂੰ ਆਪਣਾ ਜਾਂ ਦੂਜਿਆਂ ਦਾ ਖ਼ੂਨ ਡੋਲਣਾ ਪਿਆ ਅਤੇ ਅਗਾਂਹ ਵੀ ਪਾਣੀ ਦੇ ਸੋਮੇ ਦਰਿਆਵਾਂ ਅਤੇ ਬਾਣੀ ਦੇ ਸੋਮੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਕਦਰ-ਸਤਿਕਾਰ ਲਈ ਖ਼ਾਲਸਾ ਹੀ ਜ਼ਿੰਮੇਵਾਰ ਹੋਵੇਗਾ।
ਅੱਜ ਪਾਣੀ ਨੂੰ ਖੋਹਣ ਅਤੇ ਬਾਣੀ ਨੂੰ ਤੋੜਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ਅਤੇ ਇਹ ਚਾਲਾਂ 60-70 ਸਾਲਾਂ ਤੋਂ ਜਾਰੀ ਹਨ, ਅਤੇ ਇਹ ਉਹ ਲੋਕ ਚੱਲ ਰਹੇ ਹਨ ਜਿਹਨਾਂ ਨੂੰ ਬਾਣੀ ਜਾਂ ਪਾਣੀ ਦੀ ਕੋਈ ਕਦਰ ਹੀ ਨਹੀਂ। ਉਹਨਾਂ ਦੇ ਜੀਵਨ ਵਿੱਚ ਬਾਣੀ-ਪਾਣੀ ਤੋਂ ਮਿਲਦੀ ਸ਼ੀਤਲਤਾ ਦੀ ਥਾਂ ਅੱਗ-ਸਾੜਾ ਜਾਂ ਜ਼ਹਿਰ ਭਰੀ ਹੋਈ ਹੈ। ਅਜਿਹੀ ਅੱਗ ਜਿਸ ਨੇ ਪਹਿਲਾਂ ਗੁਰੁ ਸਾਹਿਬ ਨੂੰ ਤੱਤੀ ਤਵੀ ਉੱਪਰ ਬਿਠਾ ਕੇ ਸਾੜਣ ਦਾ ਯਤਨ ਕੀਤਾ ਅਤੇ ਜਿਸ ਨੇ ਆਪਣੀ ਸੋਚ ਜ਼ਹਿਰ ਹੋਣ ਕਾਰਨ ਛੋਟੇ ਸਾਹਿਬਜਾਦਿਆਂ ਨੂੰ ਸੱਪ ਦੇ ਬੱਚੇ ਦੱਸਿਆ। ਇਹੀ ਲੋਕ ਸਾਡੇ ਹਿਰਦੇ ਨੂੰ ਬੰਬਾਂ-ਗੋਲੀਆਂ ਨਾਲ ਛੱਲਣੀ ਕਰਨ ਦੇ ਦੋਸ਼ੀ ਹਨ। ਬਾਣੀ-ਪਾਣੀ ਵਿੱਚੋਂ ਪ੍ਰਗਟੇ ਵਿਲੱਖਣ ਸਰੂਪ ਦੇ ਵਿਰੋਧੀ ਇਹਨਾਂ ਲੋਕਾਂ ਦਾ ਬਾਣੀ ਤਾਂ ਇੱਕ ਪਾਸੇ ਸਗੋਂ ਪਾਣੀ ਨਾਲ ਵੀ ਦੂਰ ਦਾ ਵਾਸਤਾ ਨਹੀਂ ਸਗੋਂ ਇਹਨਾਂ ਦਾ ਜ਼ਿਆਦਾ ਕੁਝ ਅੱਗ ਉੱਪਰ ਨਿਰਭਰ ਹੈ। ਅੱਗਾਂ ਵਿੱਚ ਚੰਦਨ-ਫ਼ਲਾਂ-ਫੁੱਲਾਂ ਦੀਆਂ ਆਹੂਤੀਆਂ ਪਾਉਂਦੇ-ਪਾਉਂਦੇ ਇਹ ਲੋਕ ਅੱਗਾਂ ਵਿੱਚ ਮਨੁੱਖਾਂ ਦੀਆਂ ਆਹੂਤੀਆਂ ਪਾਉਣ ਲਗ ਪਏ ਅਤੇ ਹੁਣ ਸੋਚਾਂ ਦੀਆਂ ਆਹੂਤੀਆਂ ਵੀ ਪਾਉਣਾ ਲੋਚਦੇ ਨੇ!
ਆਓ! ਬਾਣੀ ਤੇ ਪਾਣੀ ਦੇ ਰੂਪ ਵਿੱਚ ਮਿਲੇ ਖ਼ਜ਼ਾਨੇ ਦੀ ਕਦਰ ਪਛਾਣੀਏ ਅਤੇ ਆਪਣੇ ਜੀਵਨ ਨੂੰ ਇਹਨਾਂ ਦੇ ਮੂਲ ਗੁਣਾਂ ਨਾਲ ਸਰਸ਼ਾਰ ਕਰਨ ਤੋਂ ਬਾਅਦ ਇਹਨਾਂ ਤੋਂ ਮਿਲੀ ਅਣਖ ਨਾਲ ਸਰਬੱਤ ਦੇ ਭਲੇ ਲਈ ਗੁਰਮਤ ਗਾਡੀ ਰਾਹ ਉੱਪਰ ਚੱਲਣ ਦਾ ਯਤਨ ਕਰੀਏ। ਤਾਂ ਹੀ ਅਸੀਂ ਬਾਣੀ ਤੇ ਪਾਣੀ ਦੇ ਸੱਚੇ ਵਾਰਸ ਕਹਾਉਣ ਦੇ ਅਸਲ ਹੱਕਦਾਰ ਬਣ ਸਕਾਂਗੇ!
ਨੋਟ: ਲੇਖ ਪਸੰਦ ਜਾਂ ਨਾਪਸੰਦ ਆਉਣ ਦੀ ਸੂਰਤ ਵਿੱਚ ਲੇਖਕ ਨੂੰ ਆਪਣੇ ਵਿਚਾਰਾਂ ਤੋਂ ਜਾਣੂ ਜ਼ਰੂਰ ਕਰਾਇਆ ਕਰੋ। ਧੰਨਵਾਦ!  -ਸੰਪਾਦਕ

LEAVE A REPLY